
ਭਾਰਤ ਦਾ ਇੱਕ ਸਵੈ ਘੋਸ਼ਿਤ