Articles

ਇਕ ਅਮਰੀਕਨ ਨੂੰ ਮੈਂ ਲੁਆਈ ਸੀ ਹੱਥ-ਕੜੀ !

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਸੰਨ 2004 ਵਿਚ ‘ਬਲੱਡ-ਰਿਲੇਸ਼ਨ’ ਦੇ ਕਾਨੂੰਨੀ ਢੰਗ ਨਾਲ ਅਮਰੀਕਾ ਗਿਆ ਹੋਇਆ ਮੈਂ ਇਕ ਅਜਿਹੀ ਕੰਪਨੀ ‘ਚ ਰਾਤ ਦੀ ਜੌਬ ਕਰਦਾ ਸਾਂ ਜਿੱਥੇ ਪੰਜ ਜਾਂ ਛੇ ਟੀਨ-ਏਜਰ ਮੁੰਡੇ,ਅੱਧੀ ਕੁ ਰਾਤ ਤੱਕ ਪੜ੍ਹਦੇ ਹੁੰਦੇ ਸਨ। ਮੇਰੀ ਡਿਊਟੀ ਇਹ ਹੁੰਦੀ ਸੀ ਕਿ ਉਨ੍ਹਾਂ ਨੂੰ ਰੋਕਣਾ-ਟੋਕਣਾ ਕੋਈ ਨਹੀਂ ਬਸ ਉਨ੍ਹਾਂ ਦੀ ਕਿਸੇ ਗਲ੍ਹਤ ਸਰਗਰਮੀ ਨੂੰ ਰਜਿਸਟਰ ਵਿਚ ਦਰਜ ਕਰ ਦੇਣਾ ਹੈ ਜਾਂ ਫਿਰ ਉਨ੍ਹਾਂ ਵਲੋਂ ਕੋਈ ਜਿਆਦਾ ਹੀ ਗੜਬੜ ਕਰਨੇ ‘ਤੇ ਮੈਂ ਆਪਣੀ ਸੁਪਰਵਾਈਜ਼ਰ ਨੂੰ ਫੋਨ ਕਰਕੇ ਬੁਲਾ ਲੈਂਦਾ ਹੁੰਦਾ ਸਾਂ।

ਵੈਸੇ ਸੁਪਰਵਾਈਜ਼ਰ ਬੁਲਾਉਣ ਦੀ ਵੀ ਨੌਬਤ ਬਹੁਤ ਘੱਟ ਆਉਂਦੀ ਹੁੰਦੀ ਸੀ ਨਹੀਂ ਤਾਂ ਸੁਪਰਵਾਈਜ਼ਰ ਨੇ ਮੈਨੂੰ ਰੁਟੀਨ ‘ਚ ਹੀ ਫੋਨ ‘ਤੇ ਪੁੱਛ ਲੈਣਾ-‘ਮਿਸਟਰ ਸਿੰਘ ਐਵਰੀਥਿੰਗ ਇਜ਼ ਓ.ਕੇ ?’

ਸੰਨ 2011 ਵਿਚ ਓਸਾਮਾ ਬਿਨ ਲਾਦਿਨ ਦੇ ਖਾਤਮੇ ਵਾਲ਼ੇ ਕਾਂਡ ਨੂੰ ਹਾਲ਼ੇ ਥੋੜ੍ਹੇ ਦਿਨ ਹੀ ਹੋਏ ਸਨ ਕਿ ਡਿਊਟੀ ਸਮੇਂ ਇਕ ਗੋਰੇ ਮੁੰਡੇ ਨੇ ਸ਼ਰਾਰਤੀ ਜਿਹੇ ਲਹਿਜੇ ਨਾਲ ਮੇਰੀ ਪੱਗ ਵੱਲ੍ਹ ਇਸ਼ਾਰਾ ਕਰਦਿਆਂ ਮੈਨੂੰ ਲਾਦਿਨ ਦਾ ਨਾਂ ਲੈ ਕੇ ਟਿੱਚਰ ਜਿਹੀ ਕੀਤੀ!

ਉਸ ਰਾਤ ਜਦ ਮੈਨੂੰ ਰੋਜ ਵਾਂਗ ਸੁਪਰਵਾਈਜ਼ਰ ਨੇ ਫੋਨ ‘ਤੇ ਹਾਲ-ਹਵਾਲ ਪੁੱਛਿਆ ਤਾਂ ‘ਐਵਰੀ ਥਿੰਗ ਓਕੇ’ ਕਹਿਕੇ ਸਹਿਵਨ ਹੀ ਮੈਂ ਇਹ ਵੀ ਦੱਸ ਦਿੱਤਾ ਕਿ ਫਲਾਣੇ ਗੋਰੇ ਮੁੰਡੇ ਨੇ ਮੈਨੂੰ ਏਦਾਂ ਏਦਾਂ ਕਿਹਾ ਐ! ਯਕੀਨ ਜਾਣਿਉਂ ਇਹ ਗੱਲ ਮੈਂ ਮਹਿਜ ਦਫਤਰੀ ਇਨਫਰਮੇਸ਼ਨ ਦੇਣ ਵਜੋਂ ਹੀ ਦੱਸੀ ਸੀ, ਮੇਰੇ ਮਨ ‘ਚ ਉਸ ਮੁੰਡੇ ਵਲੋਂ ਕਹੀ ਗੱਲ ਬਾਰੇ ਕੋਈ ਗੁੱਸਾ ਜਾਂ ਰੰਜ ਨਹੀਂ ਸੀ!

ਪਰ ਸੁਪਰਵਾਈਜ਼ਰ ਨੇ ਸੁਣਦਿਆਂ ਸਾਰ ‘ਓ ਮਾਈ ਗੌਡ !’ ਕਹਿਕੇ ਮੈਨੂੰ ਦੱਸਿਆ ਕਿ ਮੈਂ ਤੇਰੇ ਕੋਲ਼ ਹੁਣੇ ਆ ਰਹੀ ਹਾਂ ! ਸਾਡੇ ਦਫਤਰ ਪਹੁੰਚ ਕੇ ਉਸਨੇ ਪੁਲੀਸ ਨੂੰ ਕਾਲ ਕੀਤੀ। ਮਿੰਟਾਂ ਵਿਚ ਹੀ ਦੋ ਪੁਲੀਸਮੈਨ ਆ ਗਏ!ਮੈਂ ਸੋਚ ਰਿਹਾ ਸਾਂ ਕਿ ਪੁਲੀਸ ਵਾਲ਼ੇ ਸ਼ਾਇਦ ਮੈਥੋਂ ਲੋੜੀਂਦੀ ਪੁੱਛ-ਗਿੱਛ ਕਰਨਗੇ ਪਰ ਉਨ੍ਹਾਂ ਨੇ ਮੇਰੀ ਸੁਪਰਵਾਈਜ਼ਰ ਨਾਲ ਹੀ ਗੱਲ-ਬਾਤ ਕਰਕੇ ਉਸ ਮੁੰਡੇ ਨੂੰ ਕਮਰੇ ਤੋਂ ਬਾਹਰ ਬੁਲਾਇਆ। ਨਾਂ-ਪਤਾ ਪੁੱਛ ਕੇ ਉਹਦੇ ਪੁੱਠੀ ਹੱਥ-ਕੜੀ ਮਾਰ ਲਈ।

ਪੁਲੀਸ ਵਾਲੇ ਜਦ ਉਸ ਮੁੰਡੇ ਨੂੰ ਦਫਤਰੋਂ ਬਾਹਰ ਖੜ੍ਹੀ ਆਪਣੀ ਗੱਡੀ ‘ਚ ਬਿਠਾਉਣ ਲਈ ਲੈ ਜਾਣ ਲੱਗੇ ਤਾਂ ਸੁਪਰਵਾਈਜ਼ਰ ਨੇ ਉਸ ਮੁੰਡੇ ਨੂੰ ਧਾ ਗਲਵਕੜੀ ਪਾ ਲਈ ! ਮੈਂ ਹੈਰਾਨ ਹੋਇਆ ਉਨ੍ਹਾਂ ਵੱਲ ਦੇਖਣ ਲੱਗਾ !!ਸੁਪਰਵਾਈਜ਼ਰ ਉਸ ਮੁੰਡੇ ਨੂੰ ਪਿਆਰਦੀ ਦੁਲਾਰਦੀ ਕਹਿਣ ਲੱਗੀ-

“ਮਾਈ ਡੀਅਰ ਸਨ,ਮੈਂ ਤੇਰੇ ਭਲੇ ਹਿਤ ਹੀ ਤੈਨੂੰ ਕਾਨੂੰਨ ਦੇ ਹਵਾਲੇ ਕੀਤਾ ਹੈ ਤਾਂ ਕਿ ਤੂੰ ਚੰਗਾ ਇਨਸਾਨ ਬਣ ਸਕੇਂ ਅਤੇ ਭਵਿੱਖ ਵਿਚ ਕਿਸੇ ਦਾ ਦਿਲ ਨਾ ਦੁਖਾਵੇਂ ਜਿਵੇਂ ਤੂੰ ਅੱਜ ਮਿਸਟਰ ਸਿੰਘ ਨੂੰ ‘ਹਰ੍ਹਟ’ ਕੀਤਾ ਹੈ….!”

‘ਗੁੱਡ-ਲੱਕ ਮੇਰੇ ਪਿਆਰੇ !’ ਕਹਿ ਕੇ ਸੁਪਰਵਾਈਜ਼ਰ ਨੇ ਉਸ ਮੁੰਡੇ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਸੀ !

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin