Articles Australia & New Zealand

ਅੱਜ ਟਸਮਾਨੀਆ ਵਿੱਚ 16 ਮਹੀਨਿਆਂ ‘ਚ ਦੂਜੀ ਵਾਰ ਵੋਟਾਂ ਪੈ ਰਹੀਆਂ !

ਲਿਬਰਲ ਦੇ ਨੇਤਾ ਜੇਰੇਮੀ ਰੌਕਲਿਫ (ਖੱਬੇ) ਅਤੇ ਲੇਬਰ ਦੇ ਨੇਤਾ ਡੀਨ ਵਿੰਟਰ ਦੂਜੀ ਵਾਰ ਟਸਮਾਨੀਆ ਦੀਆਂ ਸਟੇਟ ਚੋਣਾਂ ਦੇ ਵਿੱਚ ਕਿਸਮਤ ਅਜ਼ਮਾਈ ਕਰ ਰਹੇ ਹਨ ਜਦਕਿ ਚੋਣ ਸਰਵੇਖਣਾਂ ਦੇ ਵਿੱਚ ਇੱਕ ਵਾਰ ਫਿਰ ਲਟਕਵੀਂ ਸੰਸਦ ਦੀ ਭਵਿੱਖਬਾਣੀ ਕੀਤੀ ਗਈ ਹੈ।

ਅੱਜ ਟਸਮਾਨੀਆ ਦੇ ਵਿੱਚ ਵੋਟਾਂ ਦੇ ਲਈ ਵੋਟਿੰਗ ਵਾਲੇ ਦਿਨ 256 ਵੋਟਿੰਗ ਸਥਾਨ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿਣਗੇ। ਯੋਗ ਵੋਟਰਾਂ ਲਈ ਵੋਟਿੰਗ ਵਾਲੇ ਦਿਨ ਟੈਲੀਫੋਨ ਰਾਹੀਂ ਵੋਟਿੰਗ ਉਪਲਬਧ ਹੈ। ਡਾਕ ਰਾਹੀਂ ਵੋਟ ਪਾਉਣ ਵਾਲੇ ਵੋਟਰਾਂ ਨੂੰ ਆਪਣੇ ਬੈਲਟ ਪੇਪਰ ਨੂੰ ਪੂਰਾ ਕਰਕੇ ਸ਼ਾਮ 6 ਵਜੇ ਤੋਂ ਪਹਿਲਾਂ ਪੋਸਟ ਕਰਨੀ ਹੋਵੇਗੀ।

ਟਸਮਾਨੀਆ ਵਿੱਚ ਪੰਜ ਡਿਵੀਜ਼ਨ ਹਨ: ਬਾਸ, ਬ੍ਰੈਡਨ, ਕਲਾਰਕ, ਫਰੈਂਕਲਿਨ ਅਤੇ ਲਿਓਨਜ਼। ਚਾਰ ਸਾਲਾਂ ਤੱਕ ਦੀ ਮਿਆਦ ਲਈ ਹਰੇਕ ਡਿਵੀਜ਼ਨ ਦੀ ਨੁਮਾਇੰਦਗੀ ਕਰਨ ਲਈ ਸੱਤ ਮੈਂਬਰ ਚੁਣੇ ਜਾਣਗੇ। ਟਸਮਾਨੀਆ ਦੀ ਸੰਸਦ ਦੇ ਹੇਠਲੇ ਸਦਨ ਵਿੱਚ 35 ਸੀਟਾਂ ਹਨ। ਜੇਕਰ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੀ ਪਾਰਟੀ 18 ਜਾਂ ਵੱਧ ਸੀਟਾਂ ਜਿੱਤ ਜਾਂਦੀ ਹੈ ਤਾਂ ਉਹ ਬਹੁਮਤ ਵਾਲੀ ਸਰਕਾਰ ਵਿੱਚ ਸ਼ਾਸਨ ਕਰਨ ਲਈ ਯੋਗ ਹੋ ਜਾਂਦੀ ਹੈ।

ਅੱਜ ਸ਼ਨੀਵਾਰ ਨੂੰ ਕੁੱਲ ਮਿਲਾ ਕੇ 161 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚੋਂ 91 ਸੰਭਾਵੀ ਕਰਾਸਬੈਂਚਰ ਹਨ। ਗ੍ਰੀਨਜ਼ ਪੰਜ ਸੀਟਾਂ ਵਿੱਚੋਂ ਹਰੇਕ ‘ਤੇ ਸੱਤ ਉਮੀਦਵਾਰ ਚੋਣ ਲੜ ਰਹੇ ਹਨ, ਭਾਵ 56 ਉਮੀਦਵਾਰ ਆਜ਼ਾਦ ਜਾਂ ਨੈਸ਼ਨਲਜ਼ ਅਤੇ ਸ਼ੂਟਰਜ਼, ਫਿਸ਼ਰਜ਼ ਅਤੇ ਫਾਰਮਰਜ਼ ਪਾਰਟੀ ਲਈ ਚੋਣ ਲੜ ਰਹੇ ਹਨ।

ਟਸਮਾਨੀਆ ਦੇ ਪ੍ਰੀਮੀਅਰ ਜੇਰੇਮੀ ਰੌਕਲਿਫ ਵਿੱਚ ਅਵਿਸ਼ਵਾਸ ਪ੍ਰਗਟਾਏ ਜਾਣ ਤੋਂ ਬਾਅਦ ਸੂਬੇ ਦੇ ਲੋਕ 16 ਮਹੀਨਿਆਂ ਵਿੱਚ ਦੂਜੀ ਵਾਰ ਅੱਜ ਫਿਰ ਵੋਟਾਂ ਪਾਉਣ ਜਾ ਰਹੇ ਹਨ। ਅੱਜ ਹੋ ਰਹੀ ਚੋਣ ਬਹੁਤ ਸਾਰੇ ਟਸਮਾਨੀਆ ਵਾਸੀਆਂ ਲਈ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਚੌਥੀ ਹੈ। ਪਿਛਲੀ ਵਾਰ ਸੂਬਾਈ ਚੋਣ ਮਾਰਚ 2024 ਵਿੱਚ ਹੋਈ ਸੀ, ਲੋਕਾਂ ਨੇ 3 ਮਈ ਨੂੰ ਫੈਡਰਲ ਚੋਣਾਂ ਲਈ ਵੋਟਾਂ ਪਾਈਆਂ ਸਨ, ਅਤੇ 24 ਮਈ ਨੂੰ ਕਈ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੀ ਗਈ ਸੀ। ਇੱਕ ਵਿਲੱਖਣ ਚੋਣ ਪ੍ਰਣਾਲੀ ਅਤੇ ਨੇੜਲੇ ਭਵਿੱਖ ਵਿੱਚ ਵੋਟਰਾਂ ਲਈ ਪੰਜਵੀਂ ਚੋਣ ਦੇ ਜੋਖਮ ਦੇ ਨਾਲ ਜੇਕਰ ਅੱਜ ਦੀ ਵੋਟਿੰਗ ਕੋਈ ਸਪੱਸ਼ਟ ਨਤੀਜਾ ਨਹੀਂ ਦਿੰਦੀ ਹੈ, ਤਾਂ ਇਸ ਚੋਣ ਦਾ ਸੂਬੇ ਦੇ ਭਵਿੱਖ ‘ਤੇ ਵੱਡਾ ਪ੍ਰਭਾਵ ਪਵੇਗਾ।

ਸੂਬੇ ਦੇ ਲੇਬਰ ਨੇਤਾ ਡੀਨ ਵਿੰਟਰ ਨੇ ਜੂਨ ਮਹੀਨੇ ਦੇ ਵਿੱਚ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ, ਜਿਸ ਵਿੱਚ ਨਵੇਂ ਸਪਿਰਿਟ ਆਫ਼ ਟਸਮਾਨੀਆ ਜਹਾਜ਼ਾਂ ਦੇ ਅਸਫਲ ਰੋਲ ਆਊਟ, ਬਜਟ ਦੀ ਸਥਿਤੀ ਅਤੇ ਵਿਵਾਦਪੂਰਨ ਮੈਕਵੇਰੀ ਪੁਆਇੰਟ ਸਟੇਡੀਅਮ ਪ੍ਰੋਜੈਕਟ ਨੂੰ ਪ੍ਰੀਮੀਅਰ ਰੌਕਲਿਫ ਦੀ ਅਸਫਲ ਲੀਡਰਸ਼ਿਪ ਦੀਆਂ ਉਦਾਹਰਣਾਂ ਵਜੋਂ ਦਰਸਾਇਆ ਗਿਆ ਸੀ। ਇਹ ਬੇ-ਭਰੋਸੇ ਦਾ ਮਤਾ 18-17 ਵੋਟਾਂ ਨਾਲ ਪਾਸ ਹੋ ਗਿਆ, ਜਿਸ ਵਿੱਚ ਸਪੀਕਰ ਅਤੇ ਲੇਬਰ ਸੰਸਦ ਮੈਂਬਰ ਮਿਸ਼ੇਲ ਓ’ਬਾਇਰਨ ਨੇ ਹੱਕ ਵਿੱਚ ਵੋਟ ਦਿੱਤੀ ਸੀ। ਪਿਛਲੀਆਂ ਦੋ ਚੋਣਾਂ ਦੇ ਵਿੱਚ ਟਸਮਾਨੀਆ ਦੀ ਰਾਜਨੀਤੀ ਉੱਤੇ ਮੈਕਵੇਰੀ ਪੁਆਇੰਟ ਸਟੇਡੀਅਮ ਦਾ ਮੁੱਦਾ ਭਾਰੂ ਰਿਹਾ ਹੈ। ਇੱਕ ਟਸਮਾਨੀਆ ਟੀਮ ਦੇ ਏਐਫਐਲ ਵਿੱਚ ਦਾਖਲੇ ਲਈ ਮੈਕਵੇਰੀ ਪੁਆਇੰਟ ਸਟੇਡੀਅਮ ਇੱਕ ਮੁੱਖ ਸ਼ਰਤ ਹੈ ਅਤੇ ਨਵੇਂ ਸਟੇਡੀਅਮ ਦੀ ਸੰਭਾਵਿਤ ਲਾਗਤ 1 ਬਿਲੀਅਨ ਡਾਲਰ ਤੋਂ ਵੱਧ ਹੈ ਜੋ ਇੱਕ ਵਿਵਾਦ ਦਾ ਵਿਸ਼ਾ ਰਹੀ ਹੈ। ਲੇਬਰ ਲੀਡਰ ਦੇ ਬੇਭਰੋਸਗੀ ਮਤੇ ਵਿੱਚ ਸਰਕਾਰ ਵੱਲੋਂ ਦੋ ਨਵੀਆਂ ਸਪਿਰਿਟ ਆਫ਼ ਟਸਮਾਨੀਆ ਫੈਰੀਆਂ ਦੇ ਪ੍ਰਬੰਧਨ ਵਿੱਚ ਹੋਈ ਬੇਧਿਆਨੀ ਦਾ ਹਵਾਲਾ ਦਿੱਤਾ ਗਿਆ ਸੀ, ਜਿਨ੍ਹਾਂ ਦਾ 2024 ਵਿੱਚ ਕੰਮ ਸ਼ੁਰੂ ਹੋਣਾ ਸੀ ਪਰ ਇਹ ਹਾਲੇ ਤੱਕ ਆਸਟ੍ਰੇਲੀਆ ਨਹੀਂ ਪਹੁੰਚੀਆਂ। ਬੇਭਰੋਸਗੀ ਮਤੇ ਵਿੱਚ ਸੂਬੇ ਦਾ ਬਜਟ ਵੀ ਸੀ ਜੋ 2028-29 ਵਿੱਤੀ ਸਾਲ ਵਿੱਚ 10.8 ਬਿਲੀਅਨ ਡਾਲਰ ਦਾ ਕਰਜ਼ਾ ਹੋ ਜਾਣ ਦੀ ਭਵਿੱਖਬਾਣੀ ਵੀ ਕੀਤੀ ਸੀ। ਇਸਨੂੰ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਭੈੜੇ ਬਜਟ ਦਾ ਖਿਤਾਬ ਮਿਲਿਆ।

ਤਾਜ਼ਾ ਚੋਣ ਸਰਵੇਖਣ ਦੇ ਵਿੱਚ ਲਿਬਰਲ ਪਾਰਟੀ ਨੂੰ ਲੇਬਰ ਪਾਰਟੀ ਉੱਤੇ 34.9 ਫੀਸਦੀ ਦੇ ਮੁਕਾਬਲੇ 24.7 ਫੀਸਦੀ ਵੋਟਾਂ ਦੀ ਲੀਡ ਦਿੰਦਾ ਦਿਖਾਇਆ ਗਿਆ ਹੈ। ਤਾਜ਼ਾ ਸਰਵੇਖਣ ਦਰਸਾਉਂਦਾ ਹੈ ਕਿ ਲਿਬਰਲਾਂ ਨੂੰ 35 ਮੈਂਬਰੀ ਸੰਸਦ ਵਿੱਚ ਸਭ ਤੋਂ ਵੱਧ ਸੀਟਾਂ ਮਿਲਣਗੀਆਂ, ਪਰ ਉਹ ਹਾਲੇ ਵੀ ਬਹੁਮਤ ਤੋਂ ਘੱਟ ਹੀ ਰਹਿਣਗੇ। ਇੱਕ ਹੋਰ ਘੱਟ ਗਿਣਤੀ ਸਰਕਾਰ ਅਤੇ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਵਾਲੇ ਰਾਜਨੀਤਿਕ ਮੁੱਦਿਆਂ ਦੇ ਖਤਮ ਨਾ ਹੋਣ ਦੇ ਨਾਲ, ਟਸਮਾਨੀਆ ਦੇ ਲੋਕਾਂ ਨੂੰ ਫਿਰ ਦੁਬਾਰਾ ਚੋਣਾਂ ਦਾ ਸ੍ਹਾਮਣਾ ਕਰਨਾ ਪੈ ਸਕਦਾ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin