Articles

ਆਜ਼ਾਦੀ ਘੁਲਾਟੀਏ ਰਾਜਾ ਮਹਿੰਦਰ ਪ੍ਰਤਾਪ ਸਿੰਘ

ਲੇਖਕ: ਪ੍ਰਿੰਸੀਪਲ ਪ੍ਰੇਮਲਤਾ, ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ.ਸੈਕੰ.ਸਕੂਲ ਧੂਰੀ

ਰਾਜਾ ਮਹਿੰਦਰ ਪ੍ਰਤਾਪ ਸਿੰਘ ਉਤੱਰ ਪ੍ਰਦੇਸ਼ ਦੇ ਹਾਥਰਸ ਜ਼ਿਲੇ੍ ‘ਚ ਮੁਰਸਾਨ ਦੇ ਰਾਜਸ਼ਾਹੀ ਪਰਿਵਾਰ ਵਿੱਚ 1 ਦਸੰਬਰ 1886 ਨੂੰ ਰਾਜਾ ਘਣਸ਼ਿਆਮ ਸਿੰਘ ਦੇ ਤੀਜੇ ਪੁੱਤਰ ਦੇ ਰੂਪ ’ਚ ਜਨਮ ਲਿਆ। ਜਦੋਂ ਉਹ 3 ਸਾਲ ਦੇ ਹੋਏ ਤਾਂ ਉਨ੍ਹਾਂ ਨੂੰ ਹਾਥਰਸ ਦੇ ਰਾਜਾ ਹਰਨਰਾਇਣ ਸਿੰਘ ਨੇ ਗੋਦ ਲੈ ਲਿਆ। ਉਨ੍ਹਾ ਦੀ ਸ਼ਾਦੀ 1902 ਵਿੱਚ ਜੀਂਦ ਰਿਆਸਤ ਦੇ ਰਾਜੇ ਦੀ ਕੁੜੀ ਬਲਵੀਰ ਕੌਰ ਨਾਲ ਹੋਇਆ।
1895 ਵਿੱਚ ਮਹਿੰਦਰ ਪ੍ਰਤਾਪ ਸਿੰਘ ਨੇ ਅਲੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਦਾਖ਼ਲਾ ਲੈ ਲਿਆ। ਜਲਦੀ ਹੀ ਉਨ੍ਹਾਂ ਨੇ ਪਹਿਲਾਂ ਮੁਸਲਿਮ ਐਂਗਲੋ ਓਰੀਐਂਟਡ ਕਾਲਜੀਏਟ ਸਕੂਲ ਅਤੇ ਫਿਰ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਵਿੱਚ ਦਾਖ਼ਲ ਹੋ ਕੇ ਸਰ ਸਈਅਦ ਅਹਿਮਦ ਖਾਨ ਦੀ ਛਤਰ ਛਾਇਆ ਹੇਠ ਅੰਗ੍ਰੇਜ ਅਤੇ ਮੁਸਲਿਮ ਅਧਿਆਪਕਾਂ ਕੋਲੋਂ ਵਿਦਿਆ ਹਾਸਲ ਕੀਤੀ। ਇੱਥੋਂ ਗ੍ਰਹਿਣ ਕੀਤੀ ਵਿੱਦਿਆ ਦੇ ਪ੍ਰਭਾਵ ਹੇਠ ਉਨ੍ਹਾਂ ਨੇ 24 ਮਈ 1909 ਵਿੱਚ ਵਰਿੰਦਾਵਨ ਵਿੱਚ ਆਪਣੇ ਮਹਿਲ ਵਿੱਚ ‘ਪ੍ਰੇਮ ਮਹਾਂ ਵਿਦਾਲਿਆ’ (ਇੱਕ ਤਕਨੀਕੀ ਸੰਸਥਾ) ਸ਼ੁਰੂ ਕੀਤੀ ਜਿੱਥੇ ਮੁਫ਼ਤ ਵਿੱਦਿਆ ਦਿੱਤੀ ਜਾਂਦੀ ਸੀ।
1906 ਵਿੱਚ ਪ੍ਰਤਾਪ, ਕਾਂਗਰਸ ਸ਼ੈਸ਼ਨ ਵਿੱਚ ਭਾਗ ਲੈਣ ਲਈ ਕੋਲਕਾਤਾ ਗਏ, ਜਿੱਥੇ ਉਹ ਬਹੁਤ ਸਾਰੇ ਸਵਦੇਸ਼ੀ ਲਹਿਰ ਦੇ ਆਗੂਆਂ ਨੂੰ ਇਹ ਸੋਚ ਨੂੰ ਲੈ ਕੇ ਮਿਲੇ ਤਾਂਕਿ ਆਪਣੇ ਦੇਸ਼ ਵਿੱਚ ਛੋਟੀਆਂ ਸੰਨਅਤਾਂ, ਲਗਾਕੇ ਤਕਨੀਕੀ ਵਸਤੂਆਂ ਅਤੇ ਦੇਸੀ ਵਸਤੂਆਂ ਦੇ ਨਿਰਮਾਣ ਨੂੰ ਬੜ੍ਹਾਵਾ ਦਿੱਤਾ ਜਾਵੇ। ਉਹ ਛੂਆ-ਛੂਤ ਦੇ ਸਖ਼ਤ ਵਿਰੋਧੀ ਸਨ। ਇਸ ਬੁਰਾਈ ਨੂੰ ਦੂਰ ਕਰਨ ਲਈ ਉਨ੍ਹਾਂ ਨੇ 1911 ਵਿੱਚ ਅਲਮੋੜਾ ਦੇ ਤਮਾਤਾ ਪਰਿਵਾਰ ਨਾਲ ਬੈਠ ਕੇ ਖਾਣਾ ਖਾਦਾ ਅਤੇ 1912 ਵਿੱਚ ਆਗਰਾ ਦੇ ਮਹਿਤਾਰ ਪਰਿਵਾਰ ਨਾਲ ਬੈਠ ਕੇ ਖਾਣਾ ਖਾਦਾ। ਪ੍ਰਤਾਪ, ਦਾਦਾ ਭਾਈ ਨਰੋਜੀ, ਬਾਲ ਗੰਗਾਧਰ ਤਿਲਕ ਅਤੇ ਬਿਪਨ ਚੰਦਰ ਪਾਲ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ। ਉਸਨੇ ਅੰਗ੍ਰੇਜੀ ਕੱਪੜਿਆਂ ਨੂੰ ਜਲਾਉਣ ਦੀ ਮੁਹਿੰਮ ਚਲਾਈ।
ਭਾਰਤ ਨੂੰ ਅਜਾਦ ਕਰਵਾਉਣ ਦੇ ਮਕਸਦ ਨਾਲ, ਬਾਹਰੋਂ ਮਦਦ ਲੈਣ ਲਈ ਉਹ 20 ਦਸੰਬਰ 1914 ਨੂੰ 28 ਸਾਲ ਦੀ ਉਮਰ ਵਿੱਚ ਭਾਰਤ ਨੂੰ ਤੀਜੀ ਵਾਰ ਛੱਡ ਕੇ ਬਾਹਰਲੇ ਦੇਸ਼ ਚਲੇ ਗਏ। ਜਨਵਰੀ 1915 ਵਿੱਚ ਚੱਟੋ (ਵਿਰੇਦੰਰ ਨਾਥ ਚਟੋ ਪਾਧਿਆਇ) ਬਰਲਿਨ ਕਮੇਟੀ ਦੇ ਆਗੂ ਨੂੰ ਸਵਿਟਜਰਲੈਂਡ ਵਿੱਚ ਪ੍ਰਤਾਪ ਦੇ ਆਉਣ ਦਾ ਪਤਾ ਚੱਲਿਆ। ਉਸਨੇ ਜਰਮਨ ਵਿਦੇਸ਼ ਮੰਤਰਾਲਿਆ ਦੇ ਉਚੱ ਅਧਿਕਾਰੀ ਵੌਨ ਜਿਮਰਮਾਨ ਨਾਲ ਪ੍ਰਤਾਪ ਨੂੰ ਬਰਲਿਨ ਲੈ ਕੇ ਆਉਣ ਦੀ ਗੱਲ ਕੀਤੀ। ਪਹਿਲਾਂ ਹੀ ਚੱਟੋ ਨੇ ਪਾਰਸੀ ਕ੍ਰਾਂਤੀਕਾਰੀ ਦਾਦਾ ਛਾਂਜੀ ਕਿਰਸਪ ਦੀ ਅਗਵਾਹੀ ਵਿੱਚ ਇੱਕ ਮਿਸ਼ਨ ਅਫਗਾਨੀਸਤਾਨ ਭੇਜ ਦਿੱਤਾ ਸੀ। ਜਦੋਂ ਚੱਟੋ ਦੀਆਂ ਗਤੀਵਿਧੀਆਂ ਬਾਰੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਅਤੇ ਲਾਲਾ ਹਰਦਿਆਲ ਤੋਂ ਪਤਾ ਲੱਗਿਆ ਤਾਂ ਪ੍ਰਤਾਪ ਨੇ ਜਰਮਨੀ ਦੇ ਸ਼ਾਸ਼ਕ ਕਾਏਸਰ ਵਿਲਹੇਮ ਦੂਜੇ ਨੂੰ ਆਪ ਮਿਲਣ ਲਈ ਸੋਚਿਆ। ਚੱਟੋ, ਪ੍ਰਤਾਪ ਨੂੰ ਇਹ ਦੱਸਣ ਲਈ ਕਿ ਜਰਮਨੀ ਦੇ ਸ਼ਾਸ਼ਕ ਕਾਏਸਰ ਵਿਲਹੇਮ ਉਸਨੂੰ ਮਿਲਣ ਲਈ ਬਹੁਤ ਉਤਸਕ ਹਨ ਤੁਰੰਤ ਜਨੇਵਾ ਗਏ ਅਤੇ ਦੋਵੇਂ ਕਾਏਸਰ ਨੂੰ ਮਿਲਣ ਲਈ ਬਰਲਿਨ ਲਈ ਰਵਾਨਾ ਹੋ ਗਏ। ਲਾਲਾ ਹਰਦਿਆਲ ਵੀ ਉਨ੍ਹਾਂ ਨਾਲ ਸਨ। ਕਾਏਸਰ ਨੇ ਪ੍ਰਤਾਪ ਨੂੰ ਆਰਡਰ ਆਫ ਰੇਡ-ਈਗਲ ਦਾ ਸਨਮਾਨ ਦਿੱਤਾ। ਪ੍ਰਤਾਪ ਦੀ ਇੱਛਾ ਮੁਤਾਬਿਕ ਉਸਨੂੰ ਪੋਲਿਸ਼ ਬਾਰਡਰ ਦੇ ਨੇੜੇ ਇੱਕ ਫ਼ੌਜੀ ਕੈਂਪ ਵਿੱਚ ਲਜਾਇਆ ਗਿਆ, ਤਾਂਕਿ ਪ੍ਰਤਾਪ ਨੂੰ ਸੈਨਿਕ ਨੀਤੀਆਂ ਅਤੇ ਉਨ੍ਹਾਂ ਦੀ ਕਾਰਗੁਜਾਰੀ ਬਾਰੇ ਗਿਆਨ ਮਿਲ ਜਾਵੇ।
10 ਅਪ੍ਰੈਲ 1915 ਵਿਚ ਪ੍ਰਤਾਪ ਨੇ ਜਰਮਨ ਰਾਜਦੂਤ ਵੌਨ ਹੇਂਟਿੰਗ, ਮੌਲਵੀ ਬਰਕਤੁੱਲਾ ਨੂੰ ਨਾਲ ਲੈ ਕੇ ਬਰਲਿਨ ਛੱਡ ਕੇ ਵਿਆਨਾ ਵਿੱਚ ਇੱਕ ਡੈਲੀਗੇਸ਼ਨ ਦੇ ਰੂਪ ਵਿੱਚ ਮਿਸਰ ਦੇ ਖਲੀਫੇ ਨੂੰ ਮਿਲੇ, ਜਿਸਨੇ ਪ੍ਰਤਾਪ ਨੂੰ ਭਾਰਤ ਵਿੱਚੋਂ ਛੇਤੀ ਅੰਗ੍ਰੇਜੀ ਸ਼ਾਸ਼ਨ ਦੇ ਖਾਤਮੇ ਦੀ ਗੱਲ ਕਹੀ। ਤੁਰਕੀ ਵਿੱਚ ਉਨ੍ਹਾਂ ਨੇ ਅਨਵਰ ਪਾਸ਼ਾ ਜੋ ਕਿ ਤੁਰਕੀ ਦੇ ਸੁਲਤਾਨ ਦਾ ਜਮਾਈ ਸੀ ਅਤੇ ਸੁਰੱਖਿਆ ਮੰਤਰੀ ਸੀ, ਨਾਲ ਮੁਲਾਕਾਤ ਕੀਤੀ। ਪ੍ਰਤਾਪ ਅਤੇ ਉਸਦੇ ਸਾਥੀ 2 ਅਕਤੂਬਰ 1915 ਨੂੰ ਅਫਗਾਨੀਸਤਾਨ ਦੇ ਬਾਦਸ਼ਾਹ ਹਬੀਬੁੱਲਾ ਨੂੰ ਮਿਲੇ ਅਤੇ ਵਿਚਾਰ ਵਟਾਂਦਰਾ ਕੀਤਾ।
ਜਦੋਂ ਪ੍ਰਤਾਪ 28 ਸਾਲ ਦੇ ਹੋਏ ਤਾਂ ਉਨ੍ਹਾਂ ਨੇ ਅਫਗਾਨੀਸਤਾਨ ਦੀ ਧਰਤੀ ਉਪੱਰ ਭਾਰਤ ਦੀ ਅਸਥਾਈ ਸਰਕਾਰ ਦੇ ਗਠਨ ਦਾ ਐਲਾਨ ਕਰ ਦਿੱਤਾ। ਉਹ ਆਪ ਇਸਦੇ ਰਾਸ਼ਟਰਪਤੀ ਅਤੇ ਮੌਲਵੀ ਬਰਕਤੁੱਲਾ ਪ੍ਰਧਾਨ ਮੰਤਰੀ ਅਤੇ ਮੌਲਵੀ ਅਬਦੁੱਲਾ ਸਿੰਧੀ ਇਸਦੇ ਗ੍ਰਹਿ ਮੰਤਰੀ ਬਣੇ। ਅੰਗ੍ਰੇਜ਼ੀ ਸ਼ਾਸ਼ਨ ਵਿਰੋਧੀ ਤਾਕਤਾਂ ਨੇ ਇਸ ਕਾਰਵਾਈ ਦਾ ਸਮਰਥਣ ਕੀਤਾ।
ਪ੍ਰਤਾਪ ਦੇ ਕ੍ਰਾਂਤੀਕਾਰੀ ਵਿਚਾਰਾਂ ਕਰਕੇ ਇਨ੍ਹਾਂ ਦੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਲੈਨਿਨ ਨਾਲ ਚੰਗੇ ਸੰਬੰਧ ਸਨ। ਲੈਨਿਨ ਨੇ ਆਪ, ਪ੍ਰਤਾਪ ਨੂੰ ਰੂਸ ਬੁਲਾਇਆ ਸੀ। ਭਾਰਤ ਵਿੱਚ ਅੰਗ੍ਰੇਜੀ ਸਰਕਾਰ ਨੇ ਪ੍ਰਤਾਪ ਦੇ ਸਿਰ ਉਪੱਰ ਇਨਾਮ ਰੱਖ ਦਿੱਤਾ; ਉਸਦੀ ਰਿਆਸਤ ਨੂੰ ਤਹਿਸ ਨਹਿਸ ਕਰ ਦਿੱਤਾ ਅਤੇ ਉਸਨੂੰ ਭਗੌੜਾ ਕਰਾਰ ਦੇ ਦਿੱਤਾ। 1925 ਵਿੱਚ ਉਨ੍ਹਾਂ ਨੂੰ ਅਫਗਾਨਿਸਤਾਨ ਛੱਡ ਕੇ ਜਪਾਨ ਜਾਣਾ ਪਿਆ। 1925 ਵਿੱਚ ਹੀ ਇਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ। 1932 ਵਿੱਚ ਉਨ੍ਹਾਂ ਨੂੰ ਨੋਬਲ ਸ਼ਾਂਤੀ ਅਵਾਰਡ ਲਈ ਨਾਮਜਦ ਕੀਤਾ ਗਿਆ।
ਜਪਾਨ ਵਿੱਚ ਜਾਕੇ ਉਨ੍ਹਾਂ ਨੇ ‘ਵਰਲਡ ਫੈਡਰੇਸ਼ਨ’ ਮਹੀਨਾਵਾਰ ਮੈਗਜੀਨ ਕੱਢਣਾ ਸ਼ੁਰੂ ਕੀਤਾ। ਉਨ੍ਹਾਂ ਨੇ ਦੂਸਰੇ ਵਿਸ਼ਵ ਯੁੱਧ ਦੇ ਹਾਲਾਤਾਂ ਨੂੰ ਭਾਰਤ ਦੀ ਆਜਾਦੀ ਲਈ ਵਰਤਣ ਦੇ ਉਪਰਾਲੇ ਕੀਤੇ। ਟੋਕੀਓ ਵਿੱਚ ਉਨ੍ਹਾਂ ਨੇ 1940 ਵਿੱਚ ਭਾਰਤ ਦਾ ਕਾਰਜਕਾਰੀ ਬੋਰਡ ਬਣਾਇਆ।
ਆਖਿਰ ਨੂੰ ਅੰਗ੍ਰੇਜ਼ ਸਰਕਾਰ ਨੇ ਪ੍ਰਤਾਪ ਪ੍ਰਤੀ ਨਰਮਦਿਲੀ ਵਰਤਦੇ ਹੋਏ ਉਨ੍ਹਾਂ ਨੂੰ ਭਾਰਤ ਆਉਣ ਦੀ ਆਗਿਆ ਦੇ ਦਿੱਤੀ। ਉਹ 32 ਸਾਲਾਂ ਬਾਅਦ 9 ਅਗਸਤ 1945 ਨੂੰ ਭਾਰਤ ਵਾਪਿਸ ਆ ਗਏ। ਉਹ ਮਹਾਤਮਾਂ ਗਾਂਧੀ ਨੂੰ ਮਿਲਣ ਵਰਧਾ ਚਲੇ ਗਏ।
ਆਜ਼ਾਦੀ ਤੋਂ ਬਾਅਦ ਵੀ ਉਨ੍ਹਾਂ ਨੇ ਆਮ ਆਦਮੀ ਨੂੰ ਰਾਜਨੀਤਿਕ ਤਾਕਤ ਦਬਾਉਣ ਦਾ ਆਪਣਾ ਸੰਘਰਸ਼ ਜਾਰੀ ਰੱਖਿਆ। ਉਨ੍ਹਾਂ ਨੇ ਭ੍ਰਿਸ਼ਟਾਚਾਰ ਅਤੇ ਅਫਸਰਸ਼ਾਹੀ ਅੜਿੱਚਨਾ ਖਿਲਾਫ਼ ਸੰਘਰਸ਼ ਕੀਤਾ। ਉਹ ਦੂਸਰੀ ਲੋਕ ਸਭਾ (1957-1962) ਲਈ ਹਾਥਰਸ ਹਲਕੇ ਤੋਂ ਚੁਣੇ ਗਏ। ਇਸ ਲਈ ਉਨ੍ਹਾਂ ਨੇ ਜਨਸੰਘ ਦੇ ਆਗੂ ਸ਼੍ਰੀ ਅਟਲ ਬਿਹਾਰੀ ਬਾਜਪਈ ਨੂੰ ਬਹੁਤ ਵੱਡੇ ਅੰਤਰ ਨਾਲ ਹਰਾਇਆ ਸੀ। 29 ਅਪ੍ਰੈਲ 1979 ਨੂੰ ਉਹ ਸਵਰਗ ਸਿਧਾਰ ਗਏ।
ਡਾ. ਸੁਬਰਾਮਨੀਅਮ ਸੁਆਮੀ ਦੇ ਮੁਤਾਬਿਕ ਰਾਜਾ ਮਹਿੰਦਰ ਪ੍ਰਤਾਪ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਉਹ ਥਾਂ ਦਾਨ ਵਿੱਚ ਦਿੱਤੀ ਹੋਈ ਹੈ, ਜਿੱਥੇ ਇਸਦਾ ਕੈਂਪਸ ਬਣਿਆ ਹੋਇਆ ਹੈ, ਇਨ੍ਹਾਂ ਤੋਂ ਇਲਾਵਾ ਹੋਰ ਦਾਨੀ ਹਨ; ਚੌਧਰੀ ਸ਼ੇਰ ਸਿੰਘ, ਕੰਵਰ ਲੇਖ ਰਾਜ ਸਿੰਘ, ਰਾਜਾ ਸ਼ਿਵ ਨਰਾਇਣ ਸਿੰਘ, ਰਾਜਾ ਊਦੈ ਪ੍ਰਤਾਪ ਸਿੰਘ, ਲਾਲਾ ਫੂਲ ਚੰਦ ਅਤੇ ਲਾਲਾ ਵਾਸਦੇਵ ਸਹਾਏ। ਇਨ੍ਹਾਂ ਦਾਨੀ ਸੱਜਣਾਂ ਦੇ ਨਾਮ ਯੂਨੀਵਰਸਿਟੀ ਦੀਆਂ ਪੁਰਾਣੀਆਂ ਇਮਾਰਤਾਂ ਉਪੱਰ ਦਰਜ ਹਨ।
ਹੁਣ ਭਾਰਤ ਦੀ ਕੇਂਦਰੀ ਸਰਕਾਰ ਵੱਲੋਂ, ਵਿੱਦਿਅਕ ਸੰਸਥਾਵਾਂ ਨੂੰ ਜਮੀਨ ਦਾਨ ਦੇਣ ਵਾਲੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਦੇ ਆਪਣੇ ਨਾਂ ਉੱਪਰ ਅਲੀਗੜ੍ਹ ਵਿੱਚ ਯੂਨੀਵਰਸਿਟੀ ਦੀ ਸਥਾਪਨਾ ਕਰਨਾ ਇੱਕ ਇਤਿਹਾਸਕ ਕਦਮ ਹੈ। ਇਸ ਕਦਮ ਨਾਲ਼ ਪੰਜਾਬ ਦਾ ਨਾਂ ਵੀ ਉੱਚਾ ਹੋਇਆ ਹੈ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin