
ਮੈਂ ਕਾਰ ਖਰੀਦਣ ਦੀ ਆਪਣੀ ਖਾਹਿਸ਼ ਦੱਬ ਲਈ ਹੈ ਤੇ ਹੁਣ ਜਦੋਂ ਕਦੇ ਮੈਂ ਬਾਹਰ ਜਾਂਦਾ ਹਾਂ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿੰਦਾ ਰਹਿੰਦਾ ਹਾਂ। ਮੈਂ ਤੁਰਨ ਫਿਰਨ ਦਾ ਸ਼ੁਕੀਨ ਹਾਂ ਅਤੇ ਇਹ ਦੇਖ ਕੇ ਮੈਨੂੰ ਚੰਗਾ ਅਹਿਸਾਸ ਹੁੰਦਾ ਹੈ ਕਿ ਮੇਰੇ ਇਸ ਸਾਧਾਰਨ ਜਿਹੇ ਕਦਮ ਨਾਲ ਕਾਰਬਨ ਗੈਸਾਂ ਦੀ ਨਿਕਾਸੀ ਵਿਚ ਕੋਈ ਵਾਧਾ ਨਹੀਂ ਹੁੰਦਾ ਤੇ ਇੰਝ ਜਲਵਾਯੂ ਐਮਰਜੈਂਸੀ ਵਰਗੇ ਹਾਲਾਤ ਨਾਲ ਸਿੱਝਣ ਵਿਚ ਮੇਰਾ ਵੀ ਮਾਮੂਲੀ ਜਿਹਾ ਯੋਗਦਾਨ ਪੈਂਦਾ ਹੈ। ਉਂਝ, ਕਈ ਲੋਕਾਂ ਵਲੋਂ ਮੇਰੇ ਵਰਗੇ ਰਾਹਗੀਰਾਂ ਨੂੰ ਅਡਿ਼ੱਕਾ ਸਮਝਿਆ ਜਾਂਦਾ ਹੈ। ਆਖਿ਼ਰਕਾਰ, ਇੰਝ ਜਾਪਦਾ ਹੈ ਜਿਵੇਂ ਸਾਡੇ ਸਾਰੇ ਰਾਜਮਾਰਗ, ਲੇਨਾਂ ਬਾਇਲੇਨਾਂ ਸਿਰਫ਼ ਕਾਰਾਂ, ਮੋਟਰਬਾਈਕਾਂ ਤੇ ਹੋਰਨਾਂ ਵਾਹਨਾਂ ਲਈ ਬਣੇ ਹਨ। ਕੋਈ ਹੈਰਤ ਦੀ ਗੱਲ ਨਹੀਂ ਕਿ ਸੜਕ ’ਤੇ ਸ਼ਾਂਤੀ ਨਾਲ ਤੁਰਨਾ ਜਾਂ ਸੜਕ ਪਾਰ ਕਰਨੀ ਬੇਹੱਦ ਖ਼ਤਰਨਾਕ ਕੰਮ ਬਣ ਰਿਹਾ ਹੈ। ਇਸ ਵਿਰੋਧਾਭਾਸ ਨੂੰ ਦੇਖੋ: ਜੇ ਤੁਸੀਂ ਕਾਰਬਨ ਗੈਸਾਂ ਦੀ ਨਿਕਾਸੀ ਘਟਾਉਣ ਵਿਚ ਥੋੜ੍ਹਾ ਜਿਹਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੰਮ ਦੇ ਨਹੀਂ ਹੋ! ਹਾਲਾਂਕਿ ਸਾਇੰਸਦਾਨ ਅਤੇ ਵਾਤਾਵਰਨਵਾਦੀ ਸਾਨੂੰ ਵਾਰ-ਵਾਰ ਚੇਤਾ ਕਰਾ ਰਹੇ ਹਨ ਕਿ ਅੰਨ੍ਹੇਵਾਹ ਪੈਟਰੋਲ/ਡੀਜ਼ਲ ਫੂਕਣ ਕਰ ਕੇ ਦੁਨੀਆ ਲਈ ਜਲਵਾਯੂ ਐਮਰਜੈਂਸੀ ਜਿਹੇ ਹਾਲਾਤ ਪੈਦਾ ਹੋ ਗਏ ਹਨ ਪਰ ਅਸੀਂ ਦਰਖ਼ਤਾਂ ਦਾ ਵਢਾਂਗਾ ਕਰਨ, ਮੈਗਾ ਐਕਸਪ੍ਰੈਸਵੇਜ਼ ਉਸਾਰਨ, ਰਫ਼ਤਾਰ ਅਤੇ ਆਵਾਜਾਈ ਨੂੰ ਵਡਿਆਉਣ, ਵੱਡੀਆਂ ਤੋਂ ਵੱਡੀਆਂ ਕਾਰਾਂ ਖਰੀਦਣ ਤੋਂ ਬਾਜ਼ ਨਹੀਂ ਆ ਰਹੇ ਅਤੇ ਕਸਬਿਆਂ ਤੇ ਸ਼ਹਿਰਾਂ ਦਾ ਡਿਜ਼ਾਈਨ ਕੁਝ ਇਸ ਢੰਗ ਨਾਲ ਕਰਦੇ ਹਾਂ ਕਿ ਪੈਦਲ ਚੱਲਣਾ ਜਾਂ ਸਾਇਕਲਿੰਗ ਲਗਭਗ ਅਸੰਭਵ ਹੋ ਗਈ ਹੈ।