Health & FitnessArticlesAustralia & New Zealand

ਆਸਟ੍ਰੇਲੀਅਨ ਰੀਸਰਚ : ਮਨੁੱਖੀ ਜਲਵਾਯੂ ਪ੍ਰੀਵਰਤਨ ਨਾਲ 2023 ‘ਚ 1 ਲੱਖ ਮੌਤਾਂ ਹੋਈਆਂ !

ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੈਵਿਕ ਤੇਲ ਨੂੰ ਸਾੜਣ ਨਾਲ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਵਰਗੀਆਂ ਗੈਸਾਂ ਨਿਕਲਦੀਆਂ ਹਨ ਜੋ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਯੋਗਦਾਨ ਪਾਉਂਦੀਆਂ ਹਨ ਅਤੇ ਇਹ ਧਰਤੀ ਦੇ ਤਾਪਮਾਨ ਨੂੰ ਵਧਾਉਂਦੀਆਂ ਹਨ ਜਿਸ ਨਾਲ ਗਲੋਬਲ ਵਾਰਮਿੰਗ ਹੁੰਦੀ ਹੈ।

ਆਸਟ੍ਰੇਲੀਆ ਵਿੱਚ ਕੀਤੇ ਗਏ ਇੱਕ ਗਲੋਬਲ ਅਧਿਐਨ ਦੇ ਅਨੁਸਾਰ, 2023 ਦੀ ਅੱਤ ਦੀ ਗਰਮੀ ਕਾਰਣ ਹੋਈਆਂ ਲਗਭਗ 100,000 ਮੌਤਾਂ ਮਨੁੱਖ ਦੁਆਰਾ ਕੀਤੇ ਗਏ ਜਲਵਾਯੂ ਪਰਿਵਰਤਨ ਨਾਲ ਜੁੜੀਆਂ ਹੋਈਆਂ ਸਨ। ਕੱਲ੍ਹ ਮੰਗਲਵਾਰ ਨੂੰ ਜਾਰੀ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਹੈ ਕਿ 2023 ਵਿੱਚ ਭਿਆਨਕ ਗਰਮੀ ਕਾਰਣ ਦੁਨੀਆਂ ਭਰ ਵਿੱਚ ਲਗਭਗ 178,486 ਲੋਕਾਂ ਦੀ ਮੌਤ ਹੋਈ। ਇਨ੍ਹਾਂ ਮੌਤਾਂ ਵਿੱਚੋਂ ਲਗਭਗ 97,000 ਮੌਤਾਂ ਜਾਂ 54 ਪ੍ਰਤੀਸ਼ਤ ਮਨੁੱਖ ਦੁਆਰਾ ਕੀਤੇ ਗਏ ਜਲਵਾਯੂ ਪਰਿਵਰਤਨ ਦੇ ਕਾਰਣ ਹੋਈਆਂ ਸਨ।

ਆਸਟ੍ਰੇਲੀਆ ਵਿੱਚ ਮੋਨਾਸ਼ ਯੂਨੀਵਰਸਿਟੀ ਦੀ ਅਗਵਾਈ ਵਿੱਚ ਕੀਤੇ ਗਏ ਇੱਕ ਅਧਿਐਨ ਦੇ ਵਿੱਚ 67 ਦੇਸ਼ਾਂ ਅਤੇ 2013 ਸਥਾਨਾਂ ਤੋਂ ਤਾਪਮਾਨ ਅਤੇ ਮੌਤ ਦਰ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਖੋਜ ਦੇ ਵਿੱਚ ਪਾਇਆ ਗਿਆ ਕਿ 2023 ਰਿਕਾਰਡ ਵਿੱਚ ਸਭ ਤੋਂ ਗਰਮ ਸਾਲ ਸੀ ਜੋ ਉਦਯੋਗਿਕ-ਪੂਰਵ-ਪੱਧਰ ਤੋਂ 1.45 ਡਿਗਰੀ ਸੈਲਸੀਅਸ ਉੱਪਰ ਪਹੁੰਚ ਗਿਆ। ਇਸ ਤਾਪਮਾਨ ਵਿੱਚ ਵਾਧੇ ਨੇ ਗਰਮੀ ਦੀਆਂ ਲਹਿਰਾਂ ਦੀ ਤੀਬਰਤਾ ਅਤੇ ਮਿਆਦ ਦੋਵਾਂ ਨੂੰ ਵਧਾ ਦਿੱਤਾ ਜਿਸ ਨਾਲ ਦਿਲ ਅਤੇ ਸਾਹ ਦੀਆਂ ਬਿਮਾਰੀਆਂ ਦੀਆਂ ਮੌਤਾਂ ਵਿੱਚ ਵਾਧਾ ਹੋਇਆ, ਖਾਸ ਕਰਕੇ ਉੱਤਰੀ ਗੋਲਿਸਫਾਇਰ ਦੇ ਗਰਮ ਖੰਡੀ ਅਤੇ ਸਮਸ਼ੀਨ ਖੇਤਰਾਂ ਵਿੱਚ।

ਦੱਖਣੀ ਯੂਰਪ ਵਿੱਚ ਗਰਮੀ ਦੀਆਂ ਲਹਿਰਾਂ ਕਾਰਣ ਪ੍ਰਤੀ ਮਿਲੀਅਨ ਵਿੱਚ 120 ਮੌਤਾਂ ਦਰਜ ਕੀਤੀਆਂ ਗਈਆਂ ਜੋ ਕਿ ਦੁਨੀਆਂ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਸਭ ਤੋਂ ਵੱਧ ਦਰ ਹੈ। ਪੂਰਬੀ ਅਤੇ ਪੱਛਮੀ ਯੂਰਪ ਵਿੱਚ ਵੀ ਉੱਚ ਮੌਤ ਦਰ ਦੇਖੀ ਗਈ। ਆਸਟ੍ਰੇਲੀਆ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਲਗਾਤਾਰ ਗਰਮੀ ਦਾ ਲੋਕਾਂ ਦੀ ਸਿਹਤ ‘ਤੇ ਡੂੰਘਾ ਪ੍ਰਭਾਵ ਪਿਆ ਹੈ, ਖਾਸ ਕਰਕੇ ਬਜ਼ੁਰਗਾਂ ਅਤੇ ਪਹਿਲਾਂ ਤੋਂ ਮੌਜੂਦ ਸਥਿਤੀਆਂ ਵਾਲੇ ਲੋਕਾਂ ਦੇ ਉਪਰ।

ਇਹ ਅਧਿਐਨ ਸੁਝਾਅ ਦਿੰਦੇ ਹਨ ਕਿ ਜੇਕਰ ਮਨੁੱਖੀ ਗਤੀਵਿਧੀਆਂ ਕਾਰਣ ਹੋਣ ਵਾਲੀ ਜਲਵਾਯੂ ਤਬਦੀਲੀ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀਆਂ ਭਿਆਨਕ ਗਰਮੀਆਂ ਆ ਸਕਦੀਆਂ ਹਨ। ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਹਾਲਾਤਾਂ ਵਿੱਚ ਇਹ ਜ਼ਰੂਰੀ ਹੈ ਕਿ ਸਰਕਾਰਾਂ ਅਤੇ ਭਾਈਚਾਰੇ ਸਿਹਤ ਲਈ ਢੁਕਵੇਂ ਢੰਗ ਨਾਲ ਤਿਆਰੀ ਕਰਨ ਅਤੇ ਜਲਵਾਯੂ ਸੰਕਟ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ।

ਆਸਟ੍ਰੇਲੀਅਨ ਸਰਕਾਰ ਨੇ 15 ਸਤੰਬਰ ਨੂੰ ਆਪਣੀ ਪਹਿਲੀ ਰਾਸ਼ਟਰੀ ਜਲਵਾਯੂ ਜੋਖਮ ਰਿਪੋਰਟ ਜਾਰੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਗਲੋਬਲ ਵਾਰਮਿੰਗ 3 ਡਿਗਰੀ ਸੈਲਸੀਅਸ ਤੋਂ ਵੱਧ ਜਾਂਦੀ ਹੈ ਤਾਂ ਆਸਟ੍ਰੇਲੀਆ ਵਿੱਚ 2050 ਤੱਕ ਸਮੁੰਦਰ ਦੇ ਪੱਧਰ ਦੇ ਵਧਣ ਨਾਲ 1.5 ਮਿਲੀਅਨ ਤੋਂ ਵੱਧ ਘਰ ਖਤਰੇ ਵਿੱਚ ਪੈ ਜਾਣਗੇ। ਇਹ ਗਿਣਤੀ 2090 ਤੱਕ 3 ਮਿਲੀਅਨ ਤੋਂ ਵੱਧ ਹੋ ਜਾਵੇਗੀ। ਇਸ ਤੋਂ ਇਲਾਵਾ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਤਾਪਮਾਨ ਵਿੱਚ ਵਾਧੇ ਦੇ ਕਾਰਣ ਗਰਮੀ ਨਾਲ ਸਬੰਧਤ ਮੌਤਾਂ ਦੁੱਗਣੀਆਂ ਤੋਂ ਵੀ ਵੱਧ ਹੋ ਜਾਣਗੀਆਂ।

ਜਲਵਾਯੂ ਪਰਿਵਰਤਨ ਜਾਣੀਕਿ ਤਾਪਮਾਨ ਅਤੇ ਮੌਸਮ ਦੇ ਪੈਟਰਨਾਂ ਵਿੱਚ ਲੰਬੇ ਸਮੇਂ ਦੇ ਬਦਲਾਅ, ਕੁਦਰਤੀ ਕਾਰਣਾਂ ਕਰਕੇ ਵੀ ਹੋ ਸਕਦੇ ਹਨ, ਜਿਵੇਂ ਕਿ ਸੂਰਜੀ ਗਤੀਵਿਧੀ ਵਿੱਚ ਬਦਲਾਅ ਜਾਂ ਵੱਡੇ ਜਵਾਲਾਮੁਖੀ ਦਾ ਫਟਣਾ। ਹਾਲਾਂਕਿ, 1800 ਦੇ ਦਹਾਕੇ ਤੋਂ ਮਨੁੱਖੀ ਗਤੀਵਿਧੀਆਂ ਖਾਸ ਕਰਕੇ ਕੋਲਾ, ਤੇਲ ਅਤੇ ਗੈਸ ਵਰਗੇ ਜੈਵਿਕ ਇੰਧਨ ਨੂੰ ਸਾੜਣਾ, ਜਲਵਾਯੂ ਪਰਿਵਰਤਨ ਦਾ ਮੁੱਖ ਕਾਰਣ ਬਣ ਗਿਆ ਹੈ।

ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੈਵਿਕ ਤੇਲ ਨੂੰ ਸਾੜਣ ਨਾਲ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਵਰਗੀਆਂ ਗੈਸਾਂ ਨਿਕਲਦੀਆਂ ਹਨ ਜੋ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਯੋਗਦਾਨ ਪਾਉਂਦੀਆਂ ਹਨ ਅਤੇ ਇਹ ਧਰਤੀ ਦੇ ਤਾਪਮਾਨ ਨੂੰ ਵਧਾਉਂਦੀਆਂ ਹਨ ਜਿਸ ਨਾਲ ਗਲੋਬਲ ਵਾਰਮਿੰਗ ਹੁੰਦੀ ਹੈ। ਖੇਤੀਬਾੜੀ, ਉਦਯੋਗ, ਆਵਾਜਾਈ, ਨਿਰਮਾਣ ਅਤੇ ਜ਼ਮੀਨ ਦੀ ਵਰਤੋਂ ਵਰਗੇ ਕਈ ਖੇਤਰ ਇਨ੍ਹਾਂ ਗੈਸਾਂ ਦੇ ਮੁੱਖ-ਸਰੋਤ ਹਨ। ਗਰਮੀ ਦੀਆਂ ਲਹਿਰਾਂ ਨਾ ਸਿਰਫ਼ ਮਨੁੱਖੀ ਸਿਹਤ ਲਈ ਖ਼ਤਰਨਾਕ ਹਨ ਸਗੋਂ ਫਸਲਾਂ ਅਤੇ ਪਾਣੀ ਦੇ ਸਰੋਤਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਗਰਮੀ ਦੀਆਂ ਲਹਿਰਾਂ ਭੋਜਨ ਸੁਰੱਖਿਆ ਨੂੰ ਖ਼ਤਰਾ ਪੈਦਾ ਕਰ ਸਕਦੀਆਂ ਹਨ ਅਤੇ ਰੋਜ਼ੀ-ਰੋਟੀ ਨੂੰ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਆਸਟ੍ਰੇਲੀਆ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਜਲਵਾਯੂ ਪਰਿਵਰਤਨ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨਾ ਬਹੁਤ ਜ਼ਰੂਰੀ ਹੈ।

Related posts

Funding Boost For Local Libraries Across Victoria

admin

Dr Ziad Nehme Becomes First Paramedic to Receive National Health Minister’s Research Award

admin

REFRIGERATED TRANSPORT BUSINESS FOR SALE

admin