ਨਿਹੰਗਾਂ ਤੇ ਪੁਲਿਸ ਵਿਚਾਲੇ ਅੱਜ 12 ਅਪਰੈਲ ਨੂੰ ਸਵੇਰੇ-ਸਵੇਰੇ ਹੋਈ ਝੜਪ ਨੇ ਸਮੁੱਚੇ ਸਮਾਜ ਨੂੰ ਕਈ ਵਿਸ਼ੇਸ਼ ਗੱਲਾਂ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ।ਇੱਕ ਪਾਸੇ ਜਿੱਥੇ ਸਿੱਖ ਪੂਰੀ ਦੁਨੀਆਂ ਚ ਫੈਲੀ ਮਹਾਂਮਾਰੀ ਕਾਰਨ ,ਭੁੱਖ ਨਾਲ ਲੜ ਰਹੇ ਗ਼ਰੀਬ, ਦੀਨ ਦੁਖੀਆਂ ਨੂੰ ਰਜਾਉਣ ਚ ਚੌਵੀ ਘੰਟੇ ਸੇਵਾ ਲਈ ਲੱਗੇ ਹੋਏ ਹਨ ਅਤੇ ਸਿੱਖ ਕੌਮ ਦਾ ਸਿਰ ਸਮਾਜ ਚ ਉੱਚਾ ਚੁੱਕ ਰਹੇ ਹਨ| ਉੱਥੇ ਕਈ ਕਾਰਕੁਨ ਅਜਿਹੇ ਵੀ ਹਨ ਜੋ ਇਸ ਬਹਾਦਰ ਤੇ ਜੁਝਾਰੂ ਕੌਮ ਦੀ ਓਟ ਵਿੱਚ ਅਨੇਕਾਂ ਅਜਿਹੀਆਂ ਸਾਜ਼ਿਸ਼ਾਂ ਨੂੰ ਰਚਾੳੁਣ ਚ ਲੱਗੇ ਰਹਿੰਦੇ ਹਨ । ਜਿਨ੍ਹਾਂ ਕਾਰਨ ਸਿੱਖਾਂ ਦੇ ਅਕਸ ਤੇ ਇੱਕ ਡੂੰਘੀ ਮਾਰ ਪੈਂਦੀ ਹੈ | ਹਾਲਾਂਕਿ ਹਰੇਕ ਸੰਪਰਦਾਇ ਵਿੱਚ ਅਜਿਹੇ ਸ਼ਰਾਰਤੀ ਅਨਸਰਾਂ ਦਾ ਹੋਣਾ ਆਮ ਗੱਲ ਹੈ । ਪਰ ਜਿੱਥੇ ਲੋਕ ਇਸ ਧਰਮ ਦੀਆਂ ਮਿਸਾਲਾਂ ਦਿੰਦੇ ਹੋਣ ਉੱਥੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਬੜਾ ਹੀ ਮੰਦਭਾਗਾ ਹੈ।
ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਕੁਝ ਨਿਹੰਗ ਸਿੰਘ ਜੋ ਕਿ ਨਿਹੰਗ ਕਹਾਉਣ ਦੇ ਲਾਇਕ ਵੀ ਨਹੀਂ ਹਨ । ਨੇ ਪੁਲਿਸ ਵੱਲੋਂ ਲਗਾਏ ਨਾਕਿਆਂ ਤੇ ਬੈਰੀਕੇਡਾਂ ਨੂੰ ਤੋੜਿਅਾ ਤੇ ਅੱਗੇ ਲੰਘੇ । ਮੌਕੇ ਤੇ ਤਾਇਨਾਤ ਪੁਲਿਸ ਨੇ ਜਦ ਕਰਫਿਊ ਪਾਸ ਅਤੇ ਇਸ ਤਰ੍ਹਾਂ ਕੀਤੀ ਬਦਸਲੂਕੀ ਬਾਰੇ ਜਾਨਣਾ ਚਾਹਿਆ ਤਾਂ ਗੱਡੀ ਚੋਂ ਨਿਕਲੇ ਨਿਹੰਗਾਂ ਨੇ ਤਲਵਾਰਾਂ ਨਾਲ ਉਨ੍ਹਾਂ ਪੁਲੀਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ । ਜਿਸ ਵਿੱਚ ਇੱਕ ਅਧਿਕਾਰੀ ਦਾ ਹੱਥ ਹੀ ਬਾਂਹ ਨਾਲੋਂ ਵੱਖ ਕਰ ਦਿੱਤਾ | ਇਸ ਸਾਰੇ ਘਟਨਾਕਰਮ ਨੂੰ ਅਸੀਂ ਬਾਖ਼ੂਬੀ ਦੇਖਿਆ ਤੇ ਜਾਣਿਆ ਹੈ | ਮੈਂ ਇੱਥੇ ਘਟਨਾ ਦੇ ਉਸ ਪੱਖ ਦੀ ਗੱਲ ਕਰਨੀ ਚਾਹੁੰਦਾ ਹਾਂ | ਜਿਸ ਦੇ ਸੰਦਰਭ ਵਿੱਚ ਭਵਿੱਖ ਚ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ ।
ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਪੁਲਿਸ , ਕਮਾਂਡੋ ਨੇ ਪਿੰਡ ਦੀ ਪੰਚਾਇਤ ਦੀ ਮੌਜੂਦਗੀ ਚ ਸਾਰਾ ਆਪ੍ਰੇਸ਼ਨ ਸਿਰੇ ਚੜ੍ਹਾਇਆ ਤੇ ਨਿਹੰਗਾਂ ਨੂੰ ਗ੍ਰਿਫਤਾਰ ਵੀ ਕੀਤਾ । ਇਸ ਸਮੁੱਚੇ ਘਟਨਾ ਕਰਮ ਨੂੰ ਦੇਖਦਿਆਂ ਜੋ ਗੱਲ ਹੈਰਾਨ ਕਰਨ ਵਾਲੀ ਹੈ .| ਉਹ ਹੈ ਗੁਰਦੁਆਰੇ ਚੋਂ ਭਾਰੀ ਮਾਤਰਾ ਵਿੱਚ ਦੇਸੀ ਅਸਲਾ, ਕਾਰਤੂਸ ,ਪੁਲਿਸ ਦੇ ਦੱਸੇ ਅਨੁਸਾਰ 39 ਲੱਖ ਦੀ ਨਕਦੀ, ਪਿਸਟਲ, ਤਲਵਾਰਾਂ ,ਡਾਂਗਾਂ ,ਸੋਟੀਆਂ, ਭੰਗ ਅਤੇ ਸੁਲਫੇ ਦੇ ਨਸ਼ੇ ਦੀਆਂ ਬੋਰੀਆਂ, ਖੁਦ ਤਿਆਰ ਕੀਤੇ ਪੈਟਰੋਲ ਬੰਬ ਅਤੇ ਸਿਲੰਡਰਾਂ ਦਾ ਮਿਲਣਾ ।ਅਸੀਂ ਸਭ ਜਾਣਦੇ ਹਾਂ ਕਿ ਇਨ੍ਹਾਂ ਸਭ ਚੀਜ਼ਾਂ ਦਾ ਗੁਰੂ ਘਰ ਅੰਦਰ ਰੱਖਣ ਦਾ ਉੱਕਾ ਹੀ ਸਬੰਧ ਨਹੀਂ ਹੈ | ਇਹ ਗੁਰੂ ਘਰ ਪ੍ਰਮਾਤਮਾ ਦੇ ਨਾਮ ਜਪਣ, ਸਿਮਰਨ ਕਰਨ ਦਾ ਸਥਾਨ ਹੈ ਨਾ ਕਿ ਕਿਸੇ ਗੁੰਡੇ ਬਦਮਾਸ਼ ਦਾ ਅੱਡਾ । ਇਹ ਸਭ ਜ਼ਖ਼ੀਰੇ ਦਾ ਗੁਰਦੁਆਰਿਆਂ ਚ ਕੀ ਕੰਮ ? ਜਿਨ੍ਹਾਂ ਨਿਹੰਗ ਸਿੰਘਾਂ ਕੋਲ ਲਾਇਸੰਸੀ ਹਥਿਆਰ ਨੇ ,ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਨੂੰ ਆਪਣੇ ਤੱਕ ਹੀ ਸੀਮਤ ਰੱਖਣ ਤਾਂ ਜੋ ਗੁਰੂਦੁਅਾਰਿਅਾਂ ਦੀ ਮਰਯਾਦਾ ਬਣੀ ਰਹੇ| ਅੱਜ ਵਾਲਾ ਘਟਨਾਕ੍ਰਮ, ਇੰਨਾ ਜ਼ਿਆਦਾ ਭਿਆਨਕ ਸੀ ਕਿ ਪਿੰਡ ਵਾਲੇ ਵੀ ਇਨ੍ਹਾਂ ਸ਼ਰਾਰਤੀ ਅਨਸਰਾਂ ਤੋਂ ਪੂਰਨ ਰੂਪ ਵਿੱਚ ਅੱਕੇ ਪਏ ਸਨ ਤੇ ਪੂਰੀ ਤਰ੍ਹਾਂ ਇਨ੍ਹਾਂ ਦੇ ਖ਼ਿਲਾਫ਼ ਸਨ | ਸਗੋਂ ਹੁਣ ਉਨ੍ਹਾਂ ਨੇ ਇੱਕ ਸੁੱਖ ਦਾ ਸਾਹ ਲਿਆ | ਗੁਰੂ ਦੇ ਘਰ, ਜਿੱਥੇ ਹਰ ਰੋਜ਼ ਨਾਮ ਸਿਮਰਨ ਹੁੰਦਾ ਹੈ | ਉੱਥੇ ਇਨ੍ਹਾਂ ਵੱਲੋਂ ਇਕੱਠੇ ਕੀਤੇ ਇਸ ਮਾਲ ਦਾ ਸਿੱਧਾ ਸਬੰਧ ਕਿਸੇ ਭਿਆਨਕ ਗਤੀਵਿਧੀ ਵਾਪਰਨ ਵੱਲ ਇਸ਼ਾਰਾ ਕਰਦਾ ਹੈ | ਅਜਿਹੇ ਸਭ ਨੂੰ ਦੇਖਦਿਆਂ ਇਨ੍ਹਾਂ ਨਿਹੰਗਾਂ ਦੇ ਮਨਸੂਬੇ ਮਨੁੱਖਤਾ ਦੇ ਖਿਲਾਫ ਲੱਗਦੇ ਸਨ | ਮੇਰੀ ਪੰਜਾਬ ਸਰਕਾਰ ਨੂੰ ਇਹੋ ਬੇਨਤੀ ਹੈ ਕਿ ਪੰਜਾਬ ਦੇ ਸਾਰੇ ਇਤਿਹਾਸਕ ਗੁਰਦੁਆਰੇਅਾਂ ਚ ਸੀਸੀਟੀਵੀ ਕੈਮਰੇ ਲਗਾਏ ਜਾਣ | ਜਿੰਨ੍ਹਾਂ ਦੀ ਸਕਰੀਨਿੰਗ ਦਾ ਚਾਰਜ ਇੱਕ ਐੱਸਜੀਪੀਸੀ ਦੇ ਕੋਲ ਹੋਣ ਪਰ ਜਰੂਰੀ ਹੈ ਕਿ ਨਾਲ ਨਾਲ ਸਰਕਾਰ ਦੇ ਪ੍ਰਸ਼ਾਸਨਿਕ ਢਾਂਚੇ ਕੋਲ ਵੀ ਲਾਜਮੀ ਹੋਵੇ ਅਤੇ ਇਹ ਹਰੇਕ ਜ਼ਿਲੇ ਅਨੁਸਾਰ ਪੁਲਿਸ ਦਾ ਇੱਕ ਵਿੰਗ ਇਹ ਵੀ ਬਣੇ | ਜਿਸ ਵਿੱਚ ਗੁਰੂ ਘਰ ਦੇ ਕੈਮਰਿਆਂ ਚੋਂ ਗੁਰੂ ਘਰ ਦੀ ਹਾਲਤ ਉੱਥੋਂ ਦੀ ਸਾਰੀ ਸਥਿਤੀ ਦਾ ਜਾਇਜਾ ਮਿਲਦਾ ਰਹੇ । ਅਜਿਹਾ ਹੋਣ ਨਾਲ ਉਪਰੋਕਤ ਵਾਪਰੀ ਘਟਨਾ ਵਰਗੀਆਂ ਸਥਿਤੀਆਂ ਭਵਿੱਖ ਵਿੱਚ ਕਿਤੇ ਹੋਰ ਨਾ ਵਾਪਰਨ.| ਕਿਉਂਕਿ ਇਹ ਗੁਰੂਘਰ ਗੁਰੂਆਂ ਦੀ ਬਾਣੀ ਦਾ ਪਵਿੱਤਰ ਅਸਥਾਨ ਹੈ ਜਿਥੇ ਪਾਵਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ । ਇਸ ਨੂੰ ਬਦਮਾਸ਼ਾਂ ਦੇ ਅੱਡੇ ਬਣਨ ਤੋਂ ਰੋਕਿਆ ਜਾਵੇ ।