Articles

ਪ੍ਰਾਹੁਣੇ ਅੱਗੇ ਪ੍ਰੋਸੀ ਗਈ ਥਾਲ਼ੀ ਨਾਲ਼ ਸੋਟਾ ?

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਘਰੇ ਆਇਆ ਇਕ ਸੱਗਾ-ਰੱਤਾ ਪ੍ਰਾਹੁਣਾ। ਉਹਦੇ ਵਾਸਤੇ ਦਾਲ਼-ਸਬਜੀ,ਫੁਲਕੇ ਅਤੇ ਮਿੱਠੇ ਚੌਲ਼ਾਂ ਨਾਲ਼ ਪ੍ਰੋਸੀ ਗਈ ਥਾਲ਼ੀ ਪਰ ਨਾਲ਼ ਰੱਖ ਦਿੱਤਾ ਗਿਆ ਇਕ ਸੋਟਾ! ਸੋਟਾ ਦੇਖ ਕੇ ਪ੍ਰਾਹੁਣਾ ਸੋਚਣ ਲੱਗਾ ਕਿ ਹੋਵੇ ਨਾ ਤਾਂ ਖਾਣਾ ਖਾਣ ਮਗਰੋਂ ਇਹ ਮੇਰੀ ਭੁਗਤ ਸਵਾਰਨਗੇ! ਉਸਨੇ ਜਕਦੇ-ਜਕਦੇ ਨੇ ਘਰਦਿਆਂ ਨੂੰ ਪੁੱਛਿਆ ਕਿ ਥਾਲ਼ੀ ਨਾਲ਼ ਰੱਖੇ ਸੋਟੇ ਦਾ ਕੀ ਕੰਮ? ਘਰ ਵਾਲ਼ੇ ਕਹਿੰਦੇ ਜੀ ਇਹ ਸਾਡੇ ਰਵਾਇਤ ਹੈ ਕਿ ਅਸੀਂ ਪ੍ਰਾਹੁਣੇ ਨੂੰ ਪ੍ਰਸ਼ਾਦਾ ਛਕਾਉਣ ਵੇਲ਼ੇ ਸੋਟਾ ਰੱਖ ਦਈ ਦਾ ਐ! ਪ੍ਰਾਹੁਣਾ ਕਹਿੰਦਾ ਜੀ ਮੈਂ ਤਾਂ ਓਨੀ ਦੇਰ ਖਾਣੇ ਨੂੰ ਹੱਥ ਨਹੀਂ ਲਾਵਾਂਗਾ ਜਦ ਤੱਕ ਮੈਨੂੰ ਇਹ ਸੋਟਾ ਰੱਖਣ ਦੇ ਮਕਸਦ ਦਾ ਨੀ ਪਤਾ ਲਗਦਾ!

ਪਤਾ ਵਿਚਾਰੇ ਘਰ ਦਿਆਂ ਨੂੰ ਵੀ ਨਹੀਂ ਸੀ, ਉਨ੍ਹਾਂ ਵੀ ਘਰ ਵਿਚ ਚਲੀ ਆ ਰਹੀ ਰਵਾਇਤ ਦੀ ਹੀ ਪਾਲਣਾ ਕੀਤੀ ਸੀ। ਪ੍ਰਾਹੁਣੇ ਦਾ ਸਵਾਲ ਸੁਣਕੇ ਸ਼ਸ਼ੋ-ਪੰਜ ‘ਚ ਪਏ ਘਰ ਵਾਲ਼ਿਆਂ ਨੇ ਗਲ਼ੀ ਗੁਆਂਢ ‘ਚੋਂ ਇਕ ਬਜ਼ੁਰਗ ਨੂੰ ਘਰੇ ਸੱਦ ਕੇ ਥਾਲ਼ੀ ਨਾਲ਼ ਰੱਖੇ ਜਾਂਦੇ ਸੋਟੇ ਦਾ ਮਕਸਦ ਪੁੱਛਿਆ। ਉਹ ਕਹਿੰਦਾ ਭਰਾਵੋ ਥਾਲ਼ੀ ਨਾਲ਼ ਸੋਟਾ ਏਡਾ ਵੱਡਾ ਥੋੜ੍ਹੀ ਰੱਖੀ ਦਾ? ਗਿੱਠ ਦੋ ਗਿੱਠ ਦੀ ਛਿਟੀ ਰੱਖਦੇ ਹੁੰਦੇ ਸੀ ਸਾਡੇ ਵਡਾਰੂ ਤਾਂ !

ਪ੍ਰਾਹੁਣਾ ਫਿਰ ਅੜ ਗਿਆ, ਅਖੇ ਗਿੱਠ ਦੋ ਗਿੱਠ ਦੀ ਛਿਟੀ ਦਾ ਵੀ ਕੀ ਮਤਲਬ ਹੋਇਆ ਭਲਾ? ਆਖਰ ਉਹ ਪ੍ਰਾਹੁਣੇ ਦੇ ਕਿਹੜੇ ਕੰਮ ਲਈ ਰੱਖਣੀ ਜਰੂਰੀ ਹੈ? ਘਰ ਵਾਲ਼ੇ ਵਿਚਾਰੇ ਪਿੰਡ ਦੀਆਂ ਇਕ ਦੋ ਬਜ਼ੁਰਗ ਮਾਈਆਂ ਨੂੰ ਪੁੱਛਣ ਗਏ। ਉਨ੍ਹਾਂ ਨੇ ਪ੍ਰਾਹੁਣੇ ਨੂੰ ਹੀ ਕੋਸਿਆ! ਅਖੇ ਸਾਡੇ ਤਾਂ ਭਾਈ ਸੋਟੀ ਨਾਲ਼ ਰੱਖੀ ਦੀ ਐ…. ਪ੍ਰਾਹੁਣੇ ਚੁੱਪ ਕਰਕੇ ਭੋਜਨ ਛਕ ਲੈਂਦੇ ਆ! ਕੋਈ ਨੀ ਪੁੱਛਦਾ ਹੁੰਦਾ!! ਤੁਹਾਡੇ ਕਿਹੜਾ ਇਹ ‘ਅਨੋਖਾ ਮਿਹਮਾਨ’ ਆ ਗਿਆ ਐ ਜੋ ਇਹਦਾ ਮਤਲਬ ਪੁੱਛਣ ਲੱਗ ਪਿਆ?

ਸੋਟੇ ਦਾ ਬਿਨਾਂ ਮਤਲਬ ਜਾਣੇ ਰੋਟੀ ਨਾ ਖਾਣ ਵਾਲ਼ੀ ਪ੍ਰਾਹੁਣੇ ਦੀ ਜ਼ਿਦ ਕਾਰਨ ਘਰ ਵਾਲ਼ੇ ਪਿੰਡ ਦੇ ਇਕ ਓਸ ਬਿਰਧ ਬਾਪੂ ਨੂੰ ਸੱਦ ਲਿਆਏ ਜੋ ਪਿੰਡ ਵਿਚ ਸਭ ਤੋਂ ਵੱਡੀ ਉਮਰ ਦਾ ਸੀ ਅਤੇ ਪੜ੍ਹੇ-ਲਿਖੇ ਸਿਆਣੇ ਵਜੋਂ ਜਾਣਿਆਂ ਜਾਂਦਾ ਸੀ। ਉਹ ਆਉਂਦਿਆਂ ਹੀ ਥਾਲ਼ੀ ਲਾਗੇ ਰੱਖੇ ਹੋਏ ਸੋਟੇ ਵੱਲ੍ਹ ਦੇਖ ਕੇ ਹੱਸਿਆ- “ਉਏ ਕਮਲ਼ਿਉ,ਥਾਲ਼ੀ ਨਾਲ਼ ਨਾ ਸੋਟਾ, ਨਾ ਦੋ ਗਿੱਠ ਦੀ ਛਿਟੀ ਰੱਖੀ ਦੀ ਐ, ਸਗੋਂ ਪ੍ਰਾਹੁਣੇ ਨੂੰ ਮਾਣ-ਸਤਿਕਾਰ ਵਾਲ਼ੀ ਵਿਸ਼ੇਸ਼ਤਾ ਦੇਣ ਸਦਕਾ ਥਾਲ਼ੀ ਵਿਚ ਇਕ ਨੁਕੀਲਾ ਜਿਹਾ ਡੱਕਾ ਰੱਖਣ ਦਾ ਰਿਵਾਜ ਹੁੰਦਾ ਸੀ ਜਿਹਨੂੰ ਸਾਡੇ ਵਡਾਰੂ ‘ਛਿੰਗ’ ਕਹਿੰਦੇ ਹੁੰਦੇ ਸਨ! ਜਿਹਦੇ ਨਾਲ਼ ਰੋਟੀ-ਪਾਣੀ ਛਕਣ ਤੋਂ ਬਾਅਦ ਪ੍ਰਾਹੁਣਾ ਆਪਣੇ ਦੰਦ ਦਾੜ੍ਹਾਂ ਕ੍ਰੋਲ ਕੇ ਹੱਥ-ਮੂੰਹ ਸਾਫ ਕਰ ਲੈਂਦਾ ਹੁੰਦਾ ਸੀ! ਸੀਨਾ-ਬ-ਸੀਨਾ ਚਲਦੀ ਆਈ ਛਿੰਗ, ਬੇਸਮਝੀ ਕਾਰਨ ਵਧਦੀ ਵਧਦੀ ਗਿੱਠ ਦੋ ਗਿੱਠ ਲੰਬੀ ਹੁੰਦੀ ਹੁੰਦੀ ਹੁਣ ਸੋਟੀ ਬਣ ਗਈ ਐ!”

ਲਉ ਜੀ ਇਕ ਪਾਕਿਸਤਾਨੀ ਪੰਜਾਬੀ ਵਲੋਂ ਬਣਾਈ ‘ਰੀਲ੍ਹ’ ਤੋਂ ਸੁਣੀ ਕਹਾਣੀ ਤਾਂ ਗਈ ਜੇ ਮੁੱਕ, ਹੁਣ ‘ਛਿੰਗ’ ਬਾਰੇ ਥੋੜ੍ਹੀ ਜਿਹੀ ਚਰਚਾ ਹੋਰ! ਪਹਿਲੀ ਗੱਲ ਇਹ ਕਿ ਸਰਗੋਧਾ (ਪਾਕਿਸਤਾਨ) ਤੋਂ ਵਿਆਹੀ ਆਈ ਹੋਈ ਸਾਡੀ ਬੀਬੀ ਘਰੇ ਆਏ ਨਾਨਾ ਜੀ ਜਾਂ ਹੋਰ ਪ੍ਰਾਹੁਣਿਆਂ ਨੂੰ ਜਲ-ਪਾਣੀ ਛਕਾਉਣ ਵੇਲੇ ਅਕਸਰ ‘ਛਿੰਗ’ ਰੱਖਿਆ ਕਰਦੀ ਸੀ। ਪੁਰਾਤਨ ਸਮਿਆਂ ਵਿਚ ਹੋ ਸਕਦਾ ਹੈ ਇਹ ਬਹੁਤ ਪ੍ਰਚੱਲਤ ਹੁੰਦੀ ਹੋਵੇ! ਕਿਉਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਇਸ ਦਾ ਜ਼ਿਕਰ ਆਇਆ ਹੈ-

‘ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ
ਆਪੇ ਹੀ ਬਹਿ ਖਾਵੈ॥
ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ॥’ (ਬਿਹਾਗੜਾ-ਵਾਰ ਮਹਲਾ ੪,ਅੰਗ ੫੫੧)

ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਵੀ ਮਹਾਨ ਕੋਸ਼ ਵਿਚ ‘ਛਿੰਗ’ ਦਾ ਅਰਥ ਦੱਸਿਆ ਹੈ- ‘ਧਾਤ ਦੀ ਪਤਲੀ ਸੂਈ ਅਥਵਾ ਨੋਕਦਾਰ ਪਤਲਾ ਡੱਕਾ, ਜਿਸ ਨਾਲ਼ ਦੰਦਾਂ ਵਿਚ ਫਸਿਆ ਅੰਨ ਆਦਿ ਕੱਢੀਦਾ ਹੈ।’

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਬੇਸ਼ਰਮੀ ਦੀ ਹੱਦ !

admin

ਹਰਮੀਤ ਕੌਰ ਢਿੱਲੋਂ ਨੂੰ ਆਪਣੀ ਟੀਮ ‘ਚ ਸ਼ਾਮਿਲ ਕਰਕੇ ਬਹੁਤ ਖੁਸ਼ ਹੈ ਅਮਰੀਕਨ ਨਵੇਂ ਚੁਣੇ ਰਾਸ਼ਟਰਪਤੀ !

admin