Articles

ਅਲਵਿਦਾ ਕਹਿ ਗਈ ਲੰਬੀ ਹੇਕ ਦੀ ਮਲਿਕਾ ਗੁਰਮੀਤ ਬਾਵਾ 

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਇਨਸਾਨ ਜਨਮ ਲੈ ਕੇ ਇਸ ਦੁਨੀਆਂ ਤੇ ਆਉਂਦਾ ਹੈ ਅਤੇ ਪ੍ਰਮਾਤਮਾਂ ਵਲੋਂ ਬਖਸ਼ੀ ਆਯੂ ਭੋਗ ਕੇ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ ਪਰ ਕਈ ਇਨਸਾਨ ਅਜਿਹੇ ਹੁੰਦੇ ਹਨ ਜੋ ਇਸ ਦੁਨੀਆਂ ਤੇ ਆਪਣਾ ਨਾਮ ਕਮਾ ਕੇ ਪਿੱਛੇ ਅਜਿਹੀਆਂ ਪੈੜਾਂ ਕਰ ਜਾਂਦੇ ਹਨ ਕੇ ਲੋਕ ਉਹਨਾਂ ਨੂੰ ਸਦਾ ਹੀ ਯਾਦ ਕਰਦੇ ਰਹਿੰਦੇ ਹਨ ਇਹਨਾਂ ਵਿਚੋਂ ਇਕ ਨਾਮ ਹੈ ਜਿਸ ਨੇ ਲਗਭਗ 40 ਸਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ 77 ਸਾਲ ਦੀ ਆਯੂ ਭੋਗ ਕੇ ਇਸ ਤੋਂ ਰੁਖ਼ਸਤ ਹੋਣ ਵਾਲੀ ਗਾਇਕਾ ਪੰਜਾਬੀ ਫੋਕ ਸੰਗੀਤ ਦੀ ਜਾਨ ਗੁਰਮੀਤ ਬਾਵਾ! ਜੋ ਪਿਛਲੇ ਸਮੇਂ ਤੋਂ ਬਿਮਾਰੀ ਨਾਲ ਪੀੜਤ ਚਲੀ ਆ ਰਹੀ ਸੀ ਉਸ ਨੂੰ 20 ਨਵੰਬਰ ਨੂੰ ਸਥਾਨਿਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ 21 ਨਵੰਬਰ ਐਤਵਾਰ ਨੂੰ ਗਿਆਰਾਂ ਕੁ ਵਜੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਇਹ ਬੜੇ ਦੁੱਖ ਦੀ ਗੱਲ ਹੈ ਹਰ ਸਟੇਜ ਤੇ ਲੰਬੀ ਹੇਕ ਨਾਲ ਜੁਗਨੀ ਗਾਉਣ ਵਾਲੀ ਗੁਰਮੀਤ ਬਾਵਾ ‘ਆਈ ਜਵਾਨੀ ਹਰ ਕੋਈ ਵਹਿੰਦਾ ਜਾਂਦੀ ਕਿਸੇ ਨਾ ਡਿੱਠੀ ਕੀ ਮੁਨਿਆਦ ਹੈ ਬੰਦਿਆ ਤੇਰੀ ਆਖਰ ਹੋਣਾ ਮਿੱਟੀ’ ਇਹ ਤੁੱਕਾਂ ਸੱਚ ਕਰ ਗਈ। ਉਸ ਦੇ ਜਾਣ ਨਾਲ ਪਰੀਵਾਰ ਨੂੰ, ਸੰਗੀਤ ਇੰਡਰਸਿਟੀ ਅਤੇ ਚਾਹੁੰਣ ਵਾਲੇ ਸਰੋਤਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਗੁਰਮੀਤ ਕੌਰ ਬਾਵਾ ਦਾ ਜਨਮ 18 ਫ਼ਰਵਰੀ 1944 ਨੂੰ ਸ੍ਰ.ਉੱਤਮ ਸਿੰਘ ਦੇ ਘਰ ਮਾਤਾ ਰਾਮ ਕੌਰ ਦੀ ਕੁਖੌਂ ਪੱਕਾ ਪਿੰਡ ਕੋਠਾ (ਅਲੀਵਾਲ) ਜਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਇਹ ਤਿੰਨ ਭੈਣਾ ਅਤੇ ਇਕ ਭਰਾ ਸਨ। ਗੁਰਮੀਤ ਬਾਵਾ ਹਜੇ ਛੋਟੀ ਉਮਰ ਵਿਚ ਹੀ ਸੀ ਜਦ ਇਸ ਦੀ ਮਾਤਾ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ ਸੀ। ਇਸ ਦਾ ਪਾਲਣ ਪੋਸਣ ਵੱਡੀਆਂ ਭੈਣਾ ਦੇ ਸਹਿਯੋਗ ਨਾਲ ਹੋਇਆ ਗੁਰਮੀਤ ਬਾਵਾ ਦੱਸਿਆ ਕਰਦੀ ਸੀ ਮੈਂ ਵੱਡੀਆਂ ਭੈਣਾ ਦੇ ਸਹਿਯੋਗ ਨਾਲ ਵਿਦਿਆ ਹਾਸਲ ਕੀਤੀ ਉਸ ਟਾਇਮ ਕੁੜੀਆਂ ਨੂੰ ਘਰ ਤੋਂ ਬਾਹਰ ਪੜ੍ਹਨ ਨਹੀਂ ਭੇਜਿਆ ਜਾਂਦਾ ਸੀ ਮੈਂ ਤਿੰਨਾਂ ਪਿੰਡਾਂ ਵਿਚੋਂ  ਪਹਿਲੀ ਕੁੜੀ ਸੀ ਜੋ ਦਸ ਜਮਾਤਾਂ ਪਾਸ ਕਰਨ ਤੋਂ ਬਾਅਦ ਜੇ.ਬੀ.ਟੀ ਕਰਕੇ ਅਧਿਆਪਕ ਲੱਗ ਗਈ ਇਸ ਕੰਮ ਵਿਚ ਮੇਰੇ ਪਿਤਾ ਦਾ ਬਹੁਤ ਵੱਡਾ ਸਹਿਯੋਗ ਸੀ।
5 ਜੂਨ 1968 ਨੂੰ ਇਸ ਦੀ ਸ਼ਾਦੀ ਕਿਰਪਾਲ ਸਿੰਘ ਬਾਵਾ ਨਾਲ ਹੋਈ ਜੋ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਬੇਦੀ ਪਰੀਵਾਰ ਵਿਚੋਂ ਸੀ। ਇਕ ਵਾਰ ਗੁਰਮੀਤ ਬਾਵਾ ਅਤੇ ਕਿਰਪਾਲ ਬਾਵਾ ਗੁਰਮੀਤ ਬਾਵਾ ਦੇ ਪਿੰਡ ਉਸ ਦੇ ਪਿਤਾ ਕੋਲ ਬੈਠੇ ਸਨ ਪਿਤਾ ਨੇ ਕਿਰਪਾਲ ਸਿੰਘ ਨੂੰ ਕਿਹਾ ਬਾਵਾ ਗਾ ਕੇ ਸੁਣਾਓੁ ਬਸ ਉਸ ਦਿਨ ਤੋਂ ਹੀ ਇਸ ਪਰੀਵਾਰ ਦਾ ਨਾਮ ਬਾਵਾ ਪੈ ਗਿਆ ਅਤੇ ਇਸ ਨੇ ਆਪਣੇ ਨਾਮ ਨਾਲੋ ਬੇਦੀ ਸ਼ਬਦ ਹਟਾ ਲਿਆ। ਕਿਰਪਾਲ ਬਾਵਾ ਗੁਰਮੀਤ ਬਾਵਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਅੰਮ੍ਰਿਤਸਰ ਰਹਿਣ ਲੱਗ ਪਿਆ ਹੁਣ ਇਸ ਪਰੀਵਾਰ ਦਾ ਘਰ ਫੇਅਰਲੈਂਡ ਕਲੋਨੀ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਵਿਖੇ ਸਥਿਤ ਹੈ। ਕਿਰਪਾਲ ਬਾਵਾ ਐਮ.ਏ.ਬੀ ਐਡ ਅਧਿਆਪਕ ਸੀ ਉਹ ਵੀ ਗਾਇਕ ਹੋਣ ਕਰਕੇ ਦੋਵੇ ਨੌਕਰੀ ਤਿਆਗ ਕੇ ਗਾਇਕੀ ਵੱਲ ਹੋ ਤੁਰੇ ਗੁਰਮੀਤ ਬਾਵਾ ਦੇ ਗਾਇਕੀ ਖੇਤਰ ਵਿਚ ਉਸਤਾਦ ਕਿਰਪਾਲ ਬਾਵਾ ਸਨ। ਇਹਨਾਂ ਨੇ ਡਿਊਟ ਗੀਤ ਵੀ ਗਾਏ ਪਰ ਪੰਜਾਬੀ ਸਭਿਆਚਾਰ ਦੀ ਰੱਜ ਕੇ ਸੇਵਾ ਕੀਤੀ।
ਇਹਨਾਂ ਦੇ ਘਰ ਤਿੰਨ ਧੀਆਂ ਲਾਚੀ ਬਾਵਾ,ਗਲੋਰੀ ਬਾਵਾ ਅਤੇ ਸਿਮਰਤ ਬਾਵਾ ਨੇ ਜਨਮ ਲਿਆ ਇਹਨਾਂ ਨੇ ਆਪਣੇ ਫਰਜ ਪੂਰੇ ਕਰਦਿਆਂ ਬੱਚਿਆਂ ਨੂੰ ਵਧੀਆ ਸਿੱਖਿਆ ਹਾਸਲ ਕਰਵਾਈ। ਗੁਰਮੀਤ ਬਾਵਾ ਆਪਣੇ ਦਿਲ ਵਿਚ ਆਪਣੀ ਧੀ ਲਾਚੀ ਬਾਵਾ ਦਾ ਦਰਦ ਸਮੋਈ ਬੈਠੀ ਸੀ ਜਿਸ ਦਾ ਪਿਛਲੇ ਸਾਲ ਫ਼ਰਵਰੀ ਵਿਚ ਇਕ ਨਾਮੁਰਾਦ ਬਿਮਾਰੀ ਨਾਲ ਦਿਹਾਂਤ ਹੋ ਗਿਆ ਸੀ, ਲਾਚੀ ਬਾਵਾ ਵਧੀਆ ਗਾਇਕਾ ਸੀ।
ਜਦ ਜਲੰਧਰ ਦੂਰਦਰਸ਼ਨ ਸ਼ੁਰੂ ਹੋਇਆ ਤਾਂ ਉੱਥੇ ਸਭ ਤੋਂ ਪਹਿਲਾਂ ਗੁਰਮੀਤ ਬਾਵਾ ਨੇ ਗੀਤ ਗਾਇਆ। ਦਿੱਲੀ ਦੂਰਦਰਸ਼ਨ ਤੇ ਵੀ ਕਲਾਕਾਰ ਵਜੋਂ ਗੁਰਮੀਤ ਬਾਵਾ ਦੀ ਚੋਣ ਹੋਈ। ਗੁਰਮੀਤ ਬਾਵਾ ਜੁਗਨੀ, ਸੁਹਾਗ ਘੋੜੀਆਂ, ਸਿਠਣੀਆ, ਲੋਕ ਗਥਾਵਾ ਆਦਿ ਗਾਉਣ ਕਰਕੇ ਦੇਸ਼ ਵਿਦੇਸ਼ ਵਿਚ ਜਾਣੀ ਜਾਂਦੀ ਸੀ।
1965 ਦੀ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ ਫੌਜ਼ ਕੋਲ ਫੌਜ਼ੀਆਂ ਦੇ ਮੰਨੋਰੰਜਨ ਲਈ ਕੋਈ ਕਲਾਕਾਰ ਨਹੀਂ ਸੀ। ਇਸ ਕਰਕੇ ਸਰਕਾਰ ਨੇ ਵੱਖ ਵੱਖ ਕਲਾਕਾਰਾਂ ਦੀ ਚੋਣ ਕੀਤੀ ਇਹਨਾ ਵਿਚ ਗੁਰਮੀਤ ਬਾਵਾ ਦਾ ਨਾਮ ਮੁੱਖ ਸੀ। ਗੁਰਮੀਤ ਬਾਵਾ ਨੇ ਪੰਜ ਛੇ ਫ਼ਿਲਮਾਂ ਵਿਚ ਗੀਤ ਗਾਏ ਸਭ ਤੋਂ ਪਹਿਲਾਂ ਇਸ ਨੇ ਸਰਪੰਚ ਫ਼ਿਲਮ ਵਿਚ ਗੀਤ ਗਾਇਆ। ਗੁਰਮੀਤ ਬਾਵਾ ਦੀ ਗਾਇਕੀ ਦੇ ਸੰਗੀਤ ਵਿਚ ਹਰਮੋਨੀਅਮ, ਅਲਗੋਜੇ, ਚਿਮਟਾ, ਢੋਲਕੀ, ਘੜਾ ਆਦਿ ਵਰਤੇ ਜਾਂਦੇ ਸਨ।
ਗੁਰਮੀਤ ਬਾਵਾ 45 ਸੈਕਿੰਡ ਦੀ ਹੇਕ ਲਾ ਲੈਂਦੀ ਜੋ ਇਕ ਰਿਕਾਰਡ ਸੀ। ਇਸ ਦਾ ਸਭ ਤੋਂ ਪਹਿਲਾ ਗੀਤ ਤਵੇ ਤੇ ਰਿਕਾਰਡ ਹੋ ਕੇ ਆਇਆ ‘ਮੈਂ ਜੱਟੀ ਪੰਜਾਬ ਦੀ ਮੇਰੀਆਂ ਰੀਸਾ ਕੌਣ ਕਰੇ ‘ ਇਸ ਤਵੇ ਦੀ ਤੇਰਾਂ ਹਜ਼ਾਰ ਰਿਕਾਰਡ ਤੋੜ ਵਿੱਕਰੀ ਹੋਈ। ਗੁਰਮੀਤ ਬਾਵਾ ਨੇ ਗਾਇਕੀ ਦੇ ਦਮ ਤੇ ਲਗਭਗ 25 ਮੁਲਕਾਂ ਦੇ ਟੂਰ ਲਾਏ ਸਭ ਤੋਂ ਪਹਿਲਾ ਟੂਰ ਰਸ਼ੀਆ ਦਾ ਸੀ।ਗੁਰਮੀਤ ਬਾਵਾ ਨੇ ਆਪਣੀ ਗਾਇਕੀ ਕਰਕੇ ਬਹੁਤ ਐਵਾਰਡ ਪ੍ਰਾਪਤ ਕੀਤੇ ਭਾਸ਼ਾ ਵਿਭਾਗ ਪੰਜਾਬ ਸਰਕਾਰ ਵਲੋਂ ਇਸ ਨੂੰ ਸ਼੍ਰੋਮਣੀ ਐਵਾਰਡ ਨਾਲ ਸਨਮਾਨਿਆ ਗਿਆ। ਭਾਰਤੀ ਸੰਗੀਤ ਨਾਟਕ ਐਕਦਮੀ ਵਲੋਂ ਰਸ਼ਟਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਪੰਜਾਬ ਕਲਾ ਪ੍ਰੀਸਦ ਵਲੋਂ ਪੰਜਾਬ ਗੌਰਵ ਪੁਰਸਕਾਰ ਮਿਲਿਆ। 2019 ਵਿਚ ਗੁਰਮੀਤ ਬਾਵਾ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ‘ਚ ਪੰਜਾਬੀ ਸਪੋਟਸ ਐਂਡ ਕਲਚਰ ਕਲੱਬ ਵਲੋਂ ਸਨਮਾਨ ਮਿਲਿਆ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin