ਅਜ ਜੇ ਜੱਸੇ ਕੋਲ ਕੋਠੀਆਂ ਕਾਰਾਂ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਨੇ ਲੋਕਾਂ ਨੂੰ ਗੁਮਰਾਹ ਕਰਕੇ ਕਾਲੇ ਧਨ ਨਾਲ ਇਹ ਸਭ ਕਮਾਇਆ। ਜੱਸਾ ਦੱਸਿਆ ਕਰਦਾ ਸੀ ਕਿ ਅਫਸਰ ਬਣਨ ਤੇ ਜਿੱਥੇ ਲੋਕਾਂ ਨੇ ਵਧਾਈਆਂ ਦਿੱਤੀਆਂ ਉੱਥੇ ਲੋਕਾਂ ਨੇ ਨਿੰਦਿਆ ਵੀ ਬਹੁਤ।ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਅਕਸਰ ਹੀ ਪਿੱਠ ਪਿੱਛੇ ਅਕਸਰ ਹੀ ਕਿਹਾ ਕਰਦੇ ਸੀ ਕਿ “ਚੈੱਕ ਤੇ ਯੈੱਕ” ਤੋਂ ਬਿਨਾਂ ਇਹ ਕਦੇ ਅਫਸਰ ਨਹੀਂ ਬਣ ਸਕਦਾ।
ਇਸ ਵਿੱਚ ਉਨ੍ਹਾਂ ਦਾ ਵੀ ਕੋਈ ਕਸੂਰ ਨਹੀਂ ਅਸਲ ਵਿੱਚ ਸਮਾਜ ਵਿੱਚ ਜਿਆਦਾਤਰ ਇਹੀ ਚੱਲਦਾ ਹੈ।ਪਰ ਜੱਸਾ ਆਪਣੀ ਮਿਹਨਤ ਤੇ ਲਗਨ ਸਦਕਾ ਹੀ ਪੈਰਾਂ ਤੇ ਖੜਾ ਹੋਇਆ। ਜੱਸੇ ਘਰ ਦੋ ਡੰਗ ਦੀ ਮਸਾਂ ਰੋਟੀ ਬਣਦੀ ਹੁੰਦੀ ਸੀ। ਇਸ ਸੰਘਰਸ਼ਸ਼ੀਲ ਸਮੇਂ ‘ਚ ਪੜ੍ਹਾਈ ਦੇ ਨਾਲ ਨਾਲ ਉਸਨੂੰ ਹੱਥੀ ਕਾਰ ਵੀ ਕਰਨੀ ਪਈ। ਦੱਸਦਾ ਸੀ ਕਿ “ਮੇਰੇ ਨਿੱਜੀ ਕੰਮ ਕਰਨ ਨਾਲ ਘਰ ਦੀਆਂ ਲੋੜਾਂ ਤਾਂ ਪੂਰੀਆ ਹੋ ਜਾਂਦੀਆਂ ਸਨ ਪਰ ਮੈਂ ਆਪਣੇ ਟੀਚੇ ਤੋਂ ਦੂਰ ਹੋ ਗਿਆ ਸੀ।
ਬੇਬੇ ਅਕਸਰ ਹੀ ਫਿਕਰ ਕਰਿਆ ਕਰਦੀ ਤੇ ਬਾਪੂ ਨਾਲ ਲੜਦੀ ਸੀ “ਕਿ ਮੁੰਡਾ ਤੂੰ ਫਾਹੇ ਲਾ ਦਿੱਤਾ ਐ, ਆਪ ਤਾਂ ਤੂੰ ਪੜ੍ਹਿਆ ਨਹੀ ਮੁੰਡੇ ਨੂੰ ਵੀ ਨਹੀਂ ਪੜ੍ਹਨ ਦਿੰਦਾ। ਮਾਂ ਬਾਪ ਨੇ ਜਦੋਂ ਮੈਨੂੰ ਸਮਝਿਆ ਤਾਂ ਕੰਮ ਤੋਂ ਹਟਾ ਕੇ ਮੈਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ।
ਸਰਕਾਰੀ ਕਾਲਜਾਂ ਦੇ ਮਾਹੌਲ ਕਿਸੇ ਤੋਂ ਲੁਕੇ ਨਹੀਂ। ਅਜੋਕੇ ਸਮੇਂ ‘ਚ ਵਿਦਿਆਰਥੀ ਪੜ੍ਹਨ ਘੱਟ ਤੇ ਮੌਜ ਮਸਤੀ ਕਰਨ ਜਿਆਦਾ ਆਉਂਦੇ ਹਨ। ਜੱਸੇ ਦੀ ਜੇਬ ‘ਚ ਸਿਰਫ ਕਿਰਾਏ ਜੋਗੇ ਹੀ ਪੈਸੇ ਹੁੰਦੇ ਸਨ। ਬੇਬੇ ਦੀਆਂ ਨਾਲ ਬੰਨੀਆ ਰੋਟੀਆਂ ਵਿਚੋਂ ਉਹ ਪੀਜੇ ,ਬਰਗਰਾ ਦਾ ਸਵਾਦ ਲੱਭਿਆ ਕਰਦਾ ਸੀ।ਉਨੇ ਕਾਲਜ ਦੇ ਤਿੰਨ ਸਾਲ ਸਿਰਫ ਤਿੰਨ ਚਾਰ ਕਪੜਿਆਂ ਨਾਲ ਹੀ ਲੰਘਾਏ।
ਸਿਰ ਤੇ ਚੜ੍ਹਿਆ ਕਰਜ਼ਾ ਉਹਦੇ ਮਾਂ ਪਿਉ ਨੂੰ ਸੌਣ ਨਹੀਂ ਸੀ ਦਿੰਦਾ।ਹਰ ਰੋਜ ਕਿਸੇ ਨਾ ਕਿਸੇ ਦਾ ਫੋਨ ਪੈਸਿਆ ਕਰਕੇ ਘਰ ਆਇਆ ਰਹਿੰਦਾ ਸੀ।
ਪਾਣੀ ਤੇ ਬਿਜਲੀ ਦੇ ਬਿੱਲਾਂ ਦੀ ਅਕਸਰ ਹੀ ਉਹਦੇ ਮਾਂ ਪਿਓ ਨੂੰ ਚਿੰਤਾ ਰਹਿੰਦੀ।ਜਦੋਂ ਉਸਦੇ ਘਰੋਂ ਬਿਜਲਈ ਮੀਟਰ ਪੁੱਟਿਆ ਗਿਆ ਤਾਂ ਉਹ ਭੁੱਬਾ ਮਾਰ-ਮਾਰ ਰੋਇਆ।ਇਕ ਵਾਰ ਆਖਦਾ ਸੀ ਕਿ ਕਿਤੇ ਕਿਤੇ ਤਾਂ “ਲਿੰਕਨ” ਵਾਂਗ ਰਾਤ ਨੂੰ ਗਲੀ ‘ਚ ਲੱਗੇ ਬਲਬਾਂ ਦੇ ਚਾਨਣ ਹੇਠ ਪੜ੍ਹਨ ਨੂੰ ਵੀ ਚਿਤ ਕਰਦਾ।
ਉਹ ਚਾਰ ਵਾਰ ਅਫਸਰ ਦੇ ਟੈਸਟ ਚੋਂ ਫੇਲ੍ਹ ਹੋਇਆ ਪਰ ਫਿਰ ਵੀ ਉਹਦੇ ਬੇਬੇ ਬਾਪੂ ਦਾ ਹੌਸਲਾਂ ਉਸਨੂੰ ਉਦਾਸ ਨਹੀਂ ਸੀ ਹੋਣ ਦਿੰਦਾ।
ਮਾਂ ਉਸਦੀ ਹਮੇਸ਼ਾ ਸੁਪਨੇ ਦੇਖਦੀ ਰਹਿੰਦੀ ਤੇ ਅਕਸਰ ਕਿਹਾ ਕਰਦੀ ਕਿ “ਮੇਰਾ ਪੁੱਤ ਕਦੋਂ ਕਾਲੇ ਸ਼ੀਸ਼ਿਆ ਵਾਲੀ ਕਾਰ ‘ਚ ਬੈਠ ਕੇ ਆਵੇਗਾ?
ਜਿਸ ਦਿਨ ਤੂੰ ਆਇਆ ਮੈ ਸਾਰੇ ਪਿੰਡ ਨੂੰ ਚਾਈਂ ਚਾਈਂ ਦੱਸਾਂਗੀ ਕਿ ਮੇਰਾ ਅਫਸਰ ਪੁੱਤ ਆਇਆ।ਜਦੋਂ ਤੂੰ ਆਵਦੇ ਪਿਉ ਨਾਲ ਤੁਰਿਆ ਤਾਂ ਸਾਰਾ ਪਿੰਡ ਖੜ ਖੜ ਵੇਖੂ ਤੇ ਬਾਪੂ ਕਿਹਾ ਕਰਦਾ “ਭਾਗਵਾਨੇ ਪਹਿਲਾਂ ਬਣ ਤਾਂ ਲੈਣ ਦੇ ਅਫਸਰ ਇਸਨੂੰ, ਫੇਰ ਲੱਡੂ ਵੰਡ ਲਵੀਂ।”
ਉਨੇ ਵੀ ਅਗੋਂ ਆਖਣਾ,, ਪਹਿਲੀ ਤਨਖਾਹ ‘ਚ ਬੇਬੇ ਨੂੰ ਪੰਜ ਹਜਾਰ ਵਾਲਾ ਸੂਟ ਬਣਾ ਕੇ ਦਿਉ ਤੇ ਬਾਪੂ ਨੂੰ ਨਵਾਂ ਕੁੜਤਾ ਚਾਦਰਾ। ਜਦੋ ਮੇਰਾ ਬਾਪੂ ਸਿਰ ਤੇ ਪੱਗ ਬੰਨ ਕੇ ਪਿੰਡ ‘ਚ ਤੁਰਿਆ ਕਰੇਂਗਾ ਤਾਂ ਲੋਕ ਆਖਣੇ “ਔਹ! ਅਫਸਰ ਦਾ ਪਿਉ ਸਰਦਾਰ ਕਰਨੈਲ ਸਿੰਹੋ ਆਉਦਾ।ਫਿਰ ਲੋਕ ਤੈਨੂੰ ਸਿਫਾਰਸ਼ਾਂ ਕਰਿਆ ਕਰਨਗੇ।”
ਬੇਬੇ ਬਾਪੂ ਦੀਆਂ ਇਹ ਕੀਤੀਆਂ ਗੱਲਾਂ ਉਸਨੂੰ ਸਵਰਗ ਦੇ ਝੂਟੇਂ ਵਰਗੀਆਂ ਲਗਦੀਆਂ ਸਨ।
ਯੂਨੀਵਰਸਿਟੀ ਦੀ ਪੜ੍ਹਾਈ ਵੀ ਉਹਦੇ ਬਾਪ ਨੇ ਕਰਜ਼ਾ ਚੁਕ ਕੇ ਕਰਵਾਈ।
ਹੋਸਟਲ ‘ਚ ਪੜ੍ਹਨ ਮਗਰੋਂ ਉਸਦੀ ਮਾਂ ਅਜਿਹਾ ਬਿਮਾਰ ਹੋਈ ਕਿ ਫਿਰ ਠੀਕ ਹੀ ਨਾ ਹੋਈ। ਮਾਂ ਦਾ ਚਲੇ ਜਾਣ ਪਿਛੋਂ ਬਾਪੂ ਦਾ ਚਿਹਰਾ ਵੀ ਉਸਨੂੰ ਸਿਵਿਆਂ ‘ਚ ਦੇਖਣਾ ਪਿਆ।
ਜਦੋਂ ਅਫਸਰ ਰੈਂਕ ਲਈ ਚੁਣਿਆ ਗਿਆ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਹ ਤਸਵੀਰਾਂ ਦੇਖ ਦੇਖ ਕੇ ਬਹੁਤ ਰੋਇਆ ਕਰਦਾ ਜੋ ਬੇਬੇ ਬਾਪੂ ਨਾਲ ਇਕਠਿਆ ਖਿਚਵਾਈਆਂ ਸਨ। ਵਾਰ ਵਾਰ ਫੇਲ੍ਹ ਹੋਣ ਤੋਂ ਉਸਨੇ ਬਹੁਤ ਕੁਝ ਸਿੱਖਿਆ। ਡਿਗ ਡਿਗ ਕੇ ਉੱਠਣਾ ਸਿਖਿਆ ਪਰ ਹਾਰ ਨਹੀਂ ਮੰਨੀ।
ਅਜ ਜੇ ਜੱਸੇ ਕੋਲ ਸਭ ਕੁਝ ਹੈ ਤਾਂ ਉਸਦੀ ਸਖਤ ਮਿਹਨਤ ਦਾ ਨਤੀਜਾ ਹੈ ਨਾ ਕੇ ਚਲਾਕੀਆਂ ਦਾ…।