Articles

ਅਲੋਪ ਹੋ ਰਿਹਾ ਪੰਜਾਬੀ ਸੱਭਿਆਚਾਰ !

ਲੇਖਕ: ਸੰਦੀਪ ਕੌਰ ਉਗੋਕੇ ਹਿਮਾਂਯੂੰਪੁਰਾ

ਪੱਛਮ ਦੇ ਪ੍ਰਭਾਵ ਨੇ ਸਾਡੇ ਸੱਭਿਆਚਾਰ ਨੂੰ ਬਦਲ ਕੇ ਰੱਖ ਦਿੱਤਾ ਹੈ। ਪੰਜਾਬ ਦੀ ਅਮੀਰ ਸੱਭਿਅਤਾ ਦੀਆਂ ਅਨੇਕਾਂ ਵਰਤੋਂ ਵਾਲੀਆਂ ਨਿਸ਼ਾਨੀਆਂ ਹੁਣ ਸਾਡੇ ਸੱਭਿਆਚਾਰ ਖ਼ਜ਼ਾਨੇ ਵਿੱਚੋ ਅਲੋਪ ਹੁੰਦੀਆਂ ਜਾ ਰਹੀਆਂ ਹਨ। ਲੋਕ ਸਾਰੰਗੀਆਂ, ਅਲਗੋਜ਼ੇ, ਅਖਾੜੇ, ਝੂਮਰ, ਸੰਮੀ, ਫੁਲਕਾਰੀਆਂ, ਚਰਖੇ, ਪੱਖੀਆਂ, ਖੂਹਾਂ, ਲੋਕ ਗੀਤਾਂ, ਪਹਿਰਾਵੇ, ਖਾਣ-ਪੀਣ ਆਦਿ ਨਾਲੋਂ ਨਿਖੜ੍ਹਦੇ ਜਾ ਰਹੇ ਹਨ। ਅਸੀਂ ਦਿਨੋ-ਦਿਨ ਕੰਮਾਂ ਵਿੱਚ ਰੁੱਝੇ ਹੋਣ ਕਰਕੇ ਆਪ ਹੀ ਆਪਣੀਆਂ ਸਹੂਲਤਾ ਲਈ ਸੱਭਿਆਚਾਰ ਨੂੰ ਭੁੱਲ ਰਹੇ ਹਾਂ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਬਰਗਰ,ਨੂਡਲਸ,ਪੀਜੇ ਵਰਗੀਆਂ ਚੀਜਾਂ ਖਾ ਕੇ ਘਰੋਂ ਪੈਸੇ ਲਗਾ ਕੇ ਬਿਮਾਰੀ ਨੂੰ ਸੱਦਾ ਦੇ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਘਰੇਲੂ ਖਾਣੇ ਦੀ ਮਹੱਤਤਾ ਨਹੀਂ ਪਤਾ ਕਿ ਜੋ ਤੱਤ ਉਸ ਵਿੱਚ ਹਨ,ਉਹ ਜੰਕ ਫੂਡ ਵਿੱਚ ਮੌਜੂਦ ਨਹੀਂ ਹਨ।

ਜੇ ਗੱਲ ਕਰੀਏ ਫੁਲਕਾਰੀ, ਖੂਹ, ਟਿੰਡਾਂ, ਪਿੱਤਲ ਦੇ ਭਾਂਡੇ, ਦਰੀਆਂ, ਖੇਸ ਤੇ ਪੱਖੀਆਂ ਆਦਿ ਦੀ। ਅੱਜਕਲ੍ਹ ਦੇ ਬੱਚਿਆਂ ਨੂੰ ਇਨ੍ਹਾਂ ਚੀਜਾਂ ਦੇ ਨਾਂ ਤੱਕ ਨਹੀਂ ਪਤਾ। ਮਨੁੱਖੀ ਜੀਵਨ ਵਿੱਚ ਤਕਨੀਕੀ ਵਿਕਾਸ ਨੇ ਜਿੱਥੇ ਇੱਕ ਪਾਸੇ ਜੀਵਨ ਸੌਖਾ ਕੀਤਾ ਹੈ ਉਥੇ ਕੁਦਰਤ ਤੋਂ ਮਨੁੱਖ ਦੀ ਦੂਰੀ ਵੀ ਵਧਾ ਦਿੱਤੀ ਹੈ। ਮਸ਼ੀਨੀ ਯੁੱਗ ਆਉਣ ਦੇ ਨਾਲ ਏ.