
ਸੂਰਜ ਚੜਨ ਤੋਂ ਪਹਿਲਾਂ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਮੰਨਿਆ ਜਾਂਦਾ ਹੈ । ਅੰਮ੍ਰਿਤ ਵੇਲੇ ਦਾ ਜਾਗਣਾ ਤਨ ਤੇ ਮਨ ਦੌਹਾਂ ਤੇ ਪ੍ਰਭਾਵ ਪਾਉਂਦਾ ਹੈ । ਸਵੇਰੇ ਸਵਖਤੇ ਉਠੱਣ ਲਈ ਛੇ ਤੋਂ ਅੱਠ ਘੰਟੇ ਦੀ ਨੀਂਦ ਜਰੂਰੀ ਹੈ । ਰਾਤ ਨੂੰ ਸਮੇਂ ਸਿਰ ਸੌਣਾ ਤੇ ਸਵੇਰੇ ਸਮੇਂ ਸਿਰ ਉਠਣਾ ਸਿਹਤ ਲਈ ਕਾਫੀ ਅਹਿਮ ਹੈ।ਸਵਖਤੇ ਉਠੱਣਾ ਹਰ ਕਿਸੇ ਦੇ ਵੱਸ ਦੀ ਗਲ ਨਹੀਂ ਹੁੰਦੀ ਕਿਉਂਕਿ ਆਲਸ ਤੇ ਦਲਿਦਰਪੁਣਾ ਤਿਆਗ ਕੇ ਹੀ ਸਵੇਰੇ ਸਵਖਤੇ ਉਠਿਆ ਜਾ ਸਕਦਾ ਹੈ । ਪਹਿਲੇ ਸਮਿਆਂ ਵਿੱਚ ਘਰਾਂ ਵਿੱਚ ਸੁਆਣੀਆਂ ਅੰਮ੍ਰਿਤ ਵੇਲੇ ਉੱਠ ਕੇ ਦੁੱਧ ਰਿੜਕਦੀਆਂ, ਬਾਹਰ ਕੁਕੱੜ ਬਾਂਗਾਂ ਦਿੰਦੇ, ਖੇਤਾਂ ਨੂੰ ਜਾਂਦੇ ਬਲਦਾਂ ਦੀਆਂ ਟੱਲੀਆਂ ਦੀ ਆਵਾਜ ਅੰਮ੍ਰਿਤ ਵੇਲੇ ਵਿੱਚ ਸੰਗੀਤ ਦਾ ਰਸ ਘੋਲ ਦਿੰਦੀਆਂ ਭਾਵ ਸਵੇਰੇ ਜਲਦੀ ਉੱਠ ਕੇ ਰੌਜਮਰਾਂ ਦੇ ਕੰਮਾਂ ਨੂੰ ਤਰਜ਼ੀਹ ਦਿੱਤੀ ਜਾਂਦੀ । ਅੰਮ੍ਰਿਤ ਵੇਲੇ ਜਦੋਂ ਸਾਰੀ ਕਾਇਨਾਤ ਸੋਂ ਰਹੀ ਹੁੰਦੀ ਹੈ । ਚੁਫੇਰੇ ਚੁੱਪ ਦਾ ਪਸਾਰਾ, ਸ਼ੁੱਧ ਤੇ ਤਾਜ਼ੀ ਹਵਾ ਦੀ ਦਸਤਕ, ਉਸ ਵੇਲੇ ਦਿਮਾਗ ਵੀ ਸੋਂ ਕੇ ਤਰੋ-ਤਾਜ਼ਾ ਹੁੰਦਾ ਹੈ ਤੇ ਉਦੋਂ ਮਨ ਦੇ ਵਿਚਾਰਾਂ ਦਾ ਵੇਗ ਵੀ ਸਥਿਰ ਹੁੰਦਾ ਹੈ। ਉਸ ਵੇਲੇ ਦਾ ਜਾਗਣਾ, ਸਾਨੂੰ ਸਰੀਰਕ ਤੇ ਮਾਨਸਿਕ ਪੱਖੋ ਵੀ ਮਜ਼ਬੂਤ ਬਣਾਉਂਦਾ ਹੈ । ਸੁਭਾ ਦੀ ਸੈਰ, ਯੋਗਾ ਜਾਂ ਕਸਰਤ ਸਰੀਰ ਲਈ ਭਰਪੂਰ ਫਾਇਦੇਮੰਦ ਹੁੰਦੀ ਹੈ ਇਸ ਨਾਲ ਸਰੀਰ ਦਿਨ ਭਰ ਲਈ ਚੁੱਸਤ ਤੇ ਦਰੁੱਸਤ ਰਹਿੰਦਾ ਹੈ। ਘਰ ਦੇ ਕੰਮ-ਕਾਰ ਵੀ ਸਮੇਂ ਸਿਰ ਸਿਮਟ ਜਾਂਦੇ ਹਨ।ਸਮੇਂ ਦੀ ਬਚੱਤ ਦੇ ਨਾਲ ਛੋਟੇ ਮੋਟੇ ਰੋਗਾਂ ਤੋਂ ਵੀ ਮੁਕਤੀ ਮਿਲਦੀ ਹੈ । ਸਵੇਰੇ ਦੀ ਕੀਤੀ ਸੈਰ ਜਾਂ ਕਸਰਤ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤਣਾਅ ਤੋਂ ਵੀ ਬਚਾਉਂਦੀ ਹੈ।ਤਣਾਅ ਮੁਕਤੀ ਨਾਲ ਸੁੰਦਰਤਾ ‘ਚ ਵੀ ਵਾਧਾ ਹੁੰਦੀ ਹੈ ।