ਇਜ਼ਰਾਈਲ ਸੰਸਾਰ ਦਾ ਵਾਹਿਦ ਦੇਸ਼ ਹੈ ਜੋ ਚਾਰੇ ਪਾਸੇ ਤੋਂ ਕੱਟੜ ਦੁਸ਼ਮਣ ਦੇਸ਼ਾਂ ਨਾਲ ਘਿਰਿਆ ਹੋਇਆ ਹੈ। 14 ਮਈ 1948 ਵਿੱਚ ਇੰਗਲੈਂਡ ਤੋਂ ਅਜ਼ਾਦ ਹੋਣ ਤੋਂ ਬਾਅਦ ਇਸ ਦੀਆਂ ਅਰਬ ਦੇਸ਼ਾਂ ਨਾਲ 1948, 1951, 1956, 1967, 1970, 1973 ਤੇ 1982 ਤੱਕ 5 ਜੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਅਰਬ ਦੇਸ਼ਾਂ ਨੂੰ ਲੱਕ ਤੋੜਵੀਂ ਹਾਰ ਹੋਈ ਸੀ। ਇਸ ਵੇਲੇ ਇਸ ਦੀ ਗਾਜ਼ਾ ਪੱਟੀ ਵਿੱਚ ਹੱਮਾਸ ਅਤੇ ਲੈਬਨਾਨ ਵਿੱਚ ਹਿਜ਼ਬੁਲਾ ਜਥੇਬੰਦੀ ਨਾਲ ਖੂਨੀ ਜੰਗ ਚੱਲ ਰਹੀ ਹੈ। ਗਾਜ਼ਾ ਪੱਟੀ ਨੂੰ ਇਸ ਨੇ ਬਿਲਕੁਲ ਖੰਡਰ ਬਣਾ ਦਿੱਤਾ ਹੈ ਤੇ ਹਜ਼ਾਰਾਂ ਬੇਕਸੂਰ ਔਰਤਾਂ, ਮਰਦਾਂ ਅਤੇ ਬੱਚਿਆਂ ਨੂੰ ਕਤਲ ਕਰ ਦਿੱਤਾ ਹੈ। ਇਸ ਦੀ ਖੁਫੀਆ ਏਜੰਸੀ ਮੌਸਾਦ ਨੂੰ ਦੁਨੀਆਂ ਦੀ ਸਭ ਤੋਂ ਕਾਬਲ ਏਜੰਸੀ ਮੰਨਿਆਂ ਜਾਂਦਾ ਹੈ। ਮੌਸਾਦ ਨੇ ਦੂਸਰੀ ਸੰਸਾਰ ਜੰਗ ਵਿੱਚ ਯਹੂਦੀਆਂ ‘ਤੇ ਜ਼ੁਲਮ ਕਰਨ ਵਾਲੇ ਨਾਜ਼ੀ ਅਫਸਰਾਂ ਨੂੰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚੋਂ ਲੱਭ ਕੇ ਜਾਂ ਤਾਂ ਕਤਲ ਕਰ ਦਿੱਤਾ ਸੀ ਤੇ ਜਾਂ ਇਜ਼ਰਾਈਲ ਲਿਆ ਕੇ ਉਨ੍ਹਾਂ ‘ਤੇ ਮੁਕੱਦਮੇ ਚਲਾਏ ਸਨ। ਸੰਨ 1976 ਵਿੱਚ ਅਰਬੀ ਅੱਤਵਾਦੀ ਇਸ ਦਾ ਇੱਕ ਹਵਾਈ ਜ਼ਹਾਜ ਅਗਵਾ ਕਰ ਕੇ ਯੁਗਾਂਡਾ ਲੈ ਗਏ ਸਨ ਤੇ ਉਨ੍ਹਾਂ ਨੂੰ ਯੁਗਾਂਡਾ ਤੇ ਤਤਕਾਲੀ ਤਾਨਾਸ਼ਾਹ ਈਦੀ ਅਮੀਨ ਦਾ ਪੂਰਾ ਸਮਰਥਨ ਸੀ। ਪਰ 3 ਜੁਲਾਈ 1976 ਦੀ ਰਾਤ ਨੂੰ ਇਜ਼ਰਾਈਲ ਦੇ ਕਮਾਂਡੋ ਉਥੇ ਉੱਤਰੇ ਤੇ ਚੀਫ ਵਾਦੀ ਹਦਾਦ ਸਮੇਤ ਸਾਰੇ 7 ਹਾਈਜੈਕਰਾਂ ਤੇ ਯੁਗਾਂਡਾ ਦੀ ਫੌਜ ਦੇ 45 ਸੈਨਿਕਾਂ ਨੂੰ ਮਾਰ ਕੇ ਸਾਰੇ ਬੰਧਕ ਸਮੇਤ ਜਹਾਜ਼ ਦੇ ਵਾਪਸ ਲੈ ਆਏ ਸਨ। ਇਜ਼ਰਾਈਲ ਦਾ ਸਿਰਫ ਇੱਕ ਸੈਨਿਕ ਜੋਨਾਤਨ ਨੇਤਨਯਾਹੂ ਜੋ ਕਿ ਮੌਜੂਦਾ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਵੱਡਾ ਭਰਾ ਸੀ, ਮਰਿਆ ਸੀ।
ਹੁਣ ਇਸ ਨੇ 17 ਅਤੇ 18 ਸਤੰਬਰ ਨੂੰ ਲੈਬਨਾਨ ਵਿੱਚ ਪੇਜ਼ਰ ਤੇ ਵਾਕੀ ਟਾਕੀ (ਹੱਥ ਵਿੱਚ ਪਕੜੇ ਜਾਣ ਵਾਲੇ ਛੋਟੇ ਵਾਇਰਲੈੱਸ ਸੈੱਟ) ਬਲਾਸਟ ਕਾਂਡ ਕਰ ਕੇ, ਜਿਸ ਵਿੱਚ ਹਿਜ਼ਬੁਲਾ ਦੇ 32 ਮੈਂਬਰ ਮਾਰੇ ਗਏ ਤੇ 3100 ਦੇ ਕਰੀਬ ਜ਼ਖਮੀ ਹੋਏ, ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਪੇਜ਼ਰ 1991 ਤੋਂ ਲੈ ਕੇ 1994 – 95 ਤੱਕ ਬਹੁਤ ਪ੍ਰਚੱਲਿਤ ਰਿਹਾ ਸੀ ਪਰ ਬਾਅਦ ਵਿੱਚ ਮੋਬਾਇਲ ਫੋਨ ਨੇ ਪੇਜ਼ਰ ਨੂੰ ਖਤਮ ਕਰ ਦਿੱਤਾ ਸੀ। ਅੱਜ ਦਾ ਸਮੇਂ ਵਿੱਚ ਜੇ ਕੋਈ ਵਿਅਕਤੀ ਪੇਜ਼ਰ ਦੀ ਵਰਤੋਂ ਕਰ ਰਿਹਾ ਹੈ ਤਾਂ ਅਜੀਬ ਜਿਹੀ ਗੱਲ ਲੱਗਦੀ ਹੈ। 17 ਸਤੰਬਰ ਨੂੰ ਲੈਬਨਾਨ ਦੀ ਰਾਜਧਾਨੀ ਬੈਰੂਤ ਸਮੇਤ ਅਨੇਕਾਂ ਸ਼ਹਿਰਾਂ ਵਿੱਚ ਦੁਪਹਿਰ ਦੇ ਠੀਕ 3.30 ਵਜੇ ਇੱਕੋ ਸਮੇਂ ਤਿੰਨ ਹਜ਼ਾਰ ਪੇਜ਼ਰਾਂ ਵਿੱਚ ਬੀਪ ਆਈ। ਜਿਵੇਂ ਮੋਬਾਇਲ ਵਿੱਚ ਘੰਟੀ ਵੱਜਦੀ ਹੈ, ਉਸੇ ਤਰਾਂ ਪੇਜ਼ਰ ਵਿੱਚ ਬੀਪ ਬੀਪ ਦੀ ਅਵਾਜ਼ ਆਉਂਦੀ ਹੈ ਜਿਸ ਕਾਰਨ ਕਈ ਦੇਸ਼ਾਂ ਵਿੱਚ ਇਸ ਨੂੰ ਬੀਪਰ ਵੀ ਕਿਹਾ ਜਾਂਦਾ ਹੈ।
ਇਸ ਬੀਪ ਤੋਂ 2 – 4 ਮਿੰਟਾਂ ਬਾਅਦ ਹੀ ਇੱਕ ਦਮ 3000 ਪੇਜ਼ਰਾਂ ਵਿੱਚ ਬਲਾਸਟ ਹੋ ਗਏ। ਪੇਜ਼ਰ ਨੂੰ ਆਮ ਲੋਕ ਬੈਲਟ ਨਾਲ ਲਗਾ ਕੇ ਰੱਖਦੇ ਹਨ। ਜਿਸ ਵਿਅਕਤੀ ਨੇ ਮੈਸੇਜ਼ ਵੇਖਣ ਲਈ ਪੇਜ਼ਰ ਚਿਹਰੇ ਦੇ ਨਜ਼ਦੀਕ ਕੀਤਾ, ਉਸ ਦਾ ਚਿਹਰਾ ਉੱਡ ਗਿਆ ਤੇ ਜਿਸ ਦੀ ਬੈਲਟ ਵਿੱਚ ਲੱਗਾ ਹੋਇਆ ਸੀ, ਉਸ ਦੀ ਕਮਰ ਨੁਕਸਾਨੀ ਗਈ। ਲੈਬਨਾਨ ਦਾ ਕੋਈ ਸ਼ਹਿਰ, ਮਾਰਕੀਟ, ਦਫਤਰ, ਘਰ ਅਤੇ ਗਲੀ ਬਜ਼ਾਰ ਨਹੀਂ ਬਚਿਆ ਜਿੱਥੇ ਧਮਾਕੇ ਨਾ ਹੋਏ ਹੋਣ। ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਇੱਕ ਵਾਇਰਲ ਵੀਡੀਉ ਵਿੱਚ ਸਬਜ਼ੀ ਖਰੀਦ ਰਹੇ ਇੱਕ ਵਿਅਕਤੀ ਦੀ ਬੈਲਟ ਵਿੱਚ ਕਾਫੀ ਵੱਡਾ ਬਲਾਸਟ ਹੁੰਦਾ ਹੈ। ਪੇਜ਼ਰ ਬਲਾਸਟਾਂ ਵਿੱਚ 2700 ਲੋਕ ਜ਼ਖਮੀ ਹੋਏ ਹਨ ਅਤੇ 12 ਦੀ ਮੌਤ ਹੋ ਗਈ ਹੈ। ਜੇ ਮੌਸਾਦ ਦੇ ਦਸ ਵੱਡੇ ਐਕਸ਼ਨਾਂ ਨਾਲ ਇਸ ਕਾਂਡ ਦੀ ਤੁਲਨਾ ਕੀਤੀ ਜਾਵੇ ਤਾਂ ਬੇਸ਼ੱਕ ਇਹ ਅੱਵਲ ਨੰਬਰ ‘ਤੇ ਆਏਗਾ। ਆਖਰ ਹਿਜ਼ਬੁਲਾ ਦੁਨੀਆਂ ਵੱਲੋਂ ਭੁੱਲ ਭੁਲਾ ਦਿੱਤੇ ਗਏ ਇਸ ਸੰਚਾਰ ਯੰਤਰ ਦੀ ਵਰਤੋਂ ਕਿਉਂ ਕਰ ਰਿਹਾ ਸੀ, ਇਹ ਬਲਾਸਟ ਕਿਵੇਂ ਹੋਏ ਤੇ ਛੋਟੇ ਜਿਹੇ ਪੇਜ਼ਰ ਵਿੱਚ ਬੰਬ ਕਿਵੇਂ ਫਿੱਟ ਕੀਤੇ ਗਏ? ਇਹ ਬਹੁਤ ਹੀ ਦਿਲਸਚਪ ਕਹਾਣੀ ਹੈ।
ਇਹ ਕਹਾਣੀ ਦੀ ਸ਼ੁਰੂਆਤ ਇਸ ਸਾਲ ਫਰਵਰੀ ਵਿੱਚ ਹੁੰਦੀ ਹੈ। ਹਿੱਜ਼ਬੁਲਾ ਅਤੇ ਇਜ਼ਰਾਈਲ ਦਰਮਿਆਨ ਵਿੱਚ ਯੁੱਧ ਚੱਲ ਰਿਹਾ ਹੈ ਕਿਉਂਕਿ ਹਿੱਜ਼ਬੁਲਾ ਹੱਮਾਸ ਦੀ ਹਮਾਇਤ ਵਿੱਚ ਅਕਤੂਬਰ 2023 ਤੋਂ ਲਗਾਤਾਰ ਇਜ਼ਰਾਈਲ ‘ਤੇ ਸੈਂਕੜਿਆਂ ਦੀ ਗਿਣਤੀ ਵਿੱਚ ਰਾਕਟ ਅਤੇ ਡਰੋਨ ਹਮਲੇ ਕਰ ਰਿਹਾ ਹੈ। ਇਸ ਕਾਰਨ ਲੈਬਨਾਨ ਦੇ ਨਾਲ ਲੱਗਦੇ ਇਜ਼ਰਾਈਲੀ ਖੇਤਰ ਤੋਂ ਲੱਖਾਂ ਲੋਕ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ। ਹਿਜ਼ਬੁਲਾ ਦਾ ਲੈਬਨਾਨ ਦੇ ਇੱਕ ਵੱਡੇ ਖੇਤਰ ‘ਤੇ ਕਬਜ਼ਾ ਹੈ ਤੇ ਇਰਾਨ ਇਸ ਨੂੰ ਖੁਲ੍ਹ ਕੇ ਆਰਥਿਕ ਅਤੇ ਸੈਨਿਕ ਮਦਦ ਮੁਹੱਈਆ ਕਰਵਾ ਰਿਹਾ ਹੈ। ਦੂਸਰੇ ਪਾਸੇ ਇਜ਼ਰਾਈਲ ਵੀ ਹਿਜ਼ਬੁਲਾ ਦੇ ਲੀਡਰਾਂ ਨੂੰ ਚੁਣ ਚੁਣ ਕੇ ਮਿਜ਼ਾਈਲ ਹਮਲਿਆਂ ਨਾਲ ਕਤਲ ਕਰ ਰਿਹਾ ਹੈ। ਇਸ ਕਾਰਨ 13 ਫਰਵਰੀ ਨੂੰ ਹਿਜ਼ਬੁਲਾ ਦੇ ਜਨਰਲ ਸਕੱਤਰ ਹਸਨ ਨਸਰੁੱਲਾ ਨੇ ਟੈਲੀਵਿਜ਼ਨ ‘ਤੇ ਇੱਕ ਸੰਦੇਸ਼ ਦਿੱਤਾ ਕਿ ਇਜ਼ਰਾਈਲ ਮੋਬਾਇਲ ਫੋਨਾਂ ਦੀ ਲੋਕੇਸ਼ਨ ਟਰੇਸ ਕਰ ਕੇ ਹਿਜ਼ਬੁਲਾ ਦੇ ਲੀਡਰਾਂ ਦਾ ਕਤਲ ਕਰ ਰਿਹਾ ਹੈ। ਇਸ ਲਈ ਜਥੇਬੰਦੀ ਦੇ ਮੈਂਬਰ ਫੌਰਨ ਆਪਣੇ ਮੋਬਾਇਲ ਫੋਨ ਨਸ਼ਟ ਕਰ ਦੇਣ। ਮੋਬਾਇਲ ਰਾਹੀਂ ਕੋਈ ਵੀ ਗੱਲ ਬਾਤ ਨਾ ਕੀਤੀ ਜਾਵੇ ਤੇ ਨਾ ਹੀ ਕੋਈ ਮੈਸੇਜ਼ ਭੇਜਿਆ ਜਾਵੇ।
