Articles Sport

“ਆਇਆ ਪ੍ਰੀਤਾ…” ਪਰ ਅਣਗੌਲੇ ਹੀ ਤੁਰ ਗਿਆ ਜੈਵਲਿਨ “ਲਿਟਲ ਓਲੰਪੀਅਨ” !

“ਆਇਆ ਪ੍ਰੀਤਾ, ਗਿਆ ਪ੍ਰੀਤਾ” ਵਜੋਂ ਮਸ਼ਹੂਰ ਪ੍ਰੀਤਮ ਸਿੰਘ ਪ੍ਰੀਤਾ
ਲੇਖਕ: ਡਾ: ਆਸਾ ਸਿੰਘ ਘੁੰਮਣ, ਨਡਾਲਾ (ਕਪੂਰਥਲਾ)

ਪਿਛਲੇ ਦਿਨੀਂ ਜਦ “ਆਇਆ ਪ੍ਰੀਤਾ, ਗਿਆ ਪ੍ਰੀਤਾ” ਦੇ ਵਿਸ਼ੇਸ਼ਕ ਨਾਲ ਕਬੱਡੀ-ਜਗਤ ਵਿੱਚ ਮਕਬੂਲ ਪ੍ਰੀਤਮ ਸਿੰਘ ਪ੍ਰੀਤਾ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਤਾਂ ਉਸਦੇ ਜਾਣਕਾਰ-ਪ੍ਰਸੰਸਕਾਂ  ਦੇ ਮਨਾਂ ਵਿੱਚ ਇੱਕ ਅਹਿਸਾਸ ਜ਼ਰੂਰ ਭਾਰੂ ਹੋਇਆ ਰਿਹਾ ਕਿ ਸਮੇਂ ਦੀਆਂ ਸਰਕਾਰਾਂ, ਸਮਰੱਥ-ਅਧਿਕਾਰੀਆਂ, ਵਿਦਮਾਨ ਸਿਸਟਮ  ਅਤੇ ਹਾਲਾਤਾਂ ਨੇ ਉਸ ਨੂੰ ਉਹ ਮੁਕਾਮ ਨਹੀਂ ਮੁਹੱਈਆ ਕਰਾਇਆ ਜਿਸਦਾ ਉਹ ਹੱਕਦਾਰ ਸੀ।  ਪੇਂਡੂ-ਮਾਨਸਿਕਤਾ ਨੇ ਤਾਂ ਉਸਨੂੰ ਸਿਰ ਤੇ ਚੁੱਕੀ ਰੱਖਿਆ ਸੀ ਪਰ ਜ਼ੁੰਮੇਵਾਰ ਸੰਸਥਾਵਾਂ ਨੇ ਨਾ ਜਿਉਂਦੇ ਜੀ ਨਾ ਮ੍ਰਿਤੂ-ਉਪਰੰਤ ਉਸਨੂੰ ਉਹ ਮਾਨ-ਸਨਮਾਨ ਪ੍ਰਦਾਨ ਕੀਤੇ ਜੋ ਉਸਦੇ ਹਿੱਸੇ ਆਉਣੇ ਚਾਹੀਦੇ ਸਨ।

ਸਮਾਂ ਪਾ ਕੇ “ਪ੍ਰੀਤੇ” ਦੇ ਨਾਂ ਨਾਲ ਮਸ਼ਹੂਰ ਹੋ ਜਾਣ ਵਾਲਾ ਪਿਤਾ ਲਾਭ ਸਿੰਘ ਅਤੇ ਮਾਤਾ ਜਿੰਦ ਕੌਰ ਦਾ ਲਾਡਲਾ ਪ੍ਰੀਤਮ ਸਿੰਘ ਅਜੇ ਚਾਰ ਸਾਲ ਦਾ ਵੀ ਨਹੀਂ ਸੀ ਹੋਇਆ ਕਿ ਪਰਿਵਾਰ ਨੂੰ 1947 ਵਿੱਚ ਡਸਕਾ (ਸਿਆਲਕੋਟ) ਛੱਡ ਏਧਰ ਆਉਣਾ ਪੈ ਗਿਆ। ਨਡਾਲਾ (ਕਪੂਰਥਲਾ) ਆ ਕੇ ਮੁੜ-ਵੱਸਿਆ ਇਹ ਸਾਹੀ ਪਰਿਵਾਰ “ਭਲਵਾਨਾਂ ਦਾ ਟੱਬਰ” ਅਖਵਾਉਂਦਾ ਸੀ, ਇਸ ਲਈ ਉਸਦੇ ਮਾਤਾ-ਪਿਤਾ ਅਤੇ ਚਾਚੇ ਦੀ ਖਾਹਸ਼ ਸੀ ਕਿ ਪ੍ਰੀਤਮ ਨੂੰ ਤਕੜਾ ਭਲਵਾਨ ਬਣਾਇਆ ਜਾਵੇ ਜਿਸ ਲਈ ਉਸ ਦੀ ਖੁਰਾਕ ਦਾ ਖ਼ੂਬ ਖਿਆਲ ਰੱਖਿਆ ਗਿਆ। ਵੇਂਹਦਿਆਂ ਵੇਂਹਦਿਆਂ ਪ੍ਰੀਤਾ ਸੋਹਣਾ ਗਭਰੂ ਨਿਕਲਣ ਲੱਗਾ।

ਗੌਰਮਿੰਟ ਹਾਈ ਸਕੂਲ ਨਡਾਲੇ ਪੜਦਿਆਂ ਉਹ ਹਰ ਖੇਡ ਵਿੱਚ ਹਿੱਸਾ ਲੈਣ ਲੱਗਾ। ਅੱਠਵੀਂ ਵਿੱਚ ਪੜਦਿਆਂ ਧਰਮਸ਼ਾਲਾ ਵਿਖੇ ਵਿਸ਼ਾਲ ਪੰਜਾਬ ਦੇ ਸਕੂਲੀ ਮੁਕਾਬਲਿਆਂ ਵਿੱਚ ਕਈ ਮੁਕਾਬਲੇ ਏਸ ਕਰਕੇ ਲੇਟ ਕਰਣੇ ਪਏ ਕਿਉਂਕਿ ਪ੍ਰੀਤਮ ਸਿੰਘ ਕਿਸੇ ਹੋਰ ਮੁਕਾਬਲੇ ਵਿੱਚ ਹਿੱਸਾ ਲੈ ਰਿਹਾ ਹੁੰਦਾ।ਸੰਨ 1962 ਵਿੱਚ ਇੰਫਾਲ ਵਿਖੇ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਅਯੋਜਿਤ ਅੱਠਵੀਂ ਨੈਸ਼ਨਲ ਚੈਂਮਪੀਅਨਸ਼ਿੱਪ ਵਿੱਚੋਂ ਉਸਨੇ ਕਬੱਡੀ ਵਿੱਚੋਂ ਵਿਸ਼ੇਸ਼ “ਸੋਵੀਨਰ ਸਰਟਫਿੀਕੇਟ” ਪ੍ਰਾਪਤ ਕੀਤਾ ਜਦੋਂ ਕਿ ਏਸੇ ਸਾਲ ਹੀ ਜਲੰਧਰ ਡਵੀਜ਼ਨ ਹਾਈ ਅਤੇ ਹਾਇਰ ਸੈਕੰਡਰੀ ਸਕੂਲਜ਼ ਹਾੱਟ-ਵੈਦਰ ਟੂਰਨਾਮੈਂਟ ਵਿੱਚ ਉਸਨੇ ਹਾਈ ਜੰਪ ਵਿੱਚੋਂ ਦੂਸਰੀ ਅਤੇ ਡਿਸਕੱਸ ਥਰੋ ਅਤੇ ਸ਼ਾੱਟ-ਪੁੱਟ ਵਿੱਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ।

ਥਰੋਆਂ ਵਿੱਚ ਪ੍ਰੀਤਮ ਸਿੰਘ ਦੀ ਵਧੀਆ ਕਾਰਗੁਜ਼ਾਰੀ ਵੇਖਕੇ ਪ੍ਰਸਿੱਧ ਖੇਡ-ਪ੍ਰਬੰਧਕ ਅਤੇ ਪੁਲਸ ਅਧਿਕਾਰੀ ਅਸ਼ਵਨੀ ਕੁਮਾਰ ਨੇ ਉਸ ਨੂੰ 1965 ਵਿੱਚ ਪੰਜਾਬ ਆਰਮਡ ਪੁਲੀਸ ਵਿੱਚ ਬਤੌਰ ਹੈੱਡ-ਕਾਂਸਟੇਬਲ ਭਰਤੀ ਕਰ ਲਿਆ। 1966 ਵਿੱਚ ਅਸ਼ਵਨੀ ਕੁਮਾਰ ਜਦ ਨਵ-ਗਠਿਤ ਬੀ.ਐਸ.ਐਫ. ਦੇ ਡਾਇਰੈਕਟਰ ਬਣੇ ਤਾਂ ਪਰੀਤਮ ਸਿੰਘ ਨੂੰ 56 ਬਟਾਲੀਅਨ ਬੀ.ਐੱਸ.ਐੱਫ. ਵਿੱਚ ਬਤੌਰ ਇੰਸਪੈਕਟਰ ਭਰਤੀ ਕਰ ਲਿਆ ਗਿਆ ਜਿਥੇ ਉਹ ਉਹ 1986 ਤੱਕ ਸਰਵਿਸ ਕਰਦੇ ਰਹੇ। ਇਸ ਸਮੇਂ ਦੌਰਾਨ ਉਸਨੇ ਜੈਵਲਿਨ ਵਿੱਚ ਪੰਜਾਬ, ਨਾੱਰਥ ਜ਼ੋਨ ਅਤੇ ਨੈਸ਼ਨਲ ਪੱਧਰ ਦੇ ਸਭ ਰਿਕਾਰਡ ਤੋੜੇ ਪਰ ਅਫਸੋਸ ਨਾ ਤਾਂ ਉਸ ਹਿੱਸੇ ਪਰੋਮੋਸ਼ਨਾਂ ਆਈਆਂ ਅਤੇ ਨਾ ਹੀ ਇਨਾਮ-ਖ਼ਨਾਮ!

1962 ਤੋਂ 1968 ਤੱਕ ਜੇ ਅਸੀਂ ਜੈਵਲਿਨ ਥਰੋ ਦੇ ਰਿਕਾਰਡਾਂ ਦਾ ਨਿਰੀਖਣ-ਵਿਸ਼ਸ਼ਲੇਸ਼ਣ ਕਰੀਏ ਤਾਂ ਜ਼ਾਹਰ ਹੁੰਦਾ ਹੈ ਕਿ ਇਹ ਰਿਕਾਰਡ ਕਾਇਮ ਕਰਨ ਵਾਲੇ ਖ਼ੁਦ ਉੱਚ-ਵਿਦਿਆ ਪ੍ਰਾਪਤ ਸਨ, ਉਹਨਾਂ ਨੂੰ ਮੌਟੀਵੇਟਿਡ ਕੋਚ ਮਿਲੇ ਹੋਏ ਸਨ ਅਤੇ ਉਹਨਾਂ ਦਾ ਪਰਿਵਾਰਕ ਪਿਛੋਕੜ ਵੀ ਪ੍ਰਭਾਵਸ਼ਾਲੀ ਸੀ ਪਰ ਪ੍ਰੀਤਮ ਸਿੰਘ ਕੋਲ ਕੇਵਲ ਕੁਦਰਤ ਵੱਲੋਂ ਦਿੱਤਾ ਬਹੁ-ਬਲ ਹੀ ਸੀ।

ਸੰਨ 1962 ਵਿੱਚ ਪਿੰਡ ਨੰਗਲੀ (ਅੰਮ੍ਰਿਤਸਰ) ਤੋਂ ਗੁਰਬਚਨ ਸਿੰਘ ਰੰਧਾਵਾ ਨੇ 210 ਫੁੱਟ 3 ਇੰਚ (64.08 ਮੀਟਰ) ਜੈਵਲਿਨ ਸੁੱਟ ਕੇ ਨੈਸ਼ਨਲ ਰਿਕਾਰਡ ਕਾਇਮ ਕੀਤਾ ਸੀ। ਪ੍ਰੀਤਮ ਸਿੰਘ ਨੇ ਐਮਚਿਓਰ ਐਥਲੈਟਿਕ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਬੰਧ ਅਧੀਨ 1969 ਵਿੱਚ ਹੋਈ ਅੱਠਵੀਂ ਆਲ ਇੰਡੀਆ ਓਪਨ ਚੈਂਮਪੀਅਨਸ਼ਿੱਪ, ਅਜਮੇਰ (ਰਾਜਸਥਾਨ) ਵਿਖੇ 67.32 ਮੀਟਰ ਦੂਰੀ ਸੁੱਟ ਕੇ 3.24 ਮੀਟਰ ਦੇ ਵੱਡੇ ਫਰਕ ਨਾਲ ਉਸਦਾ ਬਣਿਆ ਰਿਕਾਰਡ ਤੋੜ ਕੇ ਕਮਾਲ ਕਰ ਦਿੱਤੀ। ਭਾਵੇਂ ਕਿ ਗੁਰਬਚਨ ਸਿੰਘ ਰੰਧਾਵਾ ਦੀਆਂ ਹਾਈ ਜੰਪ ਅਤੇ ਹਰਡਲਜ਼ ਵਿੱਚ ਵੱਡੀਆਂ ਪ੍ਰਾਪਤੀਆਂ ਵੀ ਸਨ ਜਿਨ੍ਹਾਂ ਕਰਕੇ ਉਸਨੂੰ ਅਰਜਨ ਐਵਾਰਡ ਅਤੇ ਪਦਮ ਸ਼੍ਰੀ ਤੱਕ ਵਰਗੇ ਵੱਡੇ ਮਾਨ-ਸਨਮਾਨ ਹਾਸਲ ਹੋ ਗਏ ਪਰ ਪ੍ਰੀਤਮ ਸਿੰਘ ਦਾ ਜੈਵਲਿਨ ਦੀ ਦੁਨੀਆਂ ਵਿੱਚ ਕਿਤੇ ਕੋਈ ਜ਼ਿਕਰ ਤੱਕ ਨਹੀਂ ਮਿਲਦਾ।

ਪ੍ਰੀਤਮ ਸਿੰਘ ਦਾ ਇਹ ਰਿਕਾਰਡ ਕਈ ਓਲੰਪਿਕ ਵਿੱਚ ਪਹੁੰਚਣ ਵਾਲੇ ਅਥਲੀਟਾਂ ਤੋਂ ਵੀ ਵੱਧ ਸੀ ਭਾਵੇਂ ਕਿ ਉਹ ਆਪ ਕਦੀ ਏਸ਼ੀਆ ਜਾਂ ਓਲੰਪਿਕ ਤੱਕ ਨਾ ਪਹੂੰਚ ਸਕਿਆ। 1964 ਦੀ ਓਲੰਪਿਕ ਵਿੱਚ ਟੋਕੀਓ ਵਿਖੇ ਪੰਜਾਬੀ-ਮੂਲ ਦੇ ਨਸ਼ੱਤਰ ਸਿੰਘ ਸਿੱਧੂ ਨੇ ਮਲੇਸ਼ੀਆ ਦੀ ਪ੍ਰਤੀਨਿਧਤਾ ਕੀਤੀ। ਉਹ 17 ਦੇਸ਼ਾਂ ਦੇ 27 ਅਥਲੀਟਾਂ ਵਿੱਚੋਂ ਇੱਕ ਸੀ। ਤਿੰਨ ਮਿਲਦੇ ਮੌਕਿਆਂ ਵਿੱਚ ਉਸਦੀ ਕਾਰਗੁਜ਼ਾਰੀ ਕੇਵਲ 45.49/51.65/49.45 ਮੀਟਰ ਰਹੀ ਅਤੇ ਉਹ 25ਵੇਂ ਨੰਬਰ ‘ਤੇ ਰਿਹਾ। ਜਦੋਂਕਿ ਪ੍ਰੀਤਮ ਸਿੰਘ ਨੇ 1966 ਵਿੱਚ 58.47 ਮੀਟਰ ਅਤੇ 1967 ਵਿੱਚ 60.52 ਮੀਟਰ ਜੈਵਲਿਨ ਸੁੱਟਿਆ। ਸੰਨ 1969 ਵਿੱਚ  67.32 ਮੀਟਰ ਦੇ ਰਿਕਾਰਡ ਦਾ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ।

1968 ਦੀਆਂ ਓਲੰਪਿਕਸ ਅਕਤੂਬਰ ਵਿੱਚ ਮੈਕਸੀਕੋ ਸ਼ਹਿਰ ਵਿੱਚ ਹੋਈਆਂ ਜਿਸ ਵਿੱਚ ਭਾਰਤ ਵਿੱਚੋਂ ਕਿਸੇ ਜੈਵਲੀਅਨ ਨੇ ਹਿੱਸਾ ਨਹੀਂ ਸੀ ਲਿਆ। ਇਹਨਾਂ ਓਲੰਪਿਕਸ ਵਿੱਚ ਨਸ਼ੱਤਰ ਸਿੰਘ 70.70 ਮੀਟਰ ਨੇਜ਼ਾ ਸੁਟ ਕੇ 23ਵੇਂ ਨੰਬਰ ਤੇ ਰਿਹਾ ਜਦੋਂ ਕਿ 25ਵੇਂ, 26ਵੇਂ ਅਤੇ 27ਵੇਂ ਨੰਬਰ ਤੇ ਰਹਿਣ ਵਾਲੇ ਸਾਰੇ ਹੀ ਪ੍ਰੀਤਮ ਸਿੰਘ ਤੋਂ ਪਿੱਛੇ ਸਨ। 25ਵੇਂ ਨੰਬਰ ‘ਤੇ ਰਹਿਣ ਵਾਲੇ ਫਿਜੀ ਦੇ ਵਿਲੀਅਮ ਲੀਗਾ ਨੇ 62.3 ਮੀਟਰ, 26ਵੇਂ ਨੰਬਰ ‘ਤੇ ਆਉਣ ਵਾਲੇ ਨਿਕਾਰਗੋਆ ਦੇ ਡੋਨਾਲਡ ਵੈਲਜ਼ ਨੇ 61.32 ਮੀਟਰ ਜੈਵਲਿਨ ਸੁਟਿਆ ਜਦੋਂ ਕਿ  ਸਵਿਟਜ਼ਰਲੈਂਡ ਦਾ ਰੌਲਫ ਬਹਲਰ 61.06 ਮੀਟਰ ਥਰੋ ਕਰਕੇ 27ਵੇਂ ਨੰਬਰ ‘ਤੇ ਰਿਹਾ। 24ਵੇਂ ਨੰਬਰ ‘ਤੇ ਰਹਿਣ ਵਾਲਾ ਚਿੱਲੀ ਦਾ ਰੌਲਫ ਹੌਪ ਤਿੰਨਾਂ ਵਿੱਚੋਂ ਇੱਕ ਵਾਰੀ ਹੀ ਪ੍ਰੀਤਮ ਸਿੰਘ ਤੋਂ ਵੱਧ ਨੇਜ਼ਾ ਸੁੱਟ ਸਕਿਆ।

ਇੰਦਰਜੀਤ ਸਿੰਘ ਪੱਡਾ ਨਾਲ ਇੱਕ ਪ੍ਰਕਾਸ਼ਤ ਇੰਟਰਵਿਊ ਵਿੱਚ ਪ੍ਰੀਤਮ ਸਿੰਘ ਨੇ ਦੱਸਿਆ ਕਿ 1971 ਵਿੱਚ ਇੰਟਰਨੈਸ਼ਨਲ ਪਰਮੋਸ਼ਨ ਬੋਰਡ (ਪੈਸਟਾ ਸੁਕਾਨ), ਸਿੰਘਾਪੁਰ ਵੱਲੋਂ ਆਯੋਜਿਤ ਐਨੂਅਲ ਲਿਟਲ ਓਲੰਪਿਕਸ ਵਿੱਚ ਉਸਨੇ ਨਸ਼ੱਤਰ ਸਿੰਘ ਸਿੱਧੂ ਦਾ ਰਿਕਾਰਡ ਤੋੜਿਆ ਸੀ ਪ੍ਰੰਤੂ ਮ੍ਰਿਤੂ-ਉਪਰੰਤ ਉਸਦੇ ਕਾਗਜ਼ਾਂ ਵਿੱਚੋ ਲੇਖਕ ਨੂੰ ਤਗਮੇ ਤਾਂ ਮਿਲੇ ਹਨ ਪਰ ਕੋਈ ਸਬੂਤ-ਸਰਟੀਫਿਕੇਟ ਨਹੀਂ ਮਿਲਿਆ ਜਿੱਥੋਂ ਸਾਬਤ ਹੋ ਸਕੇ ਉਸਨੇ ਸਿੰਘਾਪੁਰ ਵਿਖੇ ਕਿੰਨੀ ਦੂਰੀ ‘ਤੇ ਜੈਵਲਿਨ ਸੁੱਟਿਆ।

ਇਵੇਂ ਪ੍ਰਤੀਤ ਹੁੰਦਾ ਹੈ ਕਿ 1969-71 ਵਿੱਚ ਰਿਕਾਰਡ ਤੋੜਣ ਤੋਂ ਬਾਦ ਜਿਵੇਂ ਪ੍ਰੀਤਮ ਸਿੰਘ ਅੰਦਰੋਂ ਉਦਾਸ ਰਹਿਣ ਲੱਗਾ ਹੋਵੇ। ਨਾ ਤਾਂ ਏਸ਼ੀਆ ਤੱਕ ਪਹੁੰਚਣ ਦਾ ਕੋਈ ਸਬੱਬ ਬਣ ਰਿਹਾ ਸੀ ਅਤੇ ਨਾ ਹੀ ਉਸਨੂੰ ਕੋਈ ਪ੍ਰਮੋਸ਼ਨ ਹੀ ਮਿਲ ਰਹੀ ਸੀ ਜਿਸਦੇ ਕਈ ਕਾਰਨ ਹੋ ਸਕਦੇ ਹਨ: ਨਾ ਤਾਂ ਉਸਦਾ ਕੋਈ ਗਾਡ-ਫਾਦਰ ਸੀ, ਨਾ ਹੀ ਕੋਈ ਰਾਜਨੀਤਕ ਸਫਾਰਸ਼ੀ-ਹਸਤੀ। ਉਹ ਅਣਖੀ ਅਤੇ ਖ਼ੁਦਾਰ ਤਾਂ ਸੀ ਹੀ, ਘੱਟ ਪੜਿਆ-ਲਿਖਿਆ ਹੋਣ ਕਰਕੇ ਉਸ ਵਿੱਚ ਕਮਤਰੀ ਦਾ ਅਹਿਸਾਸ ਵੀ ਸੀ। ਉਹ “ਮੰਗ” ਕੇ ਜਾਂ “ਅਰਜ਼ੀ” ਦੇ ਕੇ ਕੱੁਝ ਨਹੀਂ ਸੀ ਲੈਣਾ ਚਾਹੁੰਦਾ।

67.32 ਮੀਟਰ ਨੇਜ਼ਾ ਸੁੱਟਣ ਤੋਂ ਬਾਦ ਉਹ ਆਪਣੇ ਰਿਕਾਰਡ ਨੂੰ ਨਾ ਤਾਂ ਕਾਇਮ ਰੱਖ ਸਕਿਆ ਨਾ ਹੀ ਬੇਹਤਰ ਬਣਾ ਸਕਿਆ। ਇਹਨਾਂ ਸਤਰਾਂ ਦੇ ਲੇਖਕ ਨਾਲ ਟੈਲੀਫੋਨ ‘ਤੇ ਹੋਈ ਗੱਲਬਾਤ ਵਿੱਚ ਗੁਰਬਚਨ ਸਿੰਘ ਰੰਧਾਵਾ ਦਾ ਕਥਨ ਸੀ ਕਿ ਇਸਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਕਬੱਡੀ ਵੱਲ ਜ਼ਿਆਦਾ ਰੁਚਿੱਤ ਸੀ ਅਤੇ ਜੈਵਲਿਨ ਈਵੈਂਟ ਤੇ ਲੋੜੀਂਦਾ ਧਿਆਨ ਕੇਂਦਰਿਤ ਨਹੀਂ ਸੀ ਕਰ ਰਿਹਾ।ਇੰਝ ਲੱਗਦਾ ਹੈ ਕਿ ਜੈਵਲਿਨ ਦੀ  ਬੇਹਤਰੀਨ ਕਾਰਗੁਜ਼ਾਰੀ ਵੀ ਉਸਨੂੰ ਕਬੱਡੀ ਵਾਲਾ ਮਾਨਸਿਕ ਹੁਲਾਰਾ ਅਤੇ ਸ਼ੌਹਰਤ ਨਹੀਂ ਸੀ ਦੇ ਰਹੀ ਅਤੇ ਨਾ ਹੀ ਇਸ ਵਿੱਚੋ ਕੋਈ ਆਰਥਿਕ ਲਾਹਾ ਮਿਲ ਰਿਹਾ ਸੀ। ਦੂਜੇ ਪਾਸੇ ਕਬੱਡੀ ਦੇ ਗਹਿ-ਗੱਚ ਮੁਕਾਬਲਿਆਂ ਵਿੱਚ ਜਦ ਉਹ ਕਬੱਡੀ ਪਾਉਂਦਾ ਤਾਂ “ਆਇਆ ਪ੍ਰੀਤਾ, ਗਿਆ ਪ੍ਰੀਤਾ” ਫਿਜ਼ਾ ਵਿੱਚ ਗੂੰਜਣ ਲੱਗਦਾ। ਇੱਕ-ਇੱਕ ਪਲ ਮੁਕਾਬਲੇ ਭਰਪੂਰ ਹੁੰਦਾ ਅਤੇ ਫਤਿਹ ਦੀਆਂ ਤਾੜੀਆਂ ਅਰਸ਼ਾਂ ਨੂੰ ਜਾ ਛੋਂਹਦੀਆਂ, ਉਸਦੇ ਆਪਣੇ ਉਸਨੂੰ ਮੋਢਿਆਂ ‘ਤੇ ਚੁੱਕ ਲੈਂਦੇ। ਨੇੜੇ ਦੇ ਕਈ ਮੈਚਾਂ ਵਿੱਚ ਉਸਦੀ ਮਾਤਾ ਜੀ ਖ਼ੁਦ ਉਸਨੂੰ ਖੇਡਦਿਆਂ ਵੇਖਣ ਚੋਰੀ ਦੇਣੀ ਆ ਜਾਂਦੇ। ਉਦੋਂ ਤੱਕ ਭਾਵੇਂ ਰੇਡਾਂ ਦੇ ਮੁੱਲ ਨਹੀਂ ਸਨ ਪੈਣ ਲੱਗੇ ਪਰ ਜਿੱਤਣ ਵਾਲੀ ਟੀਮ ਨੂੰ ਮਾਲੀ ਰਕਮ ਮਿਲ ਜਾਂਦੀ ਸੀ, ਕੱੁਝ ਸ਼ਾਬਾਸੀ ਵੀ ਪ੍ਰਾਪਤ ਹੋ ਜਾਂਦੀ ਸੀ। ਸੰਨ 1974 ਅਤੇ 1977 ਵਿੱਚ ਦੋ ਵਾਰੀ ਉਹ ਇੰਗਲੈਂਡ ਜਾਣ ਵਾਲੀ ਕਬੱਡੀ ਟੀਮ ਦਾ ਕੈਪਟਨ ਰਿਹਾ। ਕਬੱਡੀ-ਸੰਸਾਰ ਵਿੱਚ ਉਸ ਜਿਹੀ ਬੱਲੇ-ਬੱਲੇ ਕਿਸੇ-ਕਿਸੇ ਨੂੰ ਹੀ ਨਸੀਬ ਹੁੰਦੀ ਹੈ।

ਪਿਛਲੇ ਦਿਨੀਂ ਨਡਾਲਾ (ਕਪੂਰਥਲਾ) ਵਿਖੇ ਉਸ ਦੀ ਅੰਤਿਮ ਅਰਦਾਸ ‘ਤੇ ਪਹੁੰਚੇ ਬਹੁਤ ਸਾਰੇ ਉਸਦੇ ਪ੍ਰਸ਼ੰਸਕ ਇਹ ਮਹਿਸੂਸ ਕਰ ਰਹੇ ਸਨ ਕਿ ਪ੍ਰੀਤੇ ਨੂੰ ਕਬੱਡੀ-ਜਗਤ ਨੇ ਭਾਵੇਂ ਬੇ-ਪਨਾਹ ਪਿਆਰ-ਸਨੇਹ ਦਿੱਤਾ ਅਤੇ ਉਹ ਅਨੇਕਾਂ ਨੌਜੁਆਨਾਂ ਲਈ ਰੋਲ-ਮਾਡਲ ਬਣਿਆ ਪਰ ਦੇਸ਼ ਅਤੇ ਕੌਮ ਉਸਨੂੰ ਬਣਦਾ ਇਨਸਾਫ ਨਾ ਦੇ ਸਕੀ। ਕਈ ਖਿਡਾਰੀ ਆਪਣੇ ਰਾਜਨੀਤਕ ਅਸਰ-ਰਸੂਖ਼ ਸਦਕਾ ਅਰਜਨ ਐਵਾਰਡ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰ ਗਏ ਹਾਲਾਂਕਿ ਉਹਨਾਂ ਵਿੱਚੋ ਕੱੁਝ ਉਸ ਦੇ ਮੁਕਾਬਲੇ ਵਿੱਚ ਇਹਨਾਂ ਐਵਾਰਡਾਂ ਦੇ ਹੱਕਦਾਰ ਵੀ ਨਹੀਂ ਸਨ। ਭਾਵੇਂ ਕਿ ਉਸ ਨੂੰ ਜ਼ਿੰਦਗੀ ਨਾਲ ਕੋਈ ਬਹੁਤੇ ਗਿਲੇ-ਸ਼ਿਕਵੇ ਨਹੀਂ ਸਨ ਪਰ ਇੱਕ ਨਿੱਜੀ ਟੈਲੀਵਿਜ਼ਨ ‘ਤੇ ਇੰਟਰਵਿਊ ਦੌਰਾਨ ਉਸਨੇ ਨਿਰਾਸ਼ਾ ਵਿੱਚ ਗਾਲ ਕੱਢਦਿਆਂ ਕਿਹਾ ਸੀ, “ਐਵੇਂ ਆਪਣਿਆਂ ਨੂੰ ਹੀ ਦੇਈ ਜਾਂਦੇ ਹਨ”। ਅਫ਼ਸੋਸ ਕਿ ਸੱਤਾਧਾਰੀਆਂ ਵਿੱਚ ਉਸਦਾ ਕੋਈ “ਆਪਣਾ” ਨਹੀਂ ਸੀ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin