
ਸਾਡੀ ਮਨੁੱਖਾਂ ਦੀ ਆਦਤ ਹੈ ਕਿ ਅਸੀਂ ਜਿਆਦਾਤਰ ਆਪਣੇ ਅਣਸੁਖਾਵੇਂ ਹਲਾਤਾਂ ਦੇ ਜਿੰਮੇਵਾਰ ਦੂਸਰਿਆਂ ਨੂੰ ਠਹਿਰਾਉਂਦੇ ਹਾਂ। ਜੇਕਰ ਕੋਈ ਨਿਰਾਸ਼ ਹੁੰਦਾ ਹੈ ਤਾਂ ਜਿਆਦਾਤਰ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸਦਾ ਸਿਹਰਾ ਕਿਸ ਸਿਰ ਬੰਨਿਆ ਜਾਵੇ ਤਾਂ ਜੋ ਨਿਰਾਸ਼ਤਾ ਦੇ ਕਾਰਨ ਜੋ ਬਚੈਨੀ ਜਾਂ ਕਰੋਧ ਆ ਰਿਹਾ ਹੈ ਉਹ ਕਿਸੇ ਦੂਸਰੇ ਉੱਪਰ ਕੱਢ ਸਕੀਏ । ਇਸ ਗੱਲ ਨੂੰ ਅਸੀਂ ਦੁਰਕਾਰ ਨਹੀਂ ਸਕਦੇ । ਅੱਜ ਦੀ ਭੱਜਦੌੜ ਵਾਲੀ ਜਿੰਦਗੀ ਵਿੱਚ ਇਹ ਹਰ ਘਰ ਦੀ ਕਹਾਣੀ ਬਣੀ ਹੋਈ ਹੈ। ਅਸੀਂ ਲੋਕ ਹਮੇਸ਼ਾ ਦੂਸਰਿਆਂ ਦੇ ਕੰਨੀ ਝਾਕਦੇ ਰਹਿੰਦੇ ਹਾਂ। ਆਪਣੇ ਹੱਥੀ ਕੁਝ ਕਰਨਾ ਸਾਨੂੰ ਬਹੁਤ ਭਾਰੀ ਲੱਗਦਾ ਹੈ। ਘਰੇਲੂ ਕੰਮਾਂ ਤੋਂ ਲੈਕੇ ਸਾਡੇ ਜੀਵਨ ਨੂੰ ਲੀਹ ਤੇ ਲਿਆਉਣ ਤੱਕ ਦੇ ਫੈਂਸਲਿਆਂ ਤੱਕ ਅਸੀਂ ਲੋਕਾਂ ਉੱਪਰ ਨਿਰਭਰ ਰਹਿੰਦੇ ਹਾਂ। ਦੂਸਰਿਆਂ ਉੱਪਰ ਨਿਰਭਰ ਹੋਣ ਜਾਂ ਹਮੇਸ਼ਾ ਰਿੱਜੀ ਖੀਰ ਭਾਲਣ ਵਾਲਿਆਂ ਦੇ ਸਾਹਮਣੇ ਦੋ ਸਥਿਤੀਆਂ ਹਮੇਸ਼ਾ ਆਉਂਦੀਆਂ ਹਨ। ਇਸ ਵਿੱਚੋਂ ਪਹਿਲੀ ਸਥਿਤੀ ਇਹ ਹੁੰਦੀ ਹੈ ਕਿ ਪਹਿਲਾਂ ਤਾਂ ਅਸੀਂ ਆਪਣੇ ਜੀਵਨ ਦੀ ਜਿੰਮੇਵਾਰੀ ਆਪ ਚੁੱਕਦੇ ਹੀ ਨਹੀਂ ਹਾਂ, ਬੱਚੇ ਜਿਆਦਾਤਰ ਮਾਪਿਆਂ ਉੱਪਰ ਹੀ ਨਿਰਭਰ ਹੋਏ ਰਹਿੰਦੇ ਹਨ, ਜੇਕਰ ਮਾਪਿਆਂ ਨੇ ਬੱਚਿਆਂ ਨੂੰ ਪੜ੍ਹਾ ਲਿਖਾ ਦਿੱਤਾ ਹੈ ਤਾਂ ਹੁਣ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣਾ ਰੁਜ਼ਗਾਰ ਆਪ ਲੱਭਣ। ਖੁਦ ਹਿੰਮਤ ਕਰਨ ਤੇ ਨੌਕਰੀਆਂ ਲੱਭਣ। ਆਪਣੇ ਆਪ ਦੀ ਜਿੰਮੇਵਾਰੀ ਚੁੱਕਦੇ ਹੋਏ ਮਾਪਿਆਂ ਦੇ ਹੱਥਾਂ ਵੱਲ ਨਾ ਵੇਖਣ ਬਲਕਿ ਮਾਪਿਆਂ ਨੂੰ ਕਮਾ ਕੇ ਦੇਣ। ਪਰ ਬਹੁਤ ਸਾਰੇ ਨੌਜਵਾਨ ਅਜਿਹੇ ਹੁੰਦੇ ਹਨ ਜੋ ਪੜਾਈ ਲਿਖਾਈ ਕਰਨ ਉਪਰੰਤ ਵੀ ਮਾਪਿਆਂ ਕੋਲੋਂ ਆਸ ਰੱਖਦੇ ਹਨ ਕਿ ਹੁਣ ਨੌਕਰੀ ਜਾਂ ਕਾਰੋਬਾਰ ਵੀ ਉਹੀਓ ਸ਼ੁਰੂ ਕਰ ਕੇ ਦੇਣ। ਜੋ ਕਿ ਬਿਲਕੁਲ ਗਲਤ ਅਤੇ ਗੈਰ ਜਿੰਮੇਵਾਰੀ ਵਾਲੀ ਹਰਕਤ ਹੈ। ਇਸ ਤੋਂ ਇਲਾਵਾ ਦੂਸਰੀ ਸਥਿਤੀ ਇਹ ਹੁੰਦੀ ਹੈ ਕਿ ਕੁਝ ਮਾਪੇ ਆਪਣੇ ਬੱਚਿਆਂ ਨੂੰ ਜਿੰਮੇਵਾਰੀ ਚੁੱਕਣ ਹੀ ਨਹੀਂ ਦਿੰਦੇ, ਉਹਨਾਂ ਦੇ ਹਰ ਫੈਸਲੇ ਨੂੰ ਨਿਕਾਰ ਦਿੱਤਾ ਜਾਂਦਾ ਹੈ । ਬੱਚਿਆਂ ਦੀ ਪੜਾਈ ਲਿਖਾਈ ਤੋਂ ਲੈਕੇ ਨੌਕਰੀ ਤੱਕ ਮਾਪੇ ਏਨੀ ਜਿਆਦਾ ਸਖਤਾਈ ਰੱਖਦੇ ਹਨ ਕਿ ਬੱਚਿਆਂ ਉਪਰ ਕਈ ਅਜਿਹੇ ਫੈਸਲੇ ਥੋਪ ਦਿੱਤੇ ਜਾਂਦੇ ਹਨ , ਜਿਸ ਵਿੱਚ ਉਹ ਕਦੇ ਵੀ ਖੁਸ਼ ਨਹੀਂ ਹੁੰਦੇ। ਅਜਿਹੀਆਂ ਹਾਲਤਾਂ ਵਿੱਚ ਨਿਰਾਸ਼ਤਾ ਦੇ ਆਲਮ ਲੋਕਾਂ ਦੀਆਂ ਜ਼ਿੰਦਗੀਆਂ ਤੇ ਆ ਚੜਦੇ ਹਨ ਤੇ ਫਿਰ ਸ਼ੁਰੂ ਹੁੰਦਾ ਹੈ ਇੱਕ ਦੂਸਰੇ ਉੱਪਰ ਇਲਜ਼ਾਮ ਲਾਉਣ ਦਾ ਸਿਲਸਿਲਾ, ਜਿਸ ਦਾ ਅੰਤ ਕਲੇਸ਼ ਦੇ ਰੂਪ ਵਿੱਚ ਹੁੰਦਾ ਹੈ।
