ਅੱਜ ਮੰਗਲਵਾਰ 4 ਮਾਰਚ ਨੂੰ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਪਹਿਲਾ ਸੈਮੀਫਾਈਨਲ ਡੁਬਈ ਵਿਖੇ ਖੇਡਿਆ ਜਾਵੇਗਾ। ਭਾਰਤ ਚੈਂਪੀਅਨਜ਼ ਟਰਾਫੀ ਦੇ ਮੈਚ ਵਿੱਚ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾ ਕੇ ਗਰੁੱਪ ਏ ਵਿੱਚ ਸਿਖਰ ‘ਤੇ ਪਹੁੰਚ ਗਿਆ। ਭਾਰਤ ਨੇ ਨੌਂ ਵਿਕਟਾਂ ‘ਤੇ 249 ਦੌੜਾਂ ਬਣਾਉਣ ਤੋਂ ਬਾਅਦ ਨਿਊਜ਼ੀਲੈਂਡ ਨੂੰ 205 ਦੌੜਾਂ ‘ਤੇ ਆਊਟ ਕਰ ਦਿੱਤਾ। ਭਾਰਤ ਅੱਜ ਡੁਬਈ ਵਿੱਚ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਦਾ ਸਾਹਮਣਾ ਕਰੇਗਾ ਜਦੋਂ ਕਿ ਨਿਊਜ਼ੀਲੈਂਡ ਬੁੱਧਵਾਰ ਨੂੰ ਲਾਹੌਰ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗਾ।
ਸਟੀਵ ਸਮਿਥ ਨੇ ਖੁਲਾਸਾ ਕੀਤਾ ਕਿ ਆਸਟ੍ਰੇਲੀਆ ਦੁਬਈ ਜਲਦੀ ਕਿਉਂ ਗਿਆ ਜੋ ਚੈਂਪੀਅਨਜ਼ ਟਰਾਫੀ ਦਾ ਮਾਸਟਰਸਟ੍ਰੋਕ ਸਾਬਤ ਹੋ ਸਕਦਾ ਹੈ। ਪਾਕਿਸਤਾਨ ਵਿੱਚ “ਸਖਤ” ਸੁਰੱਖਿਆ ਪ੍ਰਬੰਧਾਂ ਤੋਂ ਬਚਣਾ ਆਸਟ੍ਰੇਲੀਆ ਦੇ ਦੁਬਈ ਜਲਦੀ ਜਾਣ ਦੇ ਫੈਸਲੇ ਦੇ ਪਿੱਛੇ ਸੀ ਜਿਸਨੇ ਖਿਡਾਰੀਆਂ ਨੂੰ ਭਾਰਤ ਨਾਲ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਆਰਾਮ ਕਰਨ ਦੀ ਆਗਿਆ ਦਿੱਤੀ। ਇਹ ਜਾਣੇ ਬਿਨਾਂ ਕਿ ਉਨ੍ਹਾਂ ਦਾ ਸੈਮੀਫਾਈਨਲ ਵਿਰੋਧੀ ਕੌਣ ਹੋਵੇਗਾ, ਆਸਟ੍ਰੇਲੀਅਨ ਖਿਡਾਰੀ ਹਫਤੇ ਦੇ ਅੰਤ ਵਿੱਚ ਦੁਬਈ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਟੀਮ ਦੇ ਅਧਿਕਾਰੀਆਂ ਨੇ “ਸਹੀ ਅੰਦਾਜ਼ਾ ਲਗਾਇਆ” ਸੀ ਅਤੇ ਦੁਬਈ ਵਿੱਚ ਵਾਧੂ ਦਿਨ ਜਿਸ ਵਿੱਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਗਰਾਊਂਡਸਮੈਨ ਨਾਲ ਲੰਬੀ ਗੱਲਬਾਤ ਸ਼ਾਮਲ ਹੈ ਜੋ ਇੱਕ ਹੋਰ ਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਮਹੱਤਵਪੂਰਨ ਸਾਬਤ ਹੋ ਸਕਦੇ ਹਨ। ਅਸੀਂ ਅੰਤ ਵਿੱਚ ਸਹੀ ਅੰਦਾਜ਼ਾ ਲਗਾਇਆ, ਇੱਥੇ ਹੋਣਾ ਅਤੇ ਕੱੁਝ ਦਿਨਾਂ ਦੀ ਤਿਆਰੀ ਕਰਨਾ ਬਹੁਤ ਵਧੀਆ ਹੈ। ਜੇ ਅਸੀਂ ਰੁਕਦੇ ਅਤੇ ਕੱਲ੍ਹ ਰਾਤ ਦੇ ਨਤੀਜੇ ਦੀ ਉਡੀਕ ਕਰਦੇ ਤਾਂ ਸਾਨੂੰ ਅੱਜ ਇੱਥੋਂ ਉੱਡ ਕੇ ਕੱਲ੍ਹ ਖੇਡਣਾ ਪੈਂਦਾ ਤਾਂ ਪਿੱਚ ‘ਤੇ ਸਿਖਲਾਈ ਲੈਣ ਦਾ ਮੌਕਾ ਨਹੀਂ ਮਿਲਣਾ ਸੀ ਅਤੇ ਖਿਡਾਰੀਆਂ ਨੇ ਵੀ ਸਫ਼ਰ ਦੇ ਵਿੱਚ ਥੱਕ ਜਾਣਾ ਸੀ। ਪਾਕਿਸਤਾਨ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਦੀ ਥਾਂ ਇਥੇ ਖਿਡਾਰੀਆਂ ਨੂੰ ਆਜ਼ਾਦੀ ਨਾਲ ਕੱੁਝ ਦਿਨ ਬਿਤਾਉਣ ਦਾ ਮੌਕਾ ਮਿਲਿਆ। ਇੱਥੇ ਕੱੁਝ ਦਿਨ ਆਰਾਮ ਕਰਨਾ, ਥੋੜ੍ਹੀ ਜਿਹੀ ਸਿਖਲਾਈ ਲੈਣਾ ਚੰਗਾ ਰਿਹਾ। ਕੱੁਝ ਖਿਡਾਰੀਆਂ ਨੇ ਗੋਲਫ ਵੀ ਖੇਡਿਆ ਹੈ ਅਤੇ ਰੀਲੈਕਸ ਫੀਲ ਕਰਕਦੇ ਹਨ। ਅਸੀਂ ਹੁਣ ਇੰਡੀਆ ਨਾਲ ਮੁਕਾਬਲੇ ਦੇ ਲਈ ਚੰਗੀ ਤਰ੍ਹਾਂ ਤਿਆਰ ਹਾਂ ਅਤੇ ਇਸਦੀ ਉਡੀਕ ਕਰ ਰਹੇ ਹਾਂ।ਉਮੀਦ ਹੈ, ਅਸੀਂ ਭਾਰਤ ‘ਤੇ ਇੱਕ ਹੋਰ ਜਿੱਤ ਪ੍ਰਾਪਤ ਕਰ ਸਕਦੇ ਹਾਂ।”
ਭਾਰਤ ਵਿਰੁੱਧ ਸੰਭਾਵੀ ਸੈਮੀਫਾਈਨਲ ਦੀ ਤਿਆਰੀ ਵਿੱਚ ਸੰਯੁਕਤ ਅਰਬ ਅਮੀਰਾਤ ਜਾਣ ਦਾ ਆਸਟ੍ਰੇਲੀਆ ਦਾ ਫੈਸਲਾ ਸਹੀ ਸੀ ਕਿਉਂਕਿ ਭਾਰਤ ਨੇ ਦੁਬਈ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ ਅਤੇ ਇਹ ਮੈਚ ਵੀ ਡੁਬਈ ਦੇ ਵਿੱਚ ਹੀ ਹੋਵੇਗਾ। ਭਾਰਤ ਸਰਕਾਰ ਨੇ ਰਾਜਨੀਤਿਕ ਤਣਾਅ ਅਤੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਭਾਰਤੀ ਟੀਮ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਹੈ ਜਿਸਦੇ ਨਾਲ ਆਈਸੀਸੀ ਨੇ ਆਪਣੇ ਹਰੇਕ ਮੈਚ ਨੂੰ ਡੁਬਈ ਵਿੱਚ ਤਹਿ ਕੀਤਾ ਹੈ। ਭਾਰਤ ਨੂੰ ਬਾਅਦ ਵਿੱਚ ਯਾਤਰਾ ਦੀ ਲੋੜ ਤੋਂ ਬਿਨਾਂ ਮੁਹਿੰਮ ਦੌਰਾਨ ਉਸੇ ਸ਼ਹਿਰ ਵਿੱਚ ਸਿਖਲਾਈ ਅਤੇ ਖੇਡਣ ਦਾ ਵਾਧੂ ਲਾਭ ਮਿਲਿਆ ਹੈ। ਭਾਰਤ ਨੇ ਆਪਣੇ ਤਿੰਨ ਗਰੁੱਪ-ਪੜਾਅ ਦੇ ਮੈਚ ਡੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਦੋਂ ਕਿ ਉਨ੍ਹਾਂ ਦਾ ਵਿਰੋਧੀ ਸਿਰਫ ਦੋ ਦਿਨਾਂ ਲਈ ਦੇਸ਼ ਵਿੱਚ ਰਿਹਾ ਹੋਵੇਗਾ। ਇਸ ਦੌਰਾਨ ਚੈਂਪੀਅਨਜ਼ ਟਰਾਫੀ ਦੇ ਫਾਈਨਲ ਲਈ ਸਥਾਨ ਦੀ ਪੁਸ਼ਟੀ ਅਜੇ ਹੋਣੀ ਬਾਕੀ ਹੈ – ਜੇਕਰ ਭਾਰਤ ਆਪਣਾ ਸੈਮੀਫਾਈਨਲ ਜਿੱਤਦਾ ਹੈ ਤਾਂ ਫੈਸਲਾਕੁੰਨ ਮੈਚ ਡੁਬਈ ਵਿੱਚ ਹੋਵੇਗਾ, ਨਹੀਂ ਤਾਂ ਇਹ ਲਾਹੌਰ ਵਿੱਚ ਹੋਵੇਗਾ।
ਭਾਰਤੀ ਟੀਮ ਭਾਵੇਂ ਪਹਿਲਾਂ ਵੀ ਅਜਿਹਾ ਕਰਨ ’ਚ ਅਸਫਲ ਰਹੀ ਹੋਵੇ ਪਰ ਇਸ ਵਾਰ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਹਾਲਾਤ ਤੋਂ ਜਾਣੂ ਹੋਣ ਦੇ ਆਧਾਰ ’ਤੇ ਭਾਰਤੀ ਟੀਮ ਅੱਜ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ’ਚ ਆਸਟ੍ਰੇਲੀਆ ਵਿਰੁਧ ਉਤਰੇਗੀ, ਜਿਸ ਦਾ ਇਰਾਦਾ ਆਈ.ਸੀ.ਸੀ. ਟੂਰਨਾਮੈਂਟਾਂ ਦੇ ਨਾਕਆਊਟ ਮੈਚਾਂ ’ਚ ਮਿਲੇ ਹਰ ਜ਼ਖ਼ਮ ਨੂੰ ਭਰਨ ਦਾ ਹੋਵੇਗਾ। ਇਸ ਦੇ ਨਾਲ ਹੀ ਇਹ 2023 ’ਚ ਘਰੇਲੂ ਧਰਤੀ ’ਤੇ ਵਿਸ਼ਵ ਕੱਪ ਫਾਈਨਲ ’ਚ ਮਿਲੀ ਹਾਰ ਦਾ ਬਦਲਾ ਲੈਣ ਦਾ ਵੀ ਸੁਨਹਿਰੀ ਮੌਕਾ ਹੈ, ਜਦੋਂ ਫਾਈਨਲ ’ਚ ਆਸਟ੍ਰੇਲੀਆ ਨੇ ਭਾਰਤ ਦੇ 10 ਮੈਚਾਂ ਦੀ ਅਜੇਤੂ ਮੁਹਿੰਮ ਨੂੰ ਤੋੜ ਦਿਤਾ ਸੀ। ਇਹ ਓਨਾ ਵੀ ਆਸਾਨ ਨਹੀਂ ਹੋਵੇਗਾ ਕਿਉਂਕਿ ਪੈਟ ਕਮਿੰਸ, ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਤੋਂ ਬਗ਼ੈਰ ਆਸਟ੍ਰੇਲੀਆ ਇਕ ਮਜ਼ਬੂਤ ਟੀਮ ਹੈ। ਉਸ ਨੇ ਕੁੱਝ ਦਿਨ ਪਹਿਲਾਂ ਲਾਹੌਰ ਵਿਚ ਇੰਗਲੈਂਡ ਦੇ ਵਿਰੁਧ 352 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਕੇ ਇਕ ਵਾਰ ਫਿਰ ਇਹ ਸਾਬਤ ਕਰ ਦਿਤਾ ਹੈ। ਭਾਰਤ ਨੇ ਆਖਰੀ ਵਾਰ ਆਈ.ਸੀ.ਸੀ. ਟੂਰਨਾਮੈਂਟ ਦੇ ਨਾਕਆਊਟ ਪੜਾਅ ’ਚ ਆਸਟ੍ਰੇਲੀਆ ’ਤੇ ਜਿੱਤ 2011 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਹਾਸਲ ਕੀਤੀ ਸੀ। ਭਾਰਤ ਨੂੰ 2015 ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਅਤੇ 2023 ਵਨਡੇ ਵਿਸ਼ਵ ਕੱਪ ਫਾਈਨਲ ’ਚ ਆਸਟ੍ਰੇਲੀਆ ਨੇ ਹਰਾਇਆ ਸੀ। ਇਸ ਤੋਂ ਇਲਾਵਾ ਉਸ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2023 ’ਚ ਵੀ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਇਸ ਵਾਰ ਭਾਰਤੀ ਟੀਮ ਪੁਰਾਣੀਆਂ ਅਸਫਲਤਾਵਾਂ ਦਾ ਲੇਖਾ-ਜੋਖਾ ਨਿਪਟਾਉਣ ਲਈ ਉਤਰੇਗੀ ਅਤੇ ਉਨ੍ਹਾਂ ਦੇ ਆਤਮਵਿਸ਼ਵਾਸ ਦਾ ਕਾਰਨ ਟੀਮ ਵਿਚ ਚੋਟੀ ਦੇ ਸਪਿਨਰਾਂ ਦੀ ਮੌਜੂਦਗੀ ਹੈ। ਟੂਰਨਾਮੈਂਟ ਤੋਂ ਪਹਿਲਾਂ ਪੰਜ ਸਪਿਨਰਾਂ ਨੂੰ ਟੀਮ ’ਚ ਸ਼ਾਮਲ ਕਰਨ ਦੇ ਫੈਸਲੇ ਦੀ ਭਾਰੀ ਆਲੋਚਨਾ ਹੋਈ ਸੀ ਪਰ ਹੁਣ ਦੁਬਈ ਦੀਆਂ ਹੌਲੀ ਪਿਚਾਂ ’ਤੇ ਇਹ ਮਾਸਟਰਸਟਰੋਕ ਸਾਬਤ ਹੋ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੁਬਈ ’ਚ ਸਾਰੇ ਮੈਚ ਖੇਡਣ ਦਾ ਫਾਇਦਾ ਭਾਰਤ ਨੂੰ ਮਿਲ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਭਾਰਤੀ ਟੀਮ ਨੇ ਅਪਣੇ ਪ੍ਰਦਰਸ਼ਨ ’ਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਨਹੀਂ ਹੈ ਕਿ ਪਿੱਚ ਨੂੰ ਇੰਨਾ ਸਪਿੱਨ ਮਿਲ ਰਿਹਾ ਹੈ ਕਿ ਭਾਰਤੀ ਗੇਂਦਬਾਜ਼ ਸਫਲ ਰਹੇ ਹਨ, ਪਰ ਇਨ੍ਹਾਂ ਪਿੱਚਾਂ ’ਤੇ ਉਨ੍ਹਾਂ ਦਾ ਸਬਰ ਕਾਰਗਰ ਸਾਬਤ ਹੋਇਆ ਹੈ।
ਆਸਟ੍ਰੇਲੀਆ ਕੋਲ ਸਿਰਫ ਸਪੈਸ਼ਲਿਸਟ ਸਪਿਨਰ ਐਡਮ ਜ਼ੰਪਾ ਹੈ। ਉਹ ਅਨਿਯਮਿਤ ਸਪਿਨਰਾਂ ਗਲੇਨ ਮੈਕਸਵੈਲ ਅਤੇ ਟਰੈਵਿਸ ਹੈਡ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰੇਗਾ। ਮੈਥਿਊ ਸ਼ਾਰਟ ਪਿੱਠ ਦੀ ਸੱਟ ਕਾਰਨ ਬਾਹਰ ਹੋ ਗਏ ਹਨ। ਜਿਸ ਨਾਲ ਆਸਟਰੇਲੀਆ ਕੋਲ ਸਪਿਨ ਗੇਂਦਬਾਜ਼ੀ ਦਾ ਇਕ ਹੋਰ ਬਦਲ ਚਲਾ ਗਿਆ ਹੈ। ਇੰਗਲੈਂਡ ਅਤੇ ਅਫਗਾਨਿਸਤਾਨ ਵਿਰੁਧ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਕ੍ਰਮਵਾਰ 352 ਅਤੇ 273 ਦੌੜਾਂ ਦਿਤੀਆਂ ਸਨ ਅਤੇ ਹੁਣ ਹਾਲਾਤ ਬੱਲੇਬਾਜ਼ੀ ਲਈ ਅਨੁਕੂਲ ਹਨ। ਅਜਿਹੇ ’ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼੍ਰੇਅਸ ਅਈਅਰ ਅਤੇ ਸ਼ੁਭਮਨ ਗਿੱਲ ਦੀ ਚੁਨੌਤੀ ਕਾਫੀ ਸਖਤ ਹੋਵੇਗੀ।