
ਸਿਆਸਤ ਦਾ ਦਿਲ ਨਾਲ ਕੋਈ ਸਬੰਧ ਨਹੀਂ ਹੁੰਦਾ, ਇਹ ਦਿਮਾਗ ਨਾਲ ਕੀਤੀ ਜਾਂਦੀ ਹੈ। ਸਿਆਸਤ ਵਿੱਚ ਕੁੱਝ ਵੀ ਚਿਰ ਸਥਾਈ ਨਹੀਂ ਹੁੰਦਾ। ਜੋ ਸਵੇਰੇ ਮਿੱਤਰ ਹੁੰਦੇ ਹਨ,ਉਹ ਸ਼ਾਮ ਨੂੰ ਦੁਸ਼ਮਣ ਬਣ ਜਾਂਦੇ ਹਨ ਤੇ ਦੁਸ਼ਮਣ ਮਿੱਤਰ।ਸਿਆਸਤ ਹੁਣ ਸੇਵਾ ਲਈ ਨਹੀਂ ਕੀਤੀ ਜਾਂਦੀ।ਜੋ ਸਮਾਜ ਦੀ ਭਲਾਈ ਕਰਨਾ ਚਾਹੁੰਦਾ ਹੈ, ਉਸ ਲਈ ਸਮਾਜ ਸੇਵਾ ਦਾ ਵੱਖਰਾ ਖੇਤਰ ਹੈ।ਲੋਕਾਂ ਦੀਆਂ ਵੀ ਹੁਣ ਸਿਆਸਤਦਾਨਾਂ ਤੋਂ ਉਮੀਦਾਂ ਬਹੁਤ ਵਧ ਗਈਆਂ ਹਨ, ਜਦਕਿ ਪਹਿਲਾਂ ਲੋਕ ਨਿਸ਼ਕਾਮ ਹੁੰਦੇ ਸਨ।ਪਹਿਲਾਂ ਸਿਆਸਤਦਾਨ ਓਹੀ ਸਫ਼ਲ ਮੰਨਿਆ ਜਾਂਦਾ ਸੀ ਜੋ ਹਾਲਾਤਾਂ ਨਾਲ ਸੰਘਰਸ਼ ਕਰ ਕੇ ਰਾਜਨੀਤੀ ਵਿੱਚ ਆਇਆ ਹੋਵੇ ਪਰ ਅੱਜਕਲ੍ਹ ਇਸ ਤਰਾਂ ਨਹੀਂ ਹੈ।ਸਿਆਸਤ ਵਿੱਚ ਅਣਖ,ਇੱਜਤ, ਸ਼ਰਮ, ਜਜ਼ਬਾਤ, ਧਰਮ, ਇਖਲਾਕ, ਜ਼ੁਬਾਨ ਆਦਿ ਗੁਣਾਂ ਦੀ ਕੋਈ ਥਾਂ ਨਹੀਂ ਹੁੰਦੀ, ਕੇਵਲ ਆਪਣਾ ਮਤਲਬ ਵੇਖਿਆ ਜਾਂਦਾ ਹੈ। ਅਰਜਨ ਦੇ ਨਿਸ਼ਾਨੇ ਵਾਂਗ ਨੇਤਾ ਨੂੰ ਕੇਵਲ ਕੁਰਸੀ ਹੀ ਦਿਖਾਈ ਦਿੰਦੀ ਹੈ।ਇਸ ਨੂੰ ਹਾਸਲ ਕਰਨ ਲਈ ਉਹ ਹਰ ਜਾਇਜ਼ ਨਜਾਇਜ਼ ਸਮਝੌਤਾ ਕਰਨ ਨੂੰ ਤਿਆਰ ਰਹਿੰਦਾ ਹੈ।ਰਾਜ ਕਰਨ ਅਤੇ ਸਿਆਸਤ ਕਰਨ ਵਿੱਚ ਥੋੜ੍ਹਾ ਜਿਹਾ ਅੰਤਰ ਹੁੰਦਾ ਹੈ। ਅਕਸਰ ਧਰਮ ਅਤੇ ਭਾਵਨਾਵਾਂ ਨੂੰ ਸਿਆਸਤ ਲਈ ਵਰਤਿਆ ਜਾਂਦਾ ਹੈ।ਆਪਣੇ ਆਪ ਨੂੰ ਸੁਰਖੀਆਂ ਵਿੱਚ ਰੱਖਣਾ ਹਉਮੈਂ ਨੂੰ ਪੱਠੇ ਪਾਉਣਾ ਹੀ ਸਿਆਸਤ ਦੇ ਦਾਅ ਪੇਚ ਹਨ।ਲੀਡਰ ਕਦੇ ਹਾਰ ਕੇ ਵੀ ਆਪਣੀ ਹਾਰ ਨਹੀਂ ਮੰਨਦਾ ਤੇ ਅਗਲੀ ਬਾਜ਼ੀ ਖੇਡਣ ਲਈ ਫਿਰ ਕਮਰ ਕੱਸ ਲੈਂਦਾ ਹੈ।ਉਹ ਕਦੇ ਵੀ ਮੈਦਾਨ ‘ਚੋਂ ਬਾਹਰ ਨਹੀਂ ਹੁੰਦਾ, ਭਾਵੇਂ ਕਿੰਨੀਆਂ ਵੀ ਅਸਫਲਤਾਵਾਂ ਦਾ ਮੂੰਹ ਵੇਖਣਾ ਪਵੇ।ਸਿਆਸਤ ਵੀ ਇੱਕ ਚਸਕਾ ਹੈ।ਇਹ ਜਰੂਰੀ ਨਹੀਂ ਕਿ ਕਾਮਯਾਬ ਸਿਆਸਤਦਾਨ ਦੀ ਔਲਾਦ ਵੀ ਉਸ ਵਾਂਗ ਸਿਆਸਤ ਦੇ ਦਾਅ ਪੇਚ ਜਾਣਦੀ ਹੋਵੇ।ਪਰ ਫੇਰ ਵੀ ਹਰ ਨੇਤਾ ਆਪਣੀ ਔਲਾਦ ਨੂੰ ਆਪਣੇ ਤੋਂ ਵੱਧ ਕਾਮਯਾਬ ਹੋਇਆ ਵੇਖਣਾ ਚਾਹੁੰਦਾ ਹੈ।
