ਮੈਂ ਉਸ ਸਮੇ ਦੀ ਗੱਲ ਕਰ ਰਿਹਾ ਹਾਂ ਜਦੋਂ ਮਨੋਰੰਜਨ ਦੇ ਘੱਟ ਸਾਧਨ ਸਨ। ਨਾਂ ਹੀ ਰੇਡੀਉ,ਟੈਲੀਵੀਜ਼ਨ ਸਨ। ਸਿਰਫ ਪੰਚਾਇਤੀ ਲਾਊਡ ਸਪੀਕਰ ਹੁੰਦਾ ਸੀ ਰੇਡੀਉ ਦੇ ਮਧਿਅਮ ਰਾਂਹੀ ਲੋਕ ਥੜੇ ਤੇ ਬੈਠ ਦਿਹਾਤੀ ਪ੍ਰੋਗਰਾਮ ਠੰਡੂ ਰਾਮ ਦਾ ਸੁਣਦੇ ਸਨ। ਮੈ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ।ਉਸ ਵੇਲੇ ਹਿੰਦ ਪਾਕਿ ਦੀ ਲੜਾਈ ਲੱਗੀ ਸੀ। ਉਸ ਵੇਲੇ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ। ਜਿੰਨਾ ਨੇ ਜਵਾਨਾਂ ਦਾ ਮਨੋਬਲ ਵਧਾਉਣ ਲਈ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ। ਸਾਡੇ ਸਕੂਲ ਦੇ ਮਾਸਟਰ ਨਿਰੰਜਨ ਸਿੰਘ ਜੀ ਸਾਨੂੰ ਬਾਲ ਸਭਾ ਵਿੱਚ ਦੇਸ਼ ਭਗਤੀ ਦੇ ਗੀਤ ਲਿਖ ਦਿੰਦੇ ਸੀ। ਜਿਸ ਨੂੰ ਬਾਲ ਸਭਾ ਵਿੱਚ ਸੁਣ ਤੇ ਗਾ ਬੱਚਿਆ ਵਿੱਚ ਦੇਸ਼ ਭਗਤੀ ਦਾ ਜੋਸ਼ ਤੇ ਪਿਆਰ ਪੈਦਾ ਹੋ ਗਿਆ। ਉਸ ਸਮੇ ਬਾਲ ਸਭਾ ਵਿੱਚ ਬੋਲੀਆ ਸਤਰਾ ਮੈਨੂੰ ਅਜੇ ਵੀ ਯਾਦ ਹਨ। ਜੋ ਅਰਜ਼ ਕਰ ਰਿਹਾ ਹਾਂ:
ਹੁਣ ਪਾਕਿ ਦੇ ਬਾਰਡਰ ਤੇ ਖੜ ਕੇ ਨਾਅਰਾ ਲਾਵਾਂਗਾ ਮੈਂ,
ਖ਼ਬਰਦਾਰ ਉਏ ਪਾਕੀ ਚੂਹੋ ਕੱਚਾ ਹੀ ਚੱਬ ਜਾਵਾਂਗਾ ਮੈਂ,
ਦੇਸ਼ ਲਈ ਜੋ ਮਰਨਾ ਜਾਣੇ,
ਮੈਂ ਹਾਂ ਵੋ ਦੁਲਾਰਾ ਬੱਚਾ,
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾਂ ਬੱਚਾ।
ਭਾਰਤ ਦਾ ਬੱਚਾ ਅਖਵਾਵਾਂ,
ਇਹ ਹੀ ਵੱਡਾ ਮਾਣ ਹੈ ਮੈਨੂੰ,
ਭਾਰਤ ਦੀ ਅਜ਼ਾਦੀ ਦੀ ਚੜੀ ਹੋਈ ਬੱਸ ਪਾਨ ਹੈ ਮੈਨੂੰ,
ਜਿਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੈ ਜਵਾਨ ਕਿਸਾਨ ਦਾ ਨਾਅਰਾ ਲਾਇਆ,
ਉਸ ਦੇਸ਼ ਦਾ ਮੈਂ ਨਿਰਾਲਾ ਬੱਚਾ,
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾਂ ਬੱਚਾ।
ਬਾਲ ਸਭਾ ਵਿੱਚ ਬੋਲਨ ਲਈ ਅਗਲੇ ਸ਼ਨੀਵਾਰ ਮੇਰੇ ਪਾਸ ਕੋਈ ਕਵਿਤਾ ਨਹੀਂ ਸੀ। ਮੈ ਬਾਹਰ ਜੰਗਲ ਪਾਣੀ ਗਿਆ ਮੈਨੂੰ ਇੱਕ ਪੁਰਾਣਾ ਅਖਬਾਰ ਦਾ ਪੇਚ ਮਿਲਿਆਂ। ਜਿਸ ਵਿੱਚ ਮੈਨੂੰ ਦੇਸ਼ ਭਗਤੀ ਦਾ ਗੀਤ ਮਿਲਿਆਂ। ਉਸ ਵੇਲੇ ਅਖਬਾਰਾ ਵਿੱਚ ਦੇਸ਼ ਭਗਤੀ ਦੇ ਗੀਤ ਜਵਾਨਾਂ ਦਾ ਮਨੋਬਲ ਕਾਇਮ ਰੱਖਣ ਲਈ ਪਾਏ ਜਾਦੇ ਸੀ। ਇਹ ਵੀ ਤੁਕਾਂ ਦੇਸ਼ ਭਗਤੀ ਨਾਲ ਸਬੰਧਤ ਸਨ। ਜੋ ਅਰਜ਼ ਕਰ ਰਿਹਾ ਹਾਂ:
ਸ਼ੈਤਾਨ ਕਦੇ ਟਲਦੇ ਨਹੀਂ,
ਸਿੱਧੇ ਉਹ ਕਦੇ ਚੱਲਦੇ ਨਹੀਂ,
ਡੰਡਾ ਹੀ ਵੱਡਾ ਪੀਰ ਏ ਜੋ ਸੱਭ ਨੂੰ ਕਰਦਾ ਤੀਰ ਏ,
ਇਸੇ ਦੀ ਵਰਤੋਂ ਕਰਾਂਗੇ ਤੇ ਵਿੱਚ ਮੈਦਾਨ ‘ਚ ਲੜਾਂਗੇ।
ਮੈਂ ਜਦੋਂ ਇਹ ਬੋਲ ਬਾਲ ਸਭਾ ਵਿੱਚ ਬੜੇ ਜੋਸ਼ ਨਾਲ ਗਾਏ ਤੇ ਬੱਚੇ ਤੇ ਟੀਚਰ ਵਾਅ ਵਾਅ ਕਰਣ ਲੱਗ ਪਏ। ਮੈਨੂੰ ਮੇਰੇ ਮਾਸਟਰ ਜੀ ਨੇ ਗਲੇ ਲਗਾ ਸਬਾਸ਼ੀ ਦਿੱਤੀ।ਹੁਣ ਭਾਵੇਂ ਦੇਸ਼ ਨੇ ਬਹੁਤ ਤਰੱਕੀ ਕਰ ਲਈ ਹੈ।ਜੋ ਮਜ਼ਾ ਬਾਲ ਸਭਾ ਵਿੱਚ ਆਉਦਾ ਸੀ।ਉਹ ਹੁਣ ਦੇ ਸੀਰੀਅਲ ਵਿੱਚ ਨਹੀਂ ਜਿੰਨਾਂ ਨੂੰ ਦੇਖ ਬੱਚੇ ਕਈ ਅਨਜਾਨ ਪੁਨੇ ਵਿੱਚ ਅਪਰਾਧਿਕ ਘਟਨਾ ਕਰ ਦਿੰਦੇ ਹਨ।ਹੁਣ ਸਰਕਾਰ ਨੂੰ ਸਾਰੇ ਸਕੂਲਾਂ ਵਿੱਚ ਸਨਿੱਚਰਵਾਰ ਨੂੰ ਬਾਲ ਸਭਾ ਲਾਉਣ ਦੀ ਹਦਾਇਤ ਕਰਣੀ ਚਾਹੀਦੀ ਹੈ।ਤਾਂ ਜੋ ਇਸ ਨੂੰ ਫਿਰ ਤੋਂ ਸੁਰਜੀਤ ਕੀਤਾ ਜਾਵੇ।
– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