ਨਵੀਂ ਦਿੱਲੀ/ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸ਼੍ਰੀ ਸੁੱਖੂ ਨੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਕਿ ਹਿਮਾਚਲ ਨੇ ਹਾਲ ਹੀ ’ਚ ਆਈ ਕੁਦਰਤੀ ਆਫ਼ਤ ਨਾਲ ਸੰਬੰਧਤ ’ਆਫ਼ਤ ਉਪਰਾਂਤ ਜ਼ਰੂਰਤਾਂ ਦੀ ਮੁਲਾਂਕਣ ਰਿਪੋਰਟ’ ਗ੍ਰਹਿ ਮੰਤਰਾਲਾ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਨੇ ਕੇਂਦਰ ਨੂੰ ਰਾਜ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਮੁੜ ਨਿਰਮਾਣ ਕੋਸ਼ਿਸ਼ਾਂ ’ਚ ਮਦਦ ਲਈ ਧਨ ਰਾਸ਼ੀ ਜਲਦ ਜਾਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਰਿਆਇਤੀ ਹੈਲੀਕਾਪਟਰ ਸੇਵਾ ਯੋਜਨਾ ਦੇ ਅਧੀਨ ਵੱਖ-ਵੱਖ ਮਾਰਗਾਂ ਨੂੰ ਸ਼ਾਮਲ ਕਰਨ ਦੀ ਅਪੀਲ ਵੀ ਕੀਤੀ ਅਤੇ ਕੇਂਦਰੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਪ੍ਰਦੇਸ਼ ਨੇ ਪਹਿਲਾਂ ਹੀ ਮਾਰਗਾਂ ਦਾ ਵੇਰਵਾ ਮੰਤਰਾਲਾ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਇਸ ਦੇ ਦਿ੍ਰਸ਼ਟੀਗਤ ਜਲਦ ਮਨਜ਼ੂਰੀ ਪ੍ਰਦਾਨ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਨੇ ਵਾਈਬ੍ਰੇਂਟ ਵਿਲੇਜਿਜ ਪ੍ਰੋਗਰਾਮ ਦੇ ਅਧੀਨ 658.31 ਕਰੋੜ ਰੁਪਏ ਦੇ ਪ੍ਰਸਤਾਵ ਪੇਸ਼ ਕੀਤੇ ਹਨ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਗ੍ਰਹਿ ਮੰਤਰਾਲਾ ਨੇ ਸਿਰਫ਼ 3.87 ਕਰੋੜ ਰੁਪਏ ਦੀ ਰਾਸ਼ੀ ਦੇ 14 ਕੰਮਾਂ ਲਈ ਸਿਧਾਂਤਿਕ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਨੇ ਬਾਕੀ ਧਨ ਰਾਸ਼ੀ ਜਲਦ ਮਨਜ਼ੂਰ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਿੰਡਾਂ ਦਾ ਵਿਕਾਸ ਰਾਸ਼ਟਰੀ ਸੁਰੱਖਿਆ ਦਿ੍ਰਸ਼ਟੀ ਨਾਲ ਬੇਹੱਦ ਮਹੱਤਵਪੂਰਨ ਹੈ। ਸ਼੍ਰੀ ਸ਼ਾਹ ਨੇ ਰਾਜ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।