ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਦਾ ਇੱਕ ਹਿੱਸਾ ਰੋਕ ਦਿੱਤਾ ਹੈ। ਹੁਣ ਯੂਕਰੇਨ ਨੂੰ ਪੈਟ੍ਰਿਅਟ ਹਵਾਈ ਰੱਖਿਆ ਪ੍ਰਣਾਲੀ ਅਤੇ ਮਿਜ਼ਾਈਲਾਂ ਨਹੀਂ ਮਿਲਣਗੀਆਂ। ਵ੍ਹਾਈਟ ਹਾਊਸ ਅਤੇ ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਇਹ ਫੈਸਲਾ ਅਮਰੀਕੀ ਫੌਜੀ ਭੰਡਾਰਾਂ ਦੀ ਸਮੀਖਿਆ ਤੋਂ ਬਾਅਦ ਲਿਆ ਗਿਆ ਹੈ ਤਾਂ ਜੋ ਅਮਰੀਕੀ ਸੁਰੱਖਿਆ ਤਰਜੀਹਾਂ ਨੂੰ ਪਹਿਲ ਦਿੱਤੀ ਜਾ ਸਕੇ। ਵ੍ਹਾਈਟ ਹਾਊਸ ਦੀ ਬੁਲਾਰਨ ਅੰਨਾ ਕੈਲੀ ਨੇ ਕਿਹਾ ਕਿ ਅਮਰੀਕਾ ਨੇ ਆਪਣੇ ਫੌਜੀ ਸਰੋਤਾਂ ਅਤੇ ਵਿਸ਼ਵਵਿਆਪੀ ਸਹਾਇਤਾ ਪ੍ਰੋਗਰਾਮਾਂ ਦੀ ਵਿਆਪਕ ਸਮੀਖਿਆ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ, “ਸਾਡੇ ਦੇਸ਼ ਦੀਆਂ ਰੱਖਿਆ ਤਿਆਰੀਆਂ ਅਤੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਫੈਸਲਾ ਲੈਣਾ ਜ਼ਰੂਰੀ ਸੀ।” ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਰੱਖਿਆ ਵਿਭਾਗ ਨੂੰ ਚਿੰਤਾ ਹੋਣ ਲੱਗੀ ਸੀ ਕਿ ਹਾਲ ਹੀ ਦੇ ਸਾਲਾਂ ਵਿੱਚ ਦਿੱਤੀ ਗਈ ਭਾਰੀ ਫੌਜੀ ਸਹਾਇਤਾ ਕਾਰਨ ਅਮਰੀਕਾ ਦੇ ਹਥਿਆਰਾਂ ਦੇ ਭੰਡਾਰ ਵਿੱਚ ਕਾਫ਼ੀ ਕਮੀ ਆਈ ਹੈ।
ਚੀਨ ਦੀ ਨਿਊਜ਼ ਏਜੰਸੀ ਸ਼ਿਨਹੂਆ ਦੇ ਅਨੁਸਾਰ, ਪਿਛਲੇ ਮਹੀਨੇ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਯੂਕਰੇਨ ਨੂੰ ਦਿੱਤੀ ਜਾ ਰਹੀ ਤਿੰਨ ਸਾਲਾਂ ਦੀ ਫੌਜੀ ਸਹਾਇਤਾ, ਯਮਨ ਵਿੱਚ ਹੂਤੀ ਬਾਗੀਆਂ ਨਾਲ ਟਕਰਾਅ ਅਤੇ ਈਰਾਨ ਨਾਲ ਸੰਭਾਵਿਤ ਟਕਰਾਅ ਦੇ ਮੱਦੇਨਜ਼ਰ ਅਮਰੀਕੀ ਹਥਿਆਰਾਂ ਦੇ ਭੰਡਾਰ ਦੀ ਸਮੀਖਿਆ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਹਥਿਆਰਾਂ ਦਾ ਭੰਡਾਰ ਜੋ ਅਮਰੀਕਾ ਨੇ ਪਹਿਲਾਂ ਸਪਲਾਈ ਕਰਨ ਦਾ ਵਾਅਦਾ ਕੀਤਾ ਸੀ, ਹੁਣ ਲਗਭਗ ਖਤਮ ਹੋ ਗਿਆ ਹੈ। ਰੱਖਿਆ ਵਿਭਾਗ ਦੇ ਨੀਤੀ ਅਧੀਨ ਸਕੱਤਰ ਐਲਬ੍ਰਿਜ ਕੋਲਬੀ ਨੇ ਕਿਹਾ ਕਿ ਪੈਂਟਾਗਨ ਅਜੇ ਵੀ ਰਾਸ਼ਟਰਪਤੀ ਨੂੰ ਯੂਕਰੇਨ ਦੀ ਮਦਦ ਜਾਰੀ ਰੱਖਣ ਦਾ ਬਦਲ ਦੇਣ ਦੀ ਪ੍ਰਕਿਰਿਆ ਵਿੱਚ ਹੈ, ਪਰ ਨਾਲ ਹੀ ਇਹ ਅਮਰੀਕਾ ਦੀ ਫੌਜੀ ਤਿਆਰੀ ਅਤੇ ਰਣਨੀਤਕ ਤਰਜੀਹਾਂ ਦੀ ਰੱਖਿਆ ‘ਤੇ ਵੀ ਜ਼ੋਰ ਦੇ ਰਿਹਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਹਫ਼ਤੇ ਹੇਗ ਵਿੱਚ ਨਾਟੋ ਸੰਮੇਲਨ ਦੌਰਾਨ ਮਿਲੇ ਸਨ। ਇਸ ਦੌਰਾਨ ਟਰੰਪ ਨੇ ਮੀਡੀਆ ਨੂੰ ਦੱਸਿਆ ਕਿ ਯੂਕਰੇਨ ਅਮਰੀਕਾ ਤੋਂ ਪੈਟ੍ਰਿਅਟ ਐਂਟੀ-ਮਿਜ਼ਾਈਲ ਸਿਸਟਮ ਪ੍ਰਾਪਤ ਕਰਨ ਲਈ ਬਹੁਤ ਉਤਸੁਕ ਹੈ। ਉਨ੍ਹਾਂ ਕਿਹਾ ਕਿ, “ਯੂਕਰੇਨ ਨੂੰ ਇਨ੍ਹਾਂ ਮਿਜ਼ਾਈਲਾਂ ਦੀ ਸਖ਼ਤ ਜ਼ਰੂਰਤ ਹੈ, ਇਹ 100 ਪ੍ਰਤੀਸ਼ਤ ਪ੍ਰਭਾਵਸ਼ਾਲੀ ਹਨ। ਪਰ ਸਾਨੂੰ ਖੁਦ ਇਨ੍ਹਾਂ ਦੀ ਜ਼ਰੂਰਤ ਹੈ ਅਤੇ ਅਸੀਂ ਇਹ ਇਜ਼ਰਾਈਲ ਨੂੰ ਵੀ ਦੇ ਰਹੇ ਹਾਂ।”
ਇਥੇ ਦੱਸਣਾ ਬਣਦਾ ਹੈ ਕਿ ਫਰਵਰੀ 2022 ਵਿੱਚ ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ, ਅਮਰੀਕਾ ਨੇ ਯੂਕਰੇਨ ਨੂੰ 66 ਬਿਲੀਅਨ ਡਾਲਰ ਤੋਂ ਵੱਧ ਦੀ ਫੌਜੀ ਸਹਾਇਤਾ ਅਤੇ ਹਥਿਆਰ ਦਿੱਤੇ ਹਨ। ਪਰ ਮੌਜੂਦਾ ਸਥਿਤੀ ਵਿੱਚ, ਅਮਰੀਕਾ ਆਪਣੇ ਭੰਡਾਰਾਂ ਨੂੰ ਤਰਜੀਹ ਦਿੰਦੇ ਹੋਏ ਕੁਝ ਵੱਡੇ ਰੱਖਿਆ ਉਪਕਰਣਾਂ ਦੀ ਸਪਲਾਈ ਰੋਕ ਰਿਹਾ ਹੈ।