ਹੁਸ਼ਿਆਰੀਆਂ
ਤੁਸੀਂ ਹੁਸ਼ਿਆਰੀਆਂ ਵਿੱਚ ਰੁੱਝੇ ਰਹੇ
ਅਸੀਂ ਜ਼ਿੰਮੇਦਾਰੀਆਂ ਵਿੱਚ ਰੁੱਝੇ ਰਹੇ
ਤੁਸੀਂ ਗੱਦਾਰੀਆਂ ਵਿੱਚ ਰੁੱਝੇ ਰਹੇ
ਅਸੀਂ ਵਫ਼ਾਦਾਰੀਆਂ ਵਿੱਚ ਰੁੱਝੇ ਰਹੇ
ਜਿੰਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਸੀ
ਉਨ੍ਹਾਂ ਰਿਸ਼ਤੇਦਾਰੀਆਂ ਵਿੱਚ ਰੁੱਝੇ ਰਹੇ
ਚਾਵਾਂ ਆਪਣਿਆਂ ਨੂੰ ਸੂਲੀ ਚਾੜ ਕੇ
ਘਰ-ਕਬੀਲਦਾਰੀਆਂ ਵਿੱਚ ਰੁੱਝੇ ਰਹੇ
ਆਪਣੇ ਬਾਰੇ ਕਦੇ ਸੋਚਿਆਂ ਹੀ ਨਹੀਂ
ਯਾਰਾਂ ਦੀਆਂ ਯਾਰੀਆਂ ਵਿੱਚ ਰੁੱਝੇ ਰਹੇ
ਸਾਨੂੰ ਇਸ਼ਕ ਦਾ ਪਾਠ ਪੜਾਉਣ ਵਾਲੇ
ਇਸ਼ਕ ਦੀਆਂ ਖ਼ਵਾਰੀਆਂ ਵਿੱਚ ਰੁੱਝੇ ਰਹੇ
ਮੌਤ ਜਦ ਆਈ ਨਾਲ ਕੁੱਝ ਵੀ ਨਾ ਲਿਆ
ਤਾ ਉਮਰ ਹੀ ਤਿਆਰੀਆਂ ਵਿੱਚ ਰੁੱਝੇ ਰਹੇ
———————00000———————
ਕਿਉਂ ਆਪਣਾ ਵਿਰਸਾ ਆਪਣਾ ਦੇਸ ਵਿਸਾਰਾਂ
ਜਿਹੜੇ ਕਹਿੰਦੇ ਇੰਡੀਆ ਤੇਰੇ ਟੁਕੜੇ ਟੁਕੜੇ ਹੋ ਜਾਵਣ
ਕੀ ਕਰੀਏ ਐਸੇ ਦੇਸ਼ ਦਿਆਂ ਗੱਦਾਰਾਂ
ਫ਼ਰੀਡਮ ਆਫ਼ ਸਪੀਚ ਦਾ ਲੈ ਕੇ ਇਹ ਸਹਾਰਾ ਜੀ
ਕਰਦੇ ਰਹਿੰਦੇ ਆ ਇਹ ਨਿੱਤ ਨਵਾਂ ਕੋਈ ਕਾਰਾ
ਜੇ ‘ਭਗਤ ਸਿੰਘ’ ਸਿਰਫ਼ ਪੰਜਾਬ ਬਾਰੇ ਸੋਚਦਾ
ਹੁੰਦਾ ਅਜ਼ਾਦ ਕਿਵੇਂ ਇਹ ਹਿੰਦੋਸਤਾਨ ਹਮਾਰਾ
ਸੀਨੇ ਚੀਨੀਆਂ ਦੇ ਤਾਂ ਆਪਾਂ ਛੱਲੀ ਕਰ ਦੇਣੇ
ਸਾਨੂੰ ਆਪਿਣਆਂ ਤੋ ਮਿਲ ਨਾ ਜਾਵਣ ਹਾਰਾਂ
ਸਾਨੂੰ ਚੋਰਾਂ ਤੇ ਮੱਕਾਰਾਂ ਤੋ ਡਰ ਨਹੀਂ ਲਗਦਾ
ਡਰ ਲਗਦਾ ਏ ਸਾਨੂੰ ਬਸ ਕੋਲੋਂ ਚੌਕੀਦਾਰਾਂ
ਮੇਰਾ ਦੇਸ਼ ਖਾ ਲਿਆ ਕੁਝ ਡੇਰਿਆਂ ਤੇ ਕੁਝ ਬਾਬਿਆਂ ਨੇ
ਬਾਕੀ ਖਾ ਲਿਆ ਏ ਧਰਮ ਦੇ ਠੇਕੇਦਾਰਾਂ
ਹੈਪੀ ਅਸਟਰੇਲੀਆ,ਕਨੈਡਾ, ਅਮਰੀਕਾ ਡੇ ਮਨਾਉਦੇਂ ਆ
ਇੰਡੀਆ ਵਾਰੀ ਕਹਿੰਦੇ,ਇਹ ਕਾਹਦੀ ਅਜ਼ਾਦੀ ਯਾਰਾਂ
ਜੈਸਾ ਦੇਸ ਵੈਸਾ ਭੇਸ ਦੀ ਆੜ ਵਿੱਚ ਆ ਕੇ ਮੈਂ
ਕਿਉਂ ਆਪਣਾ ਵਿਰਸਾ ਆਪਣਾ ਦੇਸ ਵਿਸਾਰਾਂ
ਕੋਈ ਮੁਲਕ ਤਰੱਕੀ ਤਦ ਤੱਕ ਨਹੀਉਂ ਕਰ ਸਕਦਾ
‘ਅਮਰ’ ਜਦ ਤੱਕ ਹੋ ਨਾ ਜਾਵਣ ਇਮਾਨਦਾਰ ਸਰਕਾਰਾਂ
———————00000———————
ਜਾਣੇ ਅਣਜਾਣੇ ਵਿੱਚ ਇਹ ਗੁਨਾਹ ਕਰੀ ਜਾਨੇ ਆ
ਜਾਣੇ ਅਣਜਾਣੇ ਵਿੱਚ ਇਹ ਗੁਨਾਹ ਕਰੀ ਜਾਨੇ ਆ,
ਸਾੜੇ ਤੇ ਈਰਖ਼ਾ ਵਿੱਚ ਖ਼ੁਦ ਨੂੰ ਸੁਆਹ ਕਰੀ ਜਾਨੇ ਆ ।
ਰੋਟੀਆਂ ਅਤੇ ਸਬਜ਼ੀਆਂ ਦੀਆਂ ਲੜਾਈਆਂ ਕਰਕੇ,
ਅਸੀ ਅਪਣੇ ਹੀ ਘਰਾਂ ਨੂੰ ਤਬਾਹ ਕਰੀ ਜਾਨੇ ਆ ।
ਕਾਲੇ ਅਤੇ ਨੀਲੇ ਪਾਸਪੋਟਾਂ ਵਿੱਚ ਫਸ ਕੇ,
ਕਿਸੇ ਨਾਲ ਵੀ ਧੀ ਦਾ ਵਿਆਹ ਕਰੀ ਜਾਨੇ ਆ ।
ਬੇਲੋੜਿਆਂ ਦੀ ਮਦਦ ਕਰਦੇ ਹਾਂ ਭੱਜ -ਭੱਜ ਕੇ,
ਲੋੜਵੰਦਾਂ ਨੂੰ ਤਾਂ ਬਸ ਅਸੀ ਨਾਂਹ ਕਰੀ ਜਾਨੇ ਆ ।
ਆਪਣੀਆਂ ਖ਼ਵਾਇਸ਼ਾ ਬੱਚਿਆਂ ਸਿਰ ਮੜ ਕੇ,
ਕਤਲ਼ ੳਨ੍ਹਾਂ ਦੇ ਸਾਰੇ ਚਾਅ ਕਰੀ ਜਾਨੇ ਆ ।
ਜੇ ਫੇਰ ਕਦੇ ਮਿਲੀਏ, ਸ਼ਰਮਿੰਦਾਂ ਨਾ ਹੋਈਏ,
ਏਸੇ ਗੱਲੋਂ ਹੀ ਤੇਰਾ ਵਸਾਹ ਕਰੀ ਜਾਨੇ ਆ ।
———————00000———————