ਹਿਜ਼ਬੁਲਾ ਦੇ ਮੈਂਬਰਾਂ ਨੇ ਫੌਰਨ ਉਸ ਦੀ ਗੱਲ ‘ਤੇ ਅਮਲ ਕੀਤਾ ਪਰ ਮੁਸੀਬਤ ਇਹ ਆ ਗਈ ਕਿ ਹੁਣ ਇੱਕ ਦੂਸਰੇ ਮੈਸੇਜ਼ ਭੇਜੇ ਕਿਵੇਂ ਜਾਣ? ਇਸ ਮਸਲੇ ‘ਤੇ ਡੂੰਘੇ ਸੋਚ ਵਿਚਾਰ ਕਰਨ ਤੋਂ ਬਾਅਦ ਮਾਰਚ ਵਿੱਚ ਇੱਕ ਫੈਸਲਾ ਕੀਤਾ ਗਿਆ ਕਿ ਅੱਗੇ ਤੋਂ ਪੇਜ਼ਰਾਂ ਦੀ ਵਰਤੋਂ ਕੀਤੀ ਜਾਵੇਗੀ। ਪਹਿਲਾਂ ਕਮਾਂਡਰਾਂ ਨੂੰ ਪੇਜ਼ਰ ਦਿੱਤੇ ਜਾਣਗੇ ਤੇ ਬਾਅਦ ਵਿੱਚ ਸਾਰੇ ਮੈਂਬਰਾਂ ਨੂੰ। ਵਾਇਰਲੈੱਸ ਵਾਂਗ ਪੇਜ਼ਰ ਇੱਕ ਖਾਸ ਰੇਡੀਉ ਫਰੀਕੁਐਂਸੀ ‘ਤੇ ਚਲਦਾ ਹੈ ਤੇ ਇਸ ਦਾ ਸੈਟੇਲਾਈਟ ਜਾਂ ਇੰਟਰਨੈੱਟ ਨਾਲ ਕੋਈ ਕੁਨੈਕਸ਼ਨ ਨਹੀਂ ਹੁੰਦਾ ਜਿਸ ਕਾਰਨ ਪੇਜ਼ਰ ਵਾਲੇ ਵਿਅਕਤੀ ਦੀ ਲੋਕੇਸ਼ਨ ਟਰੇਸ ਨਹੀਂ ਕੀਤੀ ਜਾ ਸਕਦੀ। ਇਸ ਤੋਂ ਬਾਅਦ ਪੇਜ਼ਰ ਬਣਾਉਣ ਵਾਲੀਆਂ ਕੰਪਨੀਆਂ ਦੀ ਖੋਜ ਕੀਤੀ ਗਈ ਤਾਂ ਪਤਾ ਲੱਗਾ ਕਿ ਤਾਇਵਾਨ ਦੀ ਇੱਕ ਕੰਪਨੀ ਗੋਲਡ ਅਪੋਲੋ ਪੇਜ਼ਰ ਦਾ ਨਿਰਮਾਣ ਕਰਦੀ ਹੈ। ਹਿਜ਼ਬੁਲਾ ਦਾ ਨਾਮ ਛਿਪਾ ਕੇ ਵਿਚੋਲਿਆਂ ਰਾਹੀਂ ਇਸ ਕੰਪਨੀ ਨੂੰ 3000 ਪੇਜ਼ਰਾਂ ਦਾ ਆਰਡਰ ਦਿੱਤਾ ਗਿਆ। ਮਈ ਅਤੇ ਜੂਨ ਵਿੱਚ ਪੇਜ਼ਰਾਂ ਦੀਆਂ ਦੋ ਖੇਪਾਂ ਬੈਰੂਤ (ਲੈਬਨਾਨ) ਪਹੁੰਚ ਗਈਆਂ ਜਿਨ੍ਹਾਂ ਨੂੰ ਕਮਾਂਡਰਾਂ ਵਿੱਚ ਵੰਡ ਦਿੱਤਾ ਗਿਆ।
ਜਿਸ ਸਮੇਂ ਇਹ ਧਮਾਕੇ ਹੋਏ ਉਸ ਵੇਲੇ ਲੈਬਨਾਨ ਵਿੱਚ ਇਰਾਨ ਦਾ ਰਾਜਦੂਤ ਆਪਣੇ ਦਫਤਰ ਵਿੱਚ ਹਾਜ਼ਰ ਸੀ। ਉਸ ਦੀ ਸੁਰੱਖਿਆ ਲਈ ਹਿਜ਼ਬੁਲਾ ਦੇ ਦਰਜ਼ਨ ਦੇ ਕਰੀਬ ਸੈਨਿਕ ਤਾਇਨਾਤ ਸਨ। ਜਦੋਂ ਇੱਕ ਸੈਨਿਕ ਦੇ ਪੇਜ਼ਰ ਦਾ ਬੀਪ ਵੱਜਿਆ ਤਾਂ ਉਸ ਨੇ ਪੇਜ਼ਰ ਕੱਢ ਕੇ ਮੈਸੇਜ਼ ਵੇਖਣਾ ਸ਼ੁਰੂ ਕਰ ਦਿੱਤਾ। ਕੁਦਰਤੀ ਪੇਜ਼ਰ ਦਾ ਰੁਖ ਰਾਜਦੂਤ ਵੱਲ ਸੀ ਜਿਸ ਕਾਰਨ ਬਲਾਸਟ ਨਾਲ ਉਸ ਦੀ ਇੱਕ ਅੱਖ ਅੰਨ੍ਹੀ ਹੋ ਗਈ ਤੇ ਹੋਰ ਵੀ ਸੱਟਾਂ ਲੱਗੀਆਂ। ਜਦੋਂ ਬਲਾਸਟ ਦੀ ਖਬਰ ਫੈਲੀ ਤਾਂ ਤਾਇਵਾਨ ਦੀ ਕੰਪਨੀ ਨੇ ਸਪਸ਼ਟੀਕਰਨ ਦਿੱਤਾ ਕਿ ਇਹ ਪੇਜ਼ਰ ਉਸ ਨੇ ਨਹੀਂ ਬਣਾਏ ਹਨ। ਉਸ ਨੇ ਹੰਗਰੀ ਦੀ ਬਿੱਕ ਨਾਮਕ ਇੱਕ ਕੰਪਨੀ ਨਾਲ 2022 ਵਿੱਚ ਸਮਝੌਤਾ ਕੀਤਾ ਸੀ ਜਿਸ ਅਧੀਨ ਉਹ ਕੰਪਨੀ ਗੋਲਡ ਅਪੋਲੋ ਬਰਾਂਡ ਹੇਠ ਪੇਜ਼ਰ ਬਣਾਉਂਦੀ ਹੈ ਤੇ ਉਸ ਨੇ ਹੀ ਹਿਜ਼ਬੁਲਾ ਨੂੰ ਪੇਜ਼ਰ ਸਪਲਾਈ ਕੀਤੇ ਸਨ। ਇਨ੍ਹਾਂ ਪੇਜ਼ਰਾਂ ਵਿੱਚ ਬੰਬ ਫਿੱਟ ਕਿਵੇਂ ਕੀਤੇ ਗਏ? ਅਸਲ ਵਿੱਚ ਮੌਸਾਦ ਦੇ ਮੁਖਬਰ ਦੁਨੀਆਂ ਦੇ ਹਰ ਦੇਸ਼ ਵਿੱਚ ਮੌਜੂਦ ਹਨ ਤੇ ਹਿਜ਼ਬੁਲਾ ਵਿੱਚ ਵੀ ਹਨ। ਉਨ੍ਹਾਂ ਮੁਖਬਰਾਂ ਨੇ ਹੀ ਮੌਸਾਦ ਨੂੰ ਪੇਜ਼ਰਾਂ ਦੇ ਆਰਡਰ ਬਾਰੇ ਦੱਸਿਆ ਸੀ। ਮੌਸਾਦ ਨੇ ਸੋਚਿਆ ਕਿ ਇਨ੍ਹਾਂ ਪੇਜ਼ਰਾਂ ਨਾਲ ਅਜਿਹੀ ਗੇਮ ਖੇਡੀ ਜਾਵੇ ਤਾਂ ਜੋ ਹਿਜ਼ਬੁਲਾ ਕੰਬ ਜਾਵੇ।
ਜਦੋਂ ਮੌਸਾਦ ਨੂੰ ਪਤਾ ਲੱਗਾ ਕਿ ਪੇਜ਼ਰ ਹੰਗਰੀ ਵਿੱਚ ਬਣਾਏ ਜਾ ਰਹੇ ਹਨ ਤਾਂ ਉਸ ਦਾ ਕੰਮ ਬਹੁਤ ਅਸਾਨ ਹੋ ਗਿਆ ਕਿਉਂਕਿ ਜਿਆਦਾਤਰ ਯੂਰਪੀਨ ਦੇਸ਼ ਇਜ਼ਰਾਈਲ ਪ੍ਰਤੀ ਨਰਮ ਕੋਨਾ ਰੱਖਦੇ ਹਨ। ਮੌਸਾਦ ਨੇ ਕੰਪਨੀ ਵਿੱਚ ਘੁਸਪੈਠ ਕਰ ਲਈ। ਪੇਜ਼ਰ ਬੈਟਰੀ ਨਾਲ ਚੱਲਦਾ ਹੈ ਤੇ ਇਸ ਨੂੰ ਵੀ ਬਾਕੀ ਇਲੈੱਕਟਰੋਨਿਕ ਯੰਤਰਾਂ ਵਾਂਗ ਰੀਚਾਰਜ ਕਰਨਾ ਪੈਂਦਾ ਹੈ। ਮੌਸਾਦ ਨੇ ਸਕੀਮ ਬਣਾਈ ਤੇ ਫੈਕਟਰੀ ਦੇ ਇੱਕ ਇੰਜੀਨੀਅਰ ਦੀ ਮਦਦ ਨਾਲ ਪੇਜ਼ਰ ਦੀ ਬੈਟਰੀ ਦੇ ਨਜ਼ਦੀਕ ਕਰੀਬ 30 ਗ੍ਰਾਮ ਪੀ.ਈ.ਟੀ.ਐਨ (ਪੈਂਟਾਏਰੀਥਰੀਟੋਲ ਟੈਟਰਾਨਾਈਟਰੇਟ, ਦੁਨੀਆਂ ਦਾ ਸਭ ਤੋਂ ਤਾਕਤਵਰ ਵਿਸਫੋਟਕ) ਛਿਪਾ ਦਿੱਤਾ ਗਿਆ। ਇਸ ਤੋਂ ਇਲਾਵਾ ਪੇਜ਼ਰ ਦੀ ਬੈਟਰੀ ਦੇ ਨਜ਼ਦੀਕ ਇੱਕ ਚਿੱਪ ਵੀ ਲਗਾਈ ਗਈ ਜਿਸ ਨੂੰ ਕਮਾਂਡ ਦੇ ਕੇ ਬਲਾਸਟ ਕੀਤਾ ਜਾ ਸਕਦਾ ਸੀ। ਜਦੋਂ ਚਿੱਪ ਨੂੰ ਕਮਾਂਡ ਦਿੱਤਾ ਗਿਆ ਤਾਂ ਉਸ ਨੇ ਬੈਟਰੀ ਨੂੰ ਬੇਹੱਦ ਗਰਮ ਕਰ ਦਿੱਤਾ ਜਿਸ ਕਾਰਨ ਪੀ.ਈ.ਟੀ.ਐਨ ਫਟ ਗਿਆ। ਮੌਸਾਦ ਨੂੰ ਪਤਾ ਸੀ ਕਿ ਹਿਜ਼ਬੁਲਾ ਦੇ ਜਿਆਦਾਤਰ ਜਰੂਰੀ ਸੰਦੇਸ਼ ਦੁਪਹਿਰ 3 ਤੋਂ 3.30 ਤੱਕ ਭੇਜੇ ਜਾਂਦੇ ਹਨ। ਉਨ੍ਹਾਂ ਨੇ 3.30 ਦਾ ਸਮਾਂ ਇਸ ਲਈ ਚੁਣਿਆ ਕਿ ਉਸ ਵੇਲੇ ਸਾਰੇ ਕਮਾਂਡਰਾਂ ਦੇ ਹੱਥਾਂ ਵਿੱਚ ਪੇਜ਼ਰ ਹੋਵੇਗਾ। ਅਜੇ ਇਸ ਵਾਕਿਆ ਦੇ ਮ੍ਰਿਤਕ ਦਫਨਾਏ ਵੀ ਨਹੀਂ ਸਨ ਗਏ ਕਿ 19 ਸਤੰਬਰ ਨੂੰ ਮੌਸਾਦ ਨੇ ਹਿਜ਼ਬੁਲ ਕਮਾਂਡਰਾਂ ਦੇ ਵਾਕੀ ਟਾਕੀਆਂ ਵਿੱਚ ਵੀ ਬਲਾਸਟ ਕਰ ਦਿੱਤੇ ਜਿਸ ਕਾਰਨ 20 ਵਿਅਕਤੀ ਮਾਰੇ ਗਏ ਤੇ 450 ਜ਼ਖਮੀ ਹੋ ਗਏ। ਇਸ ਕਾਂਡ ਵਿੱਚ ਵੀ ਪੇਜ਼ਰਾਂ ਵਾਲੀ ਤਕਨੀਕ ਹੀ ਵਰਤੀ ਗਈ ਹੈ।