Articles

ਅਕਾਲੀ ਸਿਆਸਤ ਦਾ ਸੁਧਾਰ ?

ਸ: ਸੁਖਦੇਵ ਸਿੰਘ ਢੀਂਡਸਾ ਆਪਣੇ ਹੋਰਨਾ ਅਕਾਲੀ ਸਾਥੀਆਂ ਦੇ ਨਾਲ। (ਫੋਟੋ: ਅੇ ਐਨ ਆਈ)
ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਛੋਟਾ ਮੂੰਹ ਬੜੀ ਬਾਤ !

ਔਲ਼ਾ ਖਾਣ ਵਕਤ ਮੂੰਹ ਦਾ ਜ਼ਾਇਕਾ ਖੱਟਾ-ਕੌੜਾ ਜਿਹਾ ਹੋ ਜਾਂਦਾ ਐ ਤੇ ਇਵੇਂ ਹੀ ਸਿਆਣਿਆਂ ਵਲੋਂ ਕਹੀ ਗੱਲ ਮੌਕੇ ਮੁਤਾਬਕ ਤਾਂ ਅਤਿਕਥਨੀ ਜਾਪਦੀ ਹੁੰਦੀ ਹੈ ਪਰ ਜਿਵੇਂ ਔਲ਼ਾ ਖਾਣ ਬਾਅਦ ਮੂੰਹ ਵੀ ਸੁਆਦਲਾ ਹੋ ਜਾਂਦਾ ਤੇ ਗੱਲ ਕਹਿਣ ਵਾਲ਼ਾ ਸਿਆਣਾ ਵੀ ਯਾਦ ਆਉਣ ਲੱਗ ਪੈਂਦਾ ਹੈ। ਇਸੇ ਕਰਕੇ ਕਹਾਵਤ ਬਣੀ ਹੋਈ ਹੈ ਅਖੇ ਔਲ਼ੇ ਦਾ ਖਾਧਾ ਅਤੇ ਸਿਆਣੇ ਦਾ ਕਹਿਆ ਹੋਇਆ ਮਗਰੋਂ ਸੁਆਦ ਦਿੰਦੇ ਹਨ।

ਸੰਨ 2002 ਦਾ ਸਤੰਬਰ ਮਹੀਨਾ ਚੜ੍ਹਦਿਆਂ ਹੀ ਆਉਂਦੇ ਨਵੰਬਰ ਮਹੀਨੇ ਵਾਲ਼ੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਹੋਣ ਵਾਲ਼ੀ ਸਾਲਾਨਾ ਚੋਣ ਲਈ, ਬਾਦਲ ਧੜੇ ਅਤੇ ਜਥੇਦਾਰ ਟੌਹੜਾ ਸਾਹਬ ਦੇ ਨਵਗਠਤ ਸਰਬ ਹਿੰਦ ਅਕਾਲੀ ਦਲ ਨੇ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ। ਪ੍ਰਕਾਸ਼ ਸਿੰਘ ਬਾਦਲ ਹੁਣਾ ਸਾਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਜਥੇਦਾਰ ਟੌਹੜਾ ਦੇ ਪ੍ਰਭਾਵ ਤੋਂ ਦੂਰ ਕਰਨ ਹਿਤ ਪਹਿਲਾਂ ਚੰਡੀਗੜ੍ਹ ਲਾਗਲੇ ਇਤਹਾਸਕ ਗੁਰਦੁਆਰਾ ਨਾਢਾ ਸਾਹਬ ਵਿਖੇ ਰੱਖਿਆ। ਫਿਰ ਕੈਪਟਨ ਅਮਰਿੰਦਰ ਸਿੰਘ, ਜੋ ਉਦੋਂ ਮੁੱਖ ਮੰਤਰੀ ਸਨ, ਦੇ ਸਰਕਾਰੀ ਡਰੋਂ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਾਨੂੰ ਦੋ ਵੱਖ-ਵੱਖ ਬੱਸਾਂ ਵਿਚ ਲੱਦ ਕੇ ਲੈ ਗਏ ਆਪਣੇ ਹਰਿਆਣੇ ਵਿਚਲੇ ਫਾਰਮ ਬਾਲਾ ਸਰ ਨੂੰ।

ਉੱਥੇ ਇਕੱਠੇ ਕੀਤੇ ਮੈਂਬਰਾਂ ਵਿਚੋਂ ਸਾਨੂੰ ਕੁੱਝ ਕੁ ਨੂੰ ਬਡੂੰਗਰ ਸਾਹਬ ਬਾਲਾ ਸਰ ਤੋਂ ਲੈ ਗਏ ਚੌਟ੍ਹਾਲਿਆਂ ਦੇ ਸਿਰਸੇ ਵਾਲ਼ੇ ਫਾਰਮ ‘ਤੇ ਜਿੱਥੇ ਅੰਮ੍ਰਿਤਸਰ ਇਲਾਕੇ ਦੇ ਬਹੁਤੇ ਮਝੈਲ ਮੈਂਬਰ ਸਾਹਿਬਾਨ ‘ਰੱਖੇ ਹੋਏ’ ਸਨ। ਜਿਨ੍ਹਾਂ ਦਾ ਉੱਥੇ ‘ਛਕਣ ਛਕਾਉਣ ਦਾ ਪੂਰਾ ਪ੍ਰਬੰਧ’ ਚੌਟ੍ਹਾਲਿਆਂ ਵਲੋਂ ਹੀ ਕੀਤਾ ਹੋਇਆ ਸੀ! ਇੱਥੋਂ ਹੀ ਮੈਂ ਸਿਰਫ ਦੋ ਰਾਤਾਂ ਰਹਿਣ ਬਾਅਦ ਆਪਣੇ ਸਾਥੀ ਦੋ ਮੈਂਬਰ ਸਾਹਿਬਾਨ ਦੀ ਮੱਦਦ ਨਾਲ ਵੱਡੇ ਤੜਕੇ ਬਗਾਵਤ ਕਰ ਆਇਆ ਸਾਂ।
ਜਦੋਂ ਵੀ ਕਿਤੇ ਕਿਸੇ ਮੌਕੇ ਮੇਰਾ ਇਹ ‘ਬਗਾਵਤੀ ਕਿੱਸਾ’ ਛਿੜਦਾ ਹੈ ਤਾਂ ਮੈਂ ਇਹ ਦੱਸਣਾ ਕਦੇ ਨਹੀਂ ਭੁੱਲਦਾ ਹੁੰਦਾ ਕਿ ਚੌਟ੍ਹਾਲਿਆਂ ਦੇ ਫਾਰਮ ‘ਚੋਂ ਜਿਸ ਦਿਨ ਮੈਂ ਨਿਕਲ਼ਿਆ ਸਾਂ Eਦਣ ਸੰਨ 2002 ਦੇ ਅਕਤੂਬਰ ਮਹੀਨੇ ਦੀ 25 ਤਰੀਕ ਸੀ। ਇਹ ਤਰੀਕ ਪੱਕੀ ਯਾਦ ਹੋ ਜਾਣ ਦਾ ਕਾਰਨ ਇਹ ਹੈ ਕਿ ਉਸ ਤੋਂ ਇਕ ਦਿਨ ਪਹਿਲੇ 24 ਅਕਤੂਬਰ ਦੀ ਸ਼ਾਮ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਨੂੰ ਗੋਲ਼ੀਆਂ ਮਾਰ ਕੇ ਬੁਰੀ ਤਰਾਂ ਜ਼ਖਮੀਂ ਕਰ ਦਿੱਤਾ ਗਿਆ ਸੀ। ਬਾਅਦ ਵਿਚ ਉਸ ਵਿਚਾਰੇ ਦੀ 21 ਨਵੰਬਰ ਨੂੰ ਅਪੋਲੋ ਹਸਪਤਾਲ਼ ਦਿੱਲੀ ਵਿਚ ਮੌਤ ਹੋ ਗਈ ਸੀ।

ਉਦੋਂ ਕਿਵੇਂ ਦਸ ਕੁ ਮੀਲ ਰੇਤਿਆਂ ਵਿਚ ਪੈਦਲ ਚੱਲ ਕੇ ਅਤੇ ਫਿਰ ਸੜ੍ਹਕ ‘ਤੇ ਜਾਂਦੇ ਇਕ ਟ੍ਰੈਕਟਰ ਉੱਤੇ ਬਹਿ ਕੇ ਦਿਨ ਚੜ੍ਹਦੇ ਨੂੰ ਮੈਂ ਡੱਬਵਾਲ਼ੀ ਕਿੱਦਾਂ ਪਹੁੰਚਿਆਂ ਸਾਂ, ਇਸ ਸਾਰੇ ਬਿਰਤਾਂਤ ਬਾਰੇ ਵੈਸੇ ਮੈਂ ਦੋ ਕਿਸ਼ਤਾਂ ਵਿਚ ਲੇਖ-ਲੜੀ ਲਿਖੀ ਸੀ ਜੋ ਉਦੋਂ ਦੇਸ਼ ਵਿਦੇਸ਼ ਦੇ ਪੰਜਾਬੀ ਅਖਬਾਰਾਂ ਵਿਚ ਇਸ ਸਿਰਲੇਖ ਹੇਠ ‘ਜਦ ਮੈਂ ਭੇਡੂਆਂ ਦੇ ਵਾੜੇ ‘ਚੋਂ ਨਿਕਲ਼ਿਆ’ ਛਪੀ ਸੀ!

ਲਉ ਜੀ ਹੁਣ ਅਖੀਰ ‘ਚ ਗੱਲ ਕਰੀਏ ਔਲ਼ੇ ਦੇ ਖਾਣ ਵਰਗੀ ਅਤੇ ਸਿਆਣੇ ਦੀ ਦੂਰਅੰਦੇਸ਼ੀ ਵਾਲ਼ੀ ਭਵਿੱਖਬਾਣੀ ਦੀ। ਜਦ ਮੈਂ ਬਾਦਲ ਦਲ ਤਿਆਗ ਕੇ ਆਪਣੇ ਪਿੰਡ ਆ ਗਿਆ ਤਾਂ ਪੰਥਕ ਸੋਚ ਵਾਲ਼ੇ ਅਨੇਕਾਂ ਲੋਕਾਂ ਵਲੋਂ ਮੈਨੂੰ ਵਧਾਈਆਂ ਦੇ ਫੋਨ ਆਉਣ ਲੱਗੇ। ਕੁੱਝ ਦੋਸਤ ਮੇਰੇ ਫੈਸਲੇ ਨਾਲ਼ ਅਸਹਿਮਤ ਵੀ ਸਨ। ਪਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਜੋ ਉਸ ਮੌਕੇ ਟੌਹੜਾ ਸਾਹਬ ਨਾਲ਼ ਸਨ, ਮੈਨੂੰ ਵਧਾਈ ਦੇਣ ਘਰੇ ਆਏ। ਜਦਕਿ ਸਾਡੇ ਹਲਕੇ ਦੇ ਬਾਦਲ ਪੱਖੀ ਵਿਧਾਨਕਾਰ ਤੋਂ ਲੈ ਕੇ ਵੱਡੇ ਅਕਾਲੀ ਆਗੂਆਂ ਬੀਬੀ ਜਗੀਰ ਕੌਰ, ਜਥੇਦਾਰ ਕਿਰਪਾਲ ਸਿੰਘ ਬਡੂੰਗਰ, ਅਜੈਬ ਸਿੰਘ ਮੁਖਮੈਲ ਪੁਰ ਵਗੈਰਾ ਸਾਡੇ ਘਰ ਆ ਕੇ ਮੈਨੂੰ ਮੁੜ ਬਾਦਲਾਂ ਨਾਲ਼ ਮਿਲਾਉਣ ਲਈ ਤਰਲਿਆਂ ਦੇ ਨਾਲ਼-ਨਾਲ਼ ਕਈ ਤਰਾਂ ਦੇ ਲਾਲਚਾਂ ਦੀ ਪੇਸ਼ਕਸ਼ ਵੀ ਕਰਨ ਲੱਗੇ!
ਅਜਿਹੇ ਖਿੱਚੋ-ਤਾਣੀ ਦੇ ਮਾਹੌਲ ਵਿਚ ਮੈਨੂੰ ਮੁਬਾਰਕ ਦੇਣ ਆਏ ਅਜੋਕੀ ਵਿੱਦਿਅਕ ਤੇ ਸਾਹਿੱਤਕ ਸੰਸਥਾ ‘ਨਾਦ ਪ੍ਰਗਾਸ’ ਸ੍ਰੀ ਅੰਮ੍ਰਿਤਸਰ ਦੇ ਬਾਨੀ ਪ੍ਰੋਫੈਸਰ ਜਗਦੀਸ਼ ਸਿੰਘ, ਜੋ ਮੇਰੇ ਛੋਟੇ ਭਰਾ ਪ੍ਰੋਫੈਸਰ ਅਵਤਾਰ ਸਿੰਘ ਦੇ ਹਮਜਮਾਤੀ ਹੋਣ ਸਦਕਾ ਮੇਰੇ ਵੀ ਜਾਣੂ ਸਨ। ਬਾਦਲ ਦਲ ਤਿਆਗਣ ਕਾਰਨ ਮੇਰੇ ਸਨਮਾਨ ਵਜੋਂ ਰੱਖੇ ਗਏ ਇਕ ਸਾਦੇ ਸਮਾਗਮ ਵਿਚ ਬੋਲਦਿਆਂ ਉਨ੍ਹਾਂ ਅਜਿਹੇ ਵਿਚਾਰ ਪ੍ਰਗਟਾਏ ਸਨ :-

‘ਖਾਲਸਾ ਜੀ, ਸਿੱਖ ਪੰਥ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਸਾਡੇ ਸਮਿਆਂ ਵਿਚ ‘ਬਾਦਲ ਦਲ’ ਬਣਾ ਦੇਣ ਵਾਲ਼ਾ ਪ੍ਰਵਾਰ ਜਿਵੇਂ ਦਿਨ-ਬ-ਦਿਨ ਆਪਣੀ ਜਕੜ ਮਜ਼ਬੂਤ ਕਰਦਾ ਜਾ ਰਿਹਾ ਹੈ, ਇਹ ਇਨ੍ਹਾਂ ਨੂੰ ਕਿਸੇ ਦਿਨ ਬਹੁਤ ਮਹਿੰਗਾ ਪਵੇ ਗਾ। ਭਵਿੱਖ ਵਿਚ ਜਦੋਂ ਕਦੇ ਵੀ ਪਾਰਟੀ ਦਾ ਸੁਧਾਰ ਸ਼ੁਰੂ ਹੋਇਆ ਤਾਂ ਦਲ ਵਿਚਲੇ ਸਾਰੇ ਅਕਾਲੀਆਂ ਨੂੰ ਭਾਅ ਜੀ ਦੁਪਾਲ ਪੁਰੀ ਵਾਂਗ ਬਗਾਵਤ ਦਾ ਰਾਹ ਅਖਤਿਆਰ ਕਰਨਾ ਹੀ ਪਵੇਗਾ ! ਤਦ ਜਾ ਕੇ ਸ਼ਾਇਦ ਇਹ ਪਾਰਟੀ ਮੁੜ ‘ਸ਼੍ਰੋਮਣੀ’ ਬਣ ਸਕੇ ਗੀ!’

ਪ੍ਰੋਫੈਸਰ ਜਗਦੀਸ਼ ਸਿੰਘ ਦੇ ਇਹ ਸ਼ਬਦ ਉਦੋਂ ਮੈਨੂੰ ‘ਵਧਾ ਚੜ੍ਹਾ ਕੇ ਕੀਤੀ ਗਈ ਮੇਰੀ ਸਿਫਤ’ ਹੀ ਲੱਗੇ ਸਨ ਤੇ ਮੈਂ ਆਪਣੇ ਕੁੱਝ ਸਾਲਾਂ ਦੇ ਸਿਆਸੀ ਤਜ਼ਰਬੇ ਕਾਰਨ ਸੋਚਦਾ ਸਾਂ ਕਿ ਅਹੁਦਿਆਂ ਜਾਂ ਟਿਕਟਾਂ ਦੇ ਭੁੱਖੇ ਆਗੂ ਬਾਦਲ ਪ੍ਰਵਾਰ ਨੂੰ ਕਦੇ ਨਹੀਂ ਛੱਡਣ ਗੇ? ਪਰ ਹੁਣ ਜਦੋਂ ਮੈਂ ਸਰਦਾਰ ਢੀਂਡਸਾ, ਪ੍ਰੋਫੈਸਰ ਚੰਦੂ ਮਾਜਰਾ ਅਤੇ ਬੀਬੀ ਜਗੀਰ ਕੌਰ ਵਰਗੇ ਸਿਰਕੱਢ ਆਗੂਆਂ ਨੂੰ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗ ਰਹੇ ਦੇਖਦਾ ਹਾਂ ਤਾਂ ਮੈਨੂੰ ਪ੍ਰੋਫੈਸਰ ਜਗਦੀਸ਼ ਸਿੰਘ ਵਲੋਂ ਬਾਈ ਸਾਲ ਪਹਿਲਾਂ ਦੇ ਬੋਲੇ ਹੋਏ ਬੋਲ ਹੁਣ ਸੱਚੇ ਹੋ ਰਹੇ ਜਾਪਦੇ ਹਨ! ਉਪਰੋਕਤ ਬਗਾਵਤੀ ਆਗੂ ਸਫਲ ਹੋਣਗੇ ਜਾਂ ਅਸਫਲ? ਇਸ ਸਵਾਲ ਦਾ ਜਵਾਬ ਸਮੇਂ ਦੇ ਗਰਭ ਵਿਚ ਪਿਆ ਹੈ!

ਸਿੱਖ ਸਕਾਲਰ ਰਣਜੀਤ ਸਿੰਘ ਉਰਫ ਕੁੱਕੀ ਗਿੱਲ ਵਲੋਂ ਸੁਖਬੀਰ ਸਿੰਘ ਬਾਦਲ ਪ੍ਰਤੀ ਬੋਲੀਆਂ ਗਈਆਂ ਸਤਰਾਂ-

‘ਬੁੱਲਿਆ ਚਾਦਰ ਮੈਲ਼ੀ ਸਾਬਣ ਥੋੜ੍ਹਾ
ਬੈਠ ਕਿਨਾਰੇ ਧੋਂਵੇਂ ਗਾ।
ਦਾਗ ਨਹੀਂ ਮਿਟਣੇ ਪਾਪਾਂ ਵਾਲ਼ੇ
ਧੋਵੇਂ ਗਾ ਤੇ ਰੋਵੇਂ ਗਾ !’

Related posts

ਟੋਲ ਪਲਾਜ਼ਿਆਂ ‘ਤੇ ਲੱਗੀਆਂ ਲੰਬੀਆਂ ਕਤਾਰਾਂ ਭੀੜ ਨੂੰ ਸੱਦਾ ਦਿੰਦੀਆਂ !

admin

12 ਸਾਲਾਂ ‘ਚ ਇੱਕ ਵਾਰ ਖਿੜਨ ਵਾਲੇ ਫੁੱਲ

admin

ਸਿਆਸੀ ਲਾਹਾ ਲੈਣ ਲਈ ਗੈਰ-ਕਾਨੂੰਨੀ ਨਜ਼ਰਬੰਦੀਆਂ ਵਧਾ ਰਹੇ ਹਨ

admin