ਅਮਰੀਕਨ ਬੀਫ਼ ‘ਤੋਂ ਪਾਬੰਦੀ ਹਟਾਉਣ ਦੇ ਫੈਸਲੇ ਨਾਲ ਆਸਟ੍ਰੇਲੀਆ ਦੇ ਪਸ਼ੂ ਉਤਪਾਦਕ ਹੈਰਾਨ ਹਨ, ਪਰ ਆਸਟ੍ਰੇਲੀਆ ਵਿੱਚ ਆਉਣ ਵਾਲੇ ਅਮਰੀਕੀ ਉਤਪਾਦਾਂ ਦਾ ਪੱਧਰ ਬਹੁਤ ਹੀ ਘੱਟ ਰਹਿਣ ਦੀ ਉਮੀਦ ਹੈ।
ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਅੱਜ ਖੁਲਾਸਾ ਕੀਤਾ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਥਿਰ ਟੈਰਿਫ ਵਿਵਸਥਾ ਦੇ ਅਸਰ ਨੂੰ ਘੱਟ ਕਰਨ ਦੇ ਲਈ ਅਮਰੀਕਨ ਬੀਫ ‘ਤੇ ਬਾਇਓਸੁਰੱਖਿਆ ਪਾਬੰਦੀਆਂ ਹਟਾ ਦੇਵੇਗੀ। ਟਰੰਪ ਦੁਆਰਾ ਪਾਬੰਦੀ ਹਟਾਉਣ ਦੀ ਬੇਨਤੀ ਕਰਨ ਤੋਂ ਬਾਅਦ ਆਸਟ੍ਰੇਲੀਆ ਮਹੀਨਿਆਂ ਤੋਂ ਇਸ ਕਦਮ ‘ਤੇ ਵਿਚਾਰ ਕਰ ਰਿਹਾ ਹੈ, ਅਤੇ ਆਸਟ੍ਰੇਲੀਆ ਦੀ ਨਵੀਂ ਖੇਤੀਬਾੜੀ ਮੰਤਰੀ ਜੂਲੀ ਕੋਲਿਨਜ਼ ਨੇ ਜ਼ੋਰ ਦੇ ਕੇ ਕਿਹਾ ਹੈ ਕਿ, ‘ਇਹ ਫੈਸਲਾ ਇੱਕ ਦਹਾਕੇ ਤੋਂ ਚੱਲੀ ਆ ਰਹੀ ਲੰਬੀ ਵਿਗਿਆਨ-ਅਧਾਰਤ ਸਮੀਖਿਆ ਤੋਂ ਬਾਅਦ ਲਿਆ ਗਿਆ ਹੈ। ਅਸੀਂ ਜੈਵਿਕ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਹੈ। ਆਸਟ੍ਰੇਲੀਆ ਖੁੱਲ੍ਹੇ ਅਤੇ ਨਿਰਪੱਖ ਵਪਾਰ ਲਈ ਦ੍ਰਿੜ ਹੈ ਅਤੇ ਸਾਡੇ ਪਸ਼ੂ ਉਦਯੋਗ ਨੂੰ ਇਸ ਤੋਂ ਕਾਫ਼ੀ ਲਾਭ ਹੋਇਆ ਹੈ। ਵਿਭਾਗ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਅਮਰੀਕਾ ਦੁਆਰਾ ਲਗਾਈਆਂ ਗਈਆਂ ਸਖਤ ਪਾਬੰਦੀਆਂ ਅਤੇ ਉਪਾਅ, ਜੈਵਿਕ ਸੁਰੱਖਿਆ ਜੋਖਮਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧ ਕਰਦੇ ਹਨ।”
ਕੈਟਲ ਆਸਟ੍ਰੇਲੀਆ ਦੇ ਸੀਈਓ ਵਿਲ ਇਵਾਨਸ ਦਾ ਮੰਨਣਾ ਹੈ ਕਿ ਇਹ ਕਦਮ ਉਦੋਂ ਤੱਕ ਨਹੀਂ ਚੁੱਕਿਆ ਜਾਂਦਾ ਜਦੋਂ ਤੱਕ ਸਰਕਾਰ ਨੂੰ ਵਿਗਿਆਨ ‘ਤੇ ਪੂਰਾ ਭਰੋਸਾ ਨਾ ਹੋਵੇ, ਪਰ ਉਹਨਾਂ ਕਿਹਾ ਕਿ, ‘ਕੁੱਝ ਲੋਕ ਹਾਲੇ ਵੀ ਇਸਦੇ ਫੈਸਲੇ ਤੋਂ ਨਾਖੁਸ਼ ਹੋਣਗੇ। ਅੱਜ ਬਹੁਤ ਸਾਰੇ ਲੋਕ ਹੋਣਗੇ ਜੋ ਇਸ ‘ਤੇ ਹੈਰਾਨੀ ਮਹਿਸੂਸ ਕਰਨਗੇ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜੋ ਇਸ ਤੋਂ ਸੱਚਮੁੱਚ ਨਿਰਾਸ਼ ਅਤੇ ਡਰ ਮਹਿਸੂਸ ਕਰਨਗੇ। ਸਾਨੂੰ ਉਹਨਾਂ ਨਾਲ ਗੱਲ ਕਰਨੀ ਹੋਵੇਗੀ। ਅਮਰੀਕਾ ਇੱਕ ਬਹੁਤ ਹੀ ਮਹੱਤਵਪੂਰਨ ਵਪਾਰਕ ਭਾਈਵਾਲ ਹੈ। ਸਾਨੂੰ ਉਸ ਦੇ ਨਾਲ ਪਹੁੰਚ ਬਣਾਈ ਰੱਖਣੀ ਹੋਵੇਗੀ ਅਤੇ ਸਾਨੂੰ ਉਨ੍ਹਾਂ ਨਾਲ ਸਬੰਧ ਬਣਾਈ ਰੱਖਣੇ ਹੋਣਗੇ। ਘਰੇਲੂ ਬੀਫ ਉਦਯੋਗ ਸਵੈ-ਨਿਰਭਰ ਹੈ ਅਤੇ ਅਮਰੀਕੀ ਬੀਫ ਦੀ ਕਿਸੇ ਵੀ ਦਰਾਮਦ ਦਾ ਇੱਥੋਂ ਦੇ ਬਾਜ਼ਾਰ ‘ਤੇ ਕੋਈ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। ਅਮਰੀਕਾ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਪਾ ਰਿਹਾ ਅਤੇ ਆਸਟ੍ਰੇਲੀਅਨ ਬੀਫ ਲਈ ਮੁੱਖ ਨਿਰਯਾਤ ਬਾਜ਼ਾਰਾਂ ਵਿੱਚੋਂ ਇੱਕ ਬਣਿਆ ਹੋਇਆ ਹੈ।”
ਕੁੱਝ ਲੋਕਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਅਮਰੀਕਨ ਬੀਫ ਆਸਟ੍ਰੇਲੀਆ ਦੇ ਘਰੇਲੂ ਬਾਜ਼ਾਰ ਨੂੰ ਪ੍ਰਭਾਵਤ ਕਰ ਸਕਦੀ ਹੈ, ਪਰ ਉਦਯੋਗ ਦੇ ਪ੍ਰਤੀਨਿਧੀ ਇਸ ਦੇ ਮੁਕਾਬਲਤਨ ਬੇਪ੍ਰਵਾਹ ਹਨ। ਇਸ ਸਬੰਧੀ ਆਸਟ੍ਰੇਲੀਅਨ ਮੀਟ ਇੰਡਸਟਰੀ ਕੌਂਸਲ ਦੇ ਸੀਈਓ ਟਿਮ ਰਿਆਨ ਨੇ ਕਿਹਾ ਹੈ ਕਿ, “ਇਹ ਫੈਸਲਾ ਐਸਕੀਮੋਸ ਨੂੰ ਬਰਫ਼ ਵੇਚਣ ਵਰਗਾ ਹੈ।”
ਆਸਟ੍ਰੇਲੀਅਨ ਬੀਫ ਅਮਰੀਕਾ ਨੂੰ ਦੇਸ਼ ਦੇ ਸਭ ਤੋਂ ਵੱਡੇ ਨਿਰਯਾਤਾਂ ਵਿੱਚੋਂ ਇੱਕ ਹੈ ਅਤੇ 2024 ਵਿੱਚ ਇਸਦੀ ਕੀਮਤ 14 ਬਿਲੀਅਨ ਡਾਲਰ ਸੀ। ਪਰ ਅਮਰੀਕੀ ਰਾਸ਼ਟਰਪਤੀ ਨੇ ਇਸ ਰਿਸ਼ਤੇ ਦੇ ਕਥਿਤ ਇੱਕ-ਪਾਸੜ ਹੋਣ ‘ਤੇ ਇਤਰਾਜ਼ ਜਿਤਾਉਂਦਿਆਂ ਅਪ੍ਰੈਲ ਵਿੱਚ ਕਿਹਾ ਸੀ ਕਿ, “ਉਹ ਸਾਡਾ ਕੋਈ ਵੀ ਬੀਫ ਨਹੀਂ ਲੈਣਗੇ।” ਅਮਰੀਕਾ 2019 ਤੋਂ ਹੀ ਆਸਟ੍ਰੇਲੀਆ ਨੂੰ ਬੀਫ ਭੇਜ ਰਿਹਾ ਹੈ। ਹਾਲਾਂਕਿ ਅਮਰੀਕਾ ਵਿੱਚ ਕੱਟੇ ਜਾਣ ਅਤੇ ਪ੍ਰੋਸੈਸ ਕੀਤੇ ਜਾਣ ਤੋਂ ਪਹਿਲਾਂ ਕੈਨੇਡਾ ਜਾਂ ਮੈਕਸੀਕੋ ਵਿੱਚ ਪਾਲੇ ਗਏ ਕਿਸੇ ਵੀ ਬੀਫ ‘ਤੇ ਜੈਵਿਕ ਸੁਰੱਖਿਆ ਚਿੰਤਾਵਾਂ ਕਾਰਣ ਪਹਿਲਾਂ ਪਾਬੰਦੀ ਲਗਾ ਦਿੱਤੀ ਗਈ ਸੀ। ਇੱਕ ਚਿੰਤਾ ਇਹ ਸੀ ਕਿ ਮੈਕਸੀਕੋ ਦਾ ਪਸ਼ੂਧਨ ਟਰੈਕਿੰਗ ਸਿਸਟਮ ਅਣਜਾਣੇ ਵਿੱਚ ਉਤਪਾਦਕਾਂ ਨੂੰ ਮਹਾਂਦੀਪ ਦੇ ਉਨ੍ਹਾਂ ਹਿੱਸਿਆਂ ਤੋਂ ਬੀਫ ਆਯਾਤ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ ਜਿੱਥੇ ਬਿਮਾਰੀ ਫੈਲੀ ਹੋਈ ਸੀ।
ਪਰ ਤਾਜ਼ਾ ਐਲਾਨ ਕੈਨੇਡਾ ਜਾਂ ਮੈਕਸੀਕੋ ਤੋਂ ਪ੍ਰਾਪਤ ਕੀਤੇ ਗਏ ਬੀਫ ‘ਤੋਂ ਪਾਬੰਦੀ ਹਟਾ ਦੇਵੇਗਾ ਕਿਉਂਕਿ ਅਮਰੀਕਾ ਦੇ ਵਲੋਂ 2024 ਦੇ ਅਖੀਰ ਅਤੇ 2025 ਦੇ ਸ਼ੁਰੂ ਵਿੱਚ ਬਹੁਤ ਸਖਤ ਆਵਾਜਾਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ, ਜਿਸ ਨਾਲ ਸਪਲਾਈ ਲੜੀ ਵਿੱਚ ਬਿਹਤਰ ਪਛਾਣ ਅਤੇ ਟਰੇਸਿੰਗ ਸੰਭਵ ਹੋ ਸਕੇਗੀ।
ਆਸਟ੍ਰੇਲੀਆ ਵਿੱਚ ਬੀਫ ਆਯਾਤ ‘ਤੇ ਇਹ ਫੈਸਲਾ ਉਦੋਂ ਲਿਆ ਗਿਆ ਹੈ ਜਦੋਂ ਅਮਰੀਕਾ ਵੱਡੇ ਵਪਾਰਕ ਟੈਰਿਫ ਲਗਾ ਰਿਹਾ ਹੈ। ਇਸ ਤਬਦੀਲੀ ਨੂੰ ਵੱਡੇ ਰੂਪ ਦੇ ਵਿੱਚ ਇੱਕ ਸੌਦੇਬਾਜ਼ੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਜਿਸਦੀ ਵਰਤੋਂ ਆਸਟ੍ਰੇਲੀਆ ਅਮਰੀਕਾ ਤੋਂ ਟੈਰਿਫ ਛੋਟਾਂ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਕਰ ਸਕਦਾ ਹੈ।
ਇਸ ਸਬੰਧੀ ਨੈਸ਼ਨਲਜ਼ ਲੀਡਰ ਡੇਵਿਡ ਲਿਟਲਪ੍ਰਾਊਡ ਨੇ ਕਿਹਾ ਹੈ ਕਿ, ‘ਉਨ੍ਹਾਂ ਨੂੰ ਇਸਦੀ ਤੇਜ਼ੀ ਬਾਰੇ ਚਿੰਤਾਵਾਂ ਹਨ। ਇੰਝ ਲੱਗਦਾ ਹੈ ਕਿ ਡੋਨਾਲਡ ਟਰੰਪ ਨੂੰ ਖੁਸ਼ ਕਰਨ ਲਈ ਇਸਨੂੰ ਵੇਚ ਦਿੱਤਾ ਗਿਆ ਹੈ ਅਤੇ ਇਹ ਅਸੀਂ ਨਹੀਂ ਚਾਹੁੰਦੇ।”
ਅਮਰੀਕਾ ਨੂੰ ਭੇਜੇ ਜਾਣ ਵਾਲੇ ਬਹੁਤ ਸਾਰੇ ਆਸਟ੍ਰੇਲੀਅਨ ਸਾਮਾਨ ‘ਤੇ ਵਰਤਮਾਨ ਵਿੱਚ 10 ਪ੍ਰਤੀਸ਼ਤ ਦਾ ਬੇਸਲਾਈਨ ਟੈਰਿਫ ਲੱਗਦਾ ਹੈ ਜਦੋਂ ਕਿ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ‘ਤੇ 50 ਪ੍ਰਤੀਸ਼ਤ ਦਾ ਟੈਰਿਫ ਲਗਾਇਆ ਗਿਆ ਹੈ। ਟਰੰਪ ਨੇ ਅਮਰੀਕਾ ਨੂੰ ਫਾਰਮਾਸਿਊਟੀਕਲ ਆਯਾਤ ‘ਤੇ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਹੈ, ਜੋ ਕਿ ਆਸਟ੍ਰੇਲੀਆ ਵਲੋਂ ਆਪਣੇ ਸਹਿਯੋਗੀ ਦੇਸ਼ਾਂ ਨੂੰ ਕੀਤੇ ਜਾਣ ਵਾਲੇ ਸਭ ਤੋਂ ਵੱਡੇ ਨਿਰਯਾਤਾਂ ਵਿੱਚੋਂ ਇੱਕ ਹੈ।