Articles Punjab

ਅੰਮ੍ਰਿਤਸਰ ਏਅਰਪੋਰਟ ‘ਤੇ ਇੰਰਨੈਸ਼ਨਲ ਯਾਤਰੀਆਂ ਦਾ ਰਿਕਾਰਡ ਤੋੜ ਵਾਧਾ !

ਅੰਮ੍ਰਿਤਸਰ ਏਅਰਪੋਰਟ 'ਤੇ ਇੰਰਨੈਸ਼ਨਲ ਯਾਤਰੀਆਂ ਦਾ ਰਿਕਾਰਡ ਤੋੜ ਵਾਧਾ !

ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਜਨਵਰੀ 2025 ‘ਚ ਕੌਮਾਂਤਰੀ ਯਾਤਰੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਆਵਾਜਾਈ ਦਰਜ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ। ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗਮਟਾਲਾ ਨੇ ਦੱਸਿਆ ਕਿ ਹਵਾਈ ਅੱਡੇ ਨੇ ਜਨਵਰੀ 2025 ‘ਚ ਹੁਣ ਤੱਕ ਦੀ ਸਭ ਤੋਂ ਵੱਧ 1.14 ਲੱਖ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 1.11 ਲੱਖ ਯਾਤਰੀਆਂ ਦੀ ਗਿਣਤੀ ਦਸੰਬਰ 2024 ਵਿੱਚ ਦਰਜ ਕੀਤੀ ਗਈ ਸੀ।

ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਘਰੇਲੂ ਆਵਾਜਾਈ ਵਿੱਚ ਵੀ ਕੁੱਲ 2.10 ਲੱਖ ਯਾਤਰੀਆਂ ਨਾਲ 19.5 ਫ਼ੀਸਦੀ ਦਾ ਵੱਡਾ ਵਾਧਾ ਹੋਇਆ ਹੈ। ਜਨਵਰੀ 2024 ਵਿੱਚ ਇਹ ਗਿਣਤੀ 1.76 ਲੱਖ ਯਾਤਰੀ ਦਰਜ ਹੋਈ ਸੀ ਅਤੇ ਹੁਣ ਜਨਵਰੀ ਦੇ ਮਹੀਨੇ ਕੁੱਲ ਯਾਤਰੀਆਂ ਦੀ ਗਿਣਤੀ ਲਗਪਗ 3.24 ਲੱਖ ਰਹੀ ਹੈ, ਜੋ 18.6 ਫ਼ੀਸਦ ਵੱਧ ਹੈ।

ਸਮੀਪ ਸਿੰਘ ਗਮਟਾਲਾਨੇ ਦੱਸਿਆ ਕਿ ਇਸ ਵਾਧੇ ਦਾ ਮੁੱਖ ਕਾਰਨ ਥਾਈ ਲਾਇਨ ਏਅਰ ਅਤੇ ਏਅਰ ਇੰਡੀਆ ਐਕਸਪ੍ਰੈਸ ਵਲੋਂ ਬੈਂਕਾਕ ਲਈ ਸਾਲ 2024 ਦੇ ਅੰਤ ਵਿੱਚ ਸ਼ੁਰੂ ਕੀਤੀਆਂ ਗਈਆਂ ਨਵੀਆਂ ਉਡਾਣਾਂ, ਏਅਰ ਇੰਡੀਆ ਦੀ ਬਰਮਿੰਘਮ, ਨਿਓਸ ਏਅਰ ਦੀ ਮਿਲਾਨ ਤੇ ਮਲੇਸ਼ੀਆ ਏਅਰਲਾਈਨ ਦੀ ਕੁਆਲਾਲੰਪੁਰ ਲਈ ਉਡਾਣਾਂ ਦੀ ਵਧਾਈ ਗਈ ਗਿਣਤੀ ਅਤੇ ਵਧੇਰੇ ਪੰਜਾਬੀਆਂ ਵੱਲੋਂ ਦਿੱਲੀ ਜਾਣ ਦੀ ਬਜਾਏ ਅੰਮ੍ਰਿਤਸਰ ਰਾਹੀਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਤਰਜੀਹ ਦੇਣਾ ਹੈ।

ਅੰਕੜਿਆਂ ਮੁਤਾਬਕ ਅੰਤਰਰਾਸ਼ਟਰੀ ਉਡਾਣਾਂ ਦੀ ਕੁੱਲ ਗਿਣਤੀ ਜਨਵਰੀ 2024 ਵਿੱਚ 510 ਤੋਂ 20.2 ਫ਼ੀਸਦੀ ਵਧ ਕੇ ਜਨਵਰੀ 2025 ਵਿੱਚ 610 ਹੋ ਗਈ। ਘਰੇਲੂ ਉਡਾਣਾਂ ਦੀ ਆਵਾਜਾਈ ਵਿੱਚ ਵੀ 16.4 ਫ਼ੀਸਦੀ ਦਾ ਇਜ਼ਾਫ਼ਾ ਹੋਇਆ ਹੈ। ਯਾਤਰੀਆਂ ਦੀ ਵਧ ਰਹੀ ਆਵਾਜਾਈ ਨੂੰ ਦੇਖਦਿਆਂ ਉਨ੍ਹਾਂ ਟਰਮੀਨਲ ਦੇ ਤੁਰੰਤ ਵਿਸਤਾਰ ਦੀ ਜ਼ਰੂਰਤ ਦੇ ਨਾਲ ਨਾਲ ਪਾਰਕਿੰਗ ਅਤੇ ਹੋਰ ਯਾਤਰੀ ਸੁਵਿਧਾਵਾਂ ਦੇ ਸੁਧਾਰ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਹੈ। ਉਨ੍ਹਾਂ ਨਿਰਾਸ਼ਾ ਜ਼ਾਹਰ ਕਰਦਿਆ ਕਿਹਾ ਕਿ ਰੋਜ਼ਾਨਾ 10,000 ਤੋਂ ਵੱਧ ਯਾਤਰੀ ਆਵਾਜਾਈ ਦੇ ਬਾਵਜੂਦ ਪੰਜਾਬ ਸਰਕਾਰ ਨੇ ਹਾਲੇ ਤੱਕ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਪੂਰੀ ਨਹੀਂ ਕੀਤੀ। ਬੱਸ ਸੇਵਾ ਸ਼ੁਰੂ ਹੋਣ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਵਾਈ ਅੱਡੇ ਤੱਕ ਪਹੁੰਚ ਆਸਾਨ ਅਤੇ ਸਸਤੀ ਹੋ ਸਕਦੀ ਹੈ।

ਅੰਮ੍ਰਿਤਸਰ ਹਵਾਈ ਅੱਡੇ ਤੋਂ ਇਸ ਵੇਲੇ ਲੰਡਨ, ਬਰਮਿੰਘਮ, ਮਿਲਾਨ, ਰੋਮ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ, ਕੁਆਲਾਲੰਪੁਰ, ਬੈਂਕਾਕ ਸਮੇਤ 10 ਅੰਤਰਰਾਸ਼ਟਰੀ ਅਤੇ 12 ਘਰੇਲੂ ਹਵਾਈ ਅੱਡਿਆਂ ਨਾਲ ਸਿੱਧਾ ਹਵਾਈ ਸੰਪਰਕ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin