Articles

ਆਪਣੇ ਆਪ ਦੀ ਸੰਗਤ ਨੂੰ ਮਾਨਣਾ ਸਿੱਖੋ … !

ਲੇਖਕ: ਮਨਦੀਪਜੋਤ ਸਿੰਘ ਮਾਨਸਾ

ਕੱਲ੍ਹ ਕਰੀਬ ਕਰੀਬ 2 ਵੱਜ ਕੇ 32 ਮਿੰਟਾਂ ਤੇ ਵਟਸਐਪ ਤੇ ਮੇਰੇ ਮਿੱਤਰ ਦਾ ਮੈਸੇਜ ਆਇਆ | ਸੁਨੇਹਾ ਅਜਿਹਾ ਜਿਸ ਨੂੰ ਪੜ੍ਹ ਕੇ ਕੇਰਾਂ ਤਾਂ  ਦਿਮਾਗ ਸੁੰਨ ਜਿਹਾ ਹੋ ਗਿਆ  | ਮੈਸੇਜ ਸੁਨੇਹਾ ਸੁਸ਼ਾਂਤ ਸਿੰਘ ਦੀ ਆਤਮ ਹੱਤਿਆ ਦਾ ਸੀ । ਦੁਪਹਿਰ ਤੋਂ ਸ਼ਾਮ ਤੱਕ ਸਾਰੇ ਟੀਵੀ ਚੈਨਲ ਇਸ ਹਰਫਨਮੌਲਾ ਅਦਾਕਾਰ ਦੀ ਮੌਤ ਦੀ ਖਬਰ ਨਾਲ ਲਬਰੇਜ਼ ਸੀ | ਬਾਲੀਵੁੱਡ ਦੇ ਅਦਾਕਾਰ ਸੁਸ਼ਾਂਤ ਸਿੰਘ ਨੇ ਆਪਣੇ ਫਲੈਟ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ । ਮਹਿਜ਼ 34 ਸਾਲਾਂ ਦੇ ਇਸ ਨੌਜਵਾਨ ਅਦਾਕਾਰ ਦਾ ਅਜਿਹੀ ਅਣਿਆਈ ਮੌਤ ਮਰ ਜਾਣਾ ,ਸਮੁੱਚੇ ਭਾਰਤੀਆਂ ਲਈ ਇੱਕ ਗਹਿਰਾ ਸਦਮਾ ਸੀ ।

ਪੁਲਿਸ ਨੇ ਪੁਸ਼ਟੀ ਕੀਤੀ ਕਿ ਸੁਸ਼ਾਂਤ ਸਿੰਘ ਪਿਛਲੇ ਛੇ ਮਹੀਨਿਆਂ ਤੋਂ ਡਿਪ੍ਰੈਸ਼ਨ ਵਿਚ ਸੀ । “ਡਿਪ੍ਰੈਸ਼ਨ” ਇੱਕ ਅਜਿਹਾ ਸ਼ਬਦ ਜਿਸ ਨੂੰ ਭਾਰਤ ਵਿੱਚ ਅਜੇ ਵੀ ਕਈ ਲੋਕ ਪਾਗਲਪਨ ਦੇ ਤਰਾਜ਼ੂ ਵਿੱਚ ਤੋਲਦੇ ਹਨ | ਅਜਿਹੀ ਬਿਰਤੀ ਰੱਖਣ ਵਾਲੇ ਲੋਕਾਂ ਕਰਕੇ ਹੀ ਭਾਰਤੀ ਲੋਕ ਇਸ ਨੂੰ ਕਿਸੇ ਅੱਗੇ ਦੱਸਣ ਵਿੱਚ ਝਿਜਕ ਮਹਿਸੂਸ ਕਰਦੇ ਹਨ ਅਤੇ ਅੰਦਰੋਂ ਅੰਦਰੀ ਹੀ ਘੁਟਦੇ ਰਹਿੰਦੇ ਹਨ | ਆਖਰ “ਡਿਪਰੈਸ਼ਨ” ਹੈ ਕੀ? ਜੇਕਰ ਸਾਇੰਸ ਦੇ ਅਨੁਸਾਰ ਸਮਝਿਆ ਜਾਏ ਤਾਂ ਇਸ ਦੇ ਕਈ ਰੂਪ ਹਨ । ਘਬਰਾਹਟ, ਮਾਨਸਿਕ ਤਣਾਅ, ਜ਼ਿਆਦਾ ਸੋਚਣਾ ,ਬਾਈਪੋਲਰ ਡਿਸਾਰਡਰ ,ਅਾਦਿ ।ਇਨ੍ਹਾਂ ਸਭ ਦਾ ਆਧਾਰ ਸਾਡਾ ਮਾਨਸਿਕ ਤਣਾਅ ਹੈ | ਤਣਾਅ ਕਿੱਥੋਂ ਕਿਵੇਂ ਪੈਦਾ ਹੁੰਦਾ ਹੈ | ਇਹ ਤਾਂ ਅਸੀਂ ਪਿਛਲੇ ਦਿਨਾਂ ਤੋਂ ਸੁਣ ਹੀ ਰਹੇ ਹਾਂ | ਪਰ ਇਸ ਸਭ ਵਰਤਾਰੇ ਦੇ ਪਿੱਛੇ ਜੋ ਇੱਕ ਮਹੱਤਵਪੂਰਨ ਕੜੀ ਹੈ ਤੇ ਜਿਸ ਨੂੰ ਸਭ ਤੋਂ ਵੱਧ ਅਣਗੌਲਿਆ ਵੀ ਗਿਆ ਹੈ|  ਉਹ ਹੈ ਸਾਡਾ ਆਪਣੇ ਆਪ ਨੂੰ ਨਜ਼ਰਅੰਦਾਜ਼ ਕਰਕੇ ਦੁਨੀਆਂ ਦੀ ਚਮਕ ਦਮਕ ਵਿੱਚ ਖੋ ਜਾਣਾ ਅਤੇ ਹਰ ਵਕਤ ਕਿਸੇ ਦਾ ਸਾਥ ਢੂੰਡਣਾ|  ਮੰਨਿਆ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ |ਸਮਾਜ ਤੋਂ ਬਿਨਾਂ ਉਹ ਕੁਝ ਵੀ ਨਹੀਂ | ਇਸ ਵਿੱਚ ਵਿਚਰਨਾ ਸਾਡਾ ਬੌਧਿਕ ਵਿਕਾਸ ਤੇ ਨੈਤਿਕ ਸਿਧਾਂਤ ਹੈ ।
ਜ਼ਿੰਦਗੀ ਦੇ ਫ਼ਲਸਫ਼ੇ ਨੂੰ ਜੇਕਰ ਮੁਸ਼ਕਿਲਾਂ, ਮੁਸੀਬਤਾਂ ਜਾਂ ਸੰਘਰਸ਼ਾਂ ਦੀ ਕਸੌਟੀ ਤੇ ਉਤਾਰ ਕੇ ਦੇਖਿਆ ਜਾਏ ਤਾਂ ਮਨੁੱਖੀ ਜੀਵਨ ਇਨ੍ਹਾਂ ਬਦੌਲਤ ਹੀ ਤਰਾਸ਼ਿਆ ਤੇ ਚਮਕਾਇਆ ਜਾਂਦਾ ਹੈ |ਡਿਪਰੈਸ਼ਨ ਦਾ ਮੂਲ ਕਾਰਨ ਅੱਜ ਦੇ ਸਮੇਂ ਚ ਸਾਡਾ ਆਪਣੇ ਆਪ ਤੋਂ ਬੇਮੁੱਖ ਹੋਣਾ ਹੈ | ਅੱਜ ਦੀ ਚਕਾਚੌਂਧ ਵਿੱਚ ਹਰੇਕ ਮਨੁੱਖ ਡਰਦਾ ਹੈ ਕਿ ਉਹ ਕਿਤੇ ਕੱਲਾ ਨਾ ਰਹਿ ਜਾਏ । ਇਸ ਸਭ ਦੇ ਸੰਦਰਭ ਵਿੱਚ ਜੇਕਰ ਅਸੀਂ ਆਪਣੇ ਆਪ ਨੂੰ ਅਹਿਮੀਅਤ ਨਹੀਂ ਦੇਵਾਂਗੇ ਤਾਂ ਅਸੀਂ ਅਜਿਹੇ ਵਿੰਗ ਵਲੇਵਿਆਂ ਵਿੱਚ ਫੱਸ ਹੀ ਜਾਵਾਂਗੇ ਅਤੇ ਤਣਾਅ ਵਰਗੀਆਂ ਬਲਾਵਾਂ ਸਾਨੂੰ ਜੋਕ ਵਾਂਗ ਚਿੰਬੜ ਜਾਣਗੀਆਂ ।
“ਇਕੱਲੇ ਆਏ ਸੀ ਤੇ ਇਕੱਲਿਆਂ ਨੇ ਹੀ ਇਸ ਦੁਨੀਆਂ ਤੋਂ ਜਾਣਾ ਹੈ ” ਇਹ ਕਥਨ ਵੈਸੇ ਤਾਂ ਅਸੀ ਬਹੁਤਿਆਂ ਤੋਂ ਸੁਣਦੇ ਆ ਰਹੇ ਹਾਂ| ਪਰ ਕੀ ਅਸੀਂ ਇਸ ਗੱਲ ਦੀ ਗਹਿਰਾਈ ਨੂੰ ਨਾਪ ਸਕੇ ਹਾਂ?  ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣਾ ਘਰ ਬਾਰ ਛੱਡ ਕੇ ਪਾਸੇ ਹੋ ਚੱਲੀਏ ।ਸਗੋਂ ਅਜੋਕੇ ਯੁੱਗ ਵਿੱਚ ਜੇਕਰ ਅਸੀਂ ਹਰ ਜਗ੍ਹਾ ਕਿਸੇ ਦਾ ਸਾਥ ਲੱਭਦੇ ਰਹਾਂਗੇ ਤਾਂ ਅਸੀਂ ਆਪਣੇ ਜੀਵਨ ਜਿਊਣ ਦੇ ਢੰਗ ਨੂੰ ਉਨਾ ਹੀ ਦੁਵਿਧਾ ਵਿੱਚ ਪਾਉਂਦੇ ਜਾਵਾਂਗੇ| ਅਸੀਂ ਦੇਖਦੇ ਹਾਂ ਕਿ ਅੱਜ ਦਾ ਬੱਚਾ ਜਦੋਂ ਕਾਲਜ ਯੂਨੀਵਰਸਿਟੀਆਂ ਤੱਕ ਜਾਂਦਾ ਹੈ ਤਾਂ ਉਹ ਆਪਣੇ ਆਲੇ ਦੁਆਲੇ ਨੂੰ ਇੰਨਾ ਮਹੱਤਵ ਦੇਣ ਲੱਗਦਾ ਹੈ ਕਿ ਉਸ ਦੀ ਆਪਣੀ ਹੋਂਦ ਹੀ ਉਸ ਨੂੰ ਚੰਗੀ ਨਹੀਂ ਲੱਗਦੀ ਅਤੇ ਨਾ ਹੀ ਉਸਨੂੰ ਦਿਸਦੀ ਹੈ | ਜੇਕਰ ਉਹ ਕਦੀ ਇਕੱਲਾ ਰਹਿ ਵੀ ਜਾਏ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵਾਰ ਵਾਰ ਫੋਨ ਤੇ ਲੱਗਿਆ ਰਹੇਗਾ | ਜਦ ਉਸ ਕੋਲ ਕੋਈ ਆਉਂਦਾ ਹੈ |ਫਿਰ ਉਸ ਨੂੰ ਉਸ ਦਾ ਮਾਹੌਲ ਖੁਸ਼ਨੁਮਾ ਲੱਗਦਾ ਹੈ |ਅਜਿਹਾ ਕਿਉਂ ?  ਜ਼ਿਕਰਯੋਗ ਹੈ ਕਿ ਅੱਜਕਲ੍ਹ ਅਸੀਂ ਦੇਖਦੇ ਹਾਂ ਭਰ ਜਵਾਨੀ ਵਿੱਚ ਹੀ ਮੁੰਡੇ ਕੁੜੀਆਂ ਤਣਾਅ ਵਿੱਚ ਰਹਿ ਕੇ ਡਿਪਰੈਸ਼ਨ ਦੇ ਮਰੀਜ਼ ਬਣ ਰਹੇ ਹਨ|  ਅਜਿਹਾ ਹੋਣਾ ਸੰਭਵ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਮਨੋਰਥ ਨੂੰ ਨਾ ਸਮਝਦੇ ਹੋਏ ਕਿਸੇ ਦੂਜੇ ੳੁੱਪਰ ਆਸਾਂ , ਵਿਸ਼ਵਾਸ ਤੇ ਯਕੀਨ ਕਰ ਬੈਠਦੇ ਹਾਂ ਅਤੇ ਇਸ ਦੇ ਉਲਟ ਜਦੋਂ ੳੁਹ ਸਾਡੀ ਉਮੀਦਾਂ ਤੇ ਖਰਾ ਨਹੀਂ ਉੱਤਰਦਾ ਤਾਂ ਅਸੀ ਘੁੱਪ ਹਨੇਰੇ ਵਿੱਚ ਖੋ ਜਾਂਦੇ ਹਾਂ|  ਉਦੋਂ ਸਾਨੂੰ ਲੱਗਦਾ ਹੈ ਕਿ ਜਿਵੇਂ ਸਾਡਾ ਸਭ ਕੁਝ ਹੀ ਲੁੱਟਿਆ ਗਿਆ ਹੋਵੇ |
ਕੀ ਅਸੀਂ ਕਦੇ ਬੈਠ ਕੇ ਆਤਮ ਚਿੰਤਨ ਕੀਤਾ ਹੈ ਕਿ ਕਿਉਂ ਅਸੀਂ ਆਪਣੇ ਆਪ ਦੀ ਸੰਗਤ ਨੂੰ ਮਾਣ ਨਹੀਂ ਸਕਦੇ ? ਕਿਉਂ ਸਾਨੂੰ ਸਾਡੀ ਖੁਸ਼ੀ ਕਿਸੇ ਦੀ ਮੌਜੂਦਗੀ ਨਾਲ ਹੀ ਮਿਲਦੀ ਹੈ| ਪਰ ਜੇਕਰ ਸਾਨੂੰ ਅਜਿਹੀਆਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਸਾਨੂੰ ਅਜਿਹੇ ਸਵਾਲ ਖੁਦ ਲਈ ਕਰਨੇ ਪੈਣਗੇ ।ਆਪਣੇ ਆਪ ਨਾਲ ਰਹਿਣਾ ਸਿੱਖਣਾ ਪਵੇਗਾ | ਸਾਨੂੰ ਆਪਣੀ ਖੁਸ਼ੀ ਲਈ ਕਿਸੇ ਉੱਪਰ ਵੀ ਨਿਰਭਰ ਹੋਣ ਦੀ ਥਾਂ ਖ਼ੁਦ ਨੂੰ ਸੰਵਾਰਨ ਵਿੱਚ ਜੁਟ ਜਾਣਾ ਚਾਹੀਦਾ ਹੈ ।ਅਜਿਹਾ ਹੋਣ ਨਾਲ ਸਾਨੂੰ ਅੰਦਰੋਂ ਕੁਝ ਵਧੀਆ ਕਰਨ ਦਾ ਉਤਸ਼ਾਹ ਮਿਲੇਗਾ |ਅਸੀਂ ਆਪਣੇ ਆਪ ਦਾ ਧਿਆਨ ਰੱਖਣਾ ਆਪਣੀ ਸਰੀਰਕ ਅਤੇ ਮਾਨਸਿਕ ਦਸ਼ਾ ਨੂੰ ਦਿਨ ਪ੍ਰਤੀ ਦਿਨ ਬਿਹਤਰ ਬਣਾਉਣਾ ਸਿੱਖ ਜਾਵਾਂਗੇ | ਆਪਣੇ ਆਪ ਵਿੱਚ ਰਹਿ ਕੇ ਅਸੀਂ ਇਹ ਵੀ ਜਾਣ ਪਾਵਾਂਗੇ ਕਿ ਅਸੀਂ ਕਿਸ ਪਾਸੋਂ ਕਮਜ਼ੋਰ ਹਾਂ ਫਿਰ ਉਸ ਤੇ ਦ੍ਰਿੜ੍ਹਤਾ, ਲਗਨ ਅਤੇ ਮਿਹਨਤ ਨਾਲ ਸਫਲਤਾ ਪ੍ਰਾਪਤ ਕਰ ਸਕਾਂਗੇ । ਤੇ ਆਪਣੀ ਸ਼ਖ਼ਸੀਅਤ ਨੂੰ ਹੋਰ ਨਿਖਾਰ ਪਾਵਾਂਗੇ | ਆਪਣੇ ਆਪ ਨਾਲ ਸਾਂਝ ਪਾ ਕੇ ਅਸੀਂ ਕਦੇ ਦੁਖੀ ਨਹੀਂ ਹੋਵਾਂਗੇ|  ਕਿਉਂਕਿ ਸਾਡੀਅਾਂ ਉਮੀਦਾਂ ਸਾਨੂੰ ਆਪਣੇ ਆਪ ਤੋਂ ਹੀ ਹੋਣਗੀਆਂ | ਜਿਸ ਕਰਕੇ ਕੋਈ ਸਾਡੇ ਨਾਲ ਕਿਸ ਤਰ੍ਹਾਂ ਦਾ ਵੀ ਵਰਤਾਓ ਕਰੇ ਸਾਨੂੰ ਬਹੁਤਾ ਫਰਕ ਨਹੀਂ ਪਏਗਾ ।ਸਾਡਾ ਦੁਨੀਆਂ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਜਾਵੇਗਾ ਤੇ ਖ਼ੁਦਕੁਸ਼ੀ ਵਰਗੇ ਭੈੜੇ ਵਿਚਾਰ ਸਾਡੇ ਮਨਾਂ ਦੀ ਦਹਿਲੀਜ਼ ਤੇ ਕਦੇ ਕਦਮ ਵੀ ਨਹੀਂ ਰੱਖ ਸਕਣਗੇ | ਆਪਣੇ ਆਪ ਤੇ ਵਿਸ਼ਵਾਸ ,ਭਰੋਸਾ ,ਯਕੀਨ ਰੱਖ ਕੇ ਮਨੁੱਖ ਸੰਸਾਰ ਦੀ ਹਰ ਸ਼ਹਿਰ ਨੂੰ ਪਾ ਲੈਂਦਾ ਹੈ ਅਤੇ ਹਰ ਚੁਣੌਤੀਆਂ ਨੂੰ ਸਰ ਕਰ ਲੈਂਦਾ ਹੈ | ਸੋ ਸਾਨੂੰ ਆਤਮਿਕ ਸ਼ਾਂਤੀ ਲਈ ਕਿਸੇ ਹੋਰ ਵੱਲ ਤੱਕਣ ਦੀ ਲੋੜ ਨਹੀਂ ਸਗੋਂ ਸਵੈ ਪਿਆਰ ਜਗਾ ਕੇ ਜ਼ਿੰਦਗੀ ਦਾ ਆਨੰਦ ਲੈਣਾ ਚਾਹੀਦਾ ਹੈ |

Related posts

ਸੰਸਦ ਦੇ ਦੂਸ਼ਿਤ ਵਾਤਾਵਰਨ ਲਈ ਕੌਣ ਜ਼ਿੰਮੇਵਾਰ ?

admin

ਵਿਸ਼ਵ ਸਾੜੀ ਦਿਵਸ 2024: ਸੁੰਦਰਤਾ, ਪਰੰਪਰਾ ਅਤੇ ਸ਼ਕਤੀਕਰਨ ਦਾ ਜਸ਼ਨ !

admin

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

admin