
ਸੰਗਰੂਰ।
ਜੈਲਾ ਸਾਰਾ ਦਿਨ ਤੁਰਿਆ ਰਹਿੰਦਾ । ਪਤਾ ਨਹੀਂ ਕਿਹੜੇ ਵੇਲੇ ਖਾਂਦਾ ਪੀਂਦਾ , ਕੁੱਝ ਖਾਂਦਾ ਪੀਂਦਾ ਵੀ ਜਾਂ ਨਹੀਂ। ਬਹੁਤੇ ਲੋਕ ਤਾਂ ਉਸ ਨੂੰ ਦੇਖ ਕੇ ਰਾਹ ਬਦਲ ਕੇ ਲੰਘ ਜਾਂਦੇ । ਉਸ ਦੀਆਂ ਗੱਲਾਂ ਦੀ ਕਿਸੇ ਨੂੰ ਸਮਝ ਨਹੀਂ ਸੀ ਲੱਗਦੀ। ਉਹ ਆਪਣੇ ਕੋਲ ਇੱਕ ਝੋਲ਼ਾ ਰੱਖਦਾ ਸੀ । ਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਂਭ ਰੱਖੇ ਸਨ। ਜੇ ਕੋਈ ਉਸ ਨੂੰ ਬੁਲਾ ਲੈਂਦਾ ਤਾਂ ਉਹ ਆਪਣੇ ਝੋਲ਼ੇ ਵਿੱਚੋਂ ਅਖਬਾਰ ਕੱਢਦਾ। ਉਸ ਉੱਤੇ ਪਹਿਲੀਆਂ ਦੋ ਉਂਗਲਾਂ ਰੱਖਦਾ ਤੇ ਫਿਰ ਇੱਕ ਉੰਗਲੀ ਨੂੰ ਚੁੱਕਦਾ ਦੂਜੀ ਨੂੰ ਰੱਖਦਾ ਦੂਜੀ ਨੂੰ ਚੁੱਕਦਾ ਪਹਿਲੀ ਨੂੰ ਰੱਖਦਾ ਜਿਵੇਂ ਤੁਰਨ ਵੇਲੇ ਕਦਮ ਪੁੱਟੀਦੇ ਨੇ ਵਾਰ-ਵਾਰ ਇਹੀ ਬੋਲਦਾ ‘ ਆਹ ਜਾਂਦੀ ਐ ਪੈੜ, ਆਹ ਜਾਂਦੀ ਐ ਪੈੜ…….।’ ਫਿਰ ਇੱਕ ਥਾਂ ਤੇ ਰੁਕ ਜਾਂਦਾ, ਅੱਗੇ ਕੁੱਝ ਵੀ ਨਾ ਬੋਲਦਾ, ਬੱਸ ਦੂਜੇ ਵਿਅਕਤੀ ਦੇ ਮੂੰਹ ਵੱਲ ਦੇਖਦਾ। ਗੱਲ ਦੀ ਕਿਸੇ ਨੂੰ ਸਮਝ ਨਾ ਲੱਗਦੀ ਤਾਂ ਉਸ ਦਾ ਜੀਅ ਕਾਹਲਾ ਪੈਂਦਾ ਅਤੇ ਉਹ ਇੱਕ ਹੱਥ ਨਾਲ ਝੋਲ਼ਾ ਸੰਭਾਲਦਾ ਅਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁੱਗ ਭਰ ਲੈਂਦਾ ਬੁੜਬੁੜ ਕਰਦਾ ਅੱਗੇ ਲੰਘ ਜਾਂਦਾ।