ArticlesAustralia & New ZealandTravel

ਇਸ ਲੌਂਗ ਵੀਕਐਂਡ ਦੌਰਾਨ ਪਾਣੀ ਦੇ ਨੇੜੇ ਸਾਵਧਾਨ ਰਹਿਓ !

ਇਸ ਲੌਂਗ ਵੀਕਐਂਡ ਦੌਰਾਨ ਪਾਣੀ ਦੇ ਨੇੜੇ ਸਾਵਧਾਨ ਰਹਿਓ !

ਐਂਬੂਲੈਂਸ ਵਿਕਟੋਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ, ‘ਇਸ ਲੌਂਗ ਵੀਕਐਂਡ ਦੌਰਾਨ ਪਾਣੀ ਵਿੱਚ ਅਤੇ ਪਾਣੀ ਦੇ ਆਲੇ-ਦੁਆਲੇ ਹੋਰ ਜਿਆਦਾ ਸਾਵਧਾਨੀ ਵਰਤੀ ਜਾਵੇ, ਕਿਉਂਕਿ ਪੂਰੇ ਵਿਕਟੋਰੀਆ ਦੇ ਵਿੱਚ ਡੁੱਬਣ ਦੀਆਂ ਦੁੱਖਦਾਈ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।”

ਲਾਈਫ ਸੇਵਿੰਗ ਵਿਕਟੋਰੀਆ ਦੇ ਮੁਤਾਬਕ 2024–25 ਵਿੱਚ ਵਿਕਟੋਰੀਆ ਦੀਆਂ ਜਲ ਮਾਰਗਾਂ ਵਿੱਚ 52 ਲੋਕਾਂ ਦੀ ਡੁੱਬਣ ਕਾਰਨ ਮੌਤ ਹੋਈ, ਜੋ ਪਿਛਲੇ ਦਹਾਕੇ ਦੀ ਔਸਤ ਨਾਲੋਂ 9 ਫੀਸਦੀ ਵੱਧ ਹੈ। ਇਸ ਤੋਂ ਇਲਾਵਾ, 123 ਲੋਕ ਗੈਰ-ਘਾਤਕ ਡੁੱਬਣ ਦੀਆਂ ਘਟਨਾਵਾਂ ਦਾ ਸ਼ਿਕਾਰ ਹੋਏ।

ਲਾਈਫ ਸੇਵਿੰਗ ਵਿਕਟੋਰੀਆ ਦੀ ਚੀਫ਼ ਓਪਰੇਸ਼ਨਜ਼ ਅਫਸਰ ਕਰਿਸਟੀ ਰੋਬਰਟਸਨ ਨੇ ਕਿਹਾ ਹੈ ਕਿ, “ਕੋਈ ਵੀ ਨਹੀਂ ਚਾਹੁੰਦਾ ਕਿ ਪਾਣੀ ਕੋਲ ਬਿਤਾਇਆ ਦਿਨ ਦੁੱਖ ਵਿੱਚ ਬਦਲ ਜਾਵੇ। ਹਰ ਕਿਸੇ ਨੂੰ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਪਾਣੀ ਦੀ ਸੁਰੱਖਿਆ ਸਭ ਦੀ ਜ਼ਿੰਮੇਵਾਰੀ ਹੈ।”

ਐਂਬੂਲੈਂਸ ਵਿਕਟੋਰੀਆ ਦੇ ਐਕਟਿੰਗ ਏਗਜ਼ਿਕਿਊਟਿਵ ਡਾਇਰੈਕਟਰ (ਰੀਜਨਲ ਓਪਰੇਸ਼ਨਜ਼) ਮਾਈਕਲ ਜਾਰਜਿਓ ਨੇ ਕਿਹਾ ਹੈ ਕਿ, “ਪੈਰਾਮੈਡਿਕਸ ਅੱਖੀਂ ਵੇਖਦੇ ਹਨ ਕਿ ਕਿਵੇਂ ਇੱਕ ਮਜ਼ੇਦਾਰ ਦਿਨ ਪਲ ਭਰ ਵਿੱਚ ਜਾਨਲੇਵਾ ਐਮਰਜੈਂਸੀ ਬਣ ਸਕਦਾ ਹੈ। ਹਰ ਕੋਈ ਡੁੱਬਣ ਦੇ ਖਤਰੇ ਵਿੱਚ ਹੋ ਸਕਦਾ ਹੈ, ਭਾਵੇਂ ਉਹ ਚੰਗਾ ਤੈਰਾਕ ਹੀ ਕਿਉਂ ਨਾ ਹੋਵੇ ਜਾਂ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ। ਆਪਣੀ ਸਮਰੱਥਾ ਨੂੰ ਸਮਝੋ ਅਤੇ ਪਾਣੀ ਨਾਲ ਜੁੜੇ ਖਤਰੇ ਨੂੰ ਘੱਟ ਨਾ ਸਮਝੋ। ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ ਅਤੇ ਇੱਕੋ ਪਾਣੀ ਦੇ ਸਰੋਤ ਦੇ ਵੱਖ-ਵੱਖ ਹਿੱਸੇ ਵੱਖਰਾ ਵਰਤਾਓ ਕਰ ਸਕਦੇ ਹਨ। ਐਮਰਜੈਂਸੀ ਸੇਵਾਵਾਂ ਲੋਕਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਦੀਆਂ ਹਨ, ਪਰ ਹਰ ਵਿਅਕਤੀ ਦੀ ਆਪਣੀ ਅਤੇ ਦੂਜਿਆਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਹੈ। ਸਾਧਾਰਨ ਸਾਵਧਾਨੀਆਂ ਅਪਣਾਕੇ ਗੰਭੀਰ ਚੋਟ ਜਾਂ ਦੁੱਖਦਾਈ ਘਟਨਾਵਾਂ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਬੱਚਿਆਂ ਨੂੰ ਹਮੇਸ਼ਾ ਧਿਆਨ ਨਾਲ ਦੇਖੋ ਜਦੋਂ ਉਹ ਪਾਣੀ ਵਿੱਚ ਜਾਂ ਪਾਣੀ ਦੇ ਨੇੜੇ ਹੋਣ। 5 ਸਾਲ ਤੋਂ ਘੱਟ ਉਮਰ ਦੇ ਬੱਚੇ ਹਮੇਸ਼ਾ ਤੁਹਾਡੇ ਬਾਂਹਾਂ ਦੀ ਪਹੁੰਚ ਵਿੱਚ ਹੋਣ ਅਤੇ 5 ਤੋਂ 10 ਸਾਲ ਦੇ ਬੱਚੇ ਹਮੇਸ਼ਾ ਤੁਹਾਡੀ ਨਿਗਾਹ ਵਿੱਚ ਰਹਿਣ। ਕਿਸ਼ਤੀ ਚਲਾਉਂਦੇ ਜਾਂ ਮੱਛੀਆਂ ਫੜਦੇ ਸਮੇਂ ਲਾਈਫਜੈਕਟ ਪਹਿਨੋ ਅਤੇ ਪਾਣੀ ਦੇ ਨੇੜੇ ਰਹਿੰਦਿਆਂ ਸ਼ਰਾਬ ਤੋਂ ਪਰਹੇਜ਼ ਕਰੋ, ਤਾਂ ਜੋ ਤੁਸੀਂ ਸਾਵਧਾਨ ਰਹਿ ਸਕੋ।”

ਮਾਈਕਲ ਜਾਰਜਿਓ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਚੱਟਾਨਾਂ ਅਤੇ ਪਥਰੀਲੇ ਤੱਟੀ ਇਲਾਕਿਆਂ ਦੇ ਨੇੜੇ ਖਤਰਨਾਕ ਵਿਹਾਰ ਨਾਲ ਜੁੜੀਆਂ ਕਈ ਘਟਨਾਵਾਂ ਵਿੱਚ ਐਂਬੂਲੈਂਸ ਵਿਕਟੋਰੀਆ ਨੂੰ ਮੱਦਦ ਦੇ ਲਈ ਜਾਣਾ ਪਿਆ। ਇਸ ਗਰਮੀ ਦੌਰਾਨ ਅਸੀਂ ਕਈ ਲੋਕਾਂ ਨੂੰ ਗੰਭੀਰ ਚੋਟਾਂ ਨਾਲ ਦੇਖਿਆ ਹੈ ਜੋ ਚੱਟਾਨਾਂ ਤੋਂ ਡਿੱਗੇ ਜਾਂ ਛਾਲ ਮਾਰ ਗਏ। ਅਜਿਹੇ ਇਲਾਕਿਆਂ ਵਿੱਚ ਬਚਾਅ ਲਈ ਕਾਰਵਾਈਆਂ ਬਹੁਤ ਮੁਸ਼ਕਲ ਹੁੰਦੀਆਂ ਹਨ ਅਤੇ ਕਈ ਘੰਟੇ ਲੱਗ ਸਕਦੇ ਹਨ। ਚੱਟਾਨਾਂ ਤੋਂ ਛਾਲ ਮਾਰਨਾ, ਨਿਰਧਾਰਿਤ ਰਾਹ ਛੱਡਣਾ ਜਾਂ ਚੱਟਾਨਾਂ ਦੇ ਬਹੁਤ ਨੇੜੇ ਜਾਣਾ ਭਿਆਨਕ ਨਤੀਜੇ ਲਿਆ ਸਕਦਾ ਹੈ ਅਤੇ ਇਸ ਤੋਂ ਬਚਣਾ ਚਾਹੀਦਾ ਹੈ। ਜੇ ਤੁਸੀਂ ਪਾਣੀ ਦੇ ਨੇੜੇ ਸਮਾਂ ਬਿਤਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਦੂਰ-ਦਰਾਜ਼ ਇਲਾਕਿਆਂ ਵਿੱਚ ਮਦਦ ਕਿਵੇਂ ਲੈਣੀ ਹੈ, ਇਹ ਜਾਣੋ ਅਤੇ ਸੀਪੀਆਰ (ਛਫ੍ਰ) ਜਰੂਰ ਸਿੱਖੋ। ਜੇ ਕਿਸੇ ਨੂੰ ਪਾਣੀ ਵਿੱਚ ਮੁਸ਼ਕਲ ਵਿੱਚ ਵੇਖੋ, ਤੁਰੰਤ ਟ੍ਰਿਪਲ ਜ਼ੀਰੋ (000) ‘ਤੇ ਕਾਲ ਕਰੋ।”

ਪਾਣੀ ਦੇ ਨੇੜੇ ਸੁਰੱਖਿਅਤ ਰਹਿਣ ਲਈ ਜਰੂਰੀ ਸੁਝਾਅ:

  • ਪਾਣੀ ਦੇ ਨੇੜੇ ਲੱਗੇ ਸੰਕੇਤ ਪੜ੍ਹੋ ਅਤੇ ਖਤਰਿਆਂ ਬਾਰੇ ਜਾਣਕਾਰੀ ਲਵੋ।
  • ਤੈਰਨਾ ਸਿੱਖੋ ਅਤੇ ਆਪਣੀਆਂ ਹੱਦਾਂ ਨੂੰ ਜਾਣੋ।
  • ਕਦੇ ਵੀ ਇਕੱਲੇ ਤੈਰਾਕੀ ਨਾ ਕਰੋ ਅਤੇ ਕਿਸੇ ਨੂੰ ਦੱਸ ਕੇ ਜਾਓ ਕਿ ਤੁਸੀਂ ਕਿੱਥੇ ਜਾ ਰਹੇ ਹੋ।
  • ਪਾਣੀ ਦੇ ਨੇੜੇ ਸਦਾ ਸੁਚੇਤ ਰਹੋ ਅਤੇ ਖਾਸ ਕਰਕੇ ਬੱਚਿਆਂ ‘ਤੇ ਨਿਗਾਹ ਰੱਖੋ।
  • ਕਿਸ਼ਤੀ, ਵਾਟਰ ਸਪੋਰਟਸ ਜਾਂ ਤੈਰਾਕੀ ਦੌਰਾਨ ਠੀਕ ਤਰ੍ਹਾਂ ਫਿੱਟ ਕੀਤੀ ਲਾਈਫਜੈਕਟ ਹੀ ਪਹਿਨੋ।

ਹੋਰ ਮਦਦਗਾਰ ਸਰੋਤ:

ਬੀਚਸੇਫ਼ ਐਪ ਜਾਂ beachsafe.org.au ‘ਤੇ ਸੁਰੱਖਿਅਤ ਤੱਟਾਂ, ਮੌਸਮ ਅਤੇ ਪਾਣੀ ਦੀਆਂ ਹਾਲਤਾਂ ਬਾਰੇ ਜਾਣਕਾਰੀ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।

ਰੌਇਲ ਲਾਈਫ ਸੇਵਿੰਗ ਸੋਸਾਇਟੀ ਆਸਟ੍ਰੇਲੀਆ ਵੱਲੋਂ ਅੰਦਰੂਨੀ ਪਾਣੀ ਦੀ ਸੁਰੱਖਿਆ ਲਈ ਬਹੁਭਾਸ਼ੀ ਸਰੋਤ ਉਪਲਬਧ ਹਨ।

ਪਾਣੀ ‘ਤੇ ਜਾਣ ਤੋਂ ਪਹਿਲਾਂ VicEmergency ਜਾਂ BoM ਐਪ ਰਾਹੀਂ ਮੌਜੂਦਾ ਮੌਸਮ ਦੀ ਜਾਂਚ ਕਰੋ। ਸ਼ੱਕ ਹੋਵੇ ਤਾਂ ਨਾ ਜਾਓ।

Related posts

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !

admin

ਆਸਟ੍ਰੇਲੀਆ ਡੇ 2026 : ਦੇਸ਼ ਦੇ ਸਭ ਤੋਂ ਵੱਡੇ ਪ੍ਰੋਗ੍ਰਾਮ ਸਿਡਨੀ ਹਾਰਬਰ ਅਤੇ ਓਪਰਾ ਹਾਊਸ ‘ਤੇ ਹੋਣਗੇ।

admin

ਭਾਰਤ ਦੀ ਮਰਦਮਸ਼ੁਮਾਰੀ 2027 ਦਾ 1 ਅਪ੍ਰੈਲ 2026 ਤੋਂ ਪਹਿਲਾ ਪੜਾਅ ਸ਼ੁਰੂ ਹੋ ਜਾਵੇਗਾ

admin