ਵਿਕਟੋਰੀਆ ਪੁਲਿਸ ਦੇ ਵਲੋਂ ਮੈਲਬੌਰਨ ਦੇ ਸਭ ਤੋਂ ਬਿਜ਼ੀ ਸ਼ਾਪਿੰਗ ਸੈਂਟਰਾਂ ਨੌਰਥਲੈਂਡ, ਹਾਈਪੁਆਇੰਟ, ਈਸਟਲੈਂਡ ਅਤੇ ਫਾਊਂਟੇਨ ਗੇਟ ਸ਼ਾਪਿੰਗ ਸੈਂਟਰ ਦੇ ਵਿੱਚ ਅੱਜ ਸੋਮਵਾਰ 8 ਦਸੰਬਰ 2025 ਤੋਂ ‘ਆਪ੍ਰੇਸ਼ਨ ਪਲਸ’ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਵਿਕਟੋਰੀਆਂ ਪੁਲਿਸ ਮੈਲਬੌਰਨ ਦੇ ਵੱਡੇ ਸ਼ਾਪਿੰਗ ਸੈਂਟਰਾਂ ਵਿੱਚ ਆਪਣੀ ਮੌਜੂਦਗੀ ਵਧਾਏਗੀ ਅਤੇ ਛੁੱਟੀਆਂ ਦੇ ਇਸ ਬਿਜ਼ੀ ਸਮੇਂ ਦੇ ਦੌਰਾਨ ਨਿਸ਼ਾਨਾਬੱਧ ਗਸ਼ਤ ਅਤੇ ਹਥਿਆਰਾਂ ਦੀ ਤਲਾਸ਼ੀ ਲਈ ਜਾਵੇਗੀ।
ਇਹ ਆਪ੍ਰੇਸ਼ਨ 90 ਦਿਨਾਂ ਤੱਕ ਚੱਲੇਗਾ ਅਤੇ ਜੇਕਰ ਨਵੇਂ ਸਮੱਸਿਆ ਵਾਲੇ ਸਥਾਨ ਸਾਹਮਣੇ ਆਉਂਦੇ ਹਨ ਤਾਂ ਇਸਨੂੰ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਵਧਾਇਆ ਵੀ ਜਾ ਸਕਦਾ ਹੈ। ਕ੍ਰਾਈਮ ਇੰਟੈਲੀਜੈਂਸ ਤੋਂ ਚੋਰੀਆਂ, ਸਟਾਫ ਪ੍ਰਤੀ ਗੁੱਸਾ ਅਤੇ ਹਥਿਆਰਾਂ ਨਾਲ ਸਬੰਧਤ ਹਿੰਸਕ ਝੜਪਾਂ ਪ੍ਰਤੀ ਤੇਜ਼ੀ ਨਾਲ ਵਾਧਾ ਹੋਣ ਦੇ ਸੰਕੇਤ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਸੇਵਾ ਅਧਿਕਾਰੀਆਂ ਨੂੰ ਇਹਨਾਂ ਕੇਂਦਰਾਂ ਵਿੱਚ ਭੇਜਿਆ ਜਾਵੇਗਾ।
‘ਆਪ੍ਰੇਸ਼ਨ ਪਲਸ’ ਦੇ ਸਮੇਂ ਦੇ ਦੌਰਾਨ ਇਹਨਾਂ ਸਾਰੇ ਚਾਰ ਸ਼ਾਪਿੰਗ ਸੈਂਟਰਾਂ ਨੂੰ ਅਧਿਕਾਰਤ ਤੌਰ ‘ਤੇ ਸਰਚ ਜ਼ੋਨ ਐਲਾਨਿਆ ਗਿਆ ਹੈ, ਜਿਸ ਨਾਲ ਅਧਿਕਾਰੀ ਮੈਟਲ-ਡਿਟੈਕਸ਼ਨ ਵੈਂਡ ਨਾਲ ਗੈਰ-ਹਮਲਾਵਰ ਤਲਾਸ਼ੀ ਕਰ ਸਕਦੇ ਹਨ। ਇਸ ਮੈਟਲ-ਡਿਟੈਕਸ਼ਨ ਵੈਂਡ ਦੀ ਵਰਤੋਂ ਚਾਕੂ ਜਾਂ ਤੇਜ਼-ਹਥਿਆਰਾਂ ਨੂੰ ਰੀਟੇਲ ਏਰੀਆ ਵਿੱਚ ਦਾਖਲ ਹੋਣ ਤੋਂ ਰੋਕਣ ਅਤੇ ਤਲਾਸ਼ੀ ਲੈਣ ਵਾਲੇ ਅਧਿਕਾਰੀਆਂ ਦੇ ਲਈ ਜੋਖਮ ਘਟਾਉਣ ਦੇ ਲਈ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਮੈਲਬੌਰਨ ਦੇ ਸਾਊਥ-ਈਸਟ ਦੇ ਵਿੱਚ ਨੌਕਸ ਸ਼ਾਪਿੰਗ ਸੈਂਟਰ ਵਿਖੇ ਇੱਕ ਸੁਰੱਖਿਆ ਗਾਰਡ ਉਸ ਸਮੇਂ ਗੰਭੀਰ ਜ਼ਖਮੀ ਹੋ ਗਿਆ ਸੀ ਜਦੋਂ ਉਸ ‘ਤੇ ਇੱਕ ਅਣਪਛਾਤੇ ਅਪਰਾਧੀ ਨੇ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ ਸੀ।
ਇਸੇ ਸਾਲ ਨਵੰਬਰ ਮਹੀਨੇ ਤੋਂ ਅਪਰਾਧ ਅੰਕੜਾ ਏਜੰਸੀ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਵਿੱਤੀ ਸਾਲ ਵਿੱਚ ਮੈਲਬੌਰਨ ਦੇ ਤੇਰਾਂ ਪ੍ਰਮੁੱਖ ਸ਼ਾਪਿੰਗ ਸੈਂਟਰਾਂ ਵਿੱਚ 5,901 ਅਪਰਾਧ ਦਰਜ ਕੀਤੇ ਗਏ ਸਨ ਅਤੇ ਇਹ ਪਿਛਲੇ ਸਾਲ ਨਾਲੋਂ 20 ਪ੍ਰਤੀਸ਼ਤ ਜਿਆਦਾ ਸੀ। ਚੋਰੀਆਂ ਵਿੱਚ ਲਗਭਗ 30 ਪ੍ਰਤੀਸ਼ਤ ਵਾਧਾ ਹੋਇਆ ਹੈ ਅਤੇ ਇਹਨਾਂ ਕੇਂਦਰਾਂ ‘ਤੇ ਕੀਤੇ ਗਏ ਸਾਰੇ ਅਪਰਾਧਾਂ ਦਾ ਦੋ-ਤਿਹਾਈ ਹਿੱਸਾ ਹੈ। ਵਿਅਕਤੀ ਵਿਰੁੱਧ ਅਪਰਾਧਾਂ ਵਿੱਚ 12 ਪ੍ਰਤੀਸ਼ਤ ਵਾਧਾ ਹੋਇਆ ਹੈ ਅਤੇ ਇਸ ਸਾਲ 670 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਵਿਅਕਤੀ ਵਿਰੁੱਧ ਅਪਰਾਧਾਂ ਵਿੱਚ ਕਤਲ, ਹਮਲਾ, ਜਿਨਸੀ ਅਪਰਾਧ, ਅਗਵਾ, ਡਕੈਤੀ, ਬਲੈਕਮੇਲ ਅਤੇ ਜਬਰੀ ਵਸੂਲੀ, ਪਿੱਛਾ ਕਰਨਾ, ਪਰੇਸ਼ਾਨ ਕਰਨਾ ਤੇ ਧਮਕੀ ਭਰਿਆ ਵਿਵਹਾਰ, ਅਤੇ ਖਤਰਨਾਕ ਤੇ ਲਾਪਰਵਾਹੀ ਵਾਲੇ ਕੰਮ ਸ਼ਾਮਲ ਹਨ।
ਵਿਕਟੋਰੀਆ ਪੁਲਿਸ ਦੇ ਡਿਪਟੀ ਕਮਿਸ਼ਨਰ ਬੌਬ ਹਿੱਲ ਨੇ ਇਸ ਸਬੰਧੀ ਦੱਸਿਆ ਹੈ ਕਿ, “ਹਾਲ ਹੀ ਦੇ ਮਹੀਨਿਆਂ ਨੇ ਦਿਖਾਇਆ ਹੈ ਕਿ ਪੁਲਿਸ ਦੀ ਮੌਜੂਦਗੀ ਵਿੱਚ ਵਾਧਾ ਕਰਨਾ ਕਿਉਂ ਜ਼ਰੂਰੀ ਹੈ। ਦੁਕਾਨਦਾਰਾਂ ਅਤੇ ਖਰੀਦਦਾਰਾਂ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ ਪਰ ਬਦਕਿਸਮਤੀ ਨਾਲ, ਅਸੀਂ ਜਾਣਦੇ ਹਾਂ ਕਿ ਇਸ ਸਾਲ ਹਮੇਸ਼ਾ ਅਜਿਹਾ ਨਹੀਂ ਰਿਹਾ। ਇਹ ਕੋਈ ਲੁਕਿਆ ਨਹੀਂ ਹੈ ਕਿ ਵਿਕਟੋਰੀਆ ਰੀਟੇਲ ਚੋਰੀ ਦੇ ਰਿਕਾਰਡ ਪੱਧਰ ਦਾ ਸ੍ਹਾਮਣਾ ਕਰ ਰਿਹਾ ਹੈ, ਜਦੋਂ ਕਿ ਹੋਰ ਮੁਸ਼ਕਲ ਘਟਨਾਵਾਂ ਵਿੱਚ ਰੀਟੇਲਰਸ ਪ੍ਰਤੀ ਵਧਦਾ ਗੁੱਸਾ ਅਤੇ ਝਗੜਾਲੂ ਗੈਂਗਾਂ ਦੇ ਵਿਚਕਾਰ ਖੁੱਲ੍ਹੇਆਮ ਚਾਕੂਆਂ ਨਾਲ ਲੜਾਈ ਸ਼ਾਮਲ ਹੈ। ਅਸੀਂ ਆਪਣੇ ਸ਼ਾਪਿੰਗ ਸੈਂਟਰਾਂ ਲਈ ਪੀਕ ਸੀਜ਼ਨ ਵਿੱਚ ਦਾਖਲ ਹੋ ਰਹੇ ਹਾਂ, ਸਕੂਲ ਦੀਆਂ ਛੁੱਟੀਆਂ ਅਤੇ ਤਿਉਹਾਰਾਂ ਦਾ ਸੀਜ਼ਨ ਲਗਭਗ ਸਾਡੇ ਸਿਰ ‘ਤੇ ਹੈ। ਇਹ ਮਹੱਤਵਪੂਰਨ ਹੈ ਕਿ ਲੋਕ ਇਸ ਸਮੇਂ ਦੌਰਾਨ ਖ੍ਰੀਦਦਾਰੀ ਕਰਨ ਵਿੱਚ ਆਰਾਮਦਾਇਕ ਮਹਿਸੂਸ ਕਰਨ ਅਤੇ ਵਿਕਟੋਰੀਆ ਪੁਲਿਸ ਇਸ ਨੂੰ ਯਕੀਨੀ ਬਣਾਉਣ ਲਈ ਮੈਲਬੌਰਨ ਦੇ ਬਹੁਤ ਸਾਰੇ ਵੱਡੇ ਸ਼ਾਪਿੰਗ ਸੈਂਟਰਾਂ ‘ਤੇ ਪੂਰੀ ਤਾਕਤ ਨਾਲ ਮੌਜੂਦ ਰਹੇਗੀ। ਇਸ ਆਪਰੇਸ਼ਨ ਦੇ ਵਿੱਚ ਅਪਰਾਧ ਨੂੰ ਰੋਕਣ ਲਈ ਖੁੱਲ੍ਹੀ ਗਸ਼ਤ, ਦੁਕਾਨਦਾਰਾਂ ਨਾਲ ਗੱਲਬਾਤ ਅਤੇ ਕਿਸੇ ਫਾਲਤੂ ਹਥਿਆਰਾਂ ਨੂੰ ਹਟਾਉਣ ਲਈ ਖੋਜ ਸ਼ਾਮਲ ਹੋਵੇਗੀ। ਇਸ ਕਾਰਵਾਈ ਦੇ ਸਮੇਂ ਨੇ ਸਰਕਾਰ ‘ਤੇ ਤੇਜ਼ੀ ਨਾਲ ਕਾਰਵਾਈ ਕਰਨ ਲਈ ਹੋਰ ਦਬਾਅ ਪਾਇਆ ਹੈ ਕਿਉਂਕਿ ਪੀਕ ਸੀਜ਼ਨ ਦੌਰਾਨ ਪਹਿਲਾਂ ਹੀ ਬਹੁਤ ਭੀੜ-ਭੜੱਕਾ ਹੁੰਦਾ ਹੈ।”
ਚੇਤੇ ਰੱਖੋ:
ਸੋਸ਼ਲ ਮੀਡੀਆ ਰਾਹੀਂ ਅਪਰਾਧ ਦੀ ਰਿਪੋਰਟ ਨਾ ਕਰੋ।
ਗੈਰ-ਜ਼ਰੂਰੀ ਸਹਾਇਤਾ ਲਈ 131 444 ‘ਤੇ ਕਾਲ ਕਰੋ।
ਐਮਰਜੈਂਸੀ ਵਿੱਚ, ਟ੍ਰਿਪਲ ਜ਼ੀਰੋ (000) ‘ਤੇ ਕਾਲ ਕਰੋ।
ਕ੍ਰਾਈਮ ਸਟੌਪਰਜ਼ ਨੂੰ 1800 333 000 ‘ਤੇ ਸੰਪਰਕ ਕਰੋ।
