ਸ਼ਨੀਵਾਰ 3 ਮਈ 2025 ਚੋਣਾਂ ਦਾ ਦਿਨ ਹੈ ਅਤੇ ਆਸਟ੍ਰੇਲੀਆ ਦੇ ਭਵਿੱਖ ਬਾਰੇ ਆਪਣੀ ਰਾਇ ਦੇਣ ਵਿੱਚ ਵੋਟਰਾਂ ਦੀ ਮਦਦ ਕਰਨ ਲਈ ਸਹਾਇਤਾ ਉਪਲਬਧ ਹੈ।
ਆਸਟ੍ਰੇਲੀਆ ਦੇ ਚੋਣ ਕਮਿਸ਼ਨਰ ਜੈੱਫ਼ ਪੋਪ ਨੇ ‘ਇੰਡੋ ਟਾਈਮਜ਼’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ “ਇਹ ਮਹੱਤਵਪੂਰਨ ਹੈ ਕਿ ਲੋਕ ਸਮਝਣ ਕਿ ਜਾਇਜ਼ ਵੋਟ ਕਿਵੇਂ ਪਾਉਣੀ ਹੈ। 18 ਸਾਲ ਜਾਂ ਇਸ ਤੋਂ ਵੱਧ ਉਮਰ ਆਸਟ੍ਰੇਲੀਆ ਦੇ ਸਾਰੇ ਨਾਗਰਿਕਾਂ ਨੂੰ ਫ਼ੈਡਰਲ ਚੋਣਾਂ ਵਿਚ ਵੋਟ ਪਾਉਣੀ ਚਾਹੀਦੀ ਹੈ। ਪ੍ਰਤੀਨਿਧੀ ਸਭਾ ਅਤੇ ਸੈਨੇਟ ਦੇ ਚੋਣ ਪੱਤਰਾਂ ਨੂੰ ਸਹੀ ਢੰਗ ਨਾਲ ਪੂਰਾ ਕਰਨਾ ਹੀ ਇਹ ਯਕੀਨੀ ਬਣਾਉਣ ਦਾ ਇਕੋ ਇਕ ਤਰੀਕਾ ਹੈ ਕਿ ਤੁਹਾਡੀਆਂ ਵੋਟਾਂ ਗਿਣਤੀ ਵਿੱਚ ਆਉਣ। AEC ਦੀ ਵੈੱਬਸਾਈਟ ‘ਤੇ ਸਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਪਿਛੋਕੜਾਂ ਵਾਲੇ ਲੋਕਾਂ ਨੂੰ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਵਿਚ ਸਹਾਇਤਾ ਕਰਨ ਲਈ ਕਈ ਤਰ੍ਹਾਂ ਦੀ ਜਾਣਕਾਰੀ ਅਤੇ ਸੇਵਾਵਾਂ ਮੌਜੂਦ ਹਨ।”
ਆਸਟ੍ਰੇਲੀਆ ਦੇ ਵਿੱਚ 3 ਮਈ 2025, ਫੈਡਰਲ ਚੋਣਾਂ ਦਾ ਦਿਨ ਹੈ ਅਤੇ ਉਸੇ ਦਿਨ ਸ਼ਾਮ ਦੇ 6 ਵਜੇ ਤੋਂ ਬਾਅਦ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਚੋਣ ਵਾਲੇ ਦਿਨ ਤੁਸੀਂ ਆਪਣੇ ਗ੍ਰਹਿ ਰਾਜ ਜਾਂ ਖੇਤਰ ਵਿੱਚ ਕਿਸੇ ਵੀ ਪੋਲਿੰਗ ਕੇਂਦਰ ਵਿੱਚ ਵੋਟ ਪਾ ਸਕਦੇ ਹੋ। ਤੁਸੀਂ ਚੋਣਾਂ ਵਾਲੇ ਦਿਨ ਵਿਅਕਤੀਗਤ ਤੌਰ ‘ਤੇ ਜਾਂ ਡਾਕ ਰਾਹੀ, ਜਲਦੀ ਵੋਟ ਪਾ ਸਕਦੇ ਹੋ। ਡਾਕ ਰਾਹੀਂ ਵੋਟ ਪਾਉਣ ਲਈ ਤੁਸੀਂ ਔਨਲਾਈਨ ਅਰਜ਼ੀ ਦੇ ਸਕਦੇ ਹੋ ਜਾਂ ਕਿਸੇ ਵੀ AEC ਦਫ਼ਤਰ ਤੋਂ ਡਾਕ ਵੋਟ ਅਰਜ਼ੀ ਫਾਰਮ ਲੈ ਸਕਦੇ ਹੋ। ਜਲਦੀ ਵੋਟਿੰਗ ਲਈ ਪੋਲਿੰਗ ਸਥਾਨ ਸਵੇਰੇ 8 ਵਜੇ ਖੁੱਲ੍ਹਦੇ ਹਨ ਅਤੇ ਸ਼ਾਮ 6 ਵਜੇ ਬੰਦ ਹੁੰਦੇ ਹਨ। ਜੇਕਰ ਤੁਸੀਂ ਕਿਸੇ ਹੋਰ ਰਾਜ ਜਾਂ ਪ੍ਰਦੇਸ਼ ਵਿੱਚ ਹੋ ਅਤੇ ਤੁਸੀਂ ਜਲਦੀ ਵੋਟ ਨਹੀਂ ਪਾਈ ਹੈ, ਤਾਂ ਤੁਹਾਨੂੰ ਅੰਤਰਰਾਜੀ ਵੋਟਿੰਗ ਕੇਂਦਰ ਵਿੱਚ ਵੋਟ ਪਾਉਣ ਦੀ ਜ਼ਰੂਰਤ ਹੋਏਗੀ। ਜਲਦੀ ਵੋਟਿੰਗ ਮੰਗਲਵਾਰ 22 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਪੋਸਟਲ ਵੋਟ ਅਰਜ਼ੀਆਂ ਬੁੱਧਵਾਰ 30 ਅਪ੍ਰੈਲ ਸ਼ਾਮ ਦੇ 6 ਵਜੇ ਤੱਕ ਮਿਲਣੀਆਂ ਚਾਹੀਦੀਆਂ ਹਨ।
ਤੁਸੀਂ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇ ਸਕਦੇ ਹੋ ਜੇਕਰ ਤੁਸੀਂ ਚੋਣਾਂ ਵਾਲੇ ਦਿਨ ਕਿਸੇ ਪੋਲਿੰਗ ਸਥਾਨ ‘ਤੇ ਨਹੀਂ ਜਾ ਸਕਦੇ, ਕਿਉਂਕਿ ਤੁਸੀਂ:
- ਉਸ ਵੋਟਰ ਖੇਤਰ ਤੋਂ ਬਾਹਰ ਹੋ ਜਿੱਥੇ ਤੁਸੀਂ ਵੋਟ ਪਾਉਣ ਲਈ ਨਾਮ ਦਰਜ ਕਰਵਾਇਆ ਹੈ
- ਪੋਲਿੰਗ ਸਥਾਨ ਤੋਂ 8 ਕਿਲੋਮੀਟਰ ਤੋਂ ਵੱਧ ਦੂਰ ਹੋ
- ਯਾਤਰਾ ਕਰ ਰਹੇ ਹੋ
- ਵੋਟ ਪਾਉਣ ਲਈ ਆਪਣੇ ਕੰਮ ਵਾਲੀ ਥਾਂ ਤੋਂ ਨਹੀਂ ਜਾ ਸਕਦੇ
- ਗੰਭੀਰ ਤੌਰ ‘ਤੇ ਬਿਮਾਰ ਹੋ, ਕਮਜ਼ੋਰ ਹੋ, ਹਾਲ ਹੀ ਵਿੱਚ ਜਨਮ ਦਿੱਤਾ ਹੈ ਜਾਂ ਜਲਦੀ ਹੀ ਅਜਿਹਾ ਕਰਨ ਦੀ ਉਮੀਦ ਹੈ
- ਕਿਸੇ ਅਜਿਹੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਜੋ ਗੰਭੀਰ ਤੌਰ ‘ਤੇ ਬਿਮਾਰ ਹੈ, ਕਮਜ਼ੋਰ ਹੈ, ਹਾਲ ਹੀ ਵਿੱਚ ਜਨਮ ਦਿੱਤਾ ਹੈ ਜਾਂ ਜਲਦੀ ਹੀ ਅਜਿਹਾ ਕਰਨ ਦੀ ਉਮੀਦ ਹੈ
- ਕੋਈ ਅਪੰਗ ਵਿਅਕਤੀ ਹੋ
- ਕਿਸੇ ਅਪੰਗ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ
- ਹਸਪਤਾਲ ਵਿੱਚ ਮਰੀਜ਼ ਹੋ
- ਤੁਹਾਡੇ ਧਾਰਮਿਕ ਵਿਸ਼ਵਾਸ ਹਨ ਜੋ ਤੁਹਾਨੂੰ ਪੋਲੰਿਗ ਸਥਾਨ ‘ਤੇ ਜਾਣ ਤੋਂ ਰੋਕਦੇ ਹਨ
- ਤੁਸੀਂ ਤਿੰਨ ਸਾਲ ਤੋਂ ਘੱਟ ਦੀ ਸਜ਼ਾ ਕੱਟ ਰਹੇ ਹੋ ਜਾਂ ਕਿਸੇ ਹੋਰ ਤਰੀਕੇ ਨਾਲ ਹਿਰਾਸਤ ਵਿੱਚ ਹੋ
- ਤੁਸੀਂ ਚੁੱਪ ਵੋਟਰ ਹੋ
- ਆਪਣੀ ਸੁਰੱਖਿਆ ਲਈ ਵਾਜਬ ਡਰ ਰੱਖਦੇ ਹੋ
ਚੋਣਾਂ ਵਾਲੇ ਦਿਨ ਤੁਹਾਨੂੰ ਦੋ ਬੈਲਟ ਪੇਪਰ ਮਿਲਣਗੇ: ਪ੍ਰਤੀਨਿਧੀ ਸਭਾ (House of Representatives) ਲਈ ਇੱਕ ਹਰਾ ਅਤੇ ਸੈਨੇਟ (Senate) ਲਈ ਇੱਕ ਚਿੱਟਾ।
ਪ੍ਰਤੀਨਿਧੀ ਸਭਾ (House of Representatives)
ਹਰੇ ਬੈਲਟ ਪੇਪਰ ‘ਤੇ, ਤੁਹਾਨੂੰ ਆਪਣੀ ਪਹਿਲੀ ਪਸੰਦ ਦੇ ਉਮੀਦਵਾਰ ਦੇ ਕੋਲ ਵਾਲੇ ਡੱਬੇ ਵਿੱਚ ‘1’, ਆਪਣੀ ਦੂਜੀ ਪਸੰਦ ਦੇ ਕੋਲ ਵਾਲੇ ਡੱਬੇ ਵਿੱਚ ‘2’ ਅਤੇ ਇਸ ਤਰ੍ਹਾਂ ਹੀ ਲਿਖਣ ਦੀ ਲੋੜ ਹੈ, ਜਦੋਂ ਤੱਕ ਤੁਸੀਂ ਹਰੇਕ ਡੱਬੇ ਨੂੰ ਨੰਬਰ ਨਹੀਂ ਦੇ ਲੈਂਦੇ। ਤੁਹਾਨੂੰ ਆਪਣੀ ਵੋਟ ਦੀ ਗਿਣਤੀ ਲਈ ਹਰੇਕ ਡੱਬੇ ਨੂੰ ਨੰਬਰ ਦੇਣਾ ਹੋਵੇਗਾ।
ਸੈਨੇਟ (Senate)
ਚਿੱਟੇ ਬੈਲਟ ਪੇਪਰ ‘ਤੇ ਤੁਸੀਂ ਲਾਈਨ ਦੇ ਉੱਪਰ ਜਾਂ ਹੇਠਾਂ ਵੋਟ ਪਾਉਣ ਦੀ ਚੋਣ ਕਰ ਸਕਦੇ ਹੋ।
ਜਾਂ ਤਾਂ ਲਾਈਨ ਦੇ ਉੱਪਰ
ਜੇਕਰ ਤੁਸੀਂ ਲਾਈਨ ਦੇ ਉੱਪਰ ਵੋਟ ਪਾਉਂਦੇ ਹੋ, ਤਾਂ ਤੁਹਾਨੂੰ 1 ਤੋਂ 6 ਤੱਕ ਘੱਟੋ-ਘੱਟ 6 ਡੱਬੇ ਨੂੰ ਨੰਬਰ ਦੇਣਾ ਹੋਵੇਗਾ। ਉਸ ਪਾਰਟੀ ਜਾਂ ਸਮੂਹ ਲਈ ਡੱਬੇ ਵਿੱਚ ‘1’ ਰੱਖੋ ਜੋ ਤੁਹਾਡੀ ਪਹਿਲੀ ਪਸੰਦ ਹੈ, ਉਸ ਪਾਰਟੀ ਜਾਂ ਸਮੂਹ ਲਈ ਡੱਬੇ ਵਿੱਚ ‘2’ ਰੱਖੋ ਜੋ ਤੁਹਾਡੀ ਦੂਜੀ ਪਸੰਦ ਹੈ ਅਤੇ ਇਸ ਤਰ੍ਹਾਂ ਹੀ ਕਰਨਾ ਹੋਵੇਗਾ, ਜਦੋਂ ਤੱਕ ਤੁਸੀਂ ਘੱਟੋ-ਘੱਟ ਛੇ ਡੱਬਿਆਂ ਨੂੰ ਨੰਬਰ ਨਹੀਂ ਦੇ ਦਿੰਦੇ। ਤੁਸੀਂ ਲਾਈਨ ਦੇ ਉੱਪਰ ਜਿੰਨੇ ਮਰਜ਼ੀ ਡੱਬੇ ਵਿੱਚ ਨੰਬਰ ਲਗਾ ਸਕਦੇ ਹੋ।
ਜਾਂ ਲਾਈਨ ਦੇ ਹੇਠਾਂ
ਜੇਕਰ ਤੁਸੀਂ ਲਾਈਨ ਦੇ ਹੇਠਾਂ ਵੋਟ ਪਾਉਂਦੇ ਹੋ, ਤਾਂ ਤੁਹਾਨੂੰ ਘੱਟੋ-ਘੱਟ 1 ਤੋਂ 12 ਤੱਕ 12 ਡੱਬਿਆਂ ਨੂੰ ਨੰਬਰ ਦੇਣਾ ਚਾਹੀਦਾ ਹੈ। ਆਪਣੀ ਪਹਿਲੀ ਪਸੰਦ ਦੇ ਉਮੀਦਵਾਰ ਦੇ ਕੋਲ ਵਾਲੇ ਡੱਬੇ ਵਿੱਚ ‘1’, ਆਪਣੀ ਦੂਜੀ ਪਸੰਦ ਦੇ ਕੋਲ ਵਾਲੇ ਡੱਬੇ ਵਿੱਚ ‘2’ ਅਤੇ ਇਸ ਤਰ੍ਹਾਂ ਹੀ ਰੱਖੋ ਜਦੋਂ ਤੱਕ ਤੁਸੀਂ ਘੱਟੋ-ਘੱਟ 12 ਡੱਬਿਆਂ ਨੂੰ ਨੰਬਰ ਨਹੀਂ ਦਿੰਦੇ। ਤੁਸੀਂ ਲਾਈਨ ਦੇ ਹੇਠਾਂ ਜਿੰਨੇ ਮਰਜ਼ੀ ਡੱਬਿਆਂ ਵਿੱਚ ਨੰਬਰ ਲਗਾਉਣਾ ਜਾਰੀ ਰੱਖ ਸਕਦੇ ਹੋ।
ਜੇਕਰ ਤੁਸੀਂ ਗਲਤੀ ਕਰਦੇ ਹੋ ਤਾਂ ਚਿੰਤਾ ਨਾ ਕਰੋ। ਤੁਸੀਂ ਇੱਕ ਹੋਰ ਬੈਲਟ ਪੇਪਰ ਮੰਗ ਸਕਦੇ ਹੋ ਅਤੇ ਦੁਬਾਰਾ ਸ਼ੁਰੂ ਕਰ ਸਕਦੇ ਹੋ।