Articles India

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦਾ ਪਹਿਲਾ ਬੈਚ ਭਾਰਤ ਪੁੱਜਾ !

ਅਮਰੀਕੀ ਹਵਾਈ ਸੈਨਾ ਦਾ ਜਹਾਜ਼ ਜੋ ਭਾਰਤੀ ਨਾਗਰਿਕਾਂ ਨੂੰ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਪਰਵਾਸ ਕਰ ਗਏ ਸਨ, ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚਿਆ। (ਫੋਟੋ: ਏ ਐਨ ਆਈ)

ਅਮਰੀਕਾ ਦਾ ਫੌਜੀ ਜਹਾਜ਼ ਡਿਪੋਰਟ ਕੀਤੇ 104 ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਬੁੱਧਵਾਰ ਬਾਅਦ ਦੁਪਹਿਰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਿਆ ਹੈ। ਇਨ੍ਹਾਂ ਵਿਚੋਂ 30 ਡਿਪੋਰਟੀ ਪੰਜਾਬ, 33-33 ਹਰਿਆਣਾ ਤੇ ਗੁਜਰਾਤ, ਤਿੰਨ-ਤਿੰਨ ਮਹਾਰਾਸ਼ਟਰ ਤੇ ਯੂਪੀ ਅਤੇ ਦੋ ਚੰਡੀਗੜ੍ਹ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਫੌਜੀ ਮਾਲਵਾਹਕ ਸੀ-17 ਜਹਾਜ਼ 205 ਗੈਰਕਾਨੂੰਨੀ ਪਰਵਾਸੀਆਂ ਨੂੰ ਵਾਪਸ ਲੈ ਕੇ ਆ ਰਿਹਾ ਹੈ। ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਟੈਕਸਸ ਦੇ ਸਾਂ ਐਨਟੋਨੀਓ ਤੋਂ ਸੀ-17 ਜਹਾਜ਼ ਰਾਹੀਂ ਭਾਰਤ ਡਿਪੋਰਟ ਕੀਤਾ ਗਿਆ ਸੀ। ਡਿਪੋਰਟ ਕੀਤੇ ਗਏ ਪ੍ਰਵਾਸੀਆਂ ੱਿਵਚ 25 ਮਹਿਲਾਵਾਂ ਤੇ 12 ਨਾਬਾਲਗ ਵੀ ਸ਼ਾਮਲ ਹਨ ਜਦੋਂਕਿ ਸਭ ਤੋਂ ਛੋਟੀ ਉਮਰ ਦਾ ਮੁਸਾਫਰ 4 ਸਾਲ ਦਾ ਹੈ। ਇਨ੍ਹਾਂ ਵਿਚੋਂ 48 ਜਣਿਆਂ ਦੀ ਉਮਰ 25 ਸਾਲ ਤੋਂ ਵੀ ਘੱਟ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨਾਲ ਸਬੰਧਤ ਪਰਵਾਸੀਆਂ ਨੂੰ ਸੜਕੀ ਰਸਤੇ ਜਦੋਂਕਿ ਗੁਜਰਾਤ ਸਣੇ ਹੋਰਨਾਂ ਰਾਜਾਂ ਨਾਲ ਸਬੰਧਤ ਵਿਅਕਤੀਆਂ ਨੂੰ ਉਡਾਣਾਂ ਰਾਹੀਂ ਘਰ ਭੇਜਿਆ ਜਾਵੇਗਾ। ਅੰਮ੍ਰਿਤਸਰ ਨਾਲ ਸਬੰਧਤ ਪੰਜ ਡਿਪੋਰਟੀਆਂ ਵਿਚੋਂ ਤਿੰਨ ਜਣੇ ਅਜੇ ਕੁਝ ਦਿਨ ਪਹਿਲਾਂ ਹੀ ਅਮਰੀਕਾ ਗੲੈ ਸਨ। ਜਹਾਜ਼ ਬਾਅਦ ਦੁਪਹਿਰ 1.55 ਵਜੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਉੱਤੇ ਉੱਤਰਿਆ। ਇਸ ਦੌਰਾਨ ਹਵਾਈ ਅੱਡੇ ਦੇ ਬਾਹਰ ਸੁਰੱਖਿਆ ਵਜੋਂ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਰਹੇ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਲਫ਼ ਲੈਣ ਮਗਰੋਂ ਅਮਰੀਕਾ ਵੱਲੋਂ ਡਿਪੋਰਟ ਕੀਤੇ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਦਾ ਇਹ ਪਹਿਲਾ ਬੈਚ ਹੈ।

ਗੈਰਕਾਨੂੰਨ ਭਾਰਤੀ ਪਰਵਾਸੀਆਂ ਦੀ ਆਮਦ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਹਵਾਈ ਅੱਡੇ ’ਤੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਮੀਗ੍ਰੇਸ਼ਨ ਵਿਭਾਗ, ਖੁਫੀਆ ਤੰਤਰ ਵਿਭਾਗ, ਹਵਾਈ ਅੱਡਾ ਪ੍ਰਬੰਧਨ ਤੇ ਪੁਲੀਸ ਪ੍ਰਸ਼ਾਸਨ ਅੱਜ ਸਾਰਾ ਦਿਨ ਸਰਗਰਮ ਰਹੇ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਅਮਰੀਕਾ ਤੋਂ ਵਾਪਸ ਭੇਜੇ ਗੈਰਕਾਨੂੰਨੀ ਪਰਵਾਸੀਆਂ ਦੇ ਦਸਤਾਵੇਜ਼ਾਂ ਦੀ ਤਸਦੀਕ ਲਈ ਹਵਾਈ ਅੱਡੇ ’ਤੇ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤੇ ਗਏ ਹਨ ਤੇ ਕਿਸੇ ਵੀ ਭਾਰਤੀ ਨਾਗਰਿਕ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।

ਉਧਰ ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁੁਲਦੀਪ ਸਿੰਘ ਧਾਲੀਵਾਲ ਨੇ ਗੈਰਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਣ ਦੇ ਅਮਰੀਕੀ ਸਰਕਾਰ ਦੇ ਫੈਸਲੇ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਦੇਸ਼ ਦੇ ਅਰਥਚਾਰੇ ’ਚ ਅਹਿਮ ਯੋਗਦਾਨ ਪਾਇਆ ਹੈ ਤੇ ਇਨ੍ਹਾਂ ਨੂੰ ਵਾਪਸ ਭੇਜਣ ਦੀ ਥਾਂ ਪੀਆਰ ਦੇਣੀ ਚਾਹੀਦੀ ਸੀ। ਧਾਲੀਵਾਲ ਨੇ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਹ ਸਾਰੇ ਠੀਕ ਹਨ ਤੇ ਉਨ੍ਹਾਂ ਨੂੰ ਲੰਮੇ ਸਫ਼ਰ ਦੀ ਥਕਾਵਟ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਭਾਰਤੀ ਪਰਵਾਸੀਆਂ ਕੋਲ ਵੱਖ-ਵੱਖ ਮੁਲਕਾਂ ਦੇ ਵੀਜ਼ੇ ਸਨ ਤੇ ਇਨ੍ਹਾਂ ਵਿਚੋਂ ਬਹੁਤੇ ਦੁਬਈ ਵਿਚ ਏਜੰਟਾਂ ਹੱਥੇ ਚੜ੍ਹ ਕੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਸਨ। ਧਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੈ ਤੇ ਉਨ੍ਹਾਂ ਨੂੰ ਆਪਣੀ ਅਗਾਮੀ ਅਮਰੀਕਾ ਫੇਰੀ ਦੌਰਾਨ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਦਾ ਮੁੱਦਾ ਟਰੰਪ ਨਾਲ ਵਿਚਾਰਨਾ ਚਾਹੀਦਾ ਹੈ। ਧਾਲੀਵਾਲ ਨੇ ਕਿਹਾ ਕਿ ਕਈ ਭਾਰਤੀ ਵਰਕ ਪਰਮਿਟਾਂ ’ਤੇ ਅਮਰੀਕਾ ਜਾਂਦੇ ਹਨ ਪਰ ਇਨ੍ਹਾਂ ਪਰਮਿਟਾਂ ਦੀ ਮਿਆਦ ਪੁੱਗਣ ਮਗਰੋਂ ਉਹ ਗੈਰਕਾਨੂੰਨੀ ਪਰਵਾਸੀ ਬਣ ਜਾਂਦੇ ਹਨ। ਮੰਤਰੀ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਿਲ ਕੇ ਅਮਰੀਕਾ ਵਿਚ ਰਹਿ ਰਹੇ ਪੰਜਾਬੀਆਂ ਨਾਲ ਜੁੜੇ ਫਿਕਰਾਂ ਤੇ ਹਿੱਤਾਂ ਬਾਰੇ ਗੱਲ ਕਰਨ ਦੀ ਯੋਜਨਾ ਬਣਾ ਰਹੇ ਹਨ। ਧਾਲੀਵਾਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾ ਜਾਣ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਹਫ਼ਤੇ ਵਾਸ਼ਿੰਗਟਨ ਫੇਰੀ ਤੋਂ ਪਹਿਲਾਂ ਅਮਰੀਕਾ ਵੱਲੋੋਂ ਡਿਪੋਰਟ ਕੀਤਾ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਦਾ ਇਹ ਪਹਿਲਾ ਬੈਚ ਹੈ। ਚੇਤੇ ਰਹੇ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਨਵੀਂ ਦਿੱਲੀ ਅਮਰੀਕਾ ਸਣੇ ਹੋਰਨਾਂ ਮੁਲਕਾਂ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਦੇ ਵਿਚਾਰ ਦੀ ਵਕਾਲਤ ਕਰਦਾ ਹੈ। ਇਕ ਅੰਦਾਜ਼ੇ ਮੁਤਾਬਕ ਅਮਰੀਕਾ ਵਿਚ 7.25 ਲੱਖ ਗੈਰਕਾਨੂੰਨੀ ਭਾਰਤੀ ਪਰਵਾਸੀ ਰਹਿ ਰਹੇ ਹਨ। ਅਮਰੀਕਾ ਵਿਚ ਜਿਨ੍ਹਾਂ ਭਾਰਤੀਆਂ ਦੇ ਸਿਰ ’ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ, ਉਨ੍ਹਾਂ ਵਿਚੋਂ ਬਹੁਤੇ ‘ਡੰਕੀ ਰੂਟ’ ਰਾਹੀਂ ਜਾਂ ਗੈਰਕਾਨੂੰਨੀ ਤਰੀਕੇ ਨਾਲ ਲੱਖਾਂ ਰੁਪਏ ਖਰਚ ਕੇ ਅਮਰੀਕਾ ਦਾਖ਼ਲ ਹੋਏ ਸਨ।

Related posts

ਦਿੱਲੀ ਵਿਧਾਨ-ਸਭਾ ਚੋਣਾਂ: ਚੋਣ ਸਰਵੇਖਣਾਂ ਵਲੋਂ ਵੱਖੋ-ਵੱਖਰੇ ਦਾਅਵੇ !

admin

ਪ੍ਰਧਾਨ ਮੰਤਰੀ ਮੋਦੀ ਵਲੋਂ ਤ੍ਰਿਵੇਣੀ ਸੰਗਮ ਵਿਖੇ ਪੂਜਾ ਅਤੇ ਡੁੱਬਕੀਆਂ !

admin

ਮਦਰਾਸ ਤੇ ਤਿਲੰਗਾਨਾ ਹਾਈ ਕੋਰਟਾਂ ਦੇ ਪੰਜ ਸਥਾਈ ਜੱਜਾਂ ਵਜੋਂ ਨਿਯੁਕਤੀ ਨੂੰ ਮਨਜ਼ੂਰੀ !

admin