Articles

ਮਿਸਾਇਲਾਂ/ਡਰੋਨਾਂ ਦੀ ਹਨੇਰੀ ‘ਚ ਕਾਵਿਕ ਕਿਣ-ਮਿਣ !

ਆਪ ਨੇ ਜੋ ਕੀਆ ਵੋ ਅਭੂਤਪੂਰਵ (ਬੇਮਿਸਾਲ), ਅਕਲਪਨੀਯ (ਕਲਪਨਾ ਤੋਂ ਪਰੇ) ਔਰ ਅਭੂਤ (ਹੈਰਾਨੀਜਨਕ) ਹੈ।
ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ

7 ਮਈ ਤੋਂ 10 ਮਈ ਤਕ ਹੋਈ ਚਾਰ ਦਿਨਾਂ ਦੀ ਜੰਗ ਦੌਰਾਨ ਮਿਸਾਇਲਾਂ, ਡਰੋਨਾਂ, ਬੰਬਾਂ, ਹਵਾਈ ਹਮਲਿਆਂ ਦੀ ਹਨੇਰੀ ਦੌਰਾਨ ਅਤੇ ਤੁਰੰਤ ਮਗਰੋਂ ਸਾਡੇ ਪ੍ਰਧਾਨ ਮੰਤਰੀ ਦੇ ਕੌਮ ਦੇ ਨਾਮ ਸੰਦੇਸ਼ ਅਤੇ ਆਪਰੇਸ਼ਨ-ਸਿੰਧੂਰ ਦੇ ਮਿਲਟਰੀ ਕਮਾਂਡਰਾਂ ਵਲੋਂ ਕੀਤੀਆਂ ਗਈਆਂ ਮੀਡੀਆ ਕਾਨਫਰੰਸਾਂ ਵਿਚ ਬਹੁਤ ਕਾਵਿਕ ਕਿਣ-ਮਿਣ ਹੋਈ, ਖੂੁਬ ਸ਼ੇਅਰੋ-ਸ਼ਾਇਰੀ ਸੁਣਨ ਨੂੰ ਮਿਲੀ। ਤੇ ਕ੍ਰਿਕਟ ਦੇ ਹਵਾਲੇ ਵੀ ਦਿਤੇ ਗਏ। ਸਾਹਿਤਕ, ਧਾਰਮਿਕ, ਸਭਿਆਚਾਰਕ ਹਵਾਲਿਆਂ ਦਾ ਆਹਵਾਨ ਇਸ ਲਈ ਕੀਤਾ ਗਿਆ ਤਾਂ ਕਿ ਆਪਣੀ ਗੱਲ ਵਧੇਰੇ ਦ੍ਰਿੜਤਾ ਨਾਲ ਸਮਝਾਈ ਅਤੇ ਆਪਰੇਸ਼ਨ ਦੀ ਆਕਰਮਤਾ ਦਰਸਾਈ ਜਾ ਸਕੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਨ ਤਾਂ ਹੁੰਦਾ ਹੀ ਜੋਸ਼ੀਲਾ, ਅਲੰਕ੍ਰਿਤ ਅਤੇ ਭਾਵੁਕ। ਇਸ ਵਿਚ ਵਿਸ਼ੇਸ਼ ਕਰਕੇ ਅਨੂਪ੍ਰਾਸ ਅਲੰਕਾਰ ਜੜਿਆ ਹੁੰਦੈ। ਉਹ ਸ਼ੇਅਰੋ-ਸ਼ਾਇਰੀ ਤਾਂ ਘਟ ਕਰਦੇ ਹਨ ਪਰ ਬੋਲਣ ਦਾ ਲਹਿਜਾ ਸ਼ਾਇਰਾਨਾਂ ਹੁੰਦੈ ਤੇ ਗੜ੍ਹਕੇ-ਦੜ੍ਹਕੇ ਵਾਲਾ ਵੀ।

ਪਰ ਆਦਮਪੁਰ ਏਅਰਬੇਸ ਉੱਪਰ 13 ਮਈ ਨੂੰ ਫੌਜੀ ਯੋਧਿਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਵੀ ਕਵੀ ਸ਼ਿਯਾਮ ਨਰਾਇਣ ਪਾਂਡੇ ਦੀ ਰਾਣਾ ਪ੍ਰਤਾਪ ਦੇ ਤੇਜ਼, ਤਕੜੇ ਤੇ ਸਾਵਾਮੀ-ਭਗਤ ਘੋੜੇ ‘ਚੇਤਕ’ ਉੱਪਰ ਲਿਖੀ ਕਵਿਤਾ ਦੀਆਂ ਚਾਰ ਪੰਕਤੀਆਂ ਸੁਣਾਈਆਂ। ਇਹਨਾਂ ਦਾ ਮਕਸਦ ਸਾਡੀ ਹਵਾਈ ਫੌਜ ਦੇ ਰਖਿਆ ਸਿਸਟਮ, ਸਾਡੇ ਮਿਜ਼ਾਈਲਾਂ, ਲੜਾਕੂ ਜਹਾਜ਼ਾਂ ਦੀ ਸ਼ਕਤੀ, ਫੁਰਤੀ ਅਤੇ ਹੌਸਲਾ ਦਰਸਾਉਣਾ ਸੀ। ਸੈਨਾਂ ਦੇ ਬਾਕੀ ਅੰਗਾਂ, ਅਰਧ-ਸੈਨਿਕ ਬਲਾਂ ਅਤੇ ਹੋਰ ਸਭ ਜੋ ਇਸ ਆਪਰੇਸ਼ਨ ਵਿਚ ਸ਼ਾਮਿਲ ਸਨ ਨੂੰ ਸਲਾਮ ਕਰਨਾਂ ਅਤੇ ਉਹਨਾਂ ਦੇ ‘ਦਰਸ਼ਨ’ ਕਰਨਾਂ ਸੀ।

ਨਾਲ ਹੀ ਸਰਹੱਦ ਪਾਰੋਂ ਬੋਲੇ ਜਾ ਰਹੇ ਮਣਾਂ-ਮੂੰਹੀਂ ਝੂਠ, ਕਿ ਆਦਮਪੁਰ ਹਵਾਈ ਅੱਡਾ ‘ਖੰਡਰ’ ਕਰ ਦਿਤਾ ਗਿਐ, ਨੂੰ ਸੱਚ ਦੇ ਆਹਮੋਂ ਸਾਹਮਣੇ ਖੜਾ ਕਰਨਾਂ ਸੀ ਅਤੇ ਪੂਰੇ ਸੰਸਾਰ ਨੂੰ ਇਹ ਦਰਸਾਉਣਾ ਸੀ ਕਿ ਸਾਡਾ ਏਅਰਬੇਸ ਨਾਂ ਸਿਰਫ ਬਿਲਕੁਲ ਠੀਕ ਹੈ ਬਲਕਿ ਅੇੈਨਾਂ ਠੀਕ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਉਥੇ ਪੁੱਜ ਕੇ, ਦੁਸ਼ਮਣ ਦੇਸ਼ ਦੀ ਸਰਹਦ ਤੋਂ ਸਿਰਫ 100 ਕਿਲੋ ਮੀਟਰ ਦੀ ਦੂਰੀ ਤੇ, ਹਵਾਈ ਸੈਨਾ ਦੇ ਸੂਰਮਿਆਂ ਨੂੰ ਮਿਲਣ ਆਇਆ ਅਤੇ ਉਹਨਾਂ ਨੂੰ ਸੰਬੋਧਨ ਕੀਤਾ। ਉਹ ਵੀ ਉਸ ਵੇਲੇ ਜਦ ਫਿਜ਼ਾ ਵਿਚ ਬਾਰੂਦ ਦੀ ਬੂ ਅਜੇ ਬਿਲਕੁਲ ਉਵੇਂ ਦੀ ਉਵੇਂ ਆ ਰਹੀ ਸੀ।

ਖੈਰ,‘ਪਾਂਡੇ’ ਦੀ ਇਹ ਲੰਮੀ ਕਵਿਤਾ ‘ਚੇਤਕ ਕੀ ਵੀਰਤਾ’ਇੰਝ ਸ਼ੁਰੂ ਹੁੰਦੀ ਹੈ-

“ਰਣ ਬੀਚ ਚੌਕੜੀ ਭਰ ਭਰ ਕਰ,
ਚੇਤਕ ਬਨ ਗਯਾ ਨਿਰਾਲਾ ਥਾ।
ਰਾਣਾ ਪ੍ਰਤਾਪ ਕੇ ਘੋੜੇ ਸੇ,
ਪੜ ਗਯਾ ਹਵਾ ਕਾ ਪਾਲਾ ਥਾ”।…

ਪ੍ਰਧਾਨ ਮੰਤਰੀ ਨੇ ਹੇਠਲੀਆਂ ਸਤਰਾਂ ਕੋਟ ਕੀਤੀਆਂ ਸਨ-

“ਕੌਸ਼ਲ ਦਿਖਲਾਯਾ ਚਾਲੋਂ ਮੇਂ,
ਉੜ ਗਯਾ ਭਿਆਨਕ ਭਾਲੋਂ ਮੇਂ।
ਨਿਰਭੀਕ ਗਯਾ ਵਹ ਢਾਲੋਂ ਮੇਂ,
ਸਰਪਟ ਦੌੜਾ ਕਰਬਾਲੋਂ ਮੇਂ।

ਉਹਨਾਂ ਨੇ ਸ਼ਾਂਤੀ-ਦੂਤ ਬੁੱਧ ਦੀ ਧਰਤੀ ਦਾ ਜ਼ਿਕਰ ਵੀ ਕੀਤਾ ਅਤੇ ਬਹਾਦਰਾਂ ਦੀ ਧਰਤੀ ਦਾ ਵੀ, ਜਿਥੇ ਜ਼ੁਲਮ-ਜਬਰ ਵਿਰੁੱਧ ਲੜਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਹੋਏ। ਉਹਨਾਂ ਨੇਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੇਠ ਲਿਖੀਆਂ ਟੂਕਾਂ ਦਾ ਹਵਾਲਾ ਦਿਤਾ-

“ਸਵਾ ਲਾਖ ਸੇ ਏਕ ਲਰਾਊਂ…
ਚਿੜੀਉਂ ਸੇ ਮੈਂ ਬਾਜ ਤੁੜਾਊਂ
ਤਬੇੈ ਗੋਬਿੰਦ ਸਿੰਘ ਨਾਮ ਕਹਾਊਂ”।

ਅਜਿਹਾ ਉਹਨਾਂ ਸ਼ਾਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਉਣ ਲਈ ਕੀਤਾ।

ਕੌਮ ਦੇ ਨਾਮ 12 ਮਈ ਦੀ ਰਾਤ 8 ਵਜੇ ਦਿਤਾ ਸੰਦੇਸ਼ ਅਤੇ 13 ਮਈ ਨੂੰ ਆਦਮਪੁਰ ਵਿਚਲੇ ਜੋਸ਼ੀਲੇ ਭਾਸ਼ਨ ਵਿਚ ਅਨੂਪ੍ਰਾਸ ਅਲ਼ੰਕਾਰ ਦੀ ਭਰਮਾਰ ਸੀ। (ਲਿਖਤ, ਖਾਸ ਕਰਕੇ ਕਵਿਤਾ ਵਿਚ, ਇੱਕੋ ਅੱਖਰ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਦੀ ਵਰਤੋਂ ਕਰਨ ਨੂੰ ਅਨੂਪ੍ਰਾਸ ਕਿਹਾ ਜਾਂਦੈ) ਪ੍ਰਧਾਨ ਮੰਤਰੀ ਇਸ ਕਲਾ ਦੇ ਮਾਹਿਰ ਹਨ। ਕੁਝ ਕੁ ਉਦਾਹਰਨਾਂ ਪੇਸ਼ ਹਨ-

‘ਟਾਕਸ’ ਅਤੇ ‘ਟੈਰਰ’ (ਗੱਲਬਾਤ ਅਤੇ ਆਤੰਕਵਾਦ), ’ਟਰੇਡ’ ਅਤੇ ‘ਟੈਰਰ’ (ਵਪਾਰ ਅਤੇ ਗਲਬਾਤ) ਇਕੱਠੇ ਨਹੀਂ ਚਲ ਸਕਦੇ। ਮੈਟਾਫਰ (ਰੂਪਕ ਅਲੰਕਾਰ) ਵਰਤਦਿਆਂ ਉਹਨਾਂ ਇਹ ਵੀ ਕਿਹਾ ਕਿ ‘ਪਾਣੀ’ ਅਤੇ ‘ਖੂਨ’ ਵੀ ਇਕੱਠੇ ਨਹੀਂ ਵਗ ਸਕਦੇ। ਇਥੇ ਉਹਨਾਂ ਦਾ ਭਾਵ ਸਿੰਧੂ ਜਲ ਸਮਝੌਤੇ ਦਾ ਮੁਅੱਤਲ ਕੀਤੇ ਜਾਣਾ ਅਤੇ ਸਰਹਦੋਂ ਪਾਰ ਆਤੰਕਵਾਦੀਆਂ ਦੀ ਹੁੰਦੀ ਪੁਸ਼ਤਪਨਾਹੀ ਸੀ।

ਉਹਨਾਂ ਨੇ ‘ਨੀਅਤ, ਨੀਤੀ ਅਤੇ ਨਿਰਣੇ’ ਲੈਣ ਦੀ ਸਮਰੱਥਾ ਦਾ ਜ਼ਿਕਰ ਕਰਦਿਆਂ ਵੀ ਇਹ ਅਲੰਕਾਰ ਵਰਤਿਆ। ਜਵਾਨਾਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ‘ਅ’ ਅੱਖਰ ਦੀ ਖੁੱਲ ਕੇ ਵਰਤੋਂ ਕੀਤੀ ਅਤੇ ਕਿਹਾ, ”ਆਪ ਨੇ ਜੋ ਕੀਆ ਵੋ ਅਭੂਤਪੂਰਵ (ਬੇਮਿਸਾਲ), ਅਕਲਪਨੀਯ (ਕਲਪਨਾ ਤੋਂ ਪਰੇ) ਔਰ ਅਭੂਤ (ਹੈਰਾਨੀਜਨਕ) ਹੈ’।

ਉਹਨਾਂ ਪਾਕਿਸਤਾਨ ਵਲੋਂ ਨਿਯੂਕਲਰ ਬਲੈਕਮੇਲ ਨੂੰ ਖਾਰਿਜ ਕਰਦਿਆਂ ਹਰ ਅਤੰਕੀ ਹਮਲੇ ਦਾ ਆਪਣੇ ਅਨੁਸਾਰ ਜਵਾਬ ਦੇਣ ਦੀ ਗਲ ਦੁਹਰਾਈ।

ਇਸ ਤੋਂ ਪਹਿਲਾਂ 10 ਮਈ ਨੂੰ ਆਪਣੀ ਪ੍ਰੈਸ ਕਾਨਫ੍ਰੰਸ ਦੌਰਾਨ ਆਪਰੇਸ਼ਨ ਸਿੰਧੂਰ’ ਦੇ ਤਿੰਨਾਂ ਸੈਨਾਵਾਂ ਦੇ ਡਾਇਰੈਕਟਰ ਜਨਰਲ ਆਫ ਆਪਰੇਸ਼ਨਜ਼ ਨੇ ਕ੍ਰਿਕਟ, ਕਵਿਤਾ ਅਤੇ ਧਾਰਮਿਕ ਹਵਾਲੇ ਦਿਤੇ। ਸਾਡੇ ਲਈ ਇਹ ਬਾ-ਕਮਾਲ ਗੱਲ ਸੀ। ਅਸੀਂ ਆਪ ਵੀ ਅੱਧੇ-ਪਚੱਧੇ ਫੌਜੀ ਹਾਂ ਕਿਉਂਕਿ ਸਾਡੀ ਸੁਰੱਖਿਆ ਦੀ ਦੂਜੀ ਕਤਾਰ ਸਮਝੀ ਜਾਂਦੀ ਰਾਸ਼ਟਰੀ ਕੈਡਿਟ ਕੋਰ(ਐੇਨ.ਸੀ.ਸੀ.) ਅਸੀਂ 3 ਸਾਲ ਕੀਤੀ ਹੈ, ‘ਸੀ’ ਸਰਟੀਫਿਕੇਟ ਪਾਸ ਹਾਂ ਅਤੇ ਬਾਅਦ ਵਿਚ ਕਾਲਜ ਦੀ ਸਰਵਿਸ ਸਮੇਂ ਕਈ ਸਾਲ ਐੇਨ.ਸੀ.ਸੀ. ਅਫਸਰ ਰਹੇ ਹਾਂ। ਫੌਜ ਦੀ ਕਾਫੀ ਸਖਤ ਟਰੇਨਿੰਗ ਲਈ ਹੈ। ਮੇਰੇ ਪਿਤਾ ਜੀ ਵੀ ਸਿਗਨਲ ਕੋਰ ਵਿਚ ਸਨ। ਅਸੀਂ ਇਹ ਗੱਲ ਤਾਂ ਦਸ ਰਹੇ ਹਾਂ ਕਿ ਫੌਜ ਦੀ ਆਮ ਦਿਨਾਂ ਦੀ ਟਰੇਨਿੰਗ ਹੀ ਐੇਨੀ ਸਖਤ ਹੁੰਦੀ ਹੈ ਕਿ ਬੰਦਾ ਥੱਕ ਟੱੁਟ ਕੇ ਬਿਸਤਰ ਉਪਰ ਧੜੰਮ ਡਿਗ ਪੈਂਦੈ, ਸ਼ੇਅਰੋ-ਸ਼ਾਇਰੀ ਤਾਂ ਗਈ ਤੇਲ ਲੈਣ! ਅਤੇ ਜਦ ਫੌਜ ਇੱਕ ਜੰਗ ਲੜ ਰਹੀ ਹੋਵੇ ਤਾਂ ਆਪਾਂ ਆਪ ਹੀ ਸਮਝ ਸਕਦੇ ਹਾਂ ਕਿ ਜਰਨੈਲਾਂ ਅਤੇ ਆਪਰੇਸ਼ਨ ਦੇ ਕਮਾਂਡਰਾਂ ਉੱਪਰ ਕਿੰਨਾਂ ਦਬਾਅ ਅਤੇ ਤਣਾਅ ਹੁੰਦਾ ਹੋਵੇਗਾ।

ਪਰ ਤਿੰਨਾਂ ਮਿਲਿਟਰੀ ਕਮਾਂਡਰਾਂ ਨੇ ਬਿਲਕੁਲ ਸਹਿਜ-ਭਾਅ, ਪੇਸ਼ਾਵਰ ਰਵੱਈਏ ਅਤੇ ਹਾਜ਼ਰ ਜਵਾਬੀ, ਚੁਸਤ ਫਿਕਰੇ ਅਤੇ ਕ੍ਰਿਕਟ ਦੇ ਹਵਾਲੇ ਇੰਝ ਦਿਤੇ ਜਿਵੇਂ ਉਹ ਜੰਗ ਦੇ ਮੈਦਾਨ ਵਿਚ ਨਹੀਂ ਸਗੋਂ ਆਮ ਦਿਨਾਂ ਵਾਂਗ ਵਿਚਰ ਰਹੇ ਹੋਣ। ਹੋਰ ਤਾਂ ਹੋਰ, ਇਕ ਦੋ ਵਾਰ ਤਨਜ਼ ਵੀ ਕੱਸੀ। ਪਰ ਮੀਡੀਆ ਦੇ ਸਵਾਲਾਂ ਦੇ ਜਵਾਬ ਬੜੀ ਦ੍ਰਿੜਤਾ ਪਰ ਸਲੀਕੇ ਨਾਲ ਦਿਤੇ।

ਉਸ ਦਿਨ ਕ੍ਰਿਕਟ ਜਗਤ ਦੇ ਨਾਇਕ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਰਿਟਾਇਰ ਹੋਣ ਦਾ ਐੇਲਾਨ ਕੀਤਾ ਸੀ। ਇਸ ਗੱਲ ਵੱਲ ਇਸ਼ਾਰਾ ਕਰਦਿਆਂ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਲੈਫਟੀਨੈਂਟ ਜਨਰਲ ਰਜੀਵ ਘਈ ਨੇ ਦਸਿਆ ਕਿ ਉਹ ਕੋਹਲੀ ਦੇ ਫੈੇਨ ਹਨ। ਫਿਰ ਉਹਨਾਂ ਦੁਸ਼ਮਣ ਦੇ ਦੰਦ ਖੱਟੇ ਕੀਤੇ ਜਾਣ ਸਬੰਧੀ ਕ੍ਰਿਕਟ ਦਾ ਦ੍ਰਿਸ਼ਟਾਂਤ ਦਿੰਦਿਆਂ ਆਸਟ੍ਰੇਲੀਆ ਦੇ ਨਾਮਵਰ ਕ੍ਰਿਕਟ ਗੇਂਦਬਾਜ਼ਾਂ ਜੈਫ ਟਾਮਸ ਅਤੇ ਡੈਨਿਸ ਲਿੱਲੀ ਬਾਰੇ ਪ੍ਰਚੱਲਿਤ 1975 ਦੇ ਇੱਕ ਕਾਵਿਕ ਟੋਟਕੇ ਦਾ ਜ਼ਿਕਰ ਕੀਤਾ ਜੋ ਗੇਂਦਬਾਜ਼ਾਂ ਵਲੋਂ ਉਸ ਸਮੇਂ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਰੱਜ ਕੇ ਧੁਲਾਈ ਕਰਨ ਕਾਰਣ ਲਿਖੀ ਗਈ ਸੀ-“ਐਸ਼ਜ਼ ਟੂ ਐਸ਼ਜ਼, ਡਸਟ ਟੂ ਡਸਟ/ਇਫ ਟੌਮੋ ਡਸ ਨਾਟ ਗੈਟ ਯੂ, ਲਿੱਲੀ ਮਸਟ”, ਭਾਵ ਤੁਹਾਡੀ ਠੁਕਾਈ ਨਿਰਦੈਤਾ ਨਾਲ ਹੋਊ, ਸਵਾਹ ਕਰ ਦਿਤੇ ਜਾਉਗੇ, ਮਿੱਟੀ ‘ਚ ਮਿਲਾ ਦਿਤੇ ਜਾEਗੇ, ਜੇ ਟਾਮਸ ਤੋਂ ਬਚ ਗਏ ਤਾਂ ਲਿੱਲੀ ਤੋਂ (ਮਾਰ) ਖਾEਗੇ’! ਇਥੇ ਇਹ ਦਸ ਦਈਏ ਕਿ ‘ਐਸ਼ਜ਼’ ਕ੍ਰਿਕਟ ਦੀ ਮਸ਼ਹੂਰ ਸ਼ਾਰੰਖਲਾ ਦਾ ਨਾਮ ਹੈ ਪਰ ਇਥੇ ਇਸ ਸ਼ਬਦ ਉਪਰ ‘ਪਲੇਅ’ ਕਰਦਿਆਂ ਇਸ ਦਾ ਦੂਸਰਾ ਅਰਥ ‘ਸਵਾਹ’ ਵੀ ਵਰਤਿਆ ਗਿਆ ਹੈ।

ਜਦ ਇਸ ਬ੍ਰੀਫਿਗ ਵਿਚ ਇੱਕ ਵੀਡੀਓ ਦਿਖਾਈ ਗਈ ਤਾਂ ਉਸ ਵਿਚ ਰਾਸ਼ਟਰੀ ਕਵੀ ਰਾਮਧਾਰੀ ਸਿੰਘ ‘ਦਿਨਕਰ’ ਦੀ ਮਸ਼ਹੂਰ ਕਵਿਤਾ ‘ਕ੍ਰਿਸ਼ਨਾਂ ਦੀ ਚਿਤਾਵਨੀ’ ਦੀਆਂ ਇਹ ਸਤਰਾਂ ਸਨ-

“ਹਿਤ ਵਚਨ ਨਹੀਂ ਤੂ ਨੇ ਮਾਨਾਂ
ਮੈਤ੍ਰੀ ਕਾ ਮੁਲਯ ਨਾਂ ਪਹਿਚਾਨਾ
ਤੋ ਲੇ ਅਬ ਮੈਂ ਭੀ ਜਾਤਾ ਹੂੰ
ਅੰਤਿਮ ਸੰਕਲਪ ਸੁਨਾਤਾ ਹੂੰ;
ਯਾਚਨਾਂ ਨਹੀਂ ਅਬ ਰਣ ਹੋਗਾ
ਜੀਵਨ ਜਯਾ ਯਾ ਕੀ ਮਰਨ ਹੋਗਾ”!

ਜਦ ਇੱਕ ਪੱਤਰਕਾਰ ਨੇ ਇਸ ਦੇ ਕਾਰਣ ਬਾਰੇ ਸਵਾਲ ਕੀਤਾ ਤਾਂ ਏਅਰ ਮਾਰਸ਼ਲ ਏ. ਕੇ. ਭਾਰਤੀ ਨੇ ‘ਰਾਮ ਚਰਿੱਤਰ ਮਾਨਸ’ ਦਾ ਹਵਾਲਾ ਦਿਤਾ ਜਿਥੇ ਭਗਵਾਨ ਰਾਮ ਸਮੁੰਦਰ ਵਲੋਂ ਲੰਕਾ ਜਾਣ ਲਈ ਰਾਹ ਦੇਣ ਤੋਂ ਇਨਕਾਰ ਕਰਨ ਉਪਰੰਤ ਆਪਣਾ ਰਾਮਬਾਣ ਦਾਗਣ ਦੀ ਚਿਤਾਵਨੀ ਦਿੰਦੇ ਹਨ-“ਵਿਨੇ ਨਾਂ ਮਾਨਤ ਜਲਧ ਜੜ ਗਏ ਤੀਨ ਦਿਨ ਬੀਤ/ਬੋਲੇ ਰਾਮ ਸਕੋਪ ਤਬ ਭੈਅ ਬਿਨ ਹੋਏ ਨਾਂ ਪ੍ਰੀਤ”! ਫਿਰ ਉਹਨਾਂ ਮਾਅਨੀਖੇਜ਼ ਅੰਦਾਜ਼ ‘ਚ ਕਿਹਾ, “ਸੰਦੇਸ਼ ਜਿਥੇ ਪੁੱਜਣਾ ਚਾਹੀਦਾ ਸੀ Eਥੇ ਪੁੱਜ ਗਿਐ”। ਸਪੱਸ਼ਟ ਹੈ ਕਿ ਉਹਨਾਂ ਦਾ ਮਤਲਬ ਪਾਕਿਸਤਾਨ ਤੋਂ ਸੀ।

ਇਸ ਹੀ ਪ੍ਰੈੱਸ ਬਰੀਫਿੰਗ ਵਿਚ ਵਾਈਸ ਐੇਡਮੀਰਲ ਏ.ਅੇੈਨ. ਪ੍ਰਮੋਦ ਨੇ ਵੀ ਵੈਦਿਕ ਤੁਕ ਦਾ ਜ਼ਿਕਰ ਕੀਤਾ-‘ਸ਼ਾਮ ਨੋ ਵਰੁਨਾਂ’(ਸਮੁੰਦਰ ਦੇ ਦੇਵਤੇ ਵਰੁਨ ਦੀ ਮਿਹਰ ਬਣੀ ਰਹੇ)। ਉਹ ਭਾਰਤੀ ਜਲ ਸੈਨਾਂ ਦਾ ਦੁਸ਼ਮਣ ਦੀ ਜਲ ਸੈਨਾ ਉਪਰ ਬਣੇ ਦਬ-ਦਬੇ ਦਾ ਸੰਦੇਸ਼ ਦੇ ਰਹੇ ਸਨ।

ਇਸ ਤੋਂ ਪਹਿਲਾਂ 11 ਮਈ ਨੂੰ ਮਿਲਟਰੀ ਕਮਾਂਡਰਾਂ ਵਲੋਂ ਕੀਤੀ ਗਈ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਦਿਖਾਈ ਗਈ ਵੀਡੀE ਵਿਚ ‘ਸ਼ਿਵ ਤਾਂਡਵ ਸਤੋਤਰਮ’ ਦਿਖਾਇਆ ਜੋ ਭਗਵਾਨ ਸ਼ਿਵ ਦੇ ਉਸ ਬ੍ਰਹਿਮੰਡੀ ਡਾਂਸ ਦਾ ਹਵਾਲਾ ਦਿੰਦੈ ਜੋ ਜੀਵਨ-ਮ੍ਰਿਤੂ ਦੇ ਚੱਕਰ ਦਾ ਪ੍ਰਤੀਕ ਹੈ। ਇਸ ਸੰਕੇਤ ਨਾਲ ਕਮਾਂਡਰ ਦੇਸ਼ ਦੇ ਦੁਸ਼ਮਣ ਦੀ ਤਬਾਹੀ ਦਾ ਸੰਕੇਤ ਦੇ ਰਹੇ ਸਨ! ਸਲਾਈਡਾਂ ਉਪਰ ਸਾਫ ਲਿਖਿਆ ਸੀ- ਜਦ ਅਤੰਕ ਸਾਡੀ ਮਾਤ੍ਰ-ਭੁਮੀ ਉਪਰ ਹਮਲਾ ਕਰੇਗਾ ਤਾਂ ਪੂਰੇ ਭਾਰਤ ਦੀ ਆਤਮਾਂ ਜਾਗ ਉਠਦੀ ਹੈ’! ਭਾਵ ਜੇ ਪਾਕਿਸਤਾਨ ‘ਛੇੜੇਗਾ ਤਾਂ ਛਡਾਂਗੇ ਨਹੀਂ’!

ਇਹ ਸਾਰੇ ਕਾਵਿਕ, ਧਾਰਮਿਕ, ਸਭਿਆਚਾਰਕ ਅਤੇ ਖੇਡਾਂ ਦੇ ਹਵਾਲੇ ਸਿਰਫ ਇੱਕ ਗੱਲ ਪੂਰੇ ਜ਼ੋਰ ਨਾਲ ਦਸਣ ਲਈ ਦਿਤੇ ਗਏ ਕਿ ਹੁਣ ‘ਇੱਟ ਬਦਲੇ ਪੱਥਰ’, ‘ਗੋਲੀ ਬਦਲੇ ਗੋਲਾ’ ਅਤੇ ਕਿਸੇ ਵੀ ਅਤੰਕੀ ਹਮਲੇ ਨੂੰ ਜੰਗ ਸਮਝਦਿਆਂ ਦੁਸ਼ਮਣ ਨੂੰ ਬੰਦੇ ਦਾ ਪੁੱਤ ਬਣਾ ਦਿਤਾ ਜਾਏਗਾ!

ਅਸੀ ਹਾਂ ਤਾਂ ਅਮਨ ਪਸੰਦ ਅਤੇ ਜੰਗਾਂ-ਯੁੱਧਾਂ ਦੇ ਖਿਲਾਫ। ਪਰ ਕਰੀਏ ਕੀ ਜੇ ‘ਲਾਤੋਂ ਕੇ ਭੁੂਤ ਬਾਤੋਂ ਸੇ ਨਹੀਂ ਮਾਨਤੇ’ ਤਾਂ ਫਿਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਤਾਂ ਮੰਨਣੀ ਪਊ-

“ਚੂੰਕਾਰ ਅਜ਼ਹਮਾ ਹੀਲਤੇ ਦਰ ਗੁਜ਼ਸਤ
ਹਲਾਲ ਅਸਤ ਬੁਰਦਨ ਬਾ-ਸ਼ਮਸ਼ੀਰ ਦਸਤ”!
(ਜਦ ਹੋਰ ਸਾਰੇ ਹੀਲੇ ਅਸਫਲ ਹੋ ਜਾਣ ਤਾਂ ਤਲਵਾਰ ਚੁਕਣੀ ਜਾਇਜ਼ ਹੈ)

Related posts

ਅੱਜ ਤੋਂ ਲਾਗੂ ਹੋਏ ਨਵੇਂ ਕਾਨੂੰਨ ਆਸਟ੍ਰੇਲੀਅਨ ਲੋਕਾਂ ਨੂੰ ਕਿਸ ਤਰ੍ਹਾਂ ਨਾਲ ਪ੍ਰਭਾਵਿਤ ਕਰਨਗੇ ?

admin

ਅੱਜ ਤੋਂ ਆਦਮਪੁਰ-ਮੁੰਬਈ ਵਿਚਕਾਰ ਹਵਾਈ ਸਫ਼ਰ ਦੀ ਸ਼ੁਰੂਆਤ ਹੋਵੇਗੀ !

admin

ਕੈਨੇਡੀਅਨ ਜੋਬਨ ਕਲੇਰ ਤੇ ਪਾਕਿਸਤਾਨੀ ਤਨਵੀਰ ਸ਼ਾਹ ਵੱਲੋਂ ਚਲਾਏ ਜਾ ਰਹੇ ਇੰਟਰਨੈਸ਼ਨਲ ਡਰੱਗ ਕਾਰਟਿਲ ਦਾ ਪਰਦਾਫਾਸ਼ !

admin