Articles

ਆਉ ਮੁਹੱਬਤਾਂ ਦੇ ਦੀਪ ਜਲਾਈਏ . . . !

ਲੇਖਕ: ਗੁਰਜੀਤ ਕੌਰ “ਮੋਗਾ”

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਤਿਉਹਾਰ ਸਾਡੀ ਸੰਸਕ੍ਰਿਤੀ ਤੇ ਸੱਭਿਆਚਾਰ ਦਾ ਅਹਿਮ ਹਿੱਸਾ ਹਨ। ਤਕਰੀਬਨ ਹਰ ਮਹੀਨੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਤਿਉਹਾਰਾਂ ਦੀ ਸਾਂਝ ਹੈ। ਸਾਡਾ ਪ੍ਰਮੁੱਖ ਤਿਉਹਾਰ ਹੈ ਦੀਵਾਲੀ, ਜੋ ਕੱਤਕ ਦੀ ਮੱਸਿਆ ਦੀ ਰਾਤ ਨੂੰ ਮਨਾਇਆ ਜਾਂਦਾ ਹੈ। ਸਾਰੇ ਧਰਮਾਂ ਦੇ ਲੋਕ ਦੀਵਾਲੀ ਨੂੰ ਬੜੇ ਚਾਅ, ਉਤਸ਼ਾਹ ਤੇ ਉਲਾਸ ਨਾਲ ਮਨਾਉਂਦੇ ਹਨ। ਇੱਥੋਂ ਹੀ ਸਰਦ ਰੁੱਤ ਦਾ ਆਗਾਜ਼ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਸ ਤਿਉਹਾਰ ਦਾ ਸਬੰਧ ਧਰਮ ਨਾਲ ਵੀ ਹੈ ਅਤੇ ਇਤਿਹਾਸ ਨਾਲ ਵੀ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ‘ਚੋਂ ਬਵੰਜਾ ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਸਨ। ਇਸ ਖ਼ੁਸ਼ੀ ਵਿੱਚ ਹਰਿਮੰਦਰ ਸਾਹਿਬ ‘ਚ ਦੀਪਮਾਲਾ ਕੀਤੀ ਗਈ ਸੀ। ਹਿੰਦੂਆਂ ਦੇ ਭਗਵਾਨ ਸ੍ਰੀ ਰਾਮ ਚੰਦਰ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਰਾਵਣ ਤੋਂ ਜਿੱਤ ਹਾਸਲ ਕਰ ਕੇ ਅਯੁੱਧਿਆ ਵਾਪਸ ਪਰਤੇ ਸਨ। ਇਹ ਤਿਉਹਾਰ ਭਾਰਤ ਦੇ ਹਰ ਕੋਨੇ ਵਿਚ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਮਨਾਇਆ ਜਾਂਦਾ ਹੈ। ਤਿਉਹਾਰ ਮਨੁੱਖੀ ਮਨਾਂ ਨੂੰ  ਬੇ-ਤਹਾਸ਼ਾ ਖ਼ੁਸ਼ੀਆਂ ਖੇੜੇ ਬਖ਼ਸ਼ਦੇ ਹਨ। ਦੀਵਾਲੀ ਤੋਂ ਕੁਝ ਚਿਰ ਪਹਿਲਾਂ ਹੀ ਇਸ ਨੂੰ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਘਰਾਂ ਨੂੰ ਰੰਗ ਰੋਗਨ ਕਰਕੇ ਸਾਫ ਸਫਾਈ ਕੀਤੀ ਜਾਂਦੀ ਹੈ। ਖ੍ਰੀਦੋ ਫਰੋਖਤ ਵੀ ਸ਼ੁਰੂ ਹੋ ਜਾਂਦੀ ਹੈ। ਬਾਜ਼ਾਰਾਂ ਦੀ ਚਹਿਲਕਦਮੀ ਵਧ ਜਾਂਦੀ ਹੈ। ਰੰਗ ਬਿਰੰਗੀਆਂ ਲੜੀਆਂ, ਲਾਟੂ ਬਾਜ਼ਾਰਾਂ ਦੀ ਸ਼ੋਭਾ ਵਧਾਉਂਦੀਆਂ ਹਨ, ਬਾਵਜੂਦ ਇਸ ਦੇ ਮਿੱਟੀ ਦੇ ਦੀਵੇ ਬਾਲਣਾ ਵੀ ਇੱਕ ਅਹਿਮ ਸ਼ਗਨ ਮੰਨਿਆ ਜਾਂਦਾ ਹੈ। ਚਾਨਣ ਬਿਖੇਰਦਾ ਦੀਵਾ ਮਨੁੱਖੀ ਜੀਵਨ ਲਈ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਦੀਪ ਜਲਾਉਣ ਦਾ  ਸੁਨੇਹਾ ਦਿੰਦਾ ਹੈ। ਇਹ ਰੋਸ਼ਨੀਆਂ ਦਾ ਤਿਉਹਾਰ ਹੈ।  ਸਾਰੇ ਪਾਸੇ ਦੀਵਿਆਂ ਤੇ ਲੜੀਆਂ ਦੀ ਹੁੰਦੀ ਜਗਮਗ ਮੁਹੱਬਤ ਦੇ ਦੀਪ ਜਲਾਉਣ ਦੀ ਬਾਤ ਪਾਉਂਦੀ ਹੈ। ਤਿਓਹਾਰ ਮਨਾਉਣੇ ਤਾਂ ਹੀ ਸਪੰਨ ਹੁੰਦੇ ਹਨ ਜੇ ਅਸੀਂ ਆਪਸੀ ਗਿਲੇ ਸ਼ਿਕਵੇ ਮਿਟਾ ਕੇ ਊਚ ਨੀਚ ਦੇ ਗਲਬੇ ਤੋਂ ਮੁਕਤ ਹੋ ਕੇ  ਮਨਾਏ ਜਾਣ, ਜਾਤਾਂ ਧਰਮਾਂ ਅਤੇ ਮਜ਼੍ਹਬਾਂ ਤੋਂ ਉੱਪਰ ਉੱਠ ਕੇ ਜੀਵੀਏ ਤਾਂ ਹੀ ਅਸੀਂ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੇ ਉਪਦੇਸ਼ਾਂ ਅਨੁਕੂਲ ਰਹਿ ਕੇ ਪਿਆਰ ਦੇ ਦੀਪ ਜਲਾ ਸਕਦੇ ਹਾਂ।ਦੀਵਾਲੀ ਵਰਗੇ ਪ੍ਰਸਿੱਧ ਤਿਓਹਾਰ ‘ਤੇ ਅਹਿਦ ਲਈਏ ਕਿ ਲੋਭ, ਲਾਲਚ ਤੋਂ ਉੱਪਰ ਉੱਠ ਕੇ ਆਪਣੇ ਅੰਦਰਲੀ ਇਨਸਾਨੀਅਤ ਨੂੰ ਹਲੂਣਦਿਆਂ ਦੀਵੇ ਦੀ ਲੋਅ ਦੀ  ਤਰ੍ਹਾਂ ਬਰਾਬਰਤਾ ਦਾ ਪਾਠ ਪੜ੍ਹੀਏ, ਜਗਦੇ ਦੀਵਿਆਂ ਦੀ ਪੰਗਤੀ ਨਾਲ ਬਣੀ ਸੁਨਹਿਰੀ ਮਣਕਿਆਂ ਦੀ ਮਾਲਾ ਆਪਸੀ ਮਿਲਵਰਤਣ ਤੇ ਆਪਸੀ ਪਿਆਰ ਮੁਹੱਬਤਾਂ ਨਾਲ ਲਟ ਲਟ ਕਰਦੀ ਦਿਖਦੀ ਹੈ। ਦੀਵੇ ਦੀ ਜਗਦੀ ਬੱਤੀ ਆਪ ਜਲ ਕੇ ਦੂਸਰਿਆਂ ਦੇ ਰਾਹ ਰੁਸ਼ਨਾਉਂਦੀ, ਮਨੁੱਖੀ ਮਨਾਂ ਨੂੰ ਨਿੱਜ ਤੋਂ ਉੱਪਰ ਉੱਠ ਕੇ ਦੂਸਰਿਆਂ ਲਈ ਕੁਝ ਕਰ ਗੁਜ਼ਰਨ ਦੀ ਸੇਧ ਦਿੰਦੀ ਹੈ।ਮਨੁੱਖੀ ਮਨਾਂ ਚੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਮੁਹੱਬਤ ਤੇ ਗਿਆਨ ਦੇ ਦੀਪ ਜਲਾ ਕੇ  ਜ਼ਿੰਦਗੀ ਜਿਊਣ ਦੇ ਮਕਸਦ ਨੂੰ ਸਮਝਿਆ ਜਾ ਸਕਦਾ ਹੈ। ਤਿਉਹਾਰ ਸਾਂਝੀਵਾਲਤਾ ਦੇ ਪ੍ਰਤੀਕ ਹੁੰਦੇ ਹਨ।ਮਨਾਂ ਚੋਂ ਵੈਰ ਵਿਰੋਧ ਨੂੰ ਹੂੰਝ ਕੇ ਰਲ ਬੈਠਣ ਦੀ ਲੜੀ ਜਗਾਈਏ। ਸਾਰੇ ਪਾਸੇ ਸੁਖ ਸ਼ਾਂਤੀ ਦੀ ਕਾਮਨਾ ਕਰੀਏ ਬੇਲੋੜੇ ਖਰਚੇ ਤੋਂ ਬਚ ਕੇ ਸਾਦਗੀ ਨਾਲ ਤਿਓਹਾਰ ਮਨਾ ਕੇ ਸਾਡੇ ਸੱਭਿਆਚਾਰ ਦਾ ਸਤਿਕਾਰ ਕਰੀਏ। ਬੇਜ਼ੁਬਾਨੇ ਪਸ਼ੂ ਪੰਛੀਆਂ ਦਾ ਧਿਆਨ ਰੱਖਦੇ ਹੋਏ ਪਟਾਕੇ ਰਹਿਤ ਦੀਵਾਲੀ ਮਨਾ ਕੇ ਉਨ੍ਹਾਂ ਨੂੰ ਵੀ  ਖੁੱਲ੍ਹੀ ਹਵਾ ਤੇ ਅਸਮਾਨ ਵਿਚ ਸਾਹ ਲੈਣ ਦਾ ਹੱਕ ਦੇਈਏ। ਧਰਤੀ ਦੇ ਹਰੇਕ ਜੀਵ ਜੰਤੂ ਨੂੰ ਪਟਾਕਿਆਂ ਦੇ ਸ਼ੋਰ ਪ੍ਰਦੂਸ਼ਣ ਤੋਂ ਬਚਾਉਣਾ ਸਾਡਾ ਅਸਲੀ ਫ਼ਰਜ਼ ਹੈ। ਤਿਉਹਾਰਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਭਾਈਚਾਰਕ ਸਾਂਝਾਂ ਨੂੰ ਵੀ ਮੁਹੱਬਤ ਦਾ ਰੰਗ ਚਾੜ੍ਹ ਕੇ ਹੋਰ ਗੂੜ੍ਹਾ ਕਰੀਏ। ਮੁਹੱਬਤਾਂ ਦੇ ਦੀਵੇ ਨਾਲ ਘਰ ਪਰਿਵਾਰ ਤੇ ਸਮਾਜ ਨੂੰ ਰੁਸ਼ਨਾਈਏ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin