Articles

ਆਓ! ਜ਼ਿੰਦਗੀ ਨੂੰ ਨਿਖਾਰੀਏ

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਮਨੁੱਖੀ ਜਾਮੇ ਨੂੰ ਸ਼੍ਰਿਸ਼ਟੀ ਦੀ ਸਭ ਤੋਂ ਉੱਤਮ ਜੂਨ ਮੰਨਿਆ ਜਾਂਦਾ ਹੈ। ਸਾਡੇ ਵਿੱਚ ਕੁਦਰਤ ਵੱਲੋਂ ਹੀ ਸੂਝਬੂਝ, ਸੋਚਣ ਸ਼ਕਤੀ, ਯਾਦਸ਼ਕਤੀ , ਚੰਗਾ ਬੁਰਾ ਪਰਖਣ ਦੀ ਜੁਗਤ ਪਾਈ ਹੋਈ ਹੈ। ਹਾਲਾਤਾਂ ਨਾਲ ਲੜਣਾ, ਚੁਣੌਤੀਆਂ ਨੂੰ ਸਵੀਕਾਰ ਕਰਨਾ ਇਹ ਸਭ ਮਨੁੱਖ ਦੇ ਹਿੱਸੇ ਆਇਆ ਹੈ।

ਤੁਹਾਡੇ ਵਿੱਚ, ਮੇਰੇ ਵਿੱਚ ਹਰ ਇਨਸਾਨ ਵਿੱਚ ਅਥਾਹ ਸ਼ਕਤੀ ਭਰੀ ਪਈ ਹੈ। ਤੁਸੀਂ ਕੋਈ ਪੱਥਰ ਨਹੀਂ ਬਲਕਿ ਹੀਰਾ ਹੋ ਇਸ ਲਈ ਸਦਾ ਆਪਣੇ ਆਪ ਨੂੰ ਚਮਕਾ ਕੇ ਰੱਖੋ। ਜਦ ਵੀ ਕਿਸੇ ਜੌਹਰੀ ਦੀ ਨਜ਼ਰ ਤੁਹਾਡੇ ਉੱਪਰ ਪਈ ਤਾਂ ਦੇਖਣਾ ਤੁਸੀਂ ਕਿਵੇਂ ਚਮਕੋਗੇ।
ਇਸ ਲਈ ਤੁਹਾਨੂੰ ਸਮੇਂ ਦਾ ਸਦਉਪਯੋਗ ਕਰਨਾ ਪਵੇਗਾ। ਸਮਾਂ ਬਹੁਤ ਕੀਮਤੀ ਹੈ ਇਸਨੂੰ ਬੇਕਾਰ ਨਹੀਂ ਗਵਾ ਸਕਦੇ, ਸਗੋਂ ਇਸ ਸਮੇਂ ਨੂੰ ਤੁਸੀਂ ਇੱਕ ਸ਼ਿਲਪਕਾਰ ਦੀ ਤਰ੍ਹਾਂ ਆਪਣੀ ਜਿੰਦਗੀ ਨੂੰ ਘੜਨ ਅਤੇ ਸੁਆਰਨ ਤੇ ਲਾਉਣਾ ਹੈ। ਆਲਸੀ ਮਨੁੱਖ ਧਰਤੀ ਉੱਪਰ ਸ਼ਰਾਪ ਹੁੰਦੇ ਹਨ। ਜੇ ਕੁਝ ਹਾਸਿਲ ਕਰਨਾ ਹੈ ਤਾਂ ਸਾਨੂੰ ਉੱਦਮ ਕਰਨਾ ਪਵੇਗਾ। ਜੇ ਮੰਜ਼ਿਲ ਤੇ ਪੁਹੰਚਣਾ ਹੈ ਤਾਂ ਸਾਨੂੰ ਤੁਰਨਾ ਪਵੇਗਾ। ਇਸੇ ਲਈ ਕਹਿੰਦੇ ਹਨ –‘ ਤੁਰਿਆ ਬਿਨਾਂ ਨਾ ਮੁਕਣੇ  ਉਮਰਾਂ ਦੇ ਫਾਸਲੇ। ਇਸੇ ਉੱਦਮ  ਦੇ ਸਦਕਾ ਤੁਸੀਂ ਆਪਣੀ ਗਰੀਬੀ ਦੂਰ ਕਰ ਸਕਦੇ ਹੋ, ਆਪਣੇ ਸੁਪਨੇ ਸਕਾਰ  ਕਰ ਸਕਦੇ ਹੋ।
ਹੁਣ ਸਵਾਲ ਇਹ ਹੈ ਕਿ ਦੁਨੀਆਂ ਵਿੱਚ ਤੁਸੀਂ  ਵਿਚਰਨਾ ਕਿਵੇਂ ਹੈ? ਯਾਦ ਰੱਖੋ ਹਮੇਸ਼ਾ ਫੁੱਲ ਬਣ ਕੇ ਰਹੋ। ਫੁੱਲ ਜਿਵੇਂ ਪਾਣੀ ਉੱਪਰ ਤੈਰਦਾ ਹੈ ਕਿਸੇ ਨੂੰ ਕਸ਼ਟ ਨਹੀਂ ਦਿੰਦਾ, ਚਾਰੇ ਪਾਸੇ ਖੂਸ਼ਬੂ ਫੈਲਾਉਂਦਾ ਹੈ। ਤੁਹਾਡੇ ਹਾਲਾਤ ਕਿਵੇਂ ਦੇ ਕਿਉਂ ਨਾ ਹੋਣ, ਤੁਸੀਂ ਕਮਲ ਦੇ ਫੁੱਲ ਵਾਂਗ ਹੀ ਬਣਨਾ ਹੈ, ਜਿਵੇਂ ਕਮਲ ਦੇ ਫੁੱਲ ਨੂੰ ਚਿੱਕੜ ਦੀ ਦਲਦਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਇਸੇ ਤਰ੍ਹਾਂ ਦੁੱਖਾਂ ਤਕਲੀਫ਼ਾਂ ਦਾ ਵੀ ਸਾਡੇ ਉੱਪਰ ਕੋਈ ਅਸਰ ਨਹੀਂ ਹੋਣਾ ਚਾਹੀਦਾ। ਹਰ ਇੱਕ ਦੀ ਮਦਦ ਲਈ ਹਮੇਸ਼ਾ ਤਿਆਰ ਰਹੋ, ਤੁਹਾਡਾ ਖੁਦ ਦਾ ਵਿਵਹਾਰ ਉਵੇਂ ਦਾ ਹੋਵੇ ਜਿਵੇਂ ਦਾ ਤੁਸੀਂ ਕਿਸੇ ਕੋਲੋਂ ਚਾਹੁੰਦੇ ਹੋ। ਇਹ ਦੁਨੀਆਂ ਖੂਹ ਦੀ ਅਵਾਜ਼ ਹੈ, ਜਿਸ ਤਰ੍ਹਾਂ ਦੀ ਅਵਾਜ਼ ਤੁਸੀਂ ਕੱਢੋਗੇ  ਉਸੇ  ਅਵਾਜ਼ ਦੀ ਗੂੰਜ ਤੁਹਾਡੇ ਕੋਲ ਵਾਪਿਸ ਆਵੇਗੀ। ਆਪਣੀ ਸ਼ਖਸੀਅਤ ਨੂੰ ਨਿਖਾਰਨ ਲਈ ਇਹ ਗੁਣ ਬਹੁਤ ਜਰੂਰੀ ਹਨ। ਆਪਣੀ ਰੋਜ਼ਾਨਾ ਦੀ ਰਹਿਣੀ ਬਹਿਣੀ ਨਿਅਮਤ ਕਰੋ। ਆਪਣੀ ਦਿੱਖ ਨੂੰ ਨਿਖਾਰੋ, ਜਰੂਰੀ ਨਹੀਂ ਕਿ ਆਪਣੀ ਦਿਖ ਨੂੰ ਨਿਖਾਰਣ ਲਈ ਤੁਹਾਡੇ ਕੋਲ ਮਹਿੰਗੇ ਕੱਪੜੇ ਜਾਂ ਬੂਟ ਹੋਣ, ਸਾਦੇ ਜਿਹੇ ਕੱਪੜਿਆਂ ਵਿੱਚ ਚਿਹਰੇ ਤੇ ਹਰ ਸਮੇਂ ਹਲਕੀ ਜਿਹੀ ਮੁਸਕਾਨ ਨਾਲ ਵੀ ਤੁਸੀਂ ਲੋਕਾਂ ਦੇ ਦਿਲ ਜਿੱਤ ਸਕਦੇ ਹੋ।
ਸਵੇਰੇ ਅੰਮ੍ਰਿਤ ਵੇਲੇ ਉੱਠੋ ਆਪਣੇ ਵਿਸ਼ਵਾਸ ਅਨੁਸਾਰ ਪਾਠ ਪੂਜਾ ਕਰੋ। ਅੱਜ ਦੇ ਦਿਨ ਕਰਨ ਵਾਲੇ ਕੰਮਾਂ ਦੀ ਸੂਚੀ ਬਣਾਓ। ਰਾਤ ਨੂੰ ਸੌਣ ਲੱਗਿਆਂ ਦੇਖੋ ਕਿ ਕੀ ਤੁਸੀਂ ਅੱਜ ਦੇ ਸਾਰੇ ਕੰਮ ਪੂਰੇ ਕਰ ਲਏ ਹਨ? ਇਹ ਵੀ ਦੇਖੋ ਕਿ ਅੱਜ ਦੇ ਦਿਨ ਵਿੱਚ ਤੁਸੀਂ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ  ? ਕਿਸੇ ਤਰ੍ਹਾਂ ਦੀ ਭੁੱਲ ਹੋਈ ਹੋਵੇ, ਇਸ ਸਭ ਦਾ ਪਤਾ ਕਰਕੇ ਆਪਣੇ ਵਿੱਚ ਪਰਿਵਰਤਨ ਲਿਆਓ। ਅੱਜ ਬਹੁਤੇ ਲੋਕ ਹੋਣੀ ਉੱਪਰ ਸਭ ਕੁਝ ਛੱਡ ਦਿੰਦੇ ਹਨ ਅਤੇ ਉੱਦਮ ਵੱਲੋਂ ਮੂੰਹ ਮੋੜ ਲੈਂਦੇ ਹਨ। ਕਾਮਯਾਬ ਹੋਣ ਲਈ ਕਿਸਮਤ ਉੱਪਰ ਸਭ ਕੁਝ ਛੱਡਿਆ ਨਹੀਂ ਜਾ ਸਕਦਾ, ਮਿਹਨਤ, ਲਗਨ, ਕੋਸ਼ਿਸ ਬਹੁਤ ਜਰੂਰੀ ਹੈ। ਆਪਣੇ ਕਰਮ ਨੂੰ ਪ੍ਰਾਪਤੀ ਨਾਲ ਜੋੜੋ। ਆਪਣੇ ਗੁਣਾ ਨੂੰ ਉਭਾਰੋ। ਤੁਹਾਡੀ ਸ਼ਖਸੀਅਤ ਮਿਕਨਾਤੀਸੀ ਬਣੇਗੀ ਤਾਂ ਲੋਕ ਆਪਣੇ ਆਪ ਤੁਹਾਡੇ ਵੱਲ ਖਿੱਚੇ ਆਉਣਗੇ। ਲੋਕ ਉਸੇ ਮਨੁੱਖ ਨੂੰ ਪਸੰਦ ਕਰਦੇ ਹਨ, ਜਿੰਨਾ ਦੇ ਚਿਹਰਿਆਂ ਉੱਪਰ ਮੁਸਕਾਨ ਝਲਕਦੀ ਹੈ, ਜਿਨ੍ਹਾਂ ਦੇ ਸਾਮ੍ਹਣੇ ਆਉਣ ਨਾਲ ਰੂਹ ਖਿੜ ਜਾਂਦੀ ਹੈ।
ਸੋ ਸਦਾ ਜਿੰਦਗੀ ਦੀ ਜੰਗ ਵਿੱਚ ਜੇਤੂ ਹੋਕੇ ਨਿੱਤਰੋ। ਸ਼ੁੱਭ ਕੰਮ ਲਈ ਸਾਰੇ ਸਮੇਂ ਸ਼ੁੱਭ ਹੁੰਦੇ ਹਨ। ਕਿਸੇ ਮਹੂਰਤ ਦੀ ਲੋੜ ਨਹੀਂ। ਆਪਣਾ ਨਿਸ਼ਾਨਾ ਹਮੇਸ਼ਾ ਉੱਚੇ ਤੋਂ ਉੱਚਾ ਰੱਖੋ। ਅਸਫਲਤਾ ਦਾ ਡਰ ਨਾ ਰੱਖੋ,  ਜੇਕਰ ਅਸਫ਼ਲ ਹੋ ਵੀ ਗਏ ਤਾਂ ਫਿਰ ਤੋਂ ਸ਼ੁਰੂ ਕਰੋ । ਇੱਕ ਦਿਨ ਜਰੂਰ ਸਫ਼ਲ ਹੋਵੋਂਗੇ। ਐਡੀਸਨ ਦੁਨੀਆਂ ਦਾ ਮਹਾਨ ਸਾਇੰਸਦਾਨ ਹੋਇਆ ਹੈ। ਜਿਸ ਨੇ ਬਿਜਲੀ ਦੇ ਬਲਬ ਦੀ ਖੋਜ ਕੀਤੀ। ਸਾਰੀ ਦੁਨੀਆਂ ਨੂੰ ਨਵੀਂ ਰੋਸ਼ਨੀ ਦਿੱਤੀ। ਇਸ ਤੋਂ ਪਹਿਲਾਂ ਉਹ  200 ਵਾਰ ਅਸਫ਼ਲ ਹੋਇਆ। ਸੋ ਯਤਨ ਕਰਦੇ ਰਹੋ। ਚੁਣੌਤੀਆਂ ਸਵੀਕਾਰ ਕਰਦੇ ਰਹੋ। ਇਹ ਕੁਝ ਅਜਿਹੇ ਗੁਣ ਹਨ ਜਿੰਨਾ ਨੂੰ ਅਪਣਾ ਅਸੀਂ ਆਪਣੀ ਸ਼ਖਸੀਅਤ ਨਿਖਾਰ ਸਕਦੇ ਹਾਂ ਅਤੇ ਜੀਵਨ ਨੂੰ ਅਸਾਨ ਬਣਾ ਸਕਦੇ ਹਾਂ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin