Articles

ਅੱਜ 26 ਜਨਵਰੀ ‘ਤੇ ਵਿਸ਼ੇਸ਼

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਕਿਸਾਨ ਅੰਦੋਲਨ – ਇਸ ਵੇਲੇ ਜੋਸ਼ ਤੇ ਹੋਸ਼ ਦੀ ਸਹੀ ਵਰਤੋਂ ਦੀ ਸਮਾਂ।
ਅੱਜ 26 ਜਨਵਰੀ ਹੈ, ਇਹ ਉਹ ਦਿਨ ਹੈ ਜਿਸ ਦਿਨ 1950 ਚ ਦੇਸ਼ ਦਾ ਸੰਵਿਧਾਨ ਵਾਂਗੂ ਹੋਇਆ ਸੀ, ਇਹ ਉਹ ਦਿਨ ਵੀ ਜਿਸ ਪਹਿਲੀ ਵਾਰ 1952 ਚ ਇਸੇ ਦਿਨ ਫ਼ੌਜੀ ਮਾਰਚ ਦੀ ਬਜਾਏ ਟ੍ਰੈਕਟਰ ਮਾਰਚ ਕੀਤਾ ਗਿਆ ਸੀ ਜੋ ਬਾਦ ਵਿੱਚ ਹਥਿਆਰ ਪ੍ਰਦਰਸ਼ਨੀ ਮਾਰਚ ਬਣਾ ਦਿੱਤਾ ਗਿਆ।
ਅੱਜ ਦਾ ਦਿਨ ਸੰਘਰਸ਼ ਕਰ ਰਹੇ ਕਿਰਤੀ ਕਿਸਾਨਾ ਵਾਸਤੇ ਬਹੁਤ ਹੀ ਮਹੱਤਵ ਪੂਰਨ ਹੈ । ਪੂਰੇ ਦੇਸ਼ ਭਰ ਚੋਂ ਆਪਣੇ ਹੱਕਾਂ ਦੀ ਮੰਗ ਵਾਸਤੇ ਦਿੱਲੀ ਦੇ ਚੁਗਿਰਦੇ ਨੂੰ ਘੇਰਾ ਘੱਤੀ ਬੈਠੇ ਇਹਨਾ ਅੰਨਦਾਤਿਆਂ ਦਾ ਅੱਜ ਵੱਡਾ ਇਮਤਿਹਾਨ ਹੋਵੇਗਾ । ਬੇਸ਼ੱਕ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਸਰਕਾਰ ਉਹਨਾਂ ਦਾ ਸਬਰ ਪਰਖ ਰਹੀ ਹੈ ਪਰ ਅੱਜ ਦੇ ਦਿਨ ਸਬਰ ਦੇ ਨਾਲ ਨਾਲ ਕਿਰਤੀ ਕਿਸਾਨ ਨੂੰ ਆਪਣੇ ਅਨੁਸ਼ਾਸਨ, ਸ਼ਹਿਣਸ਼ੀਲਤਾ, ਤਹਿਜ਼ੀਬ ਅਤੇ ਸ਼ਿਸ਼ਟਾਚਾਰ ਦਾ ਵੀ ਇਮਤਿਹਾਨ ਦੇਣਾ ਪਵੇਗਾ ।
ਟ੍ਰੈਕਟਰ ਮਾਰਚ ਉੱਤੇ ਪੂਰੀ ਦੁਨੀਆ ਦੀਆ ਨਜ਼ਰਾਂ ਟਿਕੀਆਂ ਹੋਈਆ ਹਨ । ਇਸ ਦੀ ਕਵਰੇਜ ਵਾਸਤੇ ਦੁਨੀਆ ਦੇ ਹਜ਼ਾਰ ਕੁ ਮੁਲਕਾਂ ਦੇ ਨਾਮੀ ਗਰਾਮਾਂ ਪੱਤਰਕਾਰ ਪਹੁੰਚ ਚੁੱਕੇ ਹਨ ।
ਕਿਰਤੀ ਕਿਸਾਨਾ ਨੇ ਇਸ ਸਮੇਂ ਜਿੱਥੇ ਆਪਣੀ ਸੁਰੱਖਿਆ ਦਾ ਆਪ ਖਿਆਲ ਰੱਖਣਾ ਹੈ, ਉੱਥੇ ਇਸ ਦੇ ਨਾਲ ਹੀ ਜੋਸ਼ ਤੇ ਹੋਸ਼ ਦਾ ਸਮੀਕਰਨ ਵੀ ਬਣਾ ਕੇ ਰੱਖਣਾ ਹੋਵੇਗਾ । ਨੌਜਵਾਨਾਂ ਨੂੰ ਆਪਣੇ ਬਜ਼ੁਰਗ ਆਗੂਆ ਦੀ ਗੱਲ ਇਕ ਚੰਗੇ ਤੇ ਆਗਆਕਾਰੀ ਪੁੱਤਰਾਂ ਦੀ ਤਰਾਂ ਮੰਨਣੀ ਪਵੇਗੀ ।
ਅੱਜ ਦਾ ਦਿਨ ਹੂੜ ਮੱਤ ਕਰਨ ਦਾ ਨਹੀਂ । ਇਸ ਤਰਾਂ ਕਰਨ ਵਾਸਤੇ ਹੋਰ ਬਹੁਤ ਮੌਕੇ ਮਿਲ ਜਾਣਗੇ, ਪਰ ਧਿਆਨ ਰੱਖਣਾ ਕਿ ਜੇਕਰ ਕਿਸੇ ਦੀ ਗਲਤੀ ਨਾਲ ਇਸ ਸੰਘਰਸ਼ ਨੂੰ ਆਂਚ ਆਉਂਦੀ ਹੈ ਤਾਂ ਫਿਰ ਉਹ ਸਾਰੇ ਕਿਰਤੀ ਤੇ ਕਿਸਾਨ ਭਾਈਚਾਰੇ ਨੂੰ ਹੀ ਬਹੁਤ ਮਹਿੰਗੀ ਪੈ ਸਕਦੀ ਹੈ ।
ਇਸ ਸਮੇਂ ਆਪਣੇ ਸਾਰੇ ਗਿਲੇ ਸ਼ਿਕਵੇ ਤੇ ਕਿੰਤੂ ਪਰੰਤੂ ਇਕ ਪਾਸੇ ਰੱਖਕੇ ਸੰਘਰਸ਼ ਦੀ ਫ਼ਤਿਹ ਵੱਲ ਵਧਣ ਨੂੰ ਹੀ ਇੱਕੋ ਇਕ ਨਿਸ਼ਾਨਾ ਮਿਥਣਾ ਪਵੇਗਾ । ਅਗਵਾਈ ਬਜ਼ੁਰਗ ਆਗੂਆਂ ਦੀ ਤੇ ਬੈਕਅੱਪ ਨੌਜਵਾਨਾਂ ਦੀ, ਇਸ ਸੰਘਰਸ਼ ਨੂੰ ਜਿੱਤ ਦੀ ਬੁਲੰਦੀ ਦੇ ਰਸਤੇ ਪਾਏਗੀ, ਪਰ ਜੇਕਰ ਗੱਭਰੂ ਆਪ ਮੁਹਾਰੇ ਹੋ ਤੁਰੇ ਤਾਂ ਪ੍ਰਾਪਤੀ ਕੁੱਜ ਵੀ ਨਹੀਂ ਹੋਵੇਗੀ ਤੇ ਤੋਏ ਤੋਏ ਸਾਰੇ ਜੱਗ ਵਿੱਚ ਹੋਵੇਗੀ ।
ਵੇਲਾ ਹਰ ਕਦਮ ਫੂਕ ਫੂਕ ਕੇ ਰੱਖਣ ਦਾ ਹੈ ਕਿਉਂਕਿ ਦੁਸ਼ਮਣ ਮੌਕੇ ਦੀ ਤਾੜ ਵਿੱਚ ਹੈ ਕਿ ਕਦੋਂ ਕੋਈ ਗਲਤੀ ਹੋਵੇ ਤੇ ਉਹ ਮੌਕੇ ਦਾ ਫ਼ਾਇਦਾ ਉਠਾਵੇ । ਸਰਕਾਰੀ ਏਜੰਸੀਆਂ ਦਾ ਹਰ ਪਾਲੇ ਜਾਲ ਵਿੱਛਿਆ ਹੋਇਆ ਹੈ । ਗੋਦੀ ਤੇ ਵਿਕਾਊ ਮੀਡੀਆ ਪੱਬਾਂ ਭਾਰ ਹੈ ਕਿ ਕਦ ਉਹਨਾ ਨੂੰ ਕੋਈ ਅਜਿਹੀ ਖ਼ਬਰ ਮਿਲੇ ਜਿਸ ਨੂੰ ਪੂਰੇ ਮਜੇ ਮਸਾਲੇ ਨਾਲ ਪੇਸ਼ ਕਰਨ ਤੇ ਕਿਸਾਨ ਸੰਘਰਸ਼ ਦੀ ਮਿੱਟੀ ਪੁਲੀਤ ਕਰਨ । ਸੋ ਇਸ ਵਕਤ ਅੰਦੋਲਨਕਾਰੀਆਂ ਨੂੰ ਕੋਈ ਵੀ ਕਦਮ ਚੁੱਕਣ ਤੋ ਪਹਿਲਾ ਸੌ ਵਾਰ ਸੋਚਣ ਦੀ ਲੋੜ ਹੈ ।
ਜਿੱਥੋਂ ਤੱਕ ਟ੍ਰੈਕਟਰ ਮਾਰਚ ਜੀ ਗੱਲ ਹੈ । ਇਸ ਨੂੰ ਪੂਰੀ ਤਰਾਂ ਇਤਿਹਾਸਕ ਬਣਾਉਣ ਵਾਸਤੇ ਬਹੁਤ ਮਿਹਨਤ ਕਰਨੀ ਪਵੇਗੀ । ਟਰਾਟੈਕਟਰਾਂ ਤੇ ਡੈੱਕ ਲਗਾ ਕੇ ਫੁਕਰਾਪੰਥੀ ਕਰਨ ਦੀ ਇਸ ਵਕਤ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਇਹ ਰੋਸ ਮਾਰਚ ਹੈ ਨਾ ਕਿ ਜਸ਼ਨ ਮਾਰਚ !
ਟਰੈਕਟਰਾਂ ਦਾ ਆਪਸੀ ਫ਼ਾਸਲਾ ਤੇ ਰਫ਼ਤਾਰ ਇੱਕੋ ਜਿਹੀ ਹੋਵੇ । ਇਕ ਟ੍ਰੈਕਟਰ ਉੱਤੇ ਜੇਕਰ ਚਾਰ ਜਣਿਆ ਦੇ ਬੈਠਣ ਦੀ ਜਗਾ ਹੈ ਤਾਂ ਸਿਰਫ ਚਾਰ ਜਣੇ ਹੀ ਬੈਠਣ ਖਾਹਮੁਖਾਹ ਮੱਡਗਾਰਡਾਂ ‘ਤੇ ਬੈਠਣ ਤੋ ਪਰਹੇਜ਼ ਕੀਤਾ ਜਾਵੇ । ਪੁਲਿਸ ਵੱਲੋਂ ਦਿੱਤੀਆਂ ਹਿਦਾਇਤਾਂ ਦਾ ਪਾਲਣ ਕੀਤਾ ਜਾਵੇ, ਮਾਰਚ ਦੌਰਾਨ ਸ਼ਾਂਤ ਰਿਹਾ ਜਾਵੇ ਤੇ ਕਿਸੇ ਵੀ ਤਰਾਂ ਦੀ ਹੁੱਲੜਬਾਜ਼ੀ ਜਾਂ ਖਰੂਦ ਮਚਾਉਣ ਤੋਂ ਬਚਿਆ ਜਾਵੇ । ਜੋ ਲੋਕ ਜਾਂ ਰਾਹੀਗੀਰ ਟ੍ਰੈਕਟਰ ਮਾਰਚ ਦਾ ਹਿੱਸਾ ਨਹੀਂ ਹਨ ਉਹਨਾਂ ਨਾਲ ਆਦਰ ਭਾਵ ਵਾਲਾ ਸਲੂਕ ਕੀਤਾ ਜਾਵੇ । ਕਿਸੇ ਵੀ ਸ਼ੱਕੀ ਜਾਂ ਓਪਰੇ ਵਿਅਕਤੀ ਦੀਆ ਗਤੀਵਿਧੀਆਂ ਉੱਤੇ ਸਖ਼ਤ ਨਜ਼ਰ ਰੱਖੀ ਜਾਵੇ । ਨਾਹਰੇਬਾਜ਼ੀ ਤੋ ਗੁਰੇਜ਼ ਕੀਤਾ ਜਾਵੇ ਜੇਕਰ ਨਾਅਰੇ ਲਗਾਉਣੇ ਹੀ ਹਨ ਤਾਂ ਉਹ ਫਿਰਕੂ ਤੇ ਮਜ਼੍ਹਬੀ ਨਾ ਹੋਣ ਜਾਂ ਫਿਰ ਭੜਕਾਊ ਕਿਸਮ ਦੇ ਨਾ ਹੋਣ ।
ਕਿਰਤੀ ਕਿਸਾਨੋ ! ਤੁਸੀਂ ਧਨ ਹੋ । ਤੁਸੀ ਅੰਨਦਾਤੇ ਹੋ , ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦੇਸ਼ ਦੀ ਜਨਤਾ ਦਾ ਢਿੱਡ ਭਰਦੇ ਹੋ, ਪਿਛਲੇ ਦੋ ਮਹੀਨਿਆਂ ਤੋ ਕੋਰੇ , ਕੱਕਰ ਤੇ ਠੱਕਰ ਝਾਂਜੇ ਨੂੰ ਆਪਣੇ ਪਿੰਡੇ ‘ਤੇ ਹੰਢਾ ਰਹੇ ਹੋ , ਪਰ ਫਿਰ ਵੀ ਤੁਹਾਡਾ ਜੋਸ਼ ਦਿਨੋ ਦਿਨ ਹੋਰ ਪਰਚੰਡ ਹੁੰਦਾ ਜਾ ਰਿਹਾ ਹੈ । ਤੁਸੀਂ ਇਸ ਵੇਲੇ ਜਿੱਤ ਦੇ ਬਹੁਤ ਕੁਰੀਬ ਹੋ, ਸਰਕਾਰ ਬੇਸ਼ੱਕ ਨਿਰਕੁੰਸ਼, ਨਿਰਦਈ, ਜਾਲਮ ਤੇ ਹੈਂਕੜਬਾਜ ਹੈ, ਪਰ ਅੰਦਰੋਂ ਤੁਹਾਡੇ ਜੋਸ਼ ਸਾਹਮਣੇ ਟੁੱਟ ਚੁੱਕੀ ਹੈ, ਬਿਖਰ ਚੁੱਕੀ ਹੈ ਤੇ ਨੈਤਿਕ ਹਾਰ ਕਬੂਲ ਚੁੱਕੀ ਹੈ । ਤੁਹਾਡੇ ਸੰਯੁਕਤ ਅੰਦੋਲਨ ਕਾਰਨ ਸਰਕਾਰ ਨੂੰ ਹੁਣ ਆਪਣਾ ਅੰਤ ਨਜ਼ਰ ਆ ਰਿਹਾ ਹੈ ਤੇ ਸਰਕਾਰ ਦੀ ਬੁਖਲਾਹਟ ਇਹ ਗੱਲ ਵਾਰ ਵਾਰ ਦੱਸ ਰਹੀ ਹੈ । ਸਰਕਾਰ ਦੀਆਂ ਗਿੱਦੜ ਭਬਕੀਆਂ, ਧਮਕੀਆਂ, ਏਜੰਸੀਆਂ ਦੀ ਵਰਤੋਂ ਆਦਿ ਵੀ ਸਭ ਕੁੱਜ ਏਹੀ ਦੱਸ ਰਿਹਾ ਹੈ ਕਿ ਇਸ ਵੇਲੇ ਸਰਕਾਰ ਅੰਦਰੋਂ ਟੁੱਟ ਚੁੱਕੀ ਹੈ ।
ਸੋ ਡਟੇ ਰਹੋ , ਜਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਰਹੋ । ਏਕਾ ਰੱਖੋ, ਸਟੇਜਾਂ ਦੇ ਟਾਇਮ ਨੂੰ ਲੈ ਕੇ ਹੂ ਹੱਲਾ ਨਾ ਕਰੋ, ਇਕ ਦੂਸਰੇ ਵਿਰੁੱਧ ਬਿਆਨਬਾਜੀ ਨਾ ਕਰੋ, ਜੇਕਰ ਕੋਈ ਆਗੂ ਕੋਈ ਅਜਿਹਾ ਬਿਆਨ ਜਾਂ ਟਿੱਪਣੀ ਦੇਂਦਾ ਹੈ ਜੋ ਕਿਸੇ ਤਰਾਂ ਇਤਰਾਜਯੋਗ ਹੋਵੇ ਤਾਂ ਉਸ ਆਗੂ ਦੇ ਵਿਰੁੱਧ ਸਿੱਧਾ ਫਰੰਟ ਖੋਹਲਣ ਦੀ ਬਜਾਏ, ਅੰਦਰ ਬੈਠ ਕੇ ਠੰਢੇ ਮਨ ਨਾਲ ਮਿਲਕੇ ਪਹਿਲਾਂ ਵਿਚਾਰ ਕਰੋ ਤੇ ਫਿਰ ਸਭ ਦੀ ਰਾਇ ਮੁਤਾਬਿਕ ਪ੍ਰਤੀਕਰਮ ਕਰੋ । ਇਕ ਗੱਲ ਸਮਝ ਲਓ ਕਿ ਇਹ ਯੁੱਗ ਹੁਣ ਹੱਥ ਤੇ ਹਥਿਆਰ ਦਾ ਨਹੀਂ, ਡਾਂਗ ਸੋਟਾ, ਤਲਵਾਰ ਤੇ ਨੇਜ਼ੇ ਭਾਲਿਆਂ ਨਾਲ ਪ੍ਰਾਪਤੀ ਕਰਨ ਦਾ ਜ਼ਮਾਨਾ ਬਹੁਤ ਦੇਰ ਦਾ ਲੱਦ ਗਿਆ ਹੈ । ਜ਼ੁਬਾਨ ਦੀ ਬਹੁਤੀ ਵਰਤੋ ਵੀ ਹੁਣ ਨੁਕਸਾਨ ਹੀ ਕਰਾਉਂਦੀ ਹੈ । ਇਸ ਵਕਤ ਸਮਾਂ ਹੈ ਵਿਚਾਰ, ਤਕਨੀਕ, ਕੂਟਨੀਤੀ ਤੇ ਦਿਰੜ ਇਰਾਦੇ ਦਾ । ਜਿਸ ਧਿਰ ਜਾਂ ਵਿਅਕਤੀ ਦੇ ਕੋਲ ਇਹਨਾਂ ਚੌਂਹਾਂ ਦਾ ਸੰਗਮ ਹੈ, ਉਸ ਦੀ ਹਰ ਮੈਦਾਨ ਫ਼ਤਿਹ ਹੈ । ਕਿਸਾਨ ਆਗੂ ਇਹਨਾਂ ਉਕਤ ਚੌਂਹਾਂ ਗੁਣਾ ਦੇ ਸੁਮੇਲ ਨਾਲ ਬਹੁਤ ਹੀ ਸੁਲ਼ਝੇ ਹੋਏ ਢੰਗ ਨਾਲ ਹੁਣ ਤੱਕ ਮੋਰਚਾ ਸੰਭਾਲ਼ਦੇ ਆ ਰਹੇ ਹਨ । ਸੋ ਸਮੂਹ ਸੰਘਰਸ਼ਕਾਰੀਆ ਨੂੰ ਉਹਨਾ ‘ਤੇ ਪੂਰਨ ਭਰੋਸਾ ਕਰਦਿਆਂ ਉਹਨਾ ਦੀ ਹਰ ਗੱਲ ਮੰਨਣੀ ਚਾਹੀਦੀ ਹੈ ।
ਸੋ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਉਕਤ ਵਰਣਿਤ ਕੁੱਜ ਕੁ ਨੁਕਤੇ ਕਾਫ਼ੀ ਸਹਾਇਕ ਹੋ ਸਕਦੇ ਹਨ ਜਿਹਨਾ ‘ਤੇ ਵਿਚਾਰ ਕਰਨਾ ਇਸ ਵੇਲੇ ਸਮੇਂ ਦੀ ਮੰਗ ਹੈ । ਮੁੱਕਦੀ ਗੱਲ ਇਹ ਕਿ ਜੋਸ਼ ਤੇ ਹੋਸ਼ ਦਾ ਇਸ ਵੇਲੇ ਸੰਗਮ ਬਣਿਆ ਹੈ ਜਿਸ ਦੀ ਵਰਤੋ ਬਹੁਤ ਹੀ ਸਮਝਦਾਰੀ ਨਾਲ ਕੀਤੇ ਜਾਣ ਦੀ ਲੋੜ ਹੈ, ਇਸ ਵਕਤ ਬਿਨਾ ਵਜ੍ਹਾ ਆਟਾ ਖਿਲਾਰਨ ਜਾਂ ਰਾਇਤਾ ਫੈਲਾਉਣ ਦੀਆ ਹਰਕਤਾਂ ਕਰਨਾ ਕਿਰਤੀ ਕਿਸਾਨ ਮੋਰਚੇ ਨੂੰ ਸਿੱਧੇ ਤੌਰ ‘ਤੇ ਢਾਹ ਲਾਉਣਾ ਹੈ, ਜਿਸ ਤੋ ਪੂਰੀ ਤਰਾਂ ਬਚਣ ਦੀ ਲੋੜ ਹੈ। ਇਸ ਦੇ ਨਾਲ ਹੀ ਪੰਜਾਬੀ ਮੀਡੀਏ ਦੀ ਵੀ ਵੱਡੀ ਜ਼ੁੰਮੇਵਾਰੀ ਬਣਦੀ ਹੈ ਕਿ ਟੀ ਆਰ  ਪੀ ਵੱਲ ਭੱਜਣ ਦੀ ਬਜਾਏ ਇਮਾਨਦਾਰੀ ਨਾਲ ਪੱਤਰਕਾਰੀ ਕਰਦੇ ਹੋਏ ਸਿਰਫ ਤੇ ਸਿਰਫ ਤੱਥਾਂ ‘ਤੇ ਅਧਾਰਤ ਸੱਚ ਦੀ ਪੇਸ਼ਕਾਰੀ ਹੀ ਕਰਨ ।

Related posts

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin

ਸ਼ਾਦਮਾਨ ਚੌਕ ਵਿਚੋਂ ਉਪਜੀ ਸੋਚ !

admin