Articles

ਆਪਣੇ ਪਿੰਡਾਂ ਦੀ ਐ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਦਿੱਲੀ ਵਿਖੇ ਚੰਗੇ ਭਲੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਬਹੁਤ ਹੀ ਦੁੱਖਦਾਈ ਘਟਨਾ ਵਾਪਰੀ ਹੈ। ਕੁਝ ਸ਼ਰਾਰਤੀ ਬੰਦਿਆਂ ਨੇ ਨੌਜਵਾਨਾਂ ਦੇ ਠਾਠਾਂ ਮਾਰਦੇ ਜੋਸ਼ ਨੂੰ ਪੁੱਠੇ ਪਾਸੇ ਲਗਾ ਕੇ ਪੁਲਿਸ ਨਾਲ ਟਕਰਾਉ ਕਰਵਾ ਦਿੱਤਾ ਹੈ। ਗੋਦੀ ਮੀਡੀਆ ਜੋ ਚਾਹੁੰਦਾ ਸੀ, ਉਹ ਹੀ ਹੋ ਗਿਆ ਹੈ। ਦੋ ਮਹੀਨਿਆਂ ਤੋਂ ਸ਼ਾਂਤਮਈ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਗੋਦੀ ਮੀਡੀਆ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ ਤੇ ਉਨ੍ਹਾਂ ਨੂੰ ਇਸ ਅੰਦੋਲਨ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਸੀ ਲੱਭ ਰਿਹਾ। ਉਹ ਕਿਸੇ ਬੁਰੀ ਖਬਰ ਦਾ ਇਸ ਤਰਾਂ ਇੰਤਜ਼ਾਰ ਕਰ ਰਹੇ ਸਨ ਜਿਵੇਂ ਵਿਆਹ ਸ਼ਾਦੀਆਂ ਦੇ ਟੈਂਟਾਂ ਦੇ ਬਾਹਰ ਬੈਠੇ ਕੁੱਤੇ ਜੂਠੀਆਂ ਪਲੇਟਾਂ ਦਾ ਇੰਤਜ਼ਾਰ ਕਰਦੇ ਹਨ। ਨੌਜਵਾਨਾਂ ਨੂੰ ਭਾਵੁਕ ਕਰਨ ਤੇ ਭੜਕਾਉਣ ਵਾਲੇ ਕਥਿੱਤ ਲੀਡਰ ਮਿੰਟਾਂ ਸਕਿੰਟਾਂ ਵਿੱਚ ਹੀਰੋ ਤੋਂ ਜ਼ੀਰੋ ਬਣ ਗਏ ਹਨ। ਇਲੈੱਕਟਰੌਨਿਕ ਮੀਡੀਆ, ਸੋਸ਼ਲ਼ ਮੀਡੀਆ ਅਤੇ ਅਖਬਾਰਾਂ ਵਿੱਚ ਉਨ੍ਹਾਂ ਨੂੰ ਰੱਜ ਕੇ ਲਾਹਨਤਾਂ ਪੈ ਰਹੀਆਂ ਹਨ। ਅੱਗ ਲਾਈ ਤੇ ਡੱਬੂ ਕੰਧ ‘ਤੇ ਵਾਲੀ ਕਹਾਵਤ ਨੂੰ ਇੰਨ ਬਿੰਨ ਸਾਬਤ ਕਰ ਕੇ ਹੁਣ ਉਹ ਪੁਲਿਸ ਦੇ ਡਰੋਂ ਛਿਪ ਕੇ ਬੈਠ ਗਏ ਹਨ। ਦਿੱਲੀ ਪੁਲਿਸ ਵੀ ਪਤਾ ਨਹੀਂ ਕਿਸ ਕਾਰਨ ਉਨ੍ਹਾਂ ਨੂੰ ਪਕੜਨ ਦੀ ਬਜਾਏ ਸ਼ਾਤਮਈ ਅੰਦੋਲਨ ਦੇ ਹਾਮੀਆਂ ਨੂੰ ਨੋਟਿਸ ਕੱਢ ਰਹੀ ਹੈ। ਉਨ੍ਹਾਂ ਦੇ ਪਿੰਡਾਂ ਵਾਲੇ ਵੀ ਦੱਬੀ ਜ਼ੁਬਾਨ ਵਿੱਚ ਉਨ੍ਹਾਂ ਵੱਲੋਂ ਕੀਤੇ ਇਸ ਕੰਮ ਦੀ ਨੁਕਤਾਚੀਨੀ ਕਰ ਰਹੇ ਹਨ।
ਰਾਤੋ ਰਾਤ ਉਨ੍ਹਾਂ ਦੀ ਦਿੱਖ ਖਰਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਰੇਕ ਵਿਅਕਤੀ ਤਾਕਤਵਰ, ਮਸ਼ਹੂਰ ਅਤੇ ਸ਼ਰੀਫ ਵਿਅਕਤੀ ਨਾਲ ਚੰਗੇ ਸਬੰਧ ਰੱਖਣੇ ਚਾਹੁੰਦਾ ਹੈ ਤੇ ਘਟੀਆ ਵਿਅਕਤੀ ਨਾਲ ਆਪਣਾ ਨਾਮ ਜੋੜ ਕੇ ਕੋਈ ਵੀ ਬਦਨਾਮੀ ਖੱਟਣ ਦੇ ਹੱਕ ਵਿੱਚ ਨਹੀਂ ਹੈ। ਉਹ ਗੱਲ ਅਲੱਗ ਹੈ ਕਿ ਪ੍ਰਸਿੱਧ ਵਿਅਕਤੀ ਚਾਹੇ ਉਸ ਨੂੰ ਜਾਣਦਾ ਤੱਕ ਨਾ ਹੋਵੇ। ਲੋਕਾਂ ਨੂੰ ਦਰਸਾਇਆ ਜਾਵੇਗਾ ਕਿ ਮੇਰੀ ਫਲਾਣੇ ਪ੍ਰਸਿੱਧ ਵਿਅਕਤੀ ਨਾਲ ਸਿੱਧੀ ਪਹੁੰਚ ਜਾਂ ਰਿਸ਼ਤੇਦਾਰੀ ਹੈ। ਜੇ ਕੋਈ ਬੰਦਾ ਗਰੀਬ ਜਾਂ ਬਦਨਾਮ ਹੈ ਤਾਂ ਫਿਰ ਕੋਈ ਵੀ ਉਸ ਨਾਲ ਸਬੰਧ ਜਾਂ ਰਿਸ਼ਤੇਦਾਰੀ ਹੋਣ ਦੀ ਗੱਲ ਮੰਨਜ਼ੂਰ ਨਹੀਂ ਕਰਦਾ। ਕਿਸੇ ਨੇ ਕਿਸੇ ਨੂੰ ਪੁੱਛਿਆ ਕਿ ਤੇਰੇ ਗਰੀਬ ਰਿਸ਼ਤੇਦਾਰ ਕਿਹੜੇ ਹਨ। ਉਸ ਨੇ ਆਕੜ ਕਿ ਜਵਾਬ ਦਿੱਤਾ ਕਿ ਮੈਂ ਨਹੀਂ ਜਾਣਦਾ ਕਿਸੇ ਨੰਗ ਨੂੰ। ਉਸ ਨੇ ਦੁਬਾਰਾ ਪੁੱਛਿਆ ਕਿ ਤੇਰੇ ਅਮੀਰ ਰਿਸ਼ਤੇਦਾਰ ਕਿਹੜੇ ਹਨ। ਅਗਲੇ ਨੇ ਭੈੜਾ ਜਿਹਾ ਮੂੰਹ ਬਣਾ ਕੇ ਕਿਹਾ ਕਿ ਉਹ ਮੈਨੂੰ ਨਹੀਂ ਜਾਣਦੇ। ਹਲਕੇ ਦਾ ਐਮ.ਐਲ.ਏ. ਜਾਂ ਐਮ.ਪੀ. ਜਿਸ ਜ਼ਾਤ ਦਾ ਹੁੰਦਾ ਹੈ, ਉਸ ਜ਼ਾਤ ਦੇ ਸਾਰੇ ਵਿਅਕਤੀ ਉਸ ਦੇ ਰਿਸ਼ਤੇਦਾਰ ਬਣ ਜਾਂਦੇ ਹਨ। ਹਲਕੇ ਦੇ ਕਿਸੇ ਵਿਅਕਤੀ ਨੂੰ ਉਸ ਬਾਰੇ ਬਾਰੇ ਪੁੱਛੋ ਤਾਂ ਕਹੇਗਾ, “ਲਉ ਭਾਜੀ ਹੱਦ ਹੋ ਗਈ, ਤੁਹਾਨੂੰ ਪਤਾ ਈ ਨਹੀਂ? ਆਪਣੀ ਮਾਸੀ ਦੀ ਜੇਠਾਣੀ ਦੀ ਭਰਜਾਈ ਦਾ ਸਕਾ ਭਾਣਜਾ ਤਾਂ ਹੈ।” ਪਰ ਗਰੀਬ ਤੇ ਬਦਨਾਮ ਵਿਆਕਤੀ ਨੂੰ ਕੋਈ ਪਛਾਣ ਕੇ ਵੀ ਰਾਜ਼ੀ ਨਹੀਂ ਹੁੰਦਾ।
ਇਸੇ ਤਰਾਂ ਇੱਕ ਵਾਰ ਦੋ ਵਿਅਕਤੀ ਕੁੜੀਆਂ ਦਾ ਕਬੱਡੀ ਮੈਚ ਵੇਖ ਰਹੇ ਸਨ। ਇੱਕ ਕੁੜੀ ਬੜੀਆਂ ਸੋਹਣੀਆਂ ਰੇਡਾਂ ਪਾ ਰਹੀ ਸੀ ਤੇ ਉਸ ਨੇ ਦੂਜੀ ਟੀਮ ਨੂੰ ਵਖਤ ਪਾਇਆ ਹੋਇਆ ਸੀ। ਕਿਸੇ ਜਾਫੀ ਕੋਲੋਂ ਪਕੜੀ ਨਹੀਂ ਸੀ ਜਾ ਰਹੀ। ਇੱਕ ਵਿਅਕਤੀ ਬੋਲਿਆ, “ਕਮਾਲ ਕਰੀ ਜਾਂਦੀ ਯਾਰ ਇਹ ਕੁੜੀ ਤਾਂ, ਬੜੀ ਸੋਹਣੀ ਕਬੱਡੀ ਖੇਡਦੀ ਐ। ਕਿਹੜੇ ਪਿੰਡ ਦੀ ਆ ਭਲਾ ਇਹ?” ਲਾਗੇ ਬੈਠਾ ਦੂਸਰਾ ਵਿਅਕਤੀ ਬੜੇ ਮਾਣ ਨਾਲ ਬੋਲਿਆ, “ਆਪਣੇ ਪਿੰਡਾਂ ਦੀ ਆ ਆਪਣੇ ਪਿੰਡਾਂ ਦੀ, ਹੋਰ ਕਿੱਥੋਂ ਦੀ ਹੋਣੀ ਐ।” ਪਹਿਲਾ ਵਿਅਕਤੀ ਥੋੜੀ ਸ਼ਰਾਰਤੀ ਮੁਸਕਾਨ ਨਾਲ ਫਿਰ ਬੋਲਿਆ, “ਅੱਛਾ! ਠੀਕ ਐ ਠੀਕ ਐ, ਹੁਣ ਆਇਆ ਚੇਤਾ। ਇਹ ਤਾਂ ਪਿਛਲੇ ਸਾਲ ਗੁਆਂਡੀਆਂ ਦੇ ਮੁੰਡੇ ਨਾਲ ਹੀ ਭੱਜ ਗਈ ਸੀ। ਬੜੀ ਮੁਸ਼ਕਿਲ ਨਾਲ ਮਹੀਨੇ ਬਾਅਦ ਘਰਦਿਆਂ ਨੇ ਮੋੜ ਕੇ ਲਿਆਂਦੀ ਸੀ।” ਦੂਸਰੇ ਉੱਪਰ ਸੌ ਘੜਾ ਪਾਣੀ ਪੈ ਗਿਆ, ਮਰੀ ਜਿਹੀ ਅਵਾਜ਼ ਵਿੱਚ ਬੋਲਿਆ, “ਉਏ ਨਹੀਂ ਨਹੀਂ ਭਰਾ ਸੌਰੀ, ਭੁਲੇਖਾ ਲੱਗ ਗਿਆ। ਇਹ ਤਾਂ ਨਾਲਦੇ ਪਿੰਡ ਦੀ ਐ।”

Related posts

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin

ਸਿੱਖ ਚਿੰਨ੍ਹਾਂ ‘ਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਲਾਗੂ ਕਰਾਉਣ ਲਈ ਜਨਹਿੱਤ ਪਟੀਸ਼ਨ ਦਾਇਰ !

admin

ਹਾਈਕੋਰਟ ਵਲੋਂ ਲੈਂਡ ਪੂਲਿੰਗ ਪਾਲਿਸੀ ‘ਤੇ 4 ਹਫ਼ਤੇ ਦੀ ਰੋਕ, ਅਗਲੀ ਸੁਣਵਾਈ 10 ਸਤੰਬਰ ਨੂੰ !

admin