Articles Technology

ਆਨਲਾਈਨ ਠੱਗੀਆਂ ਦੇ ਨਿੱਤ ਬਦਲਦੇ ਨਵੇਂ ਤਰੀਕੇ

ਲੇਖਕ: ਚਾਨਣ ਦੀਪ ਸਿੰਘ, ਔਲਖ

ਪਿਛਲੇ ਮਹੀਨੇ ਬਲਿਊ ਡਾਰਟ (ਕੋਰੀਅਰ ਕੰਪਨੀ) ਦਾ ਮੇਰਾ ਇੱਕ ਕੋਰੀਅਰ ਕੁਝ ਲੇਟ ਹੋ ਗਿਆ। ਕਾਰਨ ਜਾਨਣ ਲਈ ਮੈਂ ਆਪਣੇ ਸ਼ਹਿਰ ਦੇ ਬਲਿਊ ਡਾਰਟ ਦਫ਼ਤਰ ਨਾਲ ਸੰਪਰਕ ਕਰਨ ਦੀ ਗੱਲ ਸੋਚੀ। ਪਰ ਦਫ਼ਤਰ ਦਾ ਨੰਬਰ ਕੋਲ ਨਾ ਹੋਣ ਕਰਕੇ ਮੈਂ ਗੂਗਲ ਸਰਚ ਇੰਜਨ ਤੇ ਕੋਰੀਅਰ ਕੰਪਨੀ ਦਾ ਕਸਟਮਰ ਕੇਅਰ ਸੰਪਰਕ ਨੰਬਰ ਸਰਚ ਕੀਤਾ। 2 ਸੈਕਿੰਡ ਬਾਅਦ ਹੀ ਕੋਰੀਅਰ ਕੰਪਨੀ ਦਾ ਕਸਟਮਰ ਕੇਅਰ ਨੰਬਰ ਮੇਰੇ ਸਮਾਰਟ ਫੋਨ ਦੀ ਸਕਰੀਨ ਤੇ ਸੀ। ਬਿਨਾਂ ਦੇਰੀ ਕਰਦਿਆਂ ਅਗਲੇ ਹੀ ਪਲ ਮੈਂ ਉਹ ਨੰਬਰ ਡਾਇਲ ਕੀਤਾ ਤਾਂ ਅੱਗੋਂ ਇਕ ਭੱਦਰ ਪੁਰਸ਼ ਨੇ ਬੜੇ ਹੀ ਮਦਦਗਾਰ ਲਹਿਜੇ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਤੁਹਾਡਾ ਕੋਰੀਅਰ ਸਹੀ ਐਡਰੈੱਸ ਨਾ ਮਿਲਣ ਕਾਰਨ ਵਾਪਸ ਆ ਗਿਆ ਹੈ ਅਤੇ ਦੁਬਾਰਾ ਮੰਗਵਾਉਣ ਲਈ ਤੁਹਾਨੂੰ ਚਾਰਜਜ਼ ਦੇਣੇ ਹੋਣਗੇ। ਮੈਂ ਡਰਦਿਆਂ ਪੁਛਿਆ ਕਿੰਨੇ ਪੈਸੇ ਦੇਣੇ ਹੋਣਗੇ? ਤਾਂ ਅੱਗੋਂ ਜਵਾਬ ਆਇਆ 5 ਰੁਪਏ। ਮੈਂ ਪੁਛਿਆ ਕਿ ਮੈਂ ਤੁਹਾਡੇ ਦਫ਼ਤਰ ਪੈਸੇ ਦੇ ਜਾਵਾਂ ? ਉਸ ਨੇ ਕਿਹਾ ਨਹੀਂ ਤੁਹਾਨੂੰ ਆਨਲਾਈਨ ਪੇਮੈਂਟ ਕਰਨੀ ਪਵੇਗੀ। ਅੱਗੋਂ ਮੈਂ ਕਿਹਾ ਕਿ ਮੈਂ ਪੇਟੀਐਮ ਕਰ ਦਿੰਦਾ ਹਾਂ ਪਰ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਐਸ. ਐਮ. ਐਸ. ਦੁਆਰਾ ਇੱਕ ਲਿੰਕ ਭੇਜ ਦਿੱਤਾ ਹੈ ਤੁਸੀਂ ਉਸ ਤੇ ਕਲਿਕ ਕਰਕੇ ਯੂ. ਪੀ. ਆਈ. ਪੇਮੈਂਟ (ਆਪਣੇ ਖਾਤੇ ਵਿੱਚੋਂ ਸਿੱਧੀ ਅਦਾਇਗੀ) ਕਰਨੀ ਹੈ। ਪੰਜ ਰੁਪਏ ਸੁਣ ਕੇ ਭਾਵੇਂ ਮੈਨੂੰ ਗੱਲ ਮਾਮੂਲੀ ਹੀ ਲੱਗੀ ਪਰ ਲਿੰਕ ਤੇ ਕਲਿਕ ਕਰਕੇ ਯੂ. ਪੀ. ਆਈ. ਪੇਂਮੈਂਟ ਵਾਲੀ ਗੱਲ ਤੇ ਮੈਨੂੰ ਸ਼ੱਕ ਜਿਹਾ ਹੋਇਆ ਅਤੇ ਮੈਂ ਉਸਦੀ ਕਾਲ ਕੱਟ ਦਿੱਤੀ। ਉਸ ਤੋਂ ਬਾਅਦ ਵੀ ਉਸ ਵਿਅਕਤੀ ਨੇ ਦੋ ਵਾਰ ਕਾਲ ਕਰਕੇ ਪੇਮੈਂਟ ਕਰਨ ਲਈ ਕਿਹਾ ਤਾਂ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ। ਇਸ ਘਟਨਾ ਮਗਰੋਂ ਇਸ ਪ੍ਰਤੀ ਖੋਜ਼ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਆਨਲਾਈਨ ਬੈਂਕਿੰਗ ਠੱਗੀਆਂ ਦੇ ਤਰੀਕੇ ਨਿੱਤ ਦਿਨ ਬਦਲ ਰਹੇ ਹਨ। ਜਿੰਨੀ ਜਾਣਕਾਰੀ ਮੈਨੂੰ ਹਾਸਲ ਹੋਈ ਮੈਂ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਤਾਂ ਕਿ ਸਾਰੇ ਇਸ ਤਰ੍ਹਾਂ ਦੀਆਂ ਠੱਗੀਆਂ ਤੋਂ ਸੁਚੇਤ ਹੋ ਸਕੀਏ।

    ਭਾਰਤ ਵਿੱਚ ਸਸਤੇ ਇੰਟਰਨੈੱਟ ਦੇ ਆਗਮਨ ਨਾਲ ਇੰਟਰਨੈੱਟ ਦੀ ਵਰਤੋਂ ਬਹੁਤ ਵੱਧ ਗਈ ਹੈ। ਨੋਟ ਬੰਦੀ ਅਤੇ ਤਾਲਾਬੰਦੀ ਤੋਂ ਬਾਅਦ ਇੰਟਰਨੈੱਟ ਬੈਂਕਿੰਗ ਅਤੇ ਆਨਲਾਈਨ ਟਰਾਂਜ਼ੈਕਸ਼ਨ ਦੀ ਵਰਤੋਂ ਵੀ ਆਮ ਹੋ ਗਈ ਹੈ। ਡਿਜੀਟਲ ਇੰਡੀਆ ਤਹਿਤ ਬੈਂਕਾਂ ਵੀ ਆਪਣੇ ਗਾਹਕਾਂ ਲਈ ਡਿਜ਼ੀਟਲ ਪੇਮੈਂਟ ਢੰਗਾਂ ਦੀ ਵਰਤੋਂ ਤੇ ਜ਼ੋਰ ਦੇ ਰਹੀਆਂ ਹਨ। ਜਿਵੇਂ ਜਿਵੇਂ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਵੱਧ ਰਹੀ ਹੈ ਓਵੇਂ ਓਵੇਂ ਸਾਈਬਰ ਠੱਗ ਵੀ ਸਰਗਰਮ ਹੋ ਗਏ ਹਨ। ਪਹਿਲਾਂ ਪਹਿਲ ਏ. ਟੀ. ਐਮ. ਕਾਰਡ ਬਦਲ ਕੇ ਪੈਸੇ ਚੋਰੀ ਕਰਨ ਦੇ ਚਰਚੇ ਸੁਣਨ ਨੂੰ ਮਿਲਦੇ ਸਨ। ਪਰ ਸਮੇਂ ਦੇ ਨਾਲ ਨਾਲ ਚੋਰ ਵੀ ਆਪਣੇ ਤਰੀਕੇ ਅਪਡੇਟ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਫੋਨ ਕਾਲ ਕਰਕੇ ਬੈਂਕ ਜਾਣਕਾਰੀ ਹਾਸਲ ਕਰ ਪੈਸੇ ਠੱਗਣ ਦੀਆਂ ਖਬਰਾਂ ਵੀ ਆਮ ਸੁਣਨ ਨੂੰ ਮਿਲਿਆਂ। ਜਿਸ ਵਿੱਚ ਕਾਲ ਕਰਨ ਵਾਲੇ ਸ਼ਾਤਰ ਦਿਮਾਗ ਵਿਅਕਤੀ ਕਿਸੇ ਲਾਟਰੀ ਨਿਕਲਣ, ਏ. ਟੀ. ਐਮ. ਕਾਰਡ ਬਲਾਕ ਹੋਣ ਆਦਿ ਦੀ ਗੱਲ ਕਹਿ ਕੇ ਏ. ਟੀ. ਐਮ. ਨੰਬਰ, ਪਿਨ ਨੰਬਰ ਅਤੇ ਖਾਤੇ ਸਬੰਧੀ ਹੋਰ ਜਾਣਕਾਰੀ ਲੈ ਲੈਂਦੇ ਹਨ ਅਤੇ ਉਸ ਜਾਣਕਾਰੀ ਨੂੰ ਵਰਤ ਕੇ ਖਾਤਾ ਸਾਫ਼ ਕਰ ਦਿੰਦੇ ਹਨ। ਪਰ ਅੱਜ ਕੱਲ੍ਹ ਇਹ ਆਨਲਾਈਨ ਠੱਗ ਅਪਣੇ ਮਕਸਦ ਦੀ ਪੂਰਤੀ ਲਈ ਗੂਗਲ ਸਰਚ ਇੰਜਣ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਨ ਲੱਗੇ ਹਨ। ਇਹ ਲੋਕ ਮੁੱਖ ਬੈਂਕਾਂ, ਕੋਰੀਅਰ ਕੰਪਨੀਆਂ ਅਤੇ ਹੋਰ ਸੰਸਥਾਵਾਂ ਦੀਆਂ ਅਸਲ ਵੈੱਬਸਾਈਟਾਂ ਦੀ ਨਕਲ ਕਰਕੇ ਹੂਬਹੂ ਨਕਲੀ ਵੈਬਸਾਈਟਾਂ ਬਣਾ ਲੈਂਦੇ ਹਨ ਅਤੇ ਗੂਗਲ ਸਰਚ ਤੇ ਪਬਲਿਸ ਕਰ ਦਿੰਦੇ ਹਨ । ਜੇਕਰ ਅਸੀਂ ਤੁਸੀਂ ਇਸ ਤਰ੍ਹਾਂ ਦੀਆਂ ਅਸਲ ਵੈਬਸਾਈਟਾਂ ਤੇ ਜਾਣ ਲਈ ਜਾਂ ਕਸਟਮਰ ਕੇਅਰ ਨੰਬਰ ਜਾਨਣ ਲਈ ਗੂਗਲ ਤੇ ਸਰਚ ਕਰਦੇ ਹਾਂ ਤਾਂ ਕਈ ਵਾਰ ਅਣਜਾਣੇ ਵਿੱਚ ਇਨ੍ਹਾਂ ਵਲੋਂ ਬਣਾਈ ਨਕਲੀ ਵੈਬਸਾਈਟ ਤੇ ਪਹੁੰਚ ਕੇ ਆਪਣੀ ਬੈਂਕ ਜਾਣਕਾਰੀ ( ਲਾਗ ਇਨ ਆਈਡੀ ਪਾਸਵਰਡ ਆਦਿ) ਭਰ ਦਿੰਦੇ ਹਾਂ ਤਾਂ ਇਹ ਸਾਡੇ ਖਾਤੇ ਵਿਚਲੇ ਪੈਸੇ ਉਡਾ ਸਕਦੇ ਹਨ। ਇਸ ਤਰ੍ਹਾਂ ਦੀਆਂ ਠੱਗੀਆਂ ਤੋਂ ਬਚਣ ਲਈ ਗੂਗਲ ਤੇ ਸਰਚ ਕੀਤੀ ਜਾਣਕਾਰੀ ਨੂੰ ਚੰਗੀ ਤਰ੍ਹਾਂ ਚੈਕ ਕਰ ਲੈਣਾ ਚਾਹੀਦਾ ਹੈ ਕਿਉਂਕਿ ਗੂਗਲ ਇੱਕ ਸਰਚ ਇੰਜਨ ਹੈ ਉਸ ਦੁਆਰਾ ਤਲਾਸ਼ੀ ਜਾਣਕਾਰੀ ਦੀ ਪ੍ਰਮਾਣਕਤਾ ਦੀ ਕੋਈ ਗਰੰਟੀ ਨਹੀਂ ਉਹ ਫੇਕ ਹੋ ਸਕਦੀ ਹੈ। ਇੰਟਰਨੈੱਟ ਬੈਂਕਿੰਗ ਵਰਤਣ ਲਈ ਉਸ ਬੈਂਕ ਦੀ ਆਫੀਸਲ ਐਪ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਜਾਂ ਬੈਂਕ ਦੀ ਅਸਲ ਵੈਬਸਾਈਟ ਦਾ ਬੁੱਕਮਾਰਕ ਸੇਵ ਕਰ ਕੇ ਰੱਖ ਲੈਣਾ ਚਾਹੀਦਾ ਹੈ। ਵੈਬਸਾਈਟ ਦਾ ਐਡਰੈੱਸ ਜਾਂ ਕਸਟਮਰ ਕੇਅਰ ਦਾ ਨੰਬਰ ਜਾਨਣ ਲਈ ਏ. ਟੀ. ਐਮ. ਕਾਰਡ ਜਾਂ ਪਾਸਬੁੱਕ ਵੇਖੀ ਜਾ ਸਕਦੀ ਹੈ ਇਨ੍ਹਾਂ ਉੱਪਰ ਇਹ ਲਾਜ਼ਮੀ ਪ੍ਰਿਟਡ ਹੁੰਦਾ ਹੈ। ਕਦੇ ਵੀ ਕਿਸੇ ਨੂੰ ਫੋਨ ਉਤੇ ਬੈਂਕ ਖਾਤੇ ਜਾਂ ਏ. ਟੀ. ਐਮ. ਕਾਰਡ  ਦੀ ਡਿਟੇਲ ਨਹੀਂ ਦੇਣੀ ਚਾਹੀਦੀ ਕਿਉਂਕਿ ਕੋਈ ਵੀ ਬੈਂਕ ਫੋਨ ਉੱਤੇ ਇਸ ਤਰ੍ਹਾਂ ਦੀ ਜਾਣਕਾਰੀ ਦੀ ਮੰਗ ਨਹੀਂ ਕਰਦਾ। ਇਸ ਤਰ੍ਹਾਂ ਨਵੀਂ ਤਕਨਾਲੌਜੀ ਦੀ ਵਰਤੋਂ ਬਹੁਤ ਹੀ ਸੰਭਲ ਕੇ ਕਰਨੀ ਚਾਹੀਦੀ ਹੈ ਕਿਤੇ ਇਹ ਨਾ ਹੋਵੇ ਕਿ ਸਾਡੀ ਮਿਹਨਤ ਦੀ ਕਮਾਈ ਪਲਾਂ ਵਿੱਚ ਲੁਟ ਜਾਵੇ ਅਤੇ ਬਾਅਦ ਵਿੱਚ ਸਿਰਫ ਪਛਤਾਵਾ ਹੀ ਪੱਲੇ ਰਹਿ ਜਾਵੇ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin