
ਸਰਹਿੰਦ
ਸਾਨੂੰ ਸਾਡੇ ਪੁਰਖਿਆਂ ਪੰਜ ਦਰਿਆਵਾਂ ਦੀ ਧਰਤ ਪੰਜਾਬ “ਆਬਾਦ” ਸੌਂਪੀ ਸੀ, ਜ਼ਰਾ ਦਿਲ ਤੇ ਹੱਥ ਰੱਖ ਸੋਚਣਾ ਕੀ ਅਸੀ ਇਸ ਧਰਤ ਨੂੰ ਪੂਰਨ ਤੌਰ ਤੇ “ਆਬਾਦ” ਰੱਖ ਸਕੇ ਹਾਂ। ਪੰਜ ਦਰਿਆਵਾਂ ਦੀ ਇਹ ਧਰਤ ਪੰਜਾਬ ਅੱਜ “ਬੇ-ਆਬਾਦ” ਹੋਣ ਦੇ ਵੱਲ ਵਧ ਰਿਹਾ ਹੈ। ਮੌਜੂਦਾ ਮਨੁੱਖ ਕੁਦਰਤ ਵਲੋਂ ਬਖਸ਼ੇ ਪਾਣੀ ਰੂਪੀ ਸੋਮੇ ਗੰਧਲੇ ਕਰ ਬੈਠਾ ਹੈ ਅਤੇ ਸਭ ਕੁਜ ਜਾਣਦੇ, ਸਮਝਦੇ ਹੋਏ ਅਣਜਾਣ ਬਾਣੀ ਬੈਠੇ ਹਾਂ। ਸਾਡੇ ਮਨੁੱਖੀ ਸਰੀਰ ਵਿਚ ਤਕਰੀਬਨ ਸੱਤਰ ਫ਼ੀਸਦੀ ਤੋਂ ਲੈਕੇ ਪਚੱਤਰ ਫ਼ੀਸਦੀ ਤੱਕ ਪਾਣੀ ਹੁੰਦਾ ਹੈ ਪ੍ਰੰਤੂ “ਅਫ਼ਸੋਸ” ਅਸੀਂ ਪਾਣੀ ਦੀ ਕਦਰ ਕਰਨੀ ਨਾ ਸਿੱਖ ਸਕੇ। ਦਰਿਆਵਾਂ ਦੇ ਪਾਣੀ ਨੂੰ ਗੰਦਲਾ ਕਰਨ ਦੇ ਨਾਲ-ਨਾਲ ਮਨੁੱਖ ਨੇ ਧਰਤੀ ਹੇਠਲੇ ਬੇਸ਼ਕੀਮਤੀ ਪਾਣੀ ਦਾ ਦੁਰਉਪਯੋਗ ਕਰ ਪਾਣੀ ਦਾ ਪੱਧਰ ਹੇਠਾਂ ਪਹੁੰਚਾਉਣ “ਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ! ਇਕ ਅੰਦਾਜ਼ੇ ਮੁਤਾਬਕ ਜੇਕਰ ਮੌਜੂਦਾ ਸਮੇਂ ਪਾਣੀ ਦੀ ਸੰਭਾਲ ਜੰਗੀ ਪੱਧਰ ਤੇ ਨਾ ਕੀਤੀ ਗਈ ਤਾਂ ਸੰਨ 2040-45 ਤੱਕ ਪੰਜ ਦਰਿਆਵਾਂ ਦੀ ਧਰਤ ਪੰਜਾਬ ਅਖ਼ਵਾਉਣ ਵਾਲੀ ਧਰਤੀ ਅਤੇ ਗੁਆਂਢੀ ਸੂਬੇਆ ਦੇ ਵਧੇਰੇ ਹਿੱਸੇ ਪਾਣੀ ਦੀ ਕਮੀ ਕਾਰਨ ਬੰਜਰ ਹੋ ਜਾਣਗੇ। ਮੈਨੂੰ ਯਾਦ ਹੈ ਅਸੀ ਸੰਨ 1990-91 “ਚ ਪਾਣੀ ਲਈ ਨਲਕਾ ਲਗਵਾਇਆ ਸੀ। ਉਸ ਵਕਤ ਪੀਣ ਲਈ ਸਾਫ਼ ਪਾਣੀ ਤਕਰੀਬਨ 35-40 ਫੁੱਟ ਦੇ ਪੱਤਣ ਤੇ ਨਿਕਲ ਆਉਂਦਾ ਸੀ, ਪ੍ਰੰਤੂ ਮੌਜੂਦਾ ਸਮੇਂ ਪੀਣ ਯੋਗ ਪਾਣੀ ਤਕਰੀਬਨ 250-300 ਫੁੱਟ ਦੇ ਪੱਤਣ ਤੇ ਪਹੁੰਚ ਚੁੱਕਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ਨਾਲ ਲਗਭਗ 24-25% ਹੀ ਖੇਤੀ ਲਈ ਸਿੰਜਾਈ ਹੁੰਦੀ ਹੈ ਅਤੇ ਲਗਭਗ 70-72% ਦੇ ਕਰੀਬ ਖੇਤੀ ਹੇਠ ਰਕਬੇ ਦੀ ਸਿੰਜਾਈ ਲਈ “ਪੰਜ ਦਰਿਆਵਾਂ ਦੀ ਧਰਤ ਪੰਜਾਬ” ਧਰਤੀ ਹੇਠਲੇ ਬੇਸ਼ਕੀਮਤੀ ਪਾਣੀ ਕੱਢਣ ਲਈ ਮਜਬੂਰ ਹੈ। ਇੱਥੇ ਸਾਨੂੰ ਇਹ ਮੰਨਣਾ ਪਵੇਗਾ ਕਿ ਅਸੀ ਵਿਕਾਸ ਵੱਲ ਨਹੀਂ ਵਿਨਾਸ਼ ਵੱਲ ਜਾਅ ਰਹੇ ਹਾਂ, ਦੂਜੇ ਪਾਸੇ ਉਦਯੋਗਿਕ ਸ਼ਹਿਰਾਂ ਦਾ ਬੇਹੱਦ ਗੰਦਾ ਤੇ ਜ਼ਹਿਰੀਲਾ ਪਾਣੀ ਬਿਨ੍ਹਾਂ ਸੋਧੇ ਇਨ੍ਹਾਂ ਨਦੀਆਂ, ਦਰਿਆਵਾਂ “ਚ ਸੁੱਟਣਾ ਅਤਿ-ਨਿੰਦਣ ਯੋਗ਼ ਹੈ। ਜਿਸ ਦੇ ਨਤੀਜੇ ਵਜੋਂ ਪਿਛਲੇ ਲੰਬੇ ਸਮੇਂ ਤੋਂ ਲੋਕ ਕੈਂਸਰ, ਕਾਲਾ ਪੀਲੀਆਂ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਮਰਨ ਲਈ ਮਜਬੂਰ ਹਨ। ਇਹ ਉਦਯੋਗਿਕ ਇਕਾਈਆਂ ਦੀ ਹੀ ਦੇਣ ਹੈ ਜੋ ਜ਼ਹਿਰੀਲਾ ਪਾਣੀ ਬਿਨ੍ਹਾਂ ਸੋਧੇ ਇਨ੍ਹਾਂ ਨਦੀਆਂ, ਦਰਿਆਵਾਂ “ਚ ਸੁੱਟ ਕੁਦਰਤ ਵਲੋਂ ਬਖਸ਼ੇ ਪਾਣੀ ਰੂਪੀ ਸੋਮੇ ਗੰਧਲੇ ਕਰ ਰਹੇ ਹਨ। ਬੜੀ ਦੁੱਖ ਦੀ ਗੱਲ ਹੈ ਕਿ ਹੁਣ ਤਾਂ ਪੰਜਾਬ ਤੋਂ ਰਾਜਸਥਾਨ ਜਾਂਦੀ ਟਰੇਨ ਦਾ ਨਾਮ ਹੀ ਕੈਂਸਰ ਟਰੇਨ ਪੈ ਗਿਆ ਹੈ, ਇਹ ਸਭ ਗਦਲੇ ਪਾਣੀ ਦੀ ਹੀ ਦੇਣ ਹੈ ਤੇ ਇਸ ਪਾਣੀ ਨੂੰ ਗਦਲੇ ਕਰਨ “ਚ ਅਹਿਮ ਯੋਗਦਾਨ ਉਦਯੋਗਿਕ ਇਕਾਈਆਂ ਦਾ ਹੈ ਜੋ ਮਨੁੱਖ ਨੂੰ ਮਾਰਨ ਦੇ ਨਾਲ-ਨਾਲ ਧਰਤੀ ਨੂੰ ਵੀ ਮਾਰ ਰਿਹਾ ਹੈ। ਅੱਜ ਪੰਜ ਦਰਿਆਵਾਂ ਦੀ ਜਰਖੇਜ਼ ਧਰਤੀ ਜੋ ਸਦੀਆਂ ਤੋਂ ਸਾਡੇ ਪੁਰਖਿਆਂ ਦੀ ਮਿਹਨਤ ਸਦਕਾ “ਆਬਾਦ” ਹੋਈ ਅਫ਼ਸੋਸ ਮਨੁੱਖੀ ਗਲਤੀਆਂ ਕਾਰਨ “ਬੇ-ਆਬਾਦ” ਹੋਣ ਵੱਲ ਵਧ ਰਹੀ ਹੈ। ਮੌਜੂਦਾ ਸਮਾਜਕ ਲੋਕਾ ਨੂੰ ਚਾਹੀਦਾ ਹੈ ਕਿ ਉਹ ਵਾਤਾਵਰਨ ਨੂੰ ਪਲੀਤ ਅਤੇ ਪ੍ਰਦੂਸ਼ਿਤ ਕਰਦੇ ਤੰਤਰ ਵਿਰੁੱਧ ਸਰਗਰਮ ਰਹਿਣ ਨਾਲ ਹੀ ਆਪਣੇ-ਆਪਣੇ ਪੱਧਰ ਤੇ ਪਾਣੀ, ਹਵਾ ਅਤੇ ਧਰਤ ਦੀ ਤੰਦਰੁਸਤੀ ਵਾਸਤੇ ਯਤਨਸ਼ੀਲ ਰਹਿਣ ਤਾਂ ਜੋ ਸਾਡੇ ਪੁਰਖਿਆਂ ਦੀ ਪੰਜ ਦਰਿਆਵਾਂ ਦੀ ਧਰਤ ਪੰਜਾਬ ਸਦਾ “ਆਬਾਦ” ਰਹੇ।