Articles Magazine

ਅੰਮ੍ਰਿਤਸਰ ਏਅਰਪੋਰਟ ਦੇਸ਼-ਵਿਦੇਸ਼ ‘ਚ ਫਸੇ ਯਾਤਰੀਆਂ ਨੂੰ ਘਰੋ-ਘਰ ਪਹੁੰਚਾਉਣ ‘ਚ ਮੋਹਰੀ

 width=
ਲੇਖਕ: ਰਵਰੀਤ ਸਿੰਘ

ਮਾਰਚ 2020 ਦੇ ਅਖੀਰ ਵਿਚ ਜਦ ਭਾਰਤ ਸਰਕਾਰ ਨੇ ਪੂਰੇ ਦੇਸ਼ ਵਿਚ ਤਾਲਾਬੰਦੀ ਦੀ ਘੋਸ਼ਣਾ ਕੀਤੀ, ਤਾਂ ਹਜ਼ਾਰਾਂ ਵਿਦੇਸ਼ੀ ਨਾਗਰਿਕ ਪੂਰੇ ਦੇਸ਼ ਵਿਚ ਫਸ ਗਏ। ਕਈ ਮੁਲਕਾਂ ਨੇ ਆਪਣੇ ਨਾਗਰਿਕਾਂ ਦੀ ਘਰ ਵਾਪਸੀ ਲਈ ਵਿਸ਼ੇਸ਼ ਚਾਰਟਰ ਉਡਾਣਾਂ ਸ਼ੁਰੂ ਕੀਤੀਆਂ, ਜਿਨ੍ਹਾਂ ਵਿਚ ਕੈਨੇਡਾ, ਯੂ.ਕੇ., ਅਮਰੀਕਾ, ਹੋਲੈਂਡ ਆਦਿ ਸ਼ਾਮਲ ਸਨ।

ਯੂ.ਕੇ, ਕੈਨੇਡਾ, ਆਸਟਰੇਲੀਆ, ਮਲੇਸ਼ੀਆ ਅਤੇ ਹੋਰਨਾਂ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਹਨ। ਉਨ੍ਹਾਂ ਵਿਚੋਂ ਬਹੁਤੇ ਸਰਦੀਆਂ ਅਤੇ ਬਸੰਤ ਰੁੱਤ ਦੇ ਮਹੀਨਿਆਂ ਵਿਚ ਪੰਜਾਬ ਆਉਂਦੇ ਹਨ। ਤਾਲਾਬੰਦੀ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲੰਡਨ ਅਤੇ ਬਰਮਿੰਘਮ ਸਮੇਤ 9 ਪ੍ਰਮੁੱਖ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਨਾਲ ਜੁਡ਼ਿਆ ਹੋਇਆ ਸੀ। ਆਸਟਰੇਲੀਆ ਤੋਂ ਆਉਣ ਵਾਲੇ ਜ਼ਿਆਦਾਤਰ ਯਾਤਰੀਆਂ ਨੇ ਕੁਆਲਾਲੰਪੁਰ ਰਾਹੀਂ ਏਅਰ ਏਸ਼ੀਆ, ਮਾਲਿੰਦੋ ਏਅਰ ਜਾਂ ਸਿੰਗਾਪੁਰ ਰਾਹੀਂ ਸਕੂਟ ਏਅਰਲਾਇਂਸ ਰਾਹੀਂ ਵੀ ਸਿੱਧਾ ਪੰਜਾਬ ਆਏ ਹੋਏ ਸਨ। ਕਤਰ ਏਅਰ ਵੀ ਅੰਮ੍ਰਿਤਸਰ ਨੂੰ ਅਮਰੀਕਾ ਅਤੇ ਯੂਰਪ ਦੇ ਕਈ ਮੁਲਕਾਂ ਨਾਲ ਜੋਡ਼ਦੀ ਹੈ। ਬਹੁਤ ਹੀ ਘੱਟ ਨੋਟਿਸ ਉੱਤੇ ਤਾਲਾਬੰਦੀ ਨਾਲ ਵਿਦੇਸ਼ਾਂ ਤੋਂ ਆਏ ਹਜ਼ਾਰਾਂ ਪੰਜਾਬੀ ਵੀ ਇੱਥੇ ਫਸ ਗਏ।  ਪੂਰੀ ਤਾਲਾਬੰਦੀ ਹੋਣ ਦੇ ਬਾਵਜੂਦ ਵੀ ਗੁਰੁ ਕੀ ਨਗਰੀ ਅੰਮ੍ਰਿਤਸਰ ਦਾ ਹਵਾਈ ਅੱਡਾ ਅਤੇ ਇਸ ਦਾ ਸਟਾਫ਼ ਵਿਸ਼ੇਸ਼ ਉਡਾਣਾਂ ਦੇ ਸੰਚਾਲਨ ਵਿੱਚ ਰੁੱਝਿਆ ਰਿਹਾ।

ਸਭ ਤੋਂ ਪਹਿਲਾਂ ਮਲੇਸ਼ੀਆ ਦੀ ਮਲਿੰਡੋ ਏਅਰ ਨੇ ਹਵਾਈ ਅੱਡੇ ਤੋਂ ਕੁਆਲਾਲੰਪੁਰ ਲਈ ਪਹਿਲੀ ਵਿਸ਼ੇਸ਼ ਚਾਰਟਰ ਉਡਾਣ ਭਰੀ ਜਿਸ ਵਿਚ ਲਗਭਗ 180 ਮਲੇਸ਼ੀਆ ਨਿਵਾਸੀ ਅੰਮਿਤਸਰ ਤੋਂ ਆਪਣੇ ਘਰ ਪਹੁੰਚੇ। ਇਸ ਦੇ ਉਡਾਣ ਭਰਨ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਜਹਾਜ ਵਿਚ ਹੀ ਅਰਦਾਸ ਕੀਤੀ ਗਈ ਜਿਸ ਦੀ ਵੀਡੀਓ ਪੂਰੀ ਦੁਨੀਆਂ ਵਿਚ ਲੱਖਾਂ ਲੋਕਾਂ ਨੇ ਦੇਖੀ। ਇਸ ਤੋਂ ਤੁਰੰਤ ਬਾਅਦ ਹੀ ਕਈ ਹੋਰ ਦੇਸ਼ਾਂ ਨੇ ਅੰਮ੍ਰਿਤਸਰ ਤੋਂ ਵਿਸ਼ੇਸ਼ ਉਡਾਣਾਂ ਸ਼ੁਰੂ ਕੀਤੀਆਂ।

ਇੱਕ ਅਨੁਮਾਨ ਅਨੁਸਾਰ ਲਗਭਗ 15,000 ਤੋਂ ਵੱਧ ਯੂ.ਕੇ ਦੇ ਨਾਗਰਿਕ ਪੰਜਾਬ ਵਿੱਚ ਫਸੇ ਹੋਏ ਸਨ। ਉੱਥੋਂ ਦੀ ਸਰਕਾਰ ਨੇ ਅਪ੍ਰੈਲ ਦੇ ਦੂਜੇ ਹਫ਼ਤੇ ਅੰਮ੍ਰਿਤਸਰ ਤੋਂ ਤਿੰਨ ਉਡਾਣਾਂ ਸ਼ੁਰੂ ਕੀਤੀਆਂ। ਉਹਨਾਂ ਨੂੰ ਆਪਣੇ ਨਾਗਰਿਕਾਂ ਦੀ ਪੁਰਜੋਰ ਮੰਗ ਦੇ ਕਾਰਨ, ਹੋਰ ਉਡਾਣਾਂ ਦਾ ਪ੍ਰਬੰਧ ਕਰਨਾ ਪਿਆ। 1 ਅਪ੍ਰੈਲ ਤੋਂ 15 ਮਈ, 2020 ਤੱਕ ਬ੍ਰਿਟਿਸ਼ ਅਤੇ ਕਤਰ ਏਅਰਵੇਜ਼ ਦੁਆਰਾ ਸੰਚਾਲਤ ਕੀਤੀਆਂ ਗਈਆਂ 28  width=ਉਡਾਣਾਂ ਨੇ ਲਗਭਗ 8,279 ਸਵਾਰੀਆਂ ਨੂੰ ਆਪਣੇ ਘਰ ਪਹੁੰਚਾਇਆ।

ਬ੍ਰਿਟਿਸ਼ ਏਅਰਵੇਜ਼, ਯੂਕੇ ਦੀ ਪਹਿਲੀ ਐਸੀ ਏਅਰ ਲਾਈਨ ਸੀ ਜੋ ਕਿ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਸਿੱਧਾ ਅੰਮ੍ਰਿਤਸਰ ਉਤਰੀ। ਇਹੀ ਨਹੀਂ 10 ਸਾਲ ਤੋਂ ਬਾਦ ਲੰਡਨ ਹੀਥਰੋ ਅਤੇ ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਇਹ ਪਹਿਲੀ ਉਡਾਣ ਸੀ। ਏਅਰ ਇੰਡੀਆ ਨੇ ਅਕਤੂਬਰ 2010 ਵਿਚ ਆਪਣੀ ਅੰਮ੍ਰਿਤਸਰ-ਲੰਡਨ-ਟੋਰਾਂਟੋ ਸਿੱਧੀ ਉਡਾਣ ਨੂੰ ਮੁਅੱਤਲ ਕਰਕੇ ਦਿੱਲੀ ਰਾਹੀਂ ਸ਼ੁਰੂ ਕਰ ਦਿੱਤਾ ਸੀ।

ਜੱਦ ਇਹ ਉਡਾਣਾਂ ਚੱਲ ਰਹੀਆਂ ਸਨ ਤਾਂ ਪੰਜਾਬ ਫਸੇ ਕੈਨੇਡੀਅਨ ਵਸਨੀਕਾਂ ਦੁਆਰਾ ਵੀ ਅੰਮ੍ਰਿਤਸਰ ਤੋਂ ਹੀ ਕੈਨੇਡਾ ਲਈ ਸਿੱਧੀਆਂ ਉਡਾਣਾਂ ਦੀ ਮੰਗ ਆਪਣੀ ਸਰਕਾਰ ਅੱਗੇ ਰੱਖੀ ਗਈ। ਇਸ ਦਾ ਕਾਰਨ ਇਹ ਵੀ ਸੀ ਕਿ ਤਾਲਾਬੰਦੀ ਕਾਰਨ ਸਡ਼ਕੀ ਆਵਾਜਾਈ ਰਾਹੀਂ ਦਿੱਲੀ ਜਾਣਾ ਬਹੁਤ ਮੁਸ਼ਕਿਲ ਸੀ। ਸ਼ੁਰੂਆਤ ਵਿੱਚ, ਏਅਰ ਇੰਡੀਆ ਨੇ ਕੈਨੇਡੀਅਨ ਨਾਗਰਿਕਾਂ ਲਈ ਅੰਮ੍ਰਿਤਸਰ ਤੋਂ ਦਿੱਲੀ ਤੇ ਲੰਡਨ ਰਾਹੀਂ ਏਅਰ ਕੈਨੇਡਾ ਨਾਲ ਜੋਡ਼ ਕੇ ਵਿਸ਼ੇਸ਼ ਉਡਾਣਾਂ ਕੈਨੇਡਾ ਦੀ ਸਰਕਾਰ ਲਈ ਚਲਾਈਆਂ।

ਬਾਅਦ ਵਿਚ, ਕੈਨੇਡਾ ਦੇ ਹਾਈ ਕਮਿਸ਼ਨ ਨੇ ਕਤਰ ਏਅਰਵੇਜ਼ ਨਾਲ ਦੋਹਾ ਰਾਹੀਂ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੁਵਰ ਲਈ ਉਡਾਣਾਂ ਚਲਾਉਣ ਲਈ ਇਕ ਸਮਝੌਤਾ ਕੀਤਾ। ਕਤਰ ਏਅਰਵੇਜ਼ ਦੀਆਂ 20 ਅਤੇ ਏਅਰ ਇੰਡੀਆ ਦੀਆਂ ਕੁੱਲ 5 ਉਡਾਣਾਂ ਅੰਮ੍ਰਿਤਸਰ ਤੋਂ ਲਗਭਗ 7500 ਦੇ ਕਰੀਬ ਪੰਜਾਬ ਵਿੱਚ ਫਸੇ ਹੋਏ ਕੈਨੇਡਾ ਦੇ ਵਸਨੀਕਾਂ ਨੂੰ ਵਾਪਸ ਉਹਨਾਂ ਦੇ ਮੁਲਕ ਲੈ ਕੇ ਗਈਆਂ।

ਇਹ ਵੀ ਪਹਿਲੀ ਵਾਰ ਹੋਇਆ ਕਿ ਅਮਰੀਕਨ ਸਰਕਾਰ ਦੇ ਹਾਈ ਕਮਿਸ਼ਨ ਨੇ ਵੀ ਅੰਮ੍ਰਿਤਸਰ ਤੋਂ ਦਿੱਲੀ ਰਾਹੀਂ ਸੈਨ ਫ੍ਰਾਂਸਿਸਕੋ ਲਈ ਇਕ ਵਿਸ਼ੇਸ਼ ਉਡਾਣ ਦਾ ਪੰਬੰਧ ਕੀਤਾ, ਜਿਸ ਵਿਚ ਤਕਰੀਬਨ 97 ਯਾਤਰੀਆਂ ਨੂੰ ਯੂਨਾਈਟਿਡ ਏਅਰ ਲਾਈਨਜ਼ ਦੀ ਉਡਾਣ ਤੇ ਅੰਮ੍ਰਿਤਸਰ ਤੋਂ ਘਰ ਵਾਪਸ ਭੇਜਿਆ ਗਿਆ। ਏਅਰ ਇੰਡੀਆ ਨੇ ਯਾਤਰੀਆਂ ਦੀ ਅੰਮ੍ਰਿਤਸਰ ਤੋਂ ਦਿੱਲੀ ਦੀ ਯਾਤਰਾ ਵਿੱਚ ਸਹੂਲਤ ਕੀਤੀ।

ਇਸ ਤਾਲਾਬੰਦੀ ਕਾਰਨ ਕਈ ਵਿਦੇਸ਼ੀ ਵਿਦਿਆਰਥੀ ਜੋ ਪੰਜਾਬ ਦੇ ਕਾਲਜਾਂ ਅਤੇ ਯੁਨੀਵਰਸਿਟੀਆਂ ਵਿੱਚ ਪੜ੍ਹਦੇ ਹਨ ਇੱਥੇ ਹੀ ਫਸ ਗਏ ਸਨ। ਭੂਟਾਨ ਅਤੇ ਸ੍ਰੀਲੰਕਾ ਨੇ ਆਪਣੇ ਨਾਗਰਿਕਾਂ ਨੂੰ ਪੰਜਾਬ ਤੋਂ ਵਾਪਸ ਪਰਤਨ ਲਈ ਵਿਸ਼ੇਸ਼ ਉਡਾਣਾਂ ਚਲਾਈਆ। ਭੂਟਾਨ ਨੇ ਆਪਣੇ ਦੇਸ਼ ਦੀ ਡਰਕ ਏਅਰ ਦੁਆਰਾ ਸੰਚਾਲਿਤ ਉਡਾਣ ਵਿੱਚ ਆਪਣੇ ਲਗਭਗ 136 ਨਾਗਰਿਕਾਂ ਨੂੰ ਵਾਪਸ ਭੇਜਿਆ। ਸ੍ਰੀਲੰਕਾ ਨੇ ਆਪਣੇ ਲਗਭਗ 101 ਨਾਗਰਿਕਾਂ ਨੂੰ ਸ੍ਰੀਲੰਕਾ ਏਅਰ ਲਾਈਨਜ਼ ਦੁਆਰਾ ਚਲਾਈ ਗਈ ਉਡਾਣ ਵਿੱਚ ਵਾਪਸ ਆਪਣੇ ਮੁਲਕ ਪਹੁੰਚਾਇਆ।

ਜੇਕਰ ਅਪ੍ਰੈਲ ਤੇ ਮਈ ਮਹੀਨੇ ਵਿੱਚ ਸੰਚਾਲਤ ਇਹਨਾਂ ਉਡਾਣਾਂ ਦੇ ਅੰਕਡ਼ਿਆਂ ਦਾ ਵਿਸ਼ਲੇਸ਼ਨ ਕੀਤਾ ਜਾਵੇ ਤਾਂ ਅੰਮ੍ਰਿਤਸਰ ਤੋਂ ਕੁੱਲ 58 ਵਿਸ਼ੇਸ਼ ਉਡਾਣਾਂ ਗਈਆਂ ਸਨ ਜਿਨ੍ਹਾਂ ਤੇ ਤਕਰੀਬਨ 16,500 ਵਿਦੇਸ਼ੀ ਨਿਵਾਸੀਆਂ ਨੂੰ ਆਪਣੇ ਮੁਲਕ ਵਾਪਸ ਪਹੁੰਚਣ ਵਿੱਚ ਸਹਾਇਤਾ  width=ਮਿਲੀ। ਅੰਮ੍ਰਿਤਸਰ ਤੋਂ ਯੂ.ਕੇ. ਅਤੇ ਕੈਨੇਡਾ ਲਈ ਪੂਰੇ ਭਾਰਤ ਅਤੇ ਅਨੁਮਾਨ ਮੁਤਾਬਕ ਵਿਸ਼ਵ ਭਰ ਤੋਂ ਵੀ ਸਭ ਤੋਂ ਵੱਧ ਉਡਾਣਾਂ ਲਈ ਨੰਬਰ ਇਕ ਹਵਾਈ ਅੱਡਾ ਬਣ ਗਿਆ।

ਅੰਮ੍ਰਿਤਸਰ ਹਵਾਈ ਅੱਡੇ ਦਾ ਲੰਡਨ ਦੇ ਹੀਥਰੋ ਜਾਂ ਕੈਨੇਡਾ ਵਿਚ ਟੋਰਾਂਟੋ ਅਤੇ ਵੈਨਕੁਵਰ ਹਵਾਈ ਅੱਡਿਆਂ ਨਾਲ ਸਿੱਧਾ ਸੰਪਰਕ ਨਹੀਂ ਹੈ।  ਬਹੁਤ ਸਾਰੇ ਪੰਜਾਬੀ ਹੁਣ ਇਹ ਵੀ ਸਵਾਲ ਕਰ ਰਹੇ ਹਨ ਕਿ ਇਹ ਅੰਕਡ਼ੇ ਭਵਿੱਖ ਵਿਚ ਇੱਥੋਂ ਬ੍ਰਿਟਿਸ਼ ਏਅਰਵੇਜ਼, ਏਅਰ ਕਨੇਡਾ ਜਾਂ ਇੱਥੋਂ ਤਕ ਕਿ ਭਾਰਤ ਦੀਆਂ ਹਵਾਈ ਕੰਪਨੀਆਂ ਵਲੋਂ ਇਹਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਿੱਚ ਮਦਦਗਾਰ ਹੋਣਗੇ? ਏਅਰ ਇੰਡੀਆਂ ਵਲੋਂ ਆਪਣੀ ਦਿੱਲੀ-ਟੋਰਾਂਟੋ ਉਡਾਣ ਦਾ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਨਾਲ ਸਮਾਂ ਅਤੇ ਪੈਸੇ ਦੋਵਾਂ ਦੀ ਬਹੁਤ ਬਚਤ ਹੋਵੇਗੀ ਅਤੇ ਪੰਜਾਬ ਨੁੰ ਇਕ ਵੱਡਾ ਆਰਥਿਕ ਲਾਭ ਵੀ ਮਿਲੇਗਾ।

ਦੁਨੀਆਂ ਭਰ ਦੀਆਂ ਕਈ ਹਵਾਈ ਕੰਪਨੀਆਂ ਨੇ ਹਵਾਬਾਜੀ ਖੇਤਰ ਵਿਚ ਆਈ ਮੰਦੀ ਦੇ ਕਾਰਨ ਵੱਡੀ ਗਿਣਤੀ ਵਿਚ ਆਪਣੇ ਕਰਮਚਾਰੀਆਂ ਨੂੰ ਕੱਢ ਵੀ ਰਹੇ ਹਨ ਜਿਸ ਵਿਚ ਬ੍ਰਿਟਿਸ਼ ਏਅਰਵੇਜ਼ ਅਤੇ ਏਅਰ ਕੈਨੇਡਾ ਵੀ ਸ਼ਾਮਲ ਹੈ। ਕਈ ਹੋਰ ਏਅਰਲਾਈਨਾਂ ਵੀ ਇਸ ਮਹਾਂਮਾਰੀ ਤੋਂ ਆਪਨੇ ਆਪ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਜਦੋਂ ਸਥਿਤੀ ਆਮ ਬਣ ਜਾਵੇਗੀ, ਏਅਰਲਾਈਨਾਂ ਉਨ੍ਹਾਂ ਰੂਟਾਂ ‘ਤੇ ਧਿਆਨ ਕੇਂਦਰਤ ਕਰੇਗੀ ਜੋ ਉਨ੍ਹਾਂ ਲਈ ਸਭ ਤੋਂ ਵੱਧ ਫਾਇਦੇਮੰਦ ਹੋਣਗੇ।

ਬਹੁਤ ਸਾਰੀਆਂ ਹਵਾਬਾਜ਼ੀ ਸਲਾਹਕਾਰਾਂ ਕੰਪਨੀਆਂ ਦੇ ਅਨੁਸਾਰ, ਕੋਰੋਨਾ ਤੋਂ ਪਹਿਲਾਂ ਵਾਲੀ ਹਵਾਈ ਸਫਰ ਦੀ ਸਥਿਤੀ ਲਈ ਏਅਰਲਾਈਨਾਂ ਨੂੰ ਲਗਭਗ 2 ਸਾਲ ਲੱਗਣਗੇ। ਅਸੀਂ ਉਮੀਦ ਕਰ ਸਕਦੇ ਹਾਂ ਕਿ ਏਅਰ ਇੰਡੀਆ, ਬ੍ਰਿਟਿਸ਼ ਏਅਰਵੇਜ਼, ਏਅਰ ਕੈਨੇਡਾ ਵਰਗੀਆਂ ਵੱਡੀਆਂ ਹਵਾਈ ਕੰਪਨੀਆਂ ਭਵਿੱਖ ਵਿੱਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਭਰਨਗੀਆਂ। ਇਸ ਲਈ ਪੰਜਾਬ ਸਰਕਾਰ ਨੂੰ ਸੂਬੇ ਤੋਂ ਕਾਰਗੋ ਭੇਜਣ ਲਈ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਦੀ ਵੀ ਜਰੂਰਤ ਹੈ।

ਲੇਖਕ: ਰਵਰੀਤ ਸਿੰਘ, 16 ਸਾਲਾਂ ਦਾ ਨੌਜਵਾਨ ਹਵਾਬਾਜ਼ੀ ਵਿਚ ਬਹੁਤ ਦਿਲਚਸਪੀ ਰੱਖਦਾ ਹੈ। ਇਸ ਖੇਤਰ ਵਿੱਚ ਉਸਦਾ ਮੁੱਖ ਧਿਆਨ ਅੰਮ੍ਰਿਤਸਰ, ਪੰਜਾਬ ਨੂੰ ਵਿਸ਼ਵ ਨਾਲ ਜੋਡ਼ਨ ਲਈ ਯਤਨ ਕਰਨਾ ਹੈ। ਉਹ ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਦੀ ਟੀਮ ਦਾ ਵੀ ਮੈਂਬਰ ਹੈ, ਜੋ ਕਿ ਅੰਮ੍ਰਿਤਸਰ ਤੋਂ ਵਧੇਰੇ ਹਵਾਈ ਸੰਪਰਕ ਸ਼ੁਰੂ ਕਰਾਓਣ ਲਈ ਜਨਤਕ ਮੁਹਿੰਮ ਹੈ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin