Articles

ਆਵੇਂ ਸਾਡੇ ਨਾਲ, ਜਾਵੇਂ ਕਿਸੇ ਹੋਰ ਨਾਲ, ਬੱਲੇ ਓਏ ਚਲਾਕ ਸੱਜਣਾ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਪੰਜਾਬ ਦੀ 16ਵੀਂ ਵਿਧਾਨ ਸਭਾ ਦੀਆਂ ਚੋਣਾਂ, ਆਮ ਆਦਮੀ ਪਾਰਟੀ ਦੀ ਹੂੰਝਾ ਫੇਰੂ ਇਤਿਹਾਸਕ ਜਿੱਤ, ਭਗਵੰਤ ਮਾਨ ਦਾ ਮੁੱਖ ਮੰਤਰੀ ਬਣਨਾ, ਸ਼ਹੀਦ ਏ ਆਜਮ ਸ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵਿਖੇ ਵਿਧਾਨਕ ਆਹੁਦੇ ਦੀ ਸੰਹੁ ਚੁੱਕਣਾ, ਸੌਂਪੀ ਗਈ ਜ਼ੁੰਮੇਵਾਰੀ ਵਾਸਤੇ ਪੰਜਾਬ ਦੇ ਲੋਕਾਂ ਦਾ ਹਿਰਦੇ ਤੋ ਧੰਨਵਾਦ ਕਰਨਾ ਤੇ ਇਸ ਦੇ ਨਾਲ ਹੀ ਚੋਣਾਂ ਤੋਂ ਪਹਿਲਾ ਕੀਤੇ ਵਾਅਦਿਆ ਨੂੰ ਪੂਰੇ ਕਰਨ ਦਾ ਭਰੋਸਾ ਦੁਹਰਾਉਣਾ ਤੇ ਦਸ ਕੈਬਨਿਟ ਮੰਤਰੀਆਂ ਨੂੰ ਸੰਹੁ ਚੁਕਾ ਕੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪਹਿਲਾ ਮਤਾ ਪਾਸ ਕਰਕੇ 25 ਹਜ਼ਾਰ ਨੌਕਰੀਆਂ ਦੀ ਪੁਲਿਸ ਅਤੇ ਹੋਰ ਸਰਕਾਰੀ ਵਿਭਾਗਾਂ ਚ ਭਰਤੀ ਨੂੰ ਮਨਜ਼ੂਰੀ ਦੇਣਾ ਆਦਿ ਹੁਣ ਤੱਕ ਦਾ ਸਾਰਾ ਘਟਨਾਕ੍ਰਮ ਆਪਣੇ ਆਪ ਵਿੱਚ ਜਿੱਥੇ ਨਵਾਂ ਇਤਿਹਾਸ ਸਿਰਜਣ ਵੱਲ ਭਗਵੰਤ ਮਾਨ ਦੀ ਪ੍ਰਤੀਬੱਧਤਾ ਪੇਸ਼ ਕਰਦਾ ਹੈ ਉੱਥੇ ਇਸ ਸ਼ੁਰੂਆਤ ਤੋ ਇਹ ਗੱਲ ਵੀ ਸ਼ਪੱਸ਼ਟ ਰੂਪ ਵਿੱਚ ਸਾਹਮਣੇ ਆਉੰਦੀ ਹੈ ਕਿ ਨਵਾਂ ਮੁੱਖ ਮੰਤਰੀ ਤੇ ਉਸ ਦੀ ਟੀਮ ਪੰਜਾਬ ਦੀ ਵਿਗੜੀ ਸਵਾਰਨ ਤੇ ਪੰਜਾਬ ਨੂੰ ਮੰਦਹਾਲੀ, ਬਦਹਾਲੀ ਤੇ ਗ਼ੁਰਬਤ ਤੋਂ ਬਾਹਰ ਕੱਢਕੇ ਮੁੜ ਖ਼ੁਸ਼ਹਾਲੀ ਤੇ ਵਿਕਾਸ ਦੀ ਪਟੜੀ  ‘ਤੇ ਚਾੜ੍ਹਨ ਵਾਸਤੇ ਲੋੜੀਂਦੀ ਇਮਾਨਦਾਰੀ, ਨੇਕ ਨੀਅਤ ਤੇ ਇੱਛਾਸ਼ਕਤੀ ਦੇ ਜੋਸ਼ ਨਾਲ ਪੂਰੀ ਤਰਾਂ ਲਵਾ ਲਵ ਹੈ । ਇਸ ਤਰਾਂ ਲਗਦਾ ਹੈ ਕਿ ਪੰਜਾਬੀ ਬਹੁਤ ਦੇਰ ਬਾਅਦ ਜਾਗੇ ਹਨ ਤੇ ਪੰਜਾਬ ਵਿੱਚ ਜੁੱਗ ਪਲਟਾ ਹੋਇਆ ਹੈ, ਨੀਲੇ ਚਿੱਟਿਆਂ ਦੀ “ਉਤਰ ਕਾਟੋ ਹੁਣ ਮੇਰੀ ਵਾਰੀ ਵਾਲੀ ਲੁੱਟ ਖਸੁੱਟ ਵਾਲੀ ਗੰਦੀ ਖੇਡ” ਖਤਮ ਹੋਈ ਹੇ ਤੇ “ਪਿੱਪਲ਼ ਦਿਆ ਪੱਤਿਆ ਵੇ ਕਿਓਂ ਖੜ ਖੜ ਲਾਈ ਹੈ, ਪੱਤ ਝੜ ਗਏ ਪੁਰਾਣੇ, ਵੇ ਹੁਣ ਰੁੱਤ ਨਵਿਆ ਦੀ ਆਈ ਆ ।” ਇਸ ਕਰਾਂਤੀਕਾਰੀ ਪਰਿਵਰਤਨ ਵਾਸਤੇ ਅਸਲ ਵਧਾਈ ਦਾ ਹੱਕਦਾਰ ਕੌਣ ਹੈ, ਆਓ ਇਸ ਹਥਲੀ ਚਰਚਾ ਵਿੱਚ ਆਪਾਂ ਰਲਕੇ ਚਰਚਾ ਕਰਦੇ ਹਾਂ ।
ਆਪਾਂ ਜਾਣਦੇ ਹਾਂ ਕਿ ਪਰਿਵਰਤਨ ਰਾਤੋ ਰਾਤ ਨਹੀਂ ਵਾਪਰਦੇ । ਇਹਨਾ ਵਾਸਤੇ ਬਹੁਤ ਲੰਮਾ ਸਮਾਂ ਲਗਦਾ ਹੈ, ਪਰਿਵਰਤਨ ਵਾਸਤੇ ਸੰਘਰਸ਼ ਕਰਨ ਵਾਲਿਆਂ ਨੂੰ ਵਾਰ ਵਾਰ ਹਾਲਾਤਾਂ ਦੇ ਥਪੇੜੇ ਖਾਣੇ ਪੈਂਦੇ ਹਨ, ਮੁਸੀਬਤਾਂ ਦੁਸ਼ਵਾਰੀਆਂ ਤੇ ਬੇਅੰਤ ਔਕੜਾ ਦਾ ਸਾਹਮਣਾ ਕਰਨਾ ਪੈਂਦਾ ਹੈ, ਜੇਕਰ ਜ਼ੁਲਮ ਤੇ ਲੁੱਟ ਦੇ ਝੱਖੜਾਂ ਵਿੱਚ ਉਹ ਅਡੋਲ ਤੇ ਨਿਧੜਕ ਹੋ ਕੇ ਡਟੇ ਰਹਿੰਦੇ ਹਨ ਤਾਂ ਇਹ ਨਿਸਚਿਤ ਹੁੰਦਾ ਹੈ ਇਕ ਦਿਨ ਅਜਿਹਾ ਆਉਂਦਾ ਹੈ ਜਿਸ ਦਿਨ ਦੀ ਸੁਨਿਹਰੀ ਸਵੇਰ ਉਹਨਾਂ ਦੀ ਜਿੱਤ ਦਾ ਸੰਦੇਸ਼ ਲੈ ਕੇ ਆਉਂਦੀ ਹੈ । ਪੰਜਾਬ ਵਾਸੀਆਂ ਨਾਲ ਵੀ ਕੁੱਜ ਇਸ ਤਰਾਂ ਹੀ ਵਾਪਰਿਆਂ ਹੈ । ਹਰ ਪੰਜ ਸਾਲ ਬਾਅਦ ਰਿਵਾਇਤੀ ਪਾਰਟੀਆਂ ਵੱਡੇ ਵੱਡੇ ਲਾਲਚ ਦੇ ਕੇ ਵਾਰੋ ਵਾਰੀ ਪੰਜ ਸਾਲਾ ਲੁੱਟ ਦਾ ਨਵਾਂ ਪਟਾ ਲੋਕਾਂ ਤੋ ਨਵਿਆ ਲੈਂਦੀਆਂ ਸਨ ਤੇ ਬਾਅਦ ਚ ਪੂਰੇ ਪੰਜ ਸਾਲ ਚੰਮ ਦੀਆ ਚਲਾਉਦੀਆ ਸਨ । ਜੇਕਰ ਕੋਈ ਕੀਤੇ ਵਾਅਦੇ ਯਾਦ ਕਰਾਉਂਦਾ ਜਾਂ ਫਿਰ ਆਪਣੇ ਬਣਦੇ ਹੱਕਾਂ ਦੀ ਅਵਾਜ ਉਠਾਉਂਦਾ ਤਾਂ ਉਸ ਨੂੰ ਲਾਠੀ ਡੰਡੇ ਦੀ ਤਾਕਤ ਨਾਲ ਚੁੱਪ ਕਰਵਾ ਦਿੱਤਾ ਜਾਂਦਾ, ਜਿਸ ਕਾਰਨ ਰਾਜ ਦੇ ਲੋਕ ਏਨੇ ਕੁ ਦਮਹੀਣ ਹੋ ਗਏ ਕਿ ਉਹ ਇਸ ਵਰਤਾਰੇ ਨੂੰ ਆਪਣੀ ਹੋਣੀ ਤਸਲੀਮ ਕਰਨ ਲੱਗ ਪਏ, ਪਰ ਬਦਲਾਅ ਦੀ ਚਿਣਗ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਮਘਦੀ ਰਹੀ ਜੋ ਇਸ ਵਾਰ ਚਿੰਗਾੜੀ ਤੋਂ ਭਾਂਬੜ ਬਣਕੇ ਸਾਹਮਣੇ ਆਈ ।
ਕਿਸਾਨ ਸੰਘਰਸ਼ ਨੇ ਇਸ ਬਦਲਾਵ ਵਾਸਤੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ । ਕਿਸਾਨ ਜਥੇਬੰਦੀਆ ਦੇ ਏਕੇ ਕਾਰਨ ਜਿੱਥੇ ਤਿੰਨ ਕਾਲੇ ਕਾਨੂਨਾਂ ਵਿਰੁੱਧ ਕਿਸਾਨ ਸੰਘਰਸ਼ ਬਹੁਤ ਪਰਚੰਡ ਹੋਇਆ ਉੱਥੇ ਰਿਵਾਇਤੀ ਪਾਰਟੀਆਂ ਦੀ ਇਸ ਸੰਘਰਸ਼ ਪ੍ਰਤੀ ਦੋਗਲੀ ਨੀਤੀ ਵੀ ਖੁਲਕੇ ਸਾਹਮਣੇ ਆਈ, ਇਕ ਪਾਸੇ ਸ਼ੁਰੂ ਚ ਤਿੰਨ ਕਾਲੇ ਕਾਨੂੰਨਾਂ ਦੀ  ਤਾਰੀਫ਼ ਕਰਦੇ ਰਹੇ ਤੇ ਜਦ ਸੰਘਰਸ਼ ਬਹੁਤ ਤਿੱਖਾ ਹੋ ਗਿਆ ਤੇ ਦਿੱਲੀ ਦੀਆ ਬਰੂਹਾਂ ਤੱਕ ਦਾ ਪਹੁੰਚਿਆ ਤਾਂ ਹੰਨਾ ਗਾ ਬਦਲਿਆ ਰੁੱਖ ਦੇਖ ਕੇ ਯੂ ਟਰਨ ਲੈ ਕੇ ਓਪਰੇ ਮਨੋਂ ਕਿਸਾਨਾਂ ਦੇ ਨਾਲ ਹੋਣ ਦੀ ਗੱਲ ਕਰਨ ਲੱਗ ਪਏ, ਜਿਸ ਕਾਰਨ ਆਮ ਜਨਤਾ ਦਾ ਇਹਨਾਂ ਲੋਕਾਂ ਤੋ ਪੂਰੀ ਤਰਾਂ ਵਿਸ਼ਵਾਸ ਉਠ ਗਿਆ । ਦੂਸਰੇ ਪਾਸੇ ਕੇਜਰੀਵਾਲ ਨੇ ਦਿੱਲੀ ਦੀਆ ਬਰੂਹਾਂ ‘ਤੇ ਬੈਠੇ ਕਿਸਾਨਾਂ ਦੀ ਹਰ ਪੱਖੋਂ ਖਾਤੁਰਦਾਰੀ ਕੀਤੀ । ਉਹ ਉਹਨਾ ਨੂੰ ਜਾ ਕੇ ਨਿੱਜੀ ਤੌਰ ‘ਤੇ ਮਿਲਦੇ ਰਹੇ, ਲੁੜੀਂਦੇ ਰੋਟੀ ਪਾਣੀ, ਸਾਫ ਸਫਾਈ ਤੇ ਪਖਾਨਿਆਂ ਦਾ ਇੰਤਜ਼ਾਮ ਕਰਦੇ ਰਹੇ, ਜਿਸ ਦਾ ਕਿਸਾਨਾਂ ਉੱਤੇ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕਾਂ ਦੇ ਮਨਾਂ ‘ਤੇ ਬੜਾ ਸਕਾਰਾਤਮਕ ਅਸਰ ਪਿਆ । ਕੇਜਰੀਵਾਲ ਦੁਆਰਾ ਦਿੱਲੀ ਚ ਲੋਕਾਂ ਦੇ ਭਲੇ ਵਾਸਤੇ ਕੀਤੇ ਕਾਰਜਾਂ ਨੇ ਵੀ ਪੰਜਾਬੀ ਮਨਾਂ ਚ ਆਮ ਆਦਮੀ ਪਾਰਟੀ ਵਾਸਤੇ ਸਤਿਕਾਰ ਤੇ ਜਗਾ ਬਣਾਈ ।
ਨਵਜੋਤ ਸਿੰਘ ਸਿੱਧੂ ਨੂੰ ਸਾਰੇ ਕਾਂਗਰਸੀ ਇਸ ਵੇਲੇ ਇਹ ਕਹਿ ਕੇ ਨਿੰਦ ਰਹੇ ਹਨ ਕਿ ਉਸ ਨੇ ਕਾਂਗਰਸ ਦੀ ਲੁੱਟੀਆ ਡੁੱਬੋ ਕੇ ਰੱਖ ਦਿੱਤੀ । ਚਲੋ ਮੰਨ ਲੈਂਦੇ ਹਾਂ ਕਿ ਉਸ ਦੀ ਬਦਜੁਬਾਨੀ ਤੇ ਬਦਕਲਾਮੀ ਕਾਰਨ ਅਜਿਹਾ ਹੋਇਆ ਵੀ ਹੋਵੇਗਾ, ਪਰ ਜੇਕਰ ਜ਼ਰਾ ਗਹੁ ਨਾਲ ਦੇਖੀਏ ਤਾਂ ਇਹ ਗੱਲ ਵੀ ਬਹੁਤ ਹੀ ਉਭਰਵੇਂ ਰੂਪ ਚ ਸਾਹਮਣੇ ਆਉਦੀ ਹੈ ਕਿ ਪੰਜਾਬ ਚ ਰਿਵਾਇਤੀ ਪਾਰਟੀਆਂ ਦਾ ਸਫਾਇਆ ਕਰਨ ਚ ਅਸਲ ਵਿੱਚ ਉਸ ਨੇ ਬਹੁਤ ਅਹਿਮ ਤੇ ਮੋਹਰੀ ਦੀ ਭੂਮਿਕਾ ਨਿਭਾਈ ਹੈ । ਭਾਜਪਾ ਦਾ ਜੋ ਮਾੜਾ ਮੋਟਾ ਜਨ-ਅਧਾਰ ਉਸ ਦੇ ਭਾਜਪਾ ਦਾ ਹਿੱਸਾ ਹੋਣ ਕਾਰਨ ਸੀ, ਉਹ ਉਸ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਨਾਲ ਖਤਮ ਹੋ ਗਿਆ । ਕਾਂਗਰਸ ਵਿੱਚ ਸਿੱਧੂ ਉਪ ਮੁੱਖ ਮੰਤਰੀ ਦੀ ਪੇਸ਼ਕਸ਼ ‘ਤੇ ਸ਼ਾਮਿਲ ਹੋਇਆ, ਪਰ ਕੈਪਟਨ ਅਮਰਿੰਦਰ ਸਿੰਘ ਨੇ ਕਾਫ਼ੀ ਸਮਾਂ ਉਸ ਦੇ ਪੈਰ ਨਾ ਲੱਗਣ ਦਿੱਤੇ ਤੇ ਆਖਿਰ ਡੇਢ ਕੁ ਸਾਲ ਚੁੱਪ ਰਹਿਣ ਤੋਂ ਬਾਅਦ ਉਹ ਕੈਪਟਨ ਨੂੰ ਮੂਧੇ ਮੂੰਹ ਸੁੱਟਣ ਚ ਕਾਮਯਾਬ ਹੋ ਗਿਆ, ਪਰ ਅੱਗੇ ਮੁੱਖ ਮੰਤਰੀ ਦੀ ਕੁਰਸੀ ਫਿਰ ਉਸ ਦੀ ਬਜਾਏ ਚਰਨਜੀਤ ਚੰਨੀ ਲੈ ਗਿਆ ਜਿਸ ਕਰਕੇ ਹਾਈ ਕਮਾਂਡ ਨਾਲ ਉਸ ਦੀ ਨਰਾਜ਼ਗੀ ਚਲਦੀ ਰਹੀ ਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋ ਅਸਤੀਫ਼ਾ ਦੇਣ ਦੀ ਚਰਚਾ ਵੀ ਕਾਫ਼ੀ ਦੇਰ ਚਲਦੀ ਰਹੀ । ਕਾਂਗਰਸ, ਸਿੱਧੂ ਤੇ ਅਮਰਿੰਦਰ ਦੋ ਖੇਮਿਆ ਚ ਵੰਡੀ ਗਈ, ਲੋਕਾਂ ਦੇ ਕੰਮਾਂ ਦੀ ਬਜਾਏ ਨਿੱਤ ਇਕ ਦੂਜੇ ਵਿਰੁੱਧ ਬਿਆਨਬਾਜੀ ਦਾ ਕੁੱਕੜ ਕਲੇਸ਼ ਚੱਲਦਾ ਰਿਹਾ, ਜਿਸ ਕਾਰਨ ਲੋਕਾਂ ਦਾ ਇਸ ਪਾਰਟੀ ਤੋ ਮੋਹ ਭੰਗ ਹੋਣਾ ਲਾਜ਼ਮੀ ਸੀ । ਪਿਛਲੀਆਂ ਵਿਧਾਨ ਸਭਾ ਚੋਣਾ ਚ ਕੀਤੇ ਵਾਅਦਿਆ ਦੀ ਅਪੂਰਤੀ, ਚੰਨੀ ਦੀ ਗਲਤ ਸਮੇਂ ਤੇ ਮੁੱਖ ਮੰਤਰੀ ਵਜੋਂ ਕੀਤੀ ਗਈ ਨਿਯੁਕਤੀ ਤੇ ਮੁੱਖ ਮੰਤਰੀ ਬਣਕੇ ਉਸ ਵੱਲੋਂ ਨਿੱਤ ਦਿਨ ਮਾਰੀਆਂ ਗਈਆਂ ਅੱਲ ਬਲੱਲੀਆ, ਪਾਰਟੀ ਚ ਆਪਸੀ ਫੁੱਟ ਦੀ ਸੇਹ ਦਾ ਤੱਕਲ਼ਾ, ਜਿੱਥੇ ਕਾਂਗਰਸ ਦੇ ਜੜ੍ਹੀਂ ਤੇਲ ਦੇ ਗਿਆ ਉੱਥੇ ਤੀਜੇ ਬਦਲ ਵਜੋਂ ਆਮ ਆਦਮੀ ਪਾਰਟੀ ਦਾ ਅਧਾਰ ਬਹੁਤ ਮਜ਼ਬੂਤ ਕਰ ਗਿਆ । ਜਿਸ ਦਾ ਮੁੱਖ ਸੂਤਰਧਾਰ ਬਿਨਾ ਸ਼ੱਕ ਨਵਜੋਤ ਸਿੰਘ ਸਿੱਧੂ ਰਿਹਾ ।
ਅਕਾਲੀਆ ਨੇ 2015 ਚ ਹੀ ਬਰਗਾੜੀ ਤੇ ਬਿਹਬਲ ਕਲਾਂ ਬੇਅਦਬੀ ਕਾਂਡਾਂ ਦਾ ਅਜਿਹਾ ਕਾਰਾ ਕਰ ਲਿਆ ਸੀ ਜੋ ਉਹਨਾ ਦੀ ਪਾਰਟੀ ਦੇ ਜੜ੍ਹੀ ਬੈਠ ਗਿਆ ਜਿਸ ਦੇ ਫਲਸਰੂਪ ਢੀਂਡਸਾ, ਬ੍ਰਹਮਪੁਰਾ ਤੇ ਸੇਖਵਾਂ ਵਰਗੇ ਟਕਸਾਲੀ ਆਗੂ ਪਹਿਲਾਂ ਹੀ ਇਸ ਪਾਰਟੀ ਤੋਂ ਕਿਨਾਰਾ ਕਰ ਗਏ । ਇਹ ਵੱਖਰੀ ਗੱਲ ਹੈ ਹੁਣਵੀਆ ਚੋਣਾਂ ਚ ਉਹਨਾ ਨੇ ਭਾਜਪਾ ਨਾਲ ਸਾਂਝ ਭਿਆਲੀ ਪਾ ਕੇ ਆਪਣਾ ਰਹਿੰਦਾ ਖੂੰਹਦਾ ਵਜੂਦ ਵੀ ਖਤਮ ਕਰ ਲਿਆ । ਬਸਪਾ ਦਾ ਪੰਜਾਬ ਵਿੱਚ ਵੈਸੇ ਹੀ ਕੋਈ ਜਨ-ਅਧਾਰ ਨਹੀਂ , ਸੋ ਲਾ ਪਾ ਕੇ ਅਕਾਲੀਆਂ ਦੀਆ ਤਿੰਨ ਸੀਟਾਂ, ਨਤੀਜਾ ਆਪਣੇ ਸਭ ਦੇ ਸਾਹਮਣੇ ਹੈ ।
ਪੰਜਾਬ ਵਿਚਲੇ ਸੱਤਾ ਪਰਿਵਰਤਨ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਭ ਤੋ ਵੱਡਾ ਯੋਗਦਾਨ ਸ਼ੋਸ਼ਲ ਮੀਡੀਏ ਦਾ ਵੀ ਰਿਹਾ ਹੈ । ਜਿੱਥੇ ਪਹਿਲਾਂ ਵੱਖ ਵੱਖ ਪਾਰਟੀਆਂ ਚੋਣਾਂ ਤੋ ਪਹਿਲਾ ਵੱਡੇ ਵੱਡੇ ਵਾਅਦੇ ਤੇ ਐਲਾਨ ਕਰਕੇ ਲੋਕਾਂ ਨੂੰ ਭਰਮਾ ਲੈਦੀਆ ਸਨ ਤੇ ਜਿੱਤਣ ਤੋਂ ਬਾਅਦ ਚ ਆਪਣੀ ਮਨ ਮਰਜੀ ਕਰਦੀਆਂ ਸਨ ਤੇ ਸਮਾਂ ਪਾ ਕੇ ਲੋਕ ਵੀ ਸਭ ਕੁੱਜ ਭੁੱਲ ਜਾਂਦੇ ਸਨ, ਪਰ ਹੁਣ ਸ਼ੋਸ਼ਲ ਮੀਡੀਆ ਇਕ ਅਜਿਹਾ ਹਥਿਆਰ ਹੈ ਜੋ ਲੋਕਾਂ ਨੂੰ ਵਾਰ ਵਾਰ ਯਾਦ ਕਰਾਉਂਦਾ ਰਹਿੰਦਾ ਹੈ ਕਿ ਕਿਹੜੀ ਪਾਰਟੀ ਤੇ ਕਿਹੜੇ ਲੀਡਰ ਨੇ ਕਿਹੜੇ ਸਮੇਂ ਕੀ ਵਾਅਦਾ ਤੇ ਐਲਾਨ ਕੀਤਾ ਸੀ ਮਿਸਾਲ ਵਜੋਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਾਂਡ, ਸੌਦਾ ਸਾਧ ਨੂੰ ਮੁਆਫੀ ਤੇ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਕਸਮ ਚੁਕ ਕੇ ਕੀਤੇ ਗਏ ਵਾਅਦੇ ਆਦਿ । ਇਸ ਦੇ ਨਾਲ ਹੀ ਸ਼ੋਸ਼ਲ ਮੀਡੀਏ ‘ਤੇ ਬਣੇ ਗਰੁੱਪ ਲੋਕਾਂ ਚ ਆਪਸੀ ਤਾਲਮੇਲ ਤੇ ਰਾਇ ਸ਼ੁਮਾਰੀ ਦਾ ਵੱਡਾ ਸਾਧਨ ਹਨ, ਮਿੰਟਾਂ ਸਕਿੰਟਾਂ ਵਿਚ ਹੀ ਗਰੁੱਪ ਤਹਿ ਕਰ ਲੈਂਦੇ ਹਨ ਕਿ ਕਿਸੇ ਮਸਲੇ ‘ਤੇ ਸੰਬੰਧਿਤ ਗਰੁੱਪ ਨੇ ਕੀ ਫੈਸਲਾ ਲੈਣਾ ਹੈ । ਹੁਣਵੀਆ ਵਿਧਾਨ ਸਭਾ ਨਤੀਜਿਆਂ ਬਾਰੇ ਲੋਕਾਂ ਨੇ ਪਹਿਲਾ ਹੀ ਤਹਿ ਕੀਤਾ ਹੋਇਆ ਸੀ ਕਿ ਇਸ ਵਾਰ ਉਹਨਾਂ ਨੇ ਕੀ ਫ਼ਤਵਾ ਦੇਣਾ ਹੈ । ਇਹ ਵੱਖਰੀ ਗੱਲ ਹੈ ਕਿ ਲੋਕ ਜਾਗਰੂਕ ਹੋ ਕੇ ਮੁੰਡੇ ਸਭਨਾ ਪਾਰਟੀਆਂ ਨੂੰ ਹੀ ਵੰਡਦੇ ਰਹੇ, ਪਰ ਅਸਲੀਅਤ ਏਹੀ ਹੈ ਕਿ ਸ਼ਰਾਬ ਤੇ ਦਾਰੂ ਸਿੱਕਾ ਕਿਸੇ ਹੋਰ ਪਾਰਟੀ ਦਾ ਖਾ ਪੀ ਕੇ ਵੋਟਾਂ ਆਮ ਆਦਮੀ ਦੇ ਉਮੀਦਵਾਰਾਂ ਨੂੰ ਪਾਉਂਦੇ ਰਹੇ, ਭਾਵ ਇਸ ਵਾਰ ਦੀਆਂ ਚੋਣਾਂ ਚ “ਆਵੇਂ ਸਾਡੇ ਨਾਲ, ਜਾਵੇਂ ਕਿਸੇ ਹੋਰ ਨਾਲ, ਬੱਲੇ ਓਏ ਚਲਾਕ ਸੱਜਣਾਂ” ਵਾਲੀ ਗੱਲ ਸਹੀ ਹੁੰਦੀ ਆਮ ਹੀ ਦੇਖੀ ਗਈ ।
ਮੁੱਕਦੀ ਗੱਲ ਕਿ ਇਸ ਵਾਰ ਪੰਜਾਬ ਚ ਵੱਜਾ ਸਿਆਸੀ ਪਰਿਵਰਤਨ ਆ ਚੁਕਾ ਹੈ । ਰਿਵਾਇਤੀ ਪਾਰਟੀਆਂ ਨੂੰ ਪੂਰੀ ਤਰਾਂ ਤੇ ਬੁਰੀ ਤਰਾਂ ਨੂੰ ਨਕਾਰਕੇ ਰਾਜ ਦੇ ਲੋਕਾਂ ਨੇ ਰਾਜ ਦੀ ਸਿਆਸੀ ਵਾਗਡੋਰ ਫਰੀ ਹੈਂਡ ਕੇ ਤੀਜੀ ਧਿਰ ਦੇ ਹੱਥ ਫੜਾ ਦਿੱਤੀ ਹੈ । ਆਮ ਆਦਮੀ ਦੀ ਸਰਕਾਰ ਬਣ ਚੁੱਕੀ ਹੈ, ਲੋਕਾਂ ਨੂੰ ਇਸ ਸਰਕਾਰ ਤੋਂ ਵੱਡੀਆ ਆਸਾਂ ਹਨ, ਸਰਕਾਰ ਸਿਰ ਲੋਕਾਂ ਦੀਆ ਆਸਾਂ ‘ਤੇ ਖਰੇ ਉਤਰਨ ਦੀ ਚਨੌਤੀ ਭਰੀ ਵੱਡੀ ਜ਼ੁੰਮੇਵਾਰੀ ਹੈ । ਭਗਵੰਤ ਮਾਨ ਦੀ ਸਰਕਾਰ ਵਾਸਤੇ ਬੇਸ਼ੱਕ ਪੈਂਡਾ ਬੜਾ ਹੀ ਬਿਖੜਾ ਹੈ, ਪਰ ਜੋ ਉਤਸ਼ਾਹ ਇਸ ਸਮੇਂ ਪਾਰਟੀ ਕਾਡਰ ਵਿੱਚ ਹੈ, ਕੇ ਜਿਸ ਦੋਸ਼ ਨਾਲ ਭਗਵੰਤ ਮਾਨ ਨੇ ਸ਼ੁਰੂਆਤ ਕੀਤੀ ਹੈ, ਉਸ ਨੇ ਦੇਖ ਕੇ ਲਗਦਾ ਹੈ ਕਿ ਮੌਜੂਦਾ ਪੰਜਾਬ ਸਰਕਾਰ ਰਿਵਾਇਤੀ ਸਿਆਸੀ ਪਾਰਟੀਆਂ ਦੀਆ ਲੀਹਾਂ ਤੋਂ ਹਟਕੇ ਨਵੀਆ ਲੀਹਾਂ ਸਿਰਜੇਗੀ, ਬਹੁਤ ਸਾਰੇ ਨਵੇਂ ਕੀਰਤੀਮਾਨ ਅਤੇ ਦਿਸਹੱਦੇ ਸਥਾਪਤ ਕਰੇਗੀ । ਦਿਲੀ ਦੁਆ ਹੈ ਕਿ ਪੰਜਾਬ ਮੁੜ ਖੁਸ਼ਹਾਲ ਹੋਵੇ, ਵਿਕਾਸ ਦਾ ਪਹੀਆ ਖੁਸ਼ਹਾਵੀ ਦੀ ਲੀਹੇ ਪੈ ਕੇ ਪੰਜਾਬ ਦੀ ਨੁਹਾਰ ਬਦਲੇ ਤੇ ਲੋਕ ਸੁਖੀ ਵਸਣ ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin