
ਬਾਊ ਨੀਟਾ ਲੁਧਿਆਣੇ ਆਪਣੇ ਵਾਕਿਫ ਸਬਜ਼ੀ ਵਾਲੇ ਦੀ ਦੁਕਾਨ ‘ਤੇ ਬਹੁਤ ਬਰੀਕੀ ਨਾਲ ਆਲੂ ਛਾਂਟ ਰਿਹਾ ਸੀ। ਸਬਜ਼ੀ ਵਾਲੇ ਨੇ ਮਜ਼ਾਕ ਕੀਤਾ, “ਕੀ ਗੱਲ ਆ ਨੀਟੇ, ਅੱਜ ਬੜੀ ਮੀਨ ਮੇਖ ਕੱਢ ਰਿਹਾ ਆਂ ਆਲੂਆਂ ਵਿੱਚ।” “ਯਾਰ ਪਿਛਲੀ ਵਾਰ ਕੁਝ ਆਲੂ ਗਲੇ ਨਿਕਲ ਆਏ ਸਨ। ਰੋਜ ਰੋਜ ਨਹੀਂ ਤੇਰੀ ਭਾਬੀ ਕੋਲੋਂ ਬੇਜ਼ੱਤੀ ਕਰਵਾਈ ਜਾਂਦੀ” ਨੀਟੇ ਨੇ ਦਿਲ ਦਾ ਦਰਦ ਫੋਲਿਆ। ਸਬਜ਼ੀ ਵਾਲੇ ਨੇ ਹੱਸ ਕੇ ਕਿਹਾ, “ਜਿਹੜੇ ਮਰਜ਼ੀ ਆਲੂ ਛਾਂਟ ਲੈ, ਇਹ ਚੰਗੇ ਆਲੂ ਵੀ ਤੁਸੀਂ ਖਾਣੇ ਆਂ ਤੇ ਗਲੇ ਵੀ।” ਨੀਟੇ ਨੇ ਗੁੱਸੇ ਨਾਲ ਕਿਹਾ, “ਤੇਰਾ ਮੂੰਹ ਨਹੀਂ ਚੰਗਾ, ਗੱਲ ਤਾਂ ਚੰਗੀ ਕਰ ਲੈ। ਅਸੀਂ ਕਿਉਂ ਖਾਵਾਂਗੇ ਤੇਰੇ ਗਲੇ ਆਲੂ?” “ਬਾਊ ਜੀ, ਸ਼ਾਮ ਨੂੰ ਸਾਰੇ ਗਲੇ ਸੜੇ ਆਲੂ ਹੋਟਲਾਂ, ਢਾਬਿਆਂ ਤੇ ਰੇਹੜੀਆਂ ਵਾਲਿਆਂ ਨੇ ਲੈ ਜਾਣੇ ਆਂ। ਕੱਲ੍ਹ ਨੂੰ ਇਹ ਸਵਾਦਿਸ਼ਟ ਆਲੂ ਦੇ ਪਰਾਂਠਿਆਂ, ਕਰਾਰੀਆਂ ਕਚੋਰੀਆਂ, ਟਿੱਕੀਆਂ, ਸਮੋਸਿਆਂ ਤੇ ਮਸਾਲੇਦਾਰ ਗੋਲ ਗੱਪਿਆਂ ਵਿੱਚ ਪੈ ਕੇ ਤੁਹਾਡੇ ਢਿੱਡ ਵਿੱਚ ਈ ਜਾਣੇ ਨੇ” ਸਬਜ਼ੀ ਵਾਲੇ ਨੇ ਭੇਤ ਖੋਲਿ੍ਹਆ। ਸੁਣ ਕੇ ਨੀਟੇ ਦਾ ਦਿਲ ਕੱਚਾ ਹੋ ਗਿਆ। ਉਸ ਦੀਆਂ ਨਜ਼ਰਾਂ ਸਾਹਮਣੇ ਸ਼ਾਮੇ ਸਮੋਸਿਆਂ ਵਾਲੇ ਦੀ ਦੁਕਾਨ ਦੀਆਂ ਮਸ਼ਹੂਰ ਕਚੋਰੀਆਂ ਘੁੰਮਣ ਲੱਗ ਪਈਆਂ।