ਯੁਵਰਾਜ ਸਿੰਘ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਏ ਪੰਜ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਸਦੇ ਪ੍ਰਸ਼ੰਸਕਾਂ ਦੀ ਗਿਣਤੀ ਅਜੇ ਵੀ ਘੱਟ ਨਹੀਂ ਹੋਈ ਹੈ। ਉਸਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨੇ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡੀ ਹੈ। ਉਸ ਨੂੰ ਮੌਜੂਦਾ ਕ੍ਰਿਕਟ ਦੇ ਸਭ ਤੋਂ ਵਧੀਆ ਆਲਰਾਊਂਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਯੁਵਰਾਜ ਸਿੰਘ ਸਿਰਫ਼ ਇੱਕ ਕ੍ਰਿਕਟਰ ਨਹੀਂ ਹੈ ਸਗੋਂ ਉਹ ਹੋਰਨਾਂ ਨੌਜਵਾਨਾਂ ਲਈ ਵੀ ਇੱਕ ਪ੍ਰੇਰਨਾ ਬਣਿਆ ਹੋਇਆ ਹੈ। ਉਸਨੇ ਖੇਡ ਦੇ ਮੈਦਾਨ ਉਪਰ ਅਤੇ ਜ਼ਿੰਦਗੀ ਦੀਆਂ ਲੜਾਈਆਂ ਵਿੱਚ ਕਦੇ ਹਾਰ ਨਹੀਂ ਮੰਨੀ।
ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅੱਜ ਆਪਣਾ ਜਨਮ ਦਿਨ ਮਨਾ ਰਿਹਾ ਹੈ। ਯੁਵਰਾਜ ਨੇ ਆਪਣੇ ਪੂਰੇ ਕਰੀਅਰ ਦੌਰਾਨ ਹਮੇਸ਼ਾ 12 ਨੰਬਰ ਦੀ ਜਰਸੀ ਪਹਿਨੀ। ਇਹ ਸਿਰਫ਼ ਇੱਕ ਨੰਬਰ ਹੀ ਨਹੀਂ ਸਗੋਂ ਉਸਦੇ ਜੀਵਨ ਅਤੇ ਕਰੀਅਰ ਦਾ ਪ੍ਰਤੀਕ ਬਣ ਗਿਆ। ਇਸਦਾ ਕਾਰਣ ਕਾਫ਼ੀ ਦਿਲਚਸਪ ਹੈ। ਯੋਗਰਾਜ ਸਿੰਘ ਅਤੇ ਸ਼ਬਨਮ ਸਿੰਘ ਦੇ ਘਰ 12 ਦਸੰਬਰ 1981 ਨੂੰ ਚੰਡੀਗੜ੍ਹ ਵਿੱਚ ਜਨਮੇ ਯੁਵਰਾਜ ਨੇ ਆਪਣੀ ਜ਼ਿੰਦਗੀ ਦੇ 44 ਸਾਲ ਪੂਰੇ ਕਰ ਲਏ ਹਨ। ਉਸਦਾ ਜਨਮ 12 ਦਸੰਬਰ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਦੇ ਸੈਕਟਰ 12 ਵਿੱਚ ਹੋਇਆ ਸੀ। ਇਸੇ ਕਰਕੇ ਹਮੇਸ਼ਾ ਉਸਦਾ ਮਨਪਸੰਦ ਜਰਸੀ ਨੰਬਰ 13 ਰਿਹਾ ਹੈ ਅਤੇ ਇਹ ਨੰਬਰ ਉਸ ਲਈ ਖੁਸ਼ਕਿਸਮਤ ਨੰਬਰ ਸਾਬਤ ਹੋਇਆ। ਉਸਦੀ ਜ਼ਿੰਦਗੀ, ਉਸਦੀ ਜਰਸੀ ਨੰਬਰ 12 ਅਤੇ ਮੈਦਾਨ ਦੇ ਉਪਰ ਉਸਦਾ ਨਿਡਰ ਪ੍ਰਦਰਸ਼ਨ ਹਰ ਪੀੜ੍ਹੀ ਨੂੰ ਸਿਖਾਉਂਦਾ ਹੈ ਕਿ ਕਿਸੇ ਵੀ ਚੁਣੌਤੀ ਨੂੰ ਸੰਘਰਸ਼ ਅਤੇ ਆਤਮਵਿਸ਼ਵਾਸ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ।
ਯੁਵਰਾਜ ਸਿੰਘ ਨੇ ਮੁਸ਼ਕਲ ਹਾਲਾਤਾਂ ਵਿੱਚ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਟੀਮ ਇੰਡੀਆ ਲਈ ਕਈ ਮਹੱਤਵਪੂਰਨ ਮੈਚ ਜਿੱਤੇ। ਯੁਵਰਾਜ ਨੇ ਨਾ ਸਿਰਫ਼ ਖੇਡਾਂ ਵਿੱਚ ਸਗੋਂ ਜ਼ਿੰਦਗੀ ਦੀਆਂ ਚੁਣੌਤੀਆਂ ਵਿੱਚ ਵੀ ਕਦੇ ਹਾਰ ਨਹੀਂ ਮੰਨੀ। ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੜਨ ਤੋਂ ਬਾਅਦ ਉਸਨੇ ਵਾਪਸੀ ਕੀਤੀ ਅਤੇ ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ‘ਤੇ ਲੈ ਗਿਆ। ਉਸਦੀ ਬਹਾਦਰੀ ਅਤੇ ਆਤਮਵਿਸ਼ਵਾਸ ਨੇ ਸਾਬਤ ਕੀਤਾ ਕਿ ਕਿਵੇਂ ਇੱਕ ਖਿਡਾਰੀ ਸੰਕਟ ਦੇ ਸਮੇਂ ਵਿੱਚ ਪੂਰੀ ਟੀਮ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖ ਸਕਦਾ ਹੈ। ਕ੍ਰਿਕਟ ਟੂਰਨਾਮੈਂਟਾ ਦੌਰਾਨ ਯੁਵਰਾਜ ਦੀ ਗੇਂਦਬਾਜ਼ੀ ਅਤੇ ਮਹੱਤਵਪੂਰਨ ਪਾਰੀਆਂ ਨੇ ਉਸਨੂੰ ਇੱਕ ਰਾਸ਼ਟਰੀ ਹੀਰੋ ਬਣਾਇਆ। ਯੁਵਰਾਜ ਸਿੰਘ ਦੇ ਤਜਰਬੇ ਅਤੇ ਹੁਨਰ ਨੇ ਟੀਮ ਦੇ ਨੌਜਵਾਨ ਖਿਡਾਰੀਆਂ ਵਿੱਚ ਵਿਸ਼ਵਾਸ ਪੈਦਾ ਕੀਤਾ। ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਵੀ ਉਸਨੇ ਵਿਸ਼ਵ ਕੱਪ ਵਿੱਚ ਦੇਸ਼ ਲਈ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਜਿਸ ਨਾਲ ਉਸਨੂੰ ਭਾਰਤੀ ਕ੍ਰਿਕਟ ਦੇ ਇੱਕ ਸੱਚੇ ਹੀਰੋ ਵਜੋਂ ਮਾਨਤਾ ਮਿਲੀ।
ਉਨ੍ਹਾਂ ਨੇ 2007 ਦੇ ਟੀ-20 ਵਿਸ਼ਵ ਕੱਪ ਅਤੇ 2011 ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀਆਂ ਖਿਤਾਬੀ ਜਿੱਤਾਂ ਵਿੱਚ ਮੁੱਖ ਭੂਮਿਕਾ ਨਿਭਾਈ ਸੀ। 2011 ਦੀ ਵਿਸ਼ਵ ਕੱਪ ਜਿੱਤ ਯੁਵਰਾਜ ਲਈ ਬਹੁਤ ਭਾਵਨਾਤਮਕ ਸੀ, ਜਿੱਥੇ ਉਨ੍ਹਾਂ ਨੇ ਕੈਂਸਰ ਨਾਲ ਜੂਝਣ ਦੇ ਬਾਵਜੂਦ ਭਾਰਤੀ ਟੀਮ ਲਈ ਬੱਲੇ ਅਤੇ ਗੇਂਦ ਦੋਵਾਂ ਨਾਲ ਯਾਦਗਾਰੀ ਪ੍ਰਦਰਸ਼ਨ ਕੀਤਾ। ਯੁਵਰਾਜ ਨੇ ਖੇਡ ਦੇ ਮੈਦਾਨ ‘ਤੇ ਰਿਕਾਰਡਾਂ ਦੀ ਇੱਕ ਲੜੀ ਸਥਾਪਤ ਕੀਤੀ ਹੋਈ ਹੈ ਪਰ ਕਈ ਰਿਕਾਰਡ ਅਜਿਹੇ ਹਨ ਜਿਨ੍ਹਾਂ ਨੂੰ ਤੋੜਨਾ ਬਹੁਤ ਮੁਸ਼ਕਲ ਹੈ। ਯੁਵਰਾਜ ਸਿੰਘ ਦੇ ਕੋਲ ਆਈਸੀਸੀ ਟੂਰਨਾਮੈਂਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਹੈ। ਉਸਨੇ 2007 ਦੇ ਟੀ-20 ਵਿਸ਼ਵ ਕੱਪ ਵਿੱਚ ਇੰਗਲੈਂਡ ਵਿਰੁੱਧ 12 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ। ਹਾਲਾਂਕਿ, ਨੇਪਾਲੀ ਕ੍ਰਿਕਟਰ ਦੀਪੇਂਦਰ ਸਿੰਘ ਐਰੀ ਦੇ ਨਾਮ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਹੈ। ਦੀਪੇਂਦਰ ਸਿੰਘ ਐਰੀ ਨੇ 2023 ਦੇ ਹਾਂਗਜ਼ੂ ਏਸ਼ੀਅਨ ਖੇਡਾਂ ਵਿੱਚ ਮੰਗੋਲੀਆ ਵਿਰੁੱਧ ਸਿਰਫ਼ ਨੌਂ ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ। ਯੁਵਰਾਜ ਸਿੰਘ ਇੰਡੀਅਨ ਪ੍ਰੀਮੀਅਰ ਲੀਗ ਦੇ ਇੱਕ ਸੀਜ਼ਨ ਵਿੱਚ ਦੋ ਹੈਟ੍ਰਿਕ ਲੈਣ ਵਾਲਾ ਇਕਲੌਤਾ ਗੇਂਦਬਾਜ਼ ਹੈ। ਸਾਲ 2009 ਵਿੱਚ ਯੁਵਰਾਜ ਨੇ ਕਿੰਗਜ਼ ਇਲੈਵਨ ਪੰਜਾਬ ਲਈ ਖੇਡਦੇ ਹੋਏ ਇਹ ਉਪਲਬਧੀ ਹਾਸਲ ਕੀਤੀ ਸੀ। ਉਸਨੇ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਡੈਕਨ ਚਾਰਜਰਜ਼ ਵਿਰੁੱਧ ਹੈਟ੍ਰਿਕ ਲਈ ਸੀ। ਯੁਵਰਾਜ ਸਿੰਘ ਇਕਲੌਤਾ ਕ੍ਰਿਕਟਰ ਹੈ ਜਿਸਨੇ ਆਈਸੀਸੀ ਅੰਡਰ-19 ਵਿਸ਼ਵ ਕੱਪ ਅਤੇ ICC – ODI ਵਿਸ਼ਵ ਕੱਪ ਦੋਵਾਂ ਵਿੱਚ ਪਲੇਅਰ ਆਫ਼ ਦ ਟੂਰਨਾਮੈਂਟ ਦਾ ਪੁਰਸਕਾਰ ਜਿੱਤਿਆ ਹੈ। 2000 ਦੇ ਅੰਡਰ-19 ਵਿਸ਼ਵ ਕੱਪ ਵਿੱਚ ਯੁਵਰਾਜ ਨੇ 203 ਦੌੜਾਂ ਬਣਾਈਆਂ ਅਤੇ 12 ਵਿਕਟਾਂ ਲਈਆਂ ਸਨ ਜਿਸ ਨਾਲ ਉਸਨੂੰ ਇਹ ਪੁਰਸਕਾਰ ਮਿਲਿਆ ਸੀ। 2011 ਦੇ ODI ਵਿਸ਼ਵ ਕੱਪ ਵਿੱਚ ਯੁਵਰਾਜ ਨੇ 362 ਦੌੜਾਂ ਬਣਾਈਆਂ ਅਤੇ 15 ਵਿਕਟਾਂ ਲਈਆਂ ਸਨ ਜਿਸ ਨਾਲ ਉਸਨੂੰ ਪਲੇਅਰ ਆਫ਼ ਦ ਟੂਰਨਾਮੈਂਟ ਦਾ ਪੁਰਸਕਾਰ ਮਿਲਿਆ ਸੀ। ਯੁਵਰਾਜ ਸਿੰਘ ODI ਕ੍ਰਿਕਟ ਵਿੱਚ ਨੰਬਰ 5 ਦੀ ਸਥਿਤੀ ‘ਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਹੈ। ਉਸਨੇ ਇਸ ਸਥਾਨ ‘ਤੇ ਭਾਰਤ ਲਈ ਇੱਕ ਰੋਜ਼ਾ ਮੈਚਾਂ ਵਿੱਚ ਸੱਤ ਸੈਂਕੜੇ ਲਗਾਏ। ਉਸਦੇ ਬਾਅਦ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏਬੀ ਡੀਵਿਲੀਅਰਜ਼ (6 ਸੈਂਕੜੇ) ਦਾ ਨੰਬਰ ਆਉਂਦਾ ਹੈ। ਟੌਮ ਲੈਥਮ, ਸਿਕੰਦਰ ਰਜ਼ਾ, ਈਓਨ ਮੋਰਗਨ, ਸ਼ਾਕਿਬ ਅਲ ਹਸਨ ਅਤੇ ਐਂਡਰਿਊ ਸਾਇਮੰਡਸ ਪੰਜ-ਪੰਜ ਸੈਂਕੜੇ ਨਾਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਹਨ। ਯੁਵਰਾਜ ਸਿੰਘ ਦੁਨੀਆ ਦਾ ਇਕਲੌਤਾ ਬੱਲੇਬਾਜ਼ ਹੈ ਜਿਸਨੇ T20 ਵਿਸ਼ਵ ਕੱਪ ਮੈਚ ਦੌਰਾਨ ਇੱਕ ਓਵਰ ਵਿੱਚ ਛੇ ਗੇਂਦਾਂ ਵਿੱਚ ਛੇ ਛੱਕੇ ਲਗਾਏ ਸਨ। ਯੁਵਰਾਜ ਨੇ 2007 ਵਿੱਚ ਡਾਰਵੇਨ ਕ੍ਰਿਕਟ ਸਟੇਡੀਅਮ ਵਿੱਚ ਇੰਗਲੈਂਡ ਵਿਰੁੱਧ ਇਹ ਰਿਕਾਰਡ ਬਣਾਇਆ ਸੀ। ਫਿਰ, ਯੁਵਰਾਜ ਸਿੰਘ ਨੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰੈਡ ਦੇ ਓਵਰ ਤੋਂ ਛੇ ਗੇਂਦਾਂ ਨੂੰ ਬਾਊਂਡਰੀ ਤੋਂ ਪਾਰ ਭੇਜਿਆ ਸੀ। ਯੁਵਰਾਜ ਸਿੰਘ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਕੁੱਲ 304 ਇੱਕ ਰੋਜ਼ਾ ਮੈਚ ਖੇਡੇ ਅਤੇ 36.55 ਦੀ ਔਸਤ ਨਾਲ 8701 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ ਯੁਵੀ ਨੇ 14 ਸੈਂਕੜੇ ਅਤੇ 52 ਅਰਧ ਸੈਂਕੜੇ ਲਾਏ ਜੋ ਕਿ ਉਸਦੀ ਮੈਚ ਜੇਤੂ ਸ਼ੈਲੀ ਦਾ ਸਪੱਸ਼ਟ ਪ੍ਰਦਰਸ਼ਨ ਕਰਦੇ ਹਨ। ਟੈਸਟ ਕ੍ਰਿਕਟ ਵਿੱਚ ਯੁਵਰਾਜ ਨੇ 40 ਮੈਚ ਖੇਡੇ ਅਤੇ 1900 ਦੌੜਾਂ ਬਣਾਈਆਂ ਜਿਸ ਵਿੱਚ ਤਿੰਨ ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਹਨ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਯੁਵਰਾਜ ਸਿੰਘ ਨੇ 58 ਮੈਚਾਂ ਵਿੱਚ 1177 ਦੌੜਾਂ ਬਣਾਈਆਂ ਅਤੇ ਟੀਮ ਨੂੰ ਕਈ ਮੌਕਿਆਂ ‘ਤੇ ਮੁਸ਼ਕਲ ਹਾਲਾਤਾਂ ਤੋਂ ਵੀ ਬਚਾਇਆ। ਯੁਵਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕੁੱਲ 251 ਛੱਕੇ ਲਗਾਏ। ਯੁਵਰਾਜ ਨੇ ਨਾ ਸਿਰਫ ਬੱਲੇਬਾਜ਼ੀ ਵਿੱਚ ਬਲਕਿ ਗੇਂਦਬਾਜ਼ੀ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਸਦੇ ਨਾਮ ਕੁੱਲ 148 ਵਿਕਟਾਂ ਹਨ ਜੋ ਉਸਨੂੰ ਦੁਨੀਆਂ ਦਾ ਇੱਕ ਬਹੁਤ ਹੀ ਵਧੀਆ ਆਲਰਾਊਂਡਰ ਸਾਬਤ ਕਰਦੀਆਂ ਹਨ।
2011 ਵਿਸ਼ਵ ਕੱਪ ਜਿੱਤਣ ਤੋਂ ਕੁੱਝ ਮਹੀਨਿਆਂ ਬਾਅਦ ਯੁਵਰਾਜ ਸਿੰਘ ਨੂੰ ਕੈਂਸਰ ਦਾ ਪਤਾ ਲੱਗਿਆ। ਇਹ ਖ਼ਬਰ ਉਸਦੇ ਅਤੇ ਕ੍ਰਿਕਟ ਜਗਤ ਲਈ ਇੱਕ ਝਟਕਾ ਸੀ ਕਿਉਂਕਿ ਉਹ ਆਪਣੇ ਕਰੀਅਰ ਦੇ ਸਿਖਰ ‘ਤੇ ਸੀ। ਉਹ ਮਾਰਚ 2012 ਵਿੱਚ ਪੂਰੀ ਤਰ੍ਹਾਂ ਠੀਕ ਹੋ ਕੇ ਭਾਰਤ ਵਾਪਸ ਆਇਆ ਅਤੇ ਜਲਦੀ ਹੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸ ਆ ਗਿਆ। ਇਸ ਲੜਾਈ ਤੋਂ ਬਾਅਦ ਉਸਨੇ ਕੈਂਸਰ ਜਾਗਰੂਕਤਾ ਪੈਦਾ ਕਰਨ ਅਤੇ ਮਰੀਜ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ “YouWeCan” ਸੰਸਥਾ ਸ਼ੁਰੂ ਕੀਤੀ।
ਯੁਵਰਾਜ ਸਿੰਘ ਦਾ ਨਾਮ ਕਈ ਸਟਾਰ ਅਭਿਨੇਤਰੀਆਂ ਨਾਲ ਜੁੜਿਆ ਰਿਹਾ ਹੈ। ਉਸਦੇ ਦੀਪਿਕਾ ਪਾਦੁਕੋਣ, ਕਿਮ ਸ਼ਰਮਾ ਅਤੇ ਕੲੌ ਹੋਰ ਅਭਿਨੇਤਰੀਆਂ ਦੇ ਨਾਲ ਡੇਟਿੰਗ ਦੀਆਂ ਮੀਡੀਆ ਵਿੱਚ ਸੁਰਖੀਆਂ ਬਣਦੀਆਂ ਰਹੀਆਂ ਹਨ। ਇਸ ਸਭ ਦੇ ਵਿਚਕਾਰ ਯੁਵਰਾਜ ਨੇ ਆਖਰਕਾਰ ਇੰਗਲੈਂਡ ਦੀ ਜੰਮਪਲ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨਾਲ ਵਿਆਹ ਕਰਵਾ ਲਿਆ, ਅਤੇ ਦੋਵੇਂ ਹੁਣ ਖੁਸ਼ੀ ਨਾਲ ਵਿਆਹੇ ਹੋਏ ਹਨ।
ਇੱਕ ਰਿਪੋਰਟ ਦੇ ਅਨੁਸਾਰ ਯੁਵਰਾਜ ਸਿੰਘ ਦੀ ਕੁੱਲ ਜਾਇਦਾਦ 290–320 ਕਰੋੜ ਰੁਪਏ ਦੇ ਵਿਚਕਾਰ ਹੈ। ਇਹ ਦੌਲਤ ਉਸਦੀ ਕ੍ਰਿਕਟ ਫੀਸ, ਆਈਪੀਐਲ ਆਮਦਨ, ਬ੍ਰਾਂਡ ਐਡੋਰਸਮੈਂਟ, ਨਿਵੇਸ਼, ਰੀਅਲ ਅਸਟੇਟ ਜਾਇਦਾਦਾਂ ਅਤੇ ਵਪਾਰਕ ਉੱਦਮਾਂ ਤੋਂ ਕਮਾਈ ਹੋਈ ਹੈ।
