ਅੱਜ ਫਲਸਤੀਨ ਪੱਖੀ ਰੋਸ ਮਾਰਚ ਕਾਰਣ ਸਿਡਨੀ ਹਾਰਬਰ ਬ੍ਰਿਜ ਸਵੇਰੇ 11:30 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹੇਗਾ। ਫਲਸਤੀਨੀ ਸਮਰਥਕਾਂ ਨੂੰ ਲੈਂਗ ਪਾਰਕ ਵਿਖੇ ਇਕੱਠੇ ਹੋਣ ਅਤੇ ਹਾਰਬਰ ਬ੍ਰਿਜ ਪਾਰ ਕਰਕੇ ਮਿਲਸਨ ਪੁਆਇੰਟ ਦੇ ਬ੍ਰੈਡਫੀਲਡ ਪਾਰਕ ਵਿੱਚ ਮਾਰਚ ਨੂੰ ਸਮਾਪਤ ਕਰਨ ਲਈ ਕਿਹਾ ਗਿਆ ਹੈ। ਇਸ ਪ੍ਰਦਰਸ਼ਨ ਕਰਕੇ ਸਿਡਨੀ ਦੀਆਂ ਮੁੱਖ ਸੜਕਾਂ ‘ਤੇ ਦੇਰੀ ਵੀ ਹੋ ਸਕਦੀ ਹੈ ਅਤੇ ਜਨਤਕ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।
ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਦੇ ਵਲੋਂ ਸਿਡਨੀ ਹਾਰਬਰ ਬ੍ਰਿਜ ਉਪਰ ਅੱਜ ਐਤਵਾਰ ਨੂੰ ਫਲਸਤੀਨ ਪੱਖੀ ਰੋਸ ਮਾਰਚ ਕਰਨ ਨੂੰ ਇਜਾਜ਼ਤ ਦੇਣ ਕਰਕੇ, ਸਿਡਨੀ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਜੋੜਨ ਵਾਲਾ ਇਹ ਮੁੱਖ-ਮਾਰਗ ਅੱਜ ਦੁਪਹਿਰ ਤੋਂ ਸ਼ਾਮ ਤੱਕ ਕਈ ਘੰਟਿਆਂ ਲਈ ਬੰਦ ਰਹੇਗਾ। ਕੋਰਟ ਦੇ ਇਸ ਇਤਿਹਾਸਕ ਫੈਸਲੇ ਦੇ ਨਾਲ ਰੋਸ ਪ੍ਰਦਰਸ਼ਨ ਦੇ ਪ੍ਰਬੰਧਕ ਜਿਥੇ ਪੂਰੇ ਉਤਸ਼ਾਹ ਦੇ ਵਿੱਚ ਹਨ, ਉਥੇ ਹੀ ਇਸ ਪ੍ਰਦਰਸ਼ਨ ਨਾਲ ਨਜਿੱਠਣ ਦੇ ਲਈ ਪੁਲਿਸ ਅਤੇ ਨਿਊ ਸਾਊਥ ਵੇਲਜ਼ ਪ੍ਰਸ਼ਾਸਨ ਨੂੰ ਵੱਡੀ ਸਿਰਦਰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ-ਨਾਲ ਆਮ ਲੋਕਾਂ ਅਤੇ ਯਾਤਰੀਆਂ ਨੂੰ ਅੱਜ ਵੱਡੀਆਂ ਮੁਸ਼ਕਲਾਂ ਦਾ ਵੀ ਸ੍ਹਾਮਣਾ ਕਰਨਾ ਪਵੇਗਾ।
ਗਾਜ਼ਾ ਵਿੱਚ ਚੱਲ ਰਹੀ ਜੰਗ ਦੌਰਾਨ ਫਲਸਤੀਨੀਆਂ ਦੇ ਸਮਰਥਨ ਵਿੱਚ ਸਿਡਨੀ ਹਾਰਬਰ ਬ੍ਰਿਜ ‘ਤੇ ਮਾਰਚ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕਰਨ ਤੋਂ ਬਾਅਦ, ਨਿਊ ਸਾਊਥ ਵੇਲਜ਼ ਪੁਲਿਸ ਦੁਆਰਾ ਸੁਰੱਖਿਆ ਚਿੰਤਾਵਾਂ ਦੇ ਕਾਰਣ ਇਸ ਰੋਸ ਮਾਰਚ ਨੂੰ ਇਜਾਜ਼ਤ ਨਾ ਦਿੱਤੇ ਜਾਣ ਤੋਂ ਬਾਅਦ, ਫਲਸਤੀਨ ਐਕਸ਼ਨ ਗਰੁੱਪ ਨੇ ਪੁਲਿਸ ਦੇ ਇਸ ਫੈਸਲੇ ਦੇ ਖਿਲਾਫ਼ ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਸੀ।
ਜਸਟਿਸ ਬੇਲੰਿਡਾ ਰਿਗ ਨੇ ਇਸ ਸਬੰਧੀ ਨਿਊ ਸਾਊਥ ਵੇਲਜ਼ ਪੁਲਿਸ ਅਤੇ ਫਲਸਤੀਨ ਐਕਸ਼ਨ ਗਰੁੱਪ ਦੇ ਇੱਕ ਪ੍ਰਬੰਧਕ ਜੋਸ਼ ਲੀਸ ਦੀਆਂ ਦਲੀਲਾਂ ਨੂੰ ਵਿਸਥਾਰ ਦੇ ਵਿੱਚ ਸੁਣਿਆ। ਇਸ ਤੋਂ ਬਾਅਦ ਜਸਟਿਸ ਬੇਲੰਿਡਾ ਰਿਗ ਨੇ ਸ਼ਨੀਵਾਰ ਨੂੰ ਪੁਲਿਸ ਕਮਿਸ਼ਨਰ ਦੀ ਇਨਜੰਕਸ਼ਨ ਆਰਡਰ ਦੀ ਅਰਜ਼ੀ ਨੂੰ ਰੱਦ ਕਰਦਿਆਂ ਮਾਰਚ ਕਰਨ ਦੀ ਇਜਾਜ਼ਤ ਦੇ ਦਿੱਤੀ। ਕੋਰਟ ਨੇ ਇਹ ਵੀ ਕਿਹਾ ਕਿ “ਇਹ ਹੁਕਮ ਲੋਕਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਹਿੱਸਾ ਲੈਣ ਤੋਂ ਨਹੀਂ ਰੋਕੇਗਾ, ਪਰ ਇਸਦਾ ਮਤਲਬ ਇਹ ਹੋਵੇਗਾ ਕਿ ਜੋ ਲੋਕ ਸ਼ਾਮਲ ਹੋਣਗੇ ਉਹ ਸੜਕਾਂ ਜਾਂ ਆਵਾਜਾਈ ਨੂੰ ਰੋਕਣ ਵਰਗੇ ਅਪਰਾਧਾਂ ਤੋਂ ਸੁਰੱਖਿਅਤ ਨਹੀਂ ਰਹਿਣਗੇ।”
ਅੱਜ ਐਤਵਾਰ ਸਵੇਰੇ ਮੀਡੀਆ ਨਾਲ ਗੱਲ ਕਰਦੇ ਹੋਏ ਨਿਊ ਸਾਊਥ ਵੇਲਜ਼ ਪੁਲਿਸ ਦੇ ਐਕਟਿੰਗ ਅਸਿਸਟੈਂਟ ਕਮਿਸ਼ਨਰ ਐਡਮ ਜੌਹਨਸਨ ਨੇ ਦੱਸਿਆ ਹੈ ਕਿ, “ਵਿਰੋਧ ਪ੍ਰਦਰਸ਼ਨ ਦੌਰਾਨ ਭੀੜ ਦੀਆਂ ਚਿੰਤਾਵਾਂ ਦੇ ਨਾਲ ਨਜਿੱਠਣ ਦੇ ਲਈ ਸਿਡਨੀ ਭਰ ਤੋਂ ਸੈਂਕੜੇ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ, ਜੋਖਮ ਇਹ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਤੋਂ ਅਸੀਂ ਅਣਜਾਣ ਹਾਂ, ਦਸ ਹਜ਼ਾਰ, ਪੰਜਾਹ ਹਜ਼ਾਰ, ਇੱਕ ਲੱਖ, ਸਾਨੂੰ ਸੱਚਮੁੱਚ ਕੁੱਝ ਨਹੀਂ ਪਤਾ। ਅਸੀਂ ਫਲਸਤੀਨ ਐਕਸ਼ਨ ਗਰੁੱਪ ਦੇ ਕੋਆਰਡੀਨੇਟਰ ਜੋਸ਼ ਲੀਸ ਨਾਲ ਇਸ ਮਾਰਚ ਦੇ ਜ਼ੋਖਮ ਨੂੰ ਘੱਟ ਕਰਨ ਲਈ ਕੁੱਝ ਚੀਜ਼ਾਂ ਰੱਖੀਆਂ ਹਨ। ਪੁਲਿਸ ਕਿਸੇ ਨੂੰ ਵੀ ਯੋਜਨਾਬੱਧ ਕਾਰਵਾਈ ਨੂੰ ਕਾਨੂੰਨ ਤੋੜਨ ਦੇ ਬਹਾਨੇ ਵਜੋਂ , ਵਰਤਣ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਮੈਂ ਪੁਲਿਸ ਨੂੰ ਹਮੇਸ਼ਾ ਵਾਂਗ ਵਾਜਬ ਅਤੇ ਸੰਜਮ ਵਰਤਣ ਲਈ ਕਿਹਾ ਹੈ ਪਰ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਹੈ ਕਿ ਪੁਲਿਸ ਦੀਆਂ ਹਦਾਇਤਾਂ ਨੂੰ ਜਰੂਰ ਸੁਣੋ। ਸੈਂਕੜੇ ਅਧਿਕਾਰੀ ਇੱਕ ਸੁਰੱਖਿਅਤ ਵਿਰੋਧ ਪ੍ਰਦਰਸ਼ਨ ਦੀ ਸਹੂਲਤ ਲਈ ਮੌਜੂਦ ਹੋਣਗੇ, ਪਰ ਜੇਕਰ ਕੋਈ ਸਮਾਜ-ਵਿਰੋਧੀ ਵਿਵਹਾਰ ਜਾਂ ਜਨਤਕ ਸੁਰੱਖਿਆ ਲਈ ਖ਼ਤਰਾ ਹੁੰਦਾ ਹੈ ਤਾਂ ਉਹ ਕਾਰਵਾਈ ਕਰਨ ਤੋਂ ਝਿਜਕਣਗੇ ਨਹੀਂ।”
ਸਹਾਇਕ ਕਮਿਸ਼ਨਰ ਜੌਹਨਸਨ ਅਤੇ ਟ੍ਰਾਂਸਪੋਰਟ ਫਾਰ ਨਿਊ ਸਾਊਥ ਵੇਲਜ਼ ਅਪਰੇਸ਼ਨਜ਼ ਮੈਨੇਜਮੈਂਟ ਦੇ ਡਾਇਰੈਕਟਰ ਕ੍ਰੇਗ ਮੋਰੇਨ ਨੇ ਸਾਂਝੇ ਤੌਰ ‘ਤੇ ਚੇਤਾਵਨੀ ਦਿੱਤੀ ਹੈ ਕਿ, “ਅੱਜ ਸਿਡਨੀ ਸ਼ਹਿਰ ਦੀ ਆਵਾਜਾਈ ਵਿਵਸਥਾ ਉਪਰ ਦਬਾਅ ਰਹੇਗਾ। ਨੌਰਥ ਸਿਡਨੀ ਤੋਂ ਹਰੇਕ ਘੰਟੇ ਛੇ ਰੇਲਗੱਡੀਆਂ ਚੱਲਣਗੀਆਂ ਪਰ ਮੈਟਰੋ ਬੰਦ ਹੋਣ ਨਾਲ ਆਵਾਜਾਈ ਸੇਵਾਵਾਂ ‘ਤੇ ਬਹੁਤ ਭੀੜ ਹੋਣ ਦੀ ਉਮੀਦ ਹੈ। ਸਾਡਾ ਮੁੱਖ ਮੁੱਦਾ ਇਹ ਹੈ ਕਿ ਅਸੀਂ ਲੋਕਾਂ ਨੂੰ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣ ਲਈ ਉਤਸ਼ਾਹਿਤ ਕਰ ਰਹੇ ਹਾਂ। ਇਸ ਹਾਲਤ ਦੇ ਵਿੱਚ ਪ੍ਰਦਰਸ਼ਨ ਦੇ ਕਾਰਣ ਕਿਉਂਕਿ ਜਿਆਦਾਤਰ ਲੋਕ ਬੱਸਾਂ ਰਾਹੀਂ ਯਾਤਰਾ ਕਰਨ ਤੋਂ ਬਚਣਗੇ, ਇਸ ਕਰਕੇ ਅੱਜ ਦੁਪਹਿਰ ਰੇਲਗੱਡੀਆਂ ਦੇ ਵਿੱਚ ਬਹੁਤ ਜਿਆਦਾ ਭੀੜ ਹੋਵੇਗੀ।”