ਸੀ. ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੱਖੀਆਂ ਬਾਰੇ ਕਿੱਥੋਂ ਪਤਾ ਹੋਵੇਗਾ?ਨਵੀਂ ਤਕਨਾਲੋਜੀ ਦੇ ਆਉਣ ਨਾਲ ਪੱਖੀ ਵੀ ਹੁਣ ਸਾਡੇ ਜੀਵਨ ਵਿੱਚੋਂ ਲਗਭਗ ਅਲੋਪ ਹੀ ਹੈ। ਡਿਨਰ ਸੈੱਟ ‘ਤੇ ਵਧੀਆਂ ਭਾਂਡਿਆਂ ਦੀ ਵਰਤੋਂ ਘਰ ਵਿੱਚ ਹੋਣ ਨਾਲ ਉਹ ਪਿੱਤਲ ਦੇ ਭਾਂਡਿਆਂ ਨੂੰ ਕਿਉਂ ਪੁੱਛਣਗੇ? ਸਰਦੀਆਂ ਵਿੱਚ ਕਮਰਿਆਂ ਵਿੱਚ ਹੀਟਰ ਹੋਣਗੇ,ਗਰਮ ਕੰਬਲ ਹੋਣਗੇ ਤੇ ਖੇਸਾਂ ਦੀ ਪਹਿਚਾਣ ਕਿੱਥੋਂ ਹੋਵੇਗੀ? ਅੱਜਕਲ੍ਹ ਦੇ ਬੱਚਿਆਂ ਨੂੰ ਇਨ੍ਹਾਂ ਤੋਂ ਇਲਾਵਾ ਕਣਕ ਦੇ ਸਿੱਟਿਆਂ ਤੱਕ ਦਾ ਪਤਾ ਨਹੀਂ ਹੈ।
ਹੁਣ ਗੱਲ ਕਰੀਏ ਮਾਂ-ਬੋਲੀ ਦੀ,ਲੋਕ ਆਪਣੀ ਮਾਂ-ਬੋਲੀ ਨੂੰ ਦਿਨੋ-ਦਿਨ ਵਿਸਾਰਦੇ ਜਾ ਰਹੇ ਹਨ। ਬੱਚੇ ਤੇ ਨੌਜਵਾਨ ਸਭ ਘਰੋਂ ਬਾਹਰ ਜਾ ਕੇ ਪੰਜਾਬੀ ਬੋਲਣ ਵਿੱਚ ਹੇਠੀ ਮਹਿਸੂਸ ਕਰਦੇ ਹਨ।ਮਾਤਾ-ਪਿਤਾ ਵੀ ਦੇਖੋ-ਦੇਖੀ ਸਮਾਜਿਕ ਪ੍ਰਭਾਵ ਅਧੀਨ ਆਪਣੇ ਬੱਚਿਆਂ ਨੂੰ ਅੰਗਰੇਜ਼ੀ,ਹਿੰਦੀ ਬੋਲਣ ਲਈ ਪ੍ਰੇਰਿਤ ਕਰਦੇ ਹਨ।ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਾਂ-ਬੋਲੀ ਨਾਲ਼ ਜੋੜੀ ਰੱਖਣ ਤਾਂ ਹੀ ਬੱਚਿਆਂ ਵਿੱਚ ਮਾਂ-ਬੋਲੀ ਪ੍ਰਤੀ ਹੀਣ ਭਾਵਨਾ ਪੈਦਾ ਨਹੀਂ ਹੋਵੇਗੀ। ਅੱਜ ਦੀ ਪੀੜ੍ਹੀ ਮਾਂ-ਬੋਲੀ ਪੰਜਾਬੀ ਭੁੱਲਦੀ ਜਾਂਦੀ, ਕਈਆਂ ਨੂੰ ਪੰਜਾਬੀ ਬੋਲਣ,ਲਿਖਣ ‘ਚ ਸ਼ਰਮ ਹੈ ਆਉਂਦੀ। ਇਸ ਨਾਲ ਵਿਤਕਰਾ ਕਰਕੇ ਕਿਧਰੇ ਇਸ ਤੋਂ ਵਿਸਰ ਨਾ ਜਾਈਏ, ਮਾਂ-ਬੋਲੀ ਪੰਜਾਬੀ ਸਾਡੀ ਇਸ ਤੋਂ ਸਦਕੇ ਜਾਈਏ।ਮਾਂ-ਬੋਲੀ ਦੇ ਨਾਲ-ਨਾਲ ਸਾਡੇ ਰਹਿਣ-ਸਹਿਣ,ਪਹਿਰਾਵੇ ਅਤੇ ਖੇਡਾਂ ਵਿੱਚ ਵੀ ਬਦਲਾਅ ਆ ਗਿਆ ਹੈ।ਅਜੋਕੇ ਸਮੇਂ ਵਿੱਚ ਬੱਚਿਆਂ,ਨੌਜਵਾਨਾਂ ਨੂੰ ਚੋਪੜ,ਕੋਟਲਾ ਛਪਾਕੀ,ਗੁੱਲੀ ਡੰਡਾ ਵਰਗੀਆਂ ਖੇਡਾਂ ਬਾਰੇ ਕੁਝ ਵੀ ਪਤਾ ਨਹੀਂ ਹੈ।ਪੁਰਾਤਨ ਯੁੱਗ ਦੇ ਪਹਿਰਾਵੇ ਤੇ ਆਧੁਨਿਕ ਯੁੱਗ ਦੇ ਪਹਿਰਾਵੇ ਵਿੱਚ ਢੇਰ ਸਾਰਾ ਅੰਤਰ ਆ ਗਿਆ ਹੈ।ਪਹਿਲਾ ਸਲਵਾਰ-ਕਮੀਜ਼ ਤੇ ਧੋਤੀ-ਕੁੜ੍ਹਤੇ,ਪੈਂਟ-ਕਮੀਜ਼ ਦਾ ਰਿਵਾਜ ਸੀ ਪਰ ਅੱਜਕੱਲ੍ਹ ਨੌਜਵਾਨ ਪੀੜ੍ਹੀ ਦਾ ਪਹਿਰਾਵਾ ਅੰਗਰੇਜ਼ੀ ਅਸਰ ਕਰਕੇ ਵੱਖਰੀ ਕਿਸਮ ਦਾ ਹੈ,ਉਨ੍ਹਾਂ ਲਈ ਪਹਿਰਾਵਾ ਇੱਕ ਹੁਨਰ ਬਣ ਗਿਆ ਹੈ।ਅਜਿਹੇ ਮਾਹੌਲ ਵਿੱਚ ਉਹ ਸੱਭਿਆਚਾਰ ਤੇ ਪੰਜਾਬੀ ਪਹਿਰਾਵੇ ਬਾਰੇ ਕਿੱਥੋਂ ਜਾਣੂੰ ਹੋਣਗੇ?ਅੱਜ ਰਹਿਣ-ਸਹਿਣ ਕਿੰਨਾ ਬਦਲ ਗਿਆ ਹੈ।ਸਾਂਝੇ ਪਰਿਵਾਰ ਟੁੱਟ ਰਹੇ ਹਨ,ਇਕੱਲਿਆਂ ਰਹਿਣਾ ਅੱਜਕਲ੍ਹ ਫੈਸ਼ਨ ਬਣ ਗਿਆ ਹੈ।ਕੋਈ ਪਰਿਵਾਰ ਬਜ਼ੁਰਗਾਂ ਦੀ ਗੱਲ ਨੂੰ ਨਹੀਂ ਸਹਾਰ ਸਕਦਾ।ਬਜ਼ੁਰਗਾਂ ਨੂੰ ਪਹਿਲਾ ਵਰਗਾ ਸਤਿਕਾਰ ਨਹੀਂ ਦਿੱਤਾ ਜਾਂਦਾ।ਅਜੋਕੇ ਸਮੇਂ ਵਿੱਚ ਲੋੜ ਹੈ ਜਾਗਰੂਕਤਾ ਦੀ,ਕਿਉਂਕਿ ਆਧੁਨਿਕ ਬਦਲਾਅ ਨੇ ਸਾਡੇ ਸੱਭਿਆਚਾਰ ਦੀ ਮਹੱਤਤਾ ਨੂੰ ਘਟਾ ਦਿੱਤਾ ਹੈ।ਜੇ ਅਸੀਂ ਆਪਣੇ ਸੱਭਿਆਚਾਰ ਨੂੰ ਆਉਣ ਵਾਲੀ ਪੀੜ੍ਹੀ ਨੂੰ ਸੌਪਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਸੱਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀਆਂ ਲਗਾਈਆ ਜਾਣ।ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਮੁੱਢਲੀ ਸਿੱਖਿਆ ਮਾਂ-ਬੋਲੀ ਵਿੱਚ ਦੇਵੇ।ਸੰਸਾਰ ਭਰ ਦੇ ਵਿਦਵਾਨ ਮੰਨਦੇ ਹਨ ਕਿ ਬੱਚੇ ਦੀ ਸ਼ਖ਼ਸੀਅਤ ਦਾ ਤਾਂ ਹੀ ਸਹੀ ਵਿਕਾਸ ਹੋਵੇਗਾ,ਜੇ ਉਨ੍ਹਾਂ ਦੀ ਮੁੱਢਲੀ ਸਿੱਖਿਆ ਮਾਂ-ਬੋਲੀ ਵਿੱਚ ਹੋਵੇਗੀ।ਜੇ ਇਸੇ ਤਰ੍ਹਾਂ ਅਸੀ ਸੱਭਿਆਚਾਰ ਨੂੰ ਵਿਸਾਰਦੇ ਗਏ ਤਾਂ ਇੱਕ ਦਿਨ ਅਸੀਂ ਆਪਣਾ ਸੱਭਿਆਚਾਰ ਪੱਛਮੀ ਪ੍ਰਭਾਵ ਹੇਠ ਗੁਆ ਕੇ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਵਾਂਗੇ।ਤਰੱਕੀ ਹਰ ਸਮਾਜ ਲਈ ਜ਼ਰੂਰੀ ਹੈ ਪਰ ਸਾਨੂੰ ਆਪਣਾ ਸੱਭਿਆਚਾਰ ਵੀ ਸੰਭਾਲ ਕੇ ਰੱਖਣਾ ਜ਼ਰੂਰੀ ਹੈ।ਕੋਈ ਦਰਖ਼ਤ ਆਪਣੀ ਜੜ੍ਹ ਤੋਂ ਉੱਖੜ ਕੇ ਵਧ ਫੁੱਲ ਨਹੀਂ ਸਕਦਾ ਤੇ ਨਾ ਹੀ ਕੋਈ ਪੰਛੀ ਟੁੱਟੇ ਖੰਭਾਂ ਨਾਲ ਪਰਵਾਜ ਭਰ ਸਕਦਾ ਹੈ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin