ਭਾਰਤ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕੀਤਾ ਹੈ। ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਚਲਾਇਆ ਹੈ। ਇਸ ਤਹਿਤ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ‘ਤੇ ਹਮਲੇ ਕੀਤੇ ਗਏ ਹਨ। ਭਾਰਤੀ ਫੌਜ ਦੇ ਪਾਕਿਸਤਾਨ ਅਤੇ ਮਕਬੂਜ਼ਾ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ ‘ਤੇ ਹਵਾਈ ਹਮਲਿਆਂ ਵਿੱਚ 80-90 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਦੋ ਸਭ ਤੋਂ ਵੱਡੇ ਸਥਾਨਾਂ ਬਹਾਵਲਪੁਰ ਅਤੇ ਮੁਰੀਦਕੇ ਵਿੱਚ ਲਗਭਗ 25-30 ਅੱਤਵਾਦੀ ਮਾਰੇ ਗਏ। ਭਾਰਤੀ ਏਜੰਸੀਆਂ ਹੋਰ ਅੱਤਵਾਦੀ ਕੈਂਪਾਂ ਵਿੱਚ ਮੌਜੂਦ ਗਿਣਤੀ ਦੀ ਪੁਸ਼ਟੀ ਕਰ ਰਹੀਆਂ ਹਨ।
ਭਾਰਤੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ, “ਕੁੱਲ ਮਿਲਾ ਕੇ, 9 ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਾਡੀਆਂ ਕਾਰਵਾਈਆਂ ਕੇਂਦ੍ਰਿਤ, ਮਾਪੀਆਂ ਗਈਆਂ ਅਤੇ ਪ੍ਰਕਿਰਤੀ ਵਿੱਚ ਗੈਰ-ਹਮਲਾਵਰ ਰਹੀਆਂ ਹਨ। ਕਿਸੇ ਵੀ ਪਾਕਿਸਤਾਨੀ ਫੌਜੀ ਸਹੂਲਤ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਭਾਰਤ ਨੇ ਨਿਸ਼ਾਨਿਆਂ ਦੀ ਚੋਣ ਅਤੇ ਹਮਲੇ ਦੇ ਤਰੀਕੇ ਵਿੱਚ ਬਹੁਤ ਸੰਜਮ ਦਿਖਾਇਆ ਹੈ। ਇਹ ਕਦਮ ਪਹਿਲਗਾਮ ਵਿੱਚ ਹੋਏ ਵਹਿਸ਼ੀ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਚੁੱਕੇ ਗਏ ਹਨ ਜਿਸ ਵਿੱਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਮਾਰੇ ਗਏ ਸਨ। ਅਸੀਂ ਆਪਣੀ ਵਚਨਬੱਧਤਾ ‘ਤੇ ਖਰੇ ਉਤਰ ਰਹੇ ਹਾਂ ਕਿ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ‘ਆਪ੍ਰੇਸ਼ਨ ਸਿੰਦੂਰ’ ਬਾਰੇ ਵਿਸਤ੍ਰਿਤ ਜਾਣਕਾਰੀ ਅੱਜ ਬਾਅਦ ਵਿੱਚ ਦਿੱਤੀ ਜਾਵੇਗੀ।”
ਅੱਤਵਾਦ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ, ਭਾਰਤ ਨੇ ਬੁੱਧਵਾਰ ਰਾਤ 1.30 ਵਜੇ 9 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲਾ ਕੀਤਾ। ਇਸ ਹਮਲੇ ਨੂੰ ‘ਆਪ੍ਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ ਗਿਆ ਹੈ। ਇਹ ਤਿੰਨਾਂ ਫੌਜਾਂ ਦਾ ਸਾਂਝਾ ਆਪ੍ਰੇਸ਼ਨ ਸੀ। ਭਾਰਤ ਦੀਆਂ ਸ਼ਕਤੀਸ਼ਾਲੀ ਫੌਜਾਂ ਨੇ ਪਾਕਿਸਤਾਨ ਦੇ 4 ਸਥਾਨਾਂ ਅਤੇ ਪੀਓਕੇ ਦੇ 5 ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਭਾਰਤੀ ਖੁਫੀਆ ਏਜੰਸੀ ਰਾਅ ਨੇ ਸਾਰੇ ਨਿਸ਼ਾਨਿਆਂ ਦੀ ਪਛਾਣ ਕਰ ਲਈ ਸੀ, ਜਿਸ ਤੋਂ ਬਾਅਦ ਪੂਰੀ ਯੋਜਨਾਬੰਦੀ ਨਾਲ ਲਸ਼ਕਰ ਅਤੇ ਜੈਸ਼ ਦੇ ਠਿਕਾਣਿਆਂ ‘ਤੇ ਹਮਲਾ ਕੀਤਾ ਗਿਆ। ਭਾਰਤੀ ਫੌਜ ਵਲੋਂ ਪਾਕਿਸਤਾਨ ਦੇ ਜਿਨ੍ਹਾਂ 9 ਅੱਤਵਾਦੀ ਠਿਕਾਣਿਆਂ ਉਪਰ ਹਮਲੇ ਕੀਤੇ ਗਏ ਹਨ ੳੇਹਨਾਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:
1. ਬਹਾਵਲਪੁਰ – ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ 100 ਕਿਲੋਮੀਟਰ ਦੂਰ ਸਥਿਤ, ਇਹ ਜੈਸ਼-ਏ-ਮੁਹੰਮਦ ਦਾ ਮੁੱਖ ਦਫਤਰ ਸੀ, ਜਿਸ ਨੂੰ ਭਾਰਤੀ ਫੌਜਾਂ ਨੇ ਤਬਾਹ ਕਰ ਦਿੱਤਾ ਹੈ।
2. ਮੁਰੀਦਕੇ – ਇਹ ਅੱਤਵਾਦੀ ਟਿਕਾਣਾ ਅੰਤਰਰਾਸ਼ਟਰੀ ਸਰਹੱਦ ਤੋਂ 30 ਕਿਲੋਮੀਟਰ ਦੂਰ ਸਥਿਤ ਹੈ। ਇਹ ਲਸ਼ਕਰ-ਏ-ਤੋਇਬਾ ਦਾ ਕੈਂਪ ਸੀ ਜੋ 26/11 ਦੇ ਮੁੰਬਈ ਹਮਲਿਆਂ ਨਾਲ ਜੁੜਿਆ ਹੋਇਆ ਸੀ।
3. ਗੁਲਪੁਰ- ਇਹ ਅੱਤਵਾਦੀ ਟਿਕਾਣਾ ਕੰਟਰੋਲ ਰੇਖਾ (ਪੂੰਛ-ਰਾਜੌਰੀ) ਤੋਂ 35 ਕਿਲੋਮੀਟਰ ਦੂਰ ਸਥਿਤ ਹੈ।
4. ਲਸ਼ਕਰ ਕੈਂਪ ਸਵਾਈ – ਇਹ ਅੱਤਵਾਦੀ ਟਿਕਾਣਾ ਪੀਓਕੇ ਤੰਗਧਾਰ ਸੈਕਟਰ ਦੇ 30 ਕਿਲੋਮੀਟਰ ਅੰਦਰ ਸਥਿਤ ਹੈ।
5. ਬਿਲਾਲ ਕੈਂਪ – ਜੈਸ਼-ਏ-ਮੁਹੰਮਦ ਦਾ ਲਾਂਚਪੈਡ, ਇਸ ਕੈਂਪ ਦੀ ਵਰਤੋਂ ਸਰਹੱਦ ਪਾਰ ਅੱਤਵਾਦੀਆਂ ਨੂੰ ਭੇਜਣ ਲਈ ਕੀਤੀ ਜਾਂਦੀ ਸੀ।
6. ਕੋਟਲੀ – ਐਲਓਸੀ ਤੋਂ 15 ਕਿਲੋਮੀਟਰ ਦੂਰ ਸਥਿਤ ਲਸ਼ਕਰ ਕੈਂਪ ਹੈ। ਇਹ 50 ਤੋਂ ਵੱਧ ਅੱਤਵਾਦੀਆਂ ਨੂੰ ਰੱਖਣ ਵਾਲਾ ਇੱਕ ਕੈਂਪ ਸੀ।
7. ਬਰਨਾਲਾ ਕੈਂਪ- ਇਹ ਅੱਤਵਾਦੀ ਟਿਕਾਣਾ ਕੰਟਰੋਲ ਰੇਖਾ ਤੋਂ 10 ਕਿਲੋਮੀਟਰ ਦੂਰ ਸਥਿਤ ਸੀ।
8. ਸਰਜਾਲ ਕੈਂਪ- ਜੈਸ਼ ਦਾ ਸਿਖਲਾਈ ਕੇਂਦਰ ਸਾਂਬਾ-ਕਠੂਆ ਦੇ ਸਾਹਮਣੇ ਅੰਤਰਰਾਸ਼ਟਰੀ ਸਰਹੱਦ ਤੋਂ 8 ਕਿਲੋਮੀਟਰ ਦੂਰ ਸਥਿਤ ਹੈ।
9 ਮਹਿਮੂਨਾ ਕੈਂਪ (ਸਿਆਲਕੋਟ ਦੇ ਨੇੜੇ) – ਇਹ ਹਿਜ਼ਬੁਲ ਮੁਜਾਹਿਦੀਨ ਦਾ ਇੱਕ ਸਿਖਲਾਈ ਕੈਂਪ ਸੀ ਅਤੇ ਅੰਤਰਰਾਸ਼ਟਰੀ ਸਰਹੱਦ ਤੋਂ 15 ਕਿਲੋਮੀਟਰ ਦੂਰ ਸਥਿਤ ਸੀ।
ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਰੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਸੀ ਕਿ ‘ਥੋੜ੍ਹੀ ਦੇਰ ਪਹਿਲਾਂ, ਭਾਰਤੀ ਹਥਿਆਰਬੰਦ ਬਲਾਂ ਨੇ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ, ਜਿਸ ਵਿੱਚ ਪਾਕਿਸਤਾਨ ਅਤੇ ਪੀਓਕੇ ਵਿੱਚ ਸਥਿਤ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੋਂ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ।’ ਅੱਗੇ ਕਿਹਾ ਗਿਆ ਕਿ ਕੁੱਲ 9 ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਸਾਡੀ ਕਾਰਵਾਈ ਭੜਕਾਊ ਨਹੀਂ ਹੈ। ਕਿਸੇ ਵੀ ਪਾਕਿਸਤਾਨੀ ਫੌਜੀ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਭਾਰਤ ਨੇ ਆਪਣੇ ਟੀਚਿਆਂ ਦੀ ਚੋਣ ਕਰਨ ਵਿੱਚ ਬਹੁਤ ਸੰਜਮ ਵਰਤਿਆ ਹੈ।
ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪਾਕਿ ਫੌਜ ਨੇ ਕਿਹਾ ਕਿ 6 ਥਾਵਾਂ ‘ਤੇ 24 ਹਮਲੇ ਕੀਤੇ ਗਏ ਹਨ। ਇਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 33 ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਭਾਰਤੀ ਫੌਜ ਦੇ ਹਵਾਈ ਹਮਲੇ ਤੋਂ ਬਾਅਦ ਘਬਰਾਹਟ ਵਿੱਚ ਆਇਆ ਪਾਕਿਸਤਾਨ, ਕੰਟਰੋਲ ਰੇਖਾ ‘ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। 6-7 ਮਈ ਦੀ ਰਾਤ ਨੂੰ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਸਾਹਮਣੇ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਆਪਣੀਆਂ ਚੌਕੀਆਂ ਤੋਂ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਅਤੇ ਤੋਪਖਾਨੇ ਤੋਂ ਗੋਲੇ ਦਾਗੇ। ਇਸ ਅੰਨ੍ਹੇਵਾਹ ਗੋਲੀਬਾਰੀ ਅਤੇ ਗੋਲਾਬਾਰੀ ਵਿੱਚ ਤਿੰਨ ਨਾਗਰਿਕਾਂ ਦੀ ਜਾਨ ਚਲੀ ਗਈ। ਭਾਰਤੀ ਫੌਜ ਨੇ ਇਸ ਕਾਰਵਾਈ ਦਾ ਢੁਕਵਾਂ ਜਵਾਬ ਦਿੱਤਾ ਹੈ।
ਭਾਰਤ ਦੇ ਸਰਹੱਦੀ ਸ਼ਹਿਰਾਂ ਦੇ ਏਅਰਪੋਰਟ ਬੰਦ !
ਭਾਰਤੀ ਫੌਜ ਨੇ ਬੁੱਧਵਾਰ ਸਵੇਰੇ ਇੱਕ ਬਿਆਨ ਵਿੱਚ ਕਿਹਾ ਕਿ ਕੁਝ ਸਮਾਂ ਪਹਿਲਾਂ, ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ ਹੈ।
ਭਾਰਤੀ ਫੌਜ ਵੱਲੋਂ ਪਾਕਿਸਤਾਨੀ ਅੱਤਵਾਦੀ ਕੈਂਪਾਂ ‘ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਸਪਾਈਸਜੈੱਟ ਏਅਰਲਾਈਨਜ਼ ਨੇ ਬੁੱਧਵਾਰ ਨੂੰ ਦੇਸ਼ ਦੇ ਉੱਤਰੀ ਹਿੱਸਿਆਂ ਦੇ ਹਵਾਈ ਅੱਡਿਆਂ ਦੇ ਲਈ ਉਡਾਣ ਸਬੰਧੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪਾਕਿਸਤਾਨ ਉਪਰ ਹਵਾਈ ਹਮਲਿਆਂ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਉੱਥੋਂ ਚੱਲਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। “ਅੰਮ੍ਰਿਤਸਰ ਜਾਣ ਵਾਲੀਆਂ ਦੋ ਅੰਤਰਰਾਸ਼ਟਰੀ ਉਡਾਣਾਂ ਨੂੰ ਦਿੱਲੀ ਵੱਲ ਮੋੜਿਆ ਜਾ ਰਿਹਾ ਹੈ,” ਏਅਰਲਾਈਨ ਨੇ ਕਿਹਾ ਹੈ ਕਿ, ‘ਇਸ ਅਣਕਿਆਸੇ ਵਿਘਨ ਕਾਰਨ ਹੋਈ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ।” ਸਪਾਈਸਜੈੱਟ ਦੇ ਅਨੁਸਾਰ, ਮੌਜੂਦਾ ਸਥਿਤੀ ਦੇ ਕਾਰਨ, ਧਰਮਸ਼ਾਲਾ, ਲੇਹ, ਜੰਮੂ, ਸ਼੍ਰੀਨਗਰ ਅਤੇ ਅੰਮ੍ਰਿਤਸਰ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਹਵਾਈ ਅੱਡੇ ਅਗਲੇ ਨੋਟਿਸ ਤੱਕ ਬੰਦ ਹਨ। ਉਡਾਣਾਂ ਚੱਲਣ ਅਤੇ ਪਹੁੰਚ ਲਈ ਪ੍ਰਭਾਵਿਤ ਹੋ ਸਕਦੀਆਂ ਹਨ।
ਇੰਡੀਗੋ ਨੇ ਕਿਹਾ ਕਿ ਖੇਤਰ ਵਿੱਚ ਬਦਲਦੇ ਹਵਾਈ ਖੇਤਰ ਦੇ ਹਾਲਾਤਾਂ ਕਾਰਨ ਸ੍ਰੀਨਗਰ, ਜੰਮੂ, ਅੰਮ੍ਰਿਤਸਰ, ਲੇਹ, ਚੰਡੀਗੜ੍ਹ ਅਤੇ ਧਰਮਸ਼ਾਲਾ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ।
ਭਾਰਤੀ ਹਥਿਆਰਬੰਦ ਬਲਾਂ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਕੈਂਪਾਂ ‘ਤੇ ਕੀਤੇ ਗਏ ਮਿਜ਼ਾਈਲ ਹਮਲਿਆਂ ਦੇ ਮੱਦੇਨਜ਼ਰ ਹਵਾਈ ਖੇਤਰ ‘ਤੇ ਪਾਬੰਦੀਆਂ ਦੇ ਵਿਚਕਾਰ, ਭਾਰਤੀ ਏਅਰਲਾਈਨਾਂ ਨੇ ਜੰਮੂ ਅਤੇ ਸ਼੍ਰੀਨਗਰ ਸਮੇਤ ਵੱਖ-ਵੱਖ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਏਅਰਲਾਈਨ ਨੇ ਜੰਮੂ, ਸ਼੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਲਈ ਆਪਣੀਆਂ ਸਾਰੀਆਂ ਉਡਾਣਾਂ ਦੁਪਹਿਰ ਤੱਕ ਰੱਦ ਕਰ ਦਿੱਤੀਆਂ ਹਨ।
ਇਸ ਦੇ ਨਾਲ ਹੀ ਭਾਰਤ ਦੇ ਸਰਹੱਦੀ ਇਲਾਕਿਆਂ ਵਿੱਚ ਸਕੂਲਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਬਾਰਾਮੂਲਾ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਜੰਮੂ, ਸਾਂਬਾ, ਕਠੂਆ, ਰਾਜੌਰੀ ਅਤੇ ਪੁੰਛ ਦੇ ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਵਾਂ ਅੱਜ ਬੰਦ ਰਹਿਣਗੀਆਂ।