ਆਸਟ੍ਰੇਲੀਆ ਨੇ ਅਮਰੀਕਾ ਦੀ ਅਣਦੇਖੀ ਕਰਦੇ ਹੋਏ ਇਜ਼ਰਾਈਲੀ ਸਰਕਾਰ ਦੇ ਦੋ ਕੱਟੜਪੰਥੀ ਮੰਤਰੀਆਂ ‘ਤੇ ਸਖ਼ਤ ਪਾਬੰਦੀਆਂ ਲਗਾਉਣ ਦੇ ਆਪਣੇ ਫੈਸਲੇ ਨੂੰ ਦੁਹਰਾਇਆ ਹੈ, ਜਿਸ ਵਲੋਂ ਇਸ ਨੂੰ ਉਲਟਾਉਣ ਦੀ ਅਪੀਲ ਕੀਤੀ ਹੈ।
ਆਸਟ੍ਰੇਲੀਆ ਨੇ ਕੈਨੇਡਾ, ਨਿਊਜ਼ੀਲੈਂਡ, ਨਾਰਵੇ ਅਤੇ ਯੂਨਾਈਟਿਡ ਕਿੰਗਡਮ ਦੇ ਆਪਣੇ ਹਮਰੁਤਬਾ ਦੇ ਨਾਲ ਇੱਕ ਸਾਂਝੇ ਬਿਆਨ ਵਿੱਚ ਨਿਸ਼ਾਨਾਬੱਧ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਜਿਸ ਵਿੱਚ ਯਾਤਰਾ ਪਾਬੰਦੀਆਂ ਅਤੇ ਵਿੱਤੀ ਪਾਬੰਦੀਆਂ ਸ਼ਾਮਲ ਹਨ, ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਇਟਾਮਾਰ ਬੇਨ-ਗਵੀਰ ਅਤੇ ਵਿੱਤ ਮੰਤਰੀ ਬੇਜ਼ਲੇਲ ਸਮੋਟਰਿਚ ਦੇ ਵਿਰੁੱਧ ਹਨ, ਜਿਨ੍ਹਾਂ ‘ਤੇ ਕੱਟੜਪੰਥੀ ਹਿੰਸਾ ਅਤੇ ਫਲਸਤੀਨੀ ਮਨੁੱਖੀ ਅਧਿਕਾਰਾਂ ਦੇ ਗੰਭੀਰ ਘਾਣ ਨੂੰ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਜ਼ਰਾਈਲ ਦੀ ਯਹੂਦੀ ਪਾਵਰ ਪਾਰਟੀ ਤੋਂ ਬੇਨ-ਗਵੀਰ, ਅਤੇ ਧਾਰਮਿਕ ਜ਼ਾਇਓਨਿਜ਼ਮ ਪਾਰਟੀ ਦੇ ਸਮੋਟਰਿਚ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਗੱਠਜੋੜ ਸਰਕਾਰ ਦੇ ਮੈਂਬਰ ਹਨ ਅਤੇ ਉਹ ਵੈਸਟ ਬੈਂਕ ਦੇ ਵਸਨੀਕ ਵੀ ਹਨ।
ਇਹਨਾਂ ਪਾਬੰਦੀਆਂ ਦਾ ਮਤਲਬ ਹੈ ਕਿ ਆਸਟ੍ਰੇਲੀਆ ਵਿੱਚ ਰੱਖੀ ਗਈ ਉਹਨਾਂ ਦੀ ਕਿਸੇ ਵੀ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇਗਾ, ਉਨ੍ਹਾਂ ਨੂੰ ਵਿੱਤੀ ਸਹਾਇਤਾ ਦੀ ਵਿਵਸਥਾ ਤੋਂ ਇਨਕਾਰ ਕਰ ਦਿੱਤਾ ਜਾਵੇਗਾ, ਅਤੇ ਉਹ ਆਸਟ੍ਰੇਲੀਆ ਦੀ ਯਾਤਰਾ ਨਹੀਂ ਕਰ ਸਕਣਗੇ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇੱਕ ਸਪੱਸ਼ਟ ਬਿਆਨ ਵਿੱਚ, ਪੰਜ ਦੇਸ਼ਾਂ ਦੁਆਰਾ ਲਾਈਆਂ ਪਾਬੰਦੀਆਂ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ, ‘ਉਹ ਗਾਜ਼ਾ ਵਿੱਚ ਜੰਗਬੰਦੀ ਪ੍ਰਾਪਤ ਕਰਨ ਅਤੇ ਹਮਾਸ ਦੁਆਰਾ ਬੰਧਕ ਬਣਾਏ ਗਏ ਆਖਰੀ ਇਜ਼ਰਾਈਲੀ ਬੰਧਕਾਂ ਨੂੰ ਘਰ ਲਿਆਉਣ ਲਈ ਅਮਰੀਕੀ ਯਤਨਾਂ ਵਿੱਚ ਮਦਦ ਨਹੀਂ ਕਰਨਗੇ। ਅਸੀਂ ਆਪਣੇ ਭਾਈਵਾਲਾਂ ਨੂੰ ਯਾਦ ਦਿਵਾਉਂਦੇ ਹਾਂ ਕਿ ਇਹ ਨਾ ਭੁੱਲੋ ਅਸਲ ਦੁਸ਼ਮਣ ਕੌਣ ਹੈ। ਸੰਯੁਕਤ ਰਾਜ ਅਮਰੀਕਾ ਪਾਬੰਦੀਆਂ ਨੂੰ ਉਲਟਾਉਣ ਦੀ ਅਪੀਲ ਕਰਦਾ ਹੈ ਅਤੇ ਇਜ਼ਰਾਈਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।”
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਸਬੰਧੀ ਕਿਹਾ ਹੈ ਕਿ, ‘ਅਮਰੀਕਾ ਦੀ ਪ੍ਰਤੀਕ੍ਰਿਆ ਦਾ ਉਹਨਾਂ ਨੂੰ ਪਹਿਲਾਂ ਹੀ ਇਹ ਅਨੁਮਾਨ ਸੀ। ਇਜ਼ਰਾਈਲੀ ਸਰਕਾਰ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਜ਼ਰੂਰਤ ਹੈ, ਅਤੇ ਅਸੀਂ ਜੋ ਵਿਸਥਾਰਪੂਰਵਕ ਬਿਆਨਬਾਜ਼ੀ ਵੇਖੀ ਹੈ ਉਹ ਸਪੱਸ਼ਟ ਤੌਰ ‘ਤੇ ਨੇਤਨਯਾਹੂ ਸਰਕਾਰ ਦੇ ਇਨ੍ਹਾਂ ਕੱਟੜਪੰਥੀ ਸੱਜੇ-ਪੱਖੀ ਮੈਂਬਰਾਂ ਦੇ ਉਲਟ ਹੈ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਗਲੇ ਹਫ਼ਤੇ ਕੈਨੇਡਾ ਵਿੱਚ ਹੋਣ ਵਾਲੇ ਜੀ7 ਸੰਮੇਲਨ ਦੇ ਮੌਕੇ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।
ਇਸੇ ਦੌਰਾਨ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ, ‘ਆਸਟ੍ਰੇਲੀਆ ਗਾਜ਼ਾ ਅਤੇ ਪੱਛਮੀ ਤੱਟ ਦੇ ਸੰਕਟ ‘ਤੇ ਇਕੱਲਿਆਂ ਪਾਸਾ ਨਹੀਂ ਬਦਲ ਸਕਦਾ ਪਰ ਉਹ ਉਹ ਦੂਜਿਆਂ ਨਾਲ ਮਿਲ ਕੇ ਕਾਰਵਾਈ ਕਰ ਸਕਦਾ ਹੈ। ਫਲਸਤੀਨੀ ਦੇ ਨਿਰਮਾਣ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਸੰਯੁਕਤ ਰਾਸ਼ਟਰ ਸੰਮੇਲਨ ਤੋਂ ਕੁਝ ਦਿਨ ਪਹਿਲਾਂ ਇਹਨਾਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਪਾਬੰਦੀਆਂ ‘ਤੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਮੰਤਰੀਆਂ ਦੀ ਫਲਸਤੀਨੀਆਂ ਦੇ ਜ਼ਬਰਦਸਤੀ ਉਜਾੜੇ ਅਤੇ ਨਵੀਆਂ ਇਜ਼ਰਾਈਲੀ ਬਸਤੀਆਂ ਦੇ ਨਿਰਮਾਣ ਦੇ ਲਈ ਕੱਟੜਪੰਥੀ ਬਿਆਨਬਾਜ਼ੀ ਬਹੁਤ ਭਿਆਨਕ ਅਤੇ ਖ਼ਤਰਨਾਕ ਹੈ।
ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਓਨ ਸਾਰ ਨੇ ਇਹਨਾਂ ਪਾਬੰਦੀਆਂ ਨੂੰ ਅਪਮਾਨਜਨਕ ਦੱਸਦਿਆਂ ਕਿਹਾ ਹੈ ਕਿ, ‘ਉਨ੍ਹਾਂ ਦੀ ਸਰਕਾਰ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਮੀਟਿੰਗ ਕਰੇਗੀ ਤਾਂ ਜੋ ਇਹ ਫੈਸਲਾ ਕੀਤਾ ਜਾਵੇਗਾ ਕਿ ਪੰਜ ਦੇਸ਼ਾਂ ਦੁਆਰਾ ਲਏ ਗਏ ਅਸਵੀਕਾਰਕਰਨਯੋਗ ਫੈਸਲੇ ਦਾ ਜਵਾਬ ਕਿਵੇਂ ਦਿੱਤਾ ਜਾਵੇ। ਹਾਲਾਂਕਿ ਪਾਬੰਦੀਆਂ ਪੱਛਮੀ ਤੱਟ ‘ਤੇ ਕੇਂਦ੍ਰਿਤ ਹਨ, ਇਸ ਨੂੰ ਗਾਜ਼ਾ ਵਿੱਚ ਹੋਈ ਤਬਾਹੀ ਤੋਂ ਅਲੱਗ-ਥਲੱਗ ਨਹੀਂ ਦੇਖਿਆ ਜਾ ਸਕਦਾ”।
ਗਾਜ਼ਾ ਵਿੱਚ ਮੌਜੂਦਾ ਯੁੱਧ ਉਦੋਂ ਸ਼ੁਰੂ ਹੋਇਆ ਜਦੋਂ ਹਮਾਸ, ਇੱਕ ਮਨੋਨੀਤ ਅੱਤਵਾਦੀ ਸੰਗਠਨ ਨੇ 7 ਅਕਤੂਬਰ, 2023 ਨੂੰ ਇਜ਼ਰਾਈਲ ‘ਤੇ ਹਮਲਾ ਕਰਕੇ ਲਗਭਗ 1200 ਲੋਕਾਂ ਨੂੰ ਮਾਰ ਦਿੱਤਾ ਅਤੇ 250 ਹੋਰਾਂ ਨੂੰ ਅਗਵਾ ਕਰ ਲਿਆ ਸੀ। ਇਸਦੇ ਫਲਸਰੂਪ ਪੱਟੀ ਵਿੱਚ 40,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।