“ਡੱਟਨ ਗੱਠਜੋੜ ਦੀ ਚੁਣੀ ਹੋਈ ਸਰਕਾਰ ਆਸਟ੍ਰੇਲੀਆ ਦੇ ਪਹਿਲੇ ਹਿੰਦੂ ਸਕੂਲ ਦੀ ਸਥਾਪਨਾ ਲਈ 8.5 ਮਿਲੀਅਨ ਡਾਲਰ ਤੱਕ ਦੀ ਸਹਾਇਤਾ ਕਰੇਗੀ।”
ਆਸਟ੍ਰੇਲੀਆ ਦੀ ਵਿਰੋਧੀ ਧਿਰ ਦੇ ਨੇਤਾ, ਪੀਟਰ ਡੱਟਨ ਐਮਪੀ ਨੇ ਪਰਮ ਮਹੰਤ ਸਵਾਮੀ ਮਹਾਰਾਜ ਦੀ ਯਾਤਰਾ ਦੇ ਨਾਲ-ਨਾਲ ਬੀਏਪੀਐਸ ਸਵਾਮੀਨਾਰਾਇਣ ਹਿੰਦੂ ਮੰਦਰ ਅਤੇ ਸੱਭਿਆਚਾਰਕ ਕੰਪਲੈਕਸ ਦੇ ਦੌਰੇ ਦੌਰਾਨ ਇਹ ਐਲਾਨ ਕਰਦਿਆਂ ਕਿਹਾ ਕਿ, “ਅੱਜ ਦਾ ਐਲਾਨ ਵਿਸ਼ਵਾਸ-ਅਧਾਰਤ ਸਿੱਖਿਆ ਅਤੇ ਭਾਈਚਾਰੇ ਦੀ ਅਗਵਾਈ ਵਾਲੀਆਂ ਪਹਿਲਕਦਮੀਆਂ ਲਈ ਗੱਠਜੋੜ ਦੇ ਸਮਰਥਨ ਦੀ ਪੁਸ਼ਟੀ ਕਰਦਾ ਹੈ। ਆਸਟ੍ਰੇਲੀਆ ਵਿੱਚ 684,000 ਹਿੰਦੂ ਭਾਈਚਾਰਾ ਸਾਡੇ ਬਹੁ-ਸੱਭਿਆਚਾਰਕ ਚਰਿੱਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਪਹਿਲੇ ਹਿੰਦੂ ਸਕੂਲ ਦੀ ਸਥਾਪਨਾ ਦਾ ਇਹ ਮਹੱਤਵਪੂਰਨ ਐਲਾਨ ਹਿੰਦੂ ਭਾਈਚਾਰੇ ਦੇ ਇੱਕ ਹਿੰਦੂ ਸਕੂਲ ਦੇ ਪੂਰਾ ਕਰਨ ਦੇ ਸੁਪਨੇ ਨੂੰ ਅਖੀਰ ਇੱਕ ਮਹੱਤਵਪੂਰਨ ਮਾਨਤਾ ਹੈ।”
ਸ਼ੈਡੋ ਸਿੱਖਿਆ ਮੰਤਰੀ, ਸੈਨੇਟਰ ਸਾਰਾਹ ਹੈਂਡਰਸਨ ਨੇ ਕਿਹਾ ਕਿ, “ਇਹ ਫੰਡਿੰਗ ਹਿੰਦੂ ਭਾਈਚਾਰੇ ਨੂੰ ਬਹੁਤ ਜ਼ਰੂਰੀ ਹੁਲਾਰਾ ਪ੍ਰਦਾਨ ਕਰੇਗੀ ਜੋ ਲੰਬੇ ਸਮੇਂ ਤੋਂ ਇੱਕ ਸਮਰਪਿਤ ਧਰਮ-ਅਧਾਰਤ ਸਕੂਲ ਦੀ ਵਕਾਲਤ ਕਰਦਾ ਰਿਹਾ ਹੈ। ਹਿੰਦੂ ਭਾਈਚਾਰੇ ਨੇ ਸਾਡੇ ਦੇਸ਼ ਵਿੱਚ ਇੱਕ ਸ਼ਾਨਦਾਰ ਯੋਗਦਾਨ ਪਾਇਆ ਹੈ ਅਤੇ ਉਹ ਇਸ ਸਕੂਲ ਦੀ ਮੰਗ ਕਰ ਰਹੇ ਹਨ। ਇਹ ਬਿਲਕੁਲ ਸਹੀ ਹੈ ਕਿ ਹਿੰਦੂ ਬੱਚਿਆਂ ਨੂੰ ਵੀ ਦੂਜੇ ਧਾਰਮਿਕ ਸਮੂਹਾਂ ਵਾਂਗ ਹੀ ਧਰਮ-ਅਧਾਰਤ ਵਿਦਿਅਕ ਮੌਕਿਆਂ ਤੱਕ ਪਹੁੰਚ ਪ੍ਰਾਪਤ ਹੋਵੇ। ਗੱਠਜੋੜ, ਸਿੱਖਿਆ ਵਿੱਚ ਪਸੰਦ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ, ਅਤੇ ਸਾਨੂੰ ਇਸ ਪਹਿਲਕਦਮੀ ਦਾ ਸਮਰਥਨ ਕਰਨ ‘ਤੇ ਮਾਣ ਹੈ, ਜੋ ਅਕਾਦਮਿਕ ਉੱਤਮਤਾ ਨੂੰ ਹੁਲਾਰਾ ਦੇਵੇਗਾ ਅਤੇ ਸੱਭਿਆਚਾਰਕ ਵਿਰਾਸਤ ਦਾ ਸਮਰਥਨ ਕਰੇਗਾ।”
ਕਮਿਊਨਿਟੀ ਸੇਫਟੀ, ਮਾਈਗ੍ਰੈਂਟ ਸਰਵਿਸਿਜ਼ ਅਤੇ ਮਲਟੀਕਲਚਰਲ ਅਫੇਅਰਜ਼ ਦੇ ਸ਼ੈਡੋ ਮੰਤਰੀ ਜੇਸਨ ਵੁੱਡ ਐਮਪੀ ਨੇ ਕਿਹਾ ਕਿ, “ਸਕੂਲ ਹੋਰ ਧਰਮ-ਅਧਾਰਤ ਸੰਸਥਾਵਾਂ ਦੇ ਬਰਾਬਰ ਮਾਡਲ ਦਾ ਪਾਲਣ ਕਰੇਗਾ, ਇਸ ਤੋਂ ਇਲਾਵਾ ਅਜਿਹਾ ਪਾਠਕ੍ਰਮ ਪੇਸ਼ ਕਰੇੇਗਾ ਜੋ ਆਸਟ੍ਰੇਲੀਅਨ ਪਾਠਕ੍ਰਮ ਦੇ ਨਾਲ-ਨਾਲ ਹਿੰਦੂ ਕਦਰਾਂ-ਕੀਮਤਾਂ ਨੂੰ ਵੀ ਏਕੀਕ੍ਰਿਤ ਕਰੇਗਾ। ਹਿੰਦੂ ਧਰਮ ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਧਰਮਾਂ ਵਿੱਚੋਂ ਇੱਕ ਹੈ, ਅਤੇ ਹਿੰਦੂ ਸਕੂਲ ਲਈ ਭਾਈਚਾਰੇ ਦਾ ਸਮਰਥਨ ਹੋਰ ਵੀ ਸਪੱਸ਼ਟ ਹੋ ਗਿਆ ਹੈ। ਇਹ ਪਹਿਲਕਦਮੀ ਇਹ ਯਕੀਨੀ ਬਣਾਏਗੀ ਕਿ ਹਿੰਦੂ ਬੱਚਿਆਂ ਨੂੰ ਅਜਿਹੀ ਸਿੱਖਿਆ ਮਿਲੇ ਜੋ ਆਸਟ੍ਰੇਲੀਅਨ ਕਦਰਾਂ-ਕੀਮਤਾਂ ਅਤੇ ਉਨ੍ਹਾਂ ਦੀ ਸੱਭਿਆਚਾਰਕ ਪਛਾਣ ਦੋਵਾਂ ਨੂੰ ਅਪਣਾਏ।”
ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਨੇ ਪਿਛਲੇ ਇੱਕ ਦਹਾਕੇ ਤੋਂ ਇਸ ਪ੍ਰੋਜੈਕਟ ਨੂੰ ਮੂਰਤ ਰੂਪ ਦੇਣ ਦੇ ਲਈ ਕੰਮ ਕੀਤਾ ਹੈ, ਇਸ ਤੋਂ ਇਲਾਵਾ ਭਾਈਚਾਰੇ ਲਈ ਇੱਕ ਸਮਰਪਿਤ ਹਿੰਦੂ ਸਕੂਲ ਦੀ ਮਹੱਤਤਾ ‘ਤੇ ਰੌਸ਼ਨੀ ਪਾਈ ਹੈ।
ਪ੍ਰਸਤਾਵਿਤ ਸਕੂਲ ਢੁਕਵੇਂ ਸੁਰੱਖਿਆ ਉਪਾਆਂ ਦੇ ਨਾਲ ਸੁਤੰਤਰ ਧਰਮ-ਅਧਾਰਤ ਸਕੂਲਾਂ ਵਰਗੇ ਢਾਂਚੇ ਦੀ ਪਾਲਣਾ ਕਰੇਗਾ, ਸਾਰੇ ਆਸਟ੍ਰੇਲੀਅਨ ਸਕੂਲਾਂ ‘ਤੇ ਲਾਗੂ ਪਾਠਕ੍ਰਮ ਅਤੇ ਸਿੱਖਿਆ ਮਿਆਰਾਂ ਦੀ ਪਾਲਣਾ ਕਰੇਗਾ, ਇਸ ਤੋਂ ਇਲਾਵਾ ਹਿੰਦੂ ਸਿੱਖਿਆਵਾਂ, ਭਾਸ਼ਾਵਾਂ ਅਤੇ ਸੱਭਿਆਚਾਰਕ ਸਿੱਖਿਆ ਨੂੰ ਸ਼ਾਮਲ ਕਰੇਗਾ।
ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਨੂੰ ਇੱਕ ਕਾਰੋਬਾਰੀ ਮਾਮਲੇ ਲਈ $850,000 ਤੱਕ ਦੇ ਸ਼ੁਰੂਆਤੀ ਨਿਵੇਸ਼ ਨਾਲ ਫੰਡਿੰਗ ਦਿੱਤੀ ਜਾਵੇਗੀ, ਤਾਂ ਕਿ ਵਿਵਹਾਰਤਾ, ਲਾਗਤ, ਸਥਾਨ, ਲਾਭ ਅਤੇ ਜੋਖਮ ਦਾ ਸਹੀ ਢੰਗ ਨਾਲ ਮੁਲਾਂਕਣ ਕੀਤਾ ਜਾ ਸਕੇ, ਤਾਂ ਕਿ ਇਹ ਨਿਸ਼ਚਤ ਕੀਤਾ ਜਾ ਸਕੇ ਕਿ ਸਕੂਲ ਦੇ ਸਥਾਨ, ਨਿਯਮ ਅਤੇ ਯੋਜਨਾ ਪ੍ਰਕਿਰਿਆਵਾਂ ਨੂੰ ਉਹਨਾਂ ਦੀ ਲੋੜ ਦੇ ਅਨੁਸਾਰ ਸਮਰਥਨ ਮਿਲੇ। ਕਾਰੋਬਾਰੀ ਮਾਮਲੇ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਪੂੰਜੀਗਤ ਖਰਚ ਲਈ $7.65 ਮਿਲੀਅਨ ਦੀ ਵਾਧੂ ਰਕਮ ਅਲੱਗ ਰੱਖੀ ਜਾਵੇਗੀ।
ਇੱਕ ਚੁਣੀ ਹੋਈ ਡਟਨ ਗੱਠਜੋੜ ਸਰਕਾਰ ਇਸ ਬੇਮਿਸਾਲ ਪ੍ਰੋਜੈਕਟ ਨੂੰ ਸਾਕਾਰ ਕਰਨ ਲਈ ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਨਾਲ ਮਿਲਕੇ ਕੰਮ ਕਰਨ ਦੀ ਉਮੀਦ ਕਰਦੀ ਹੈ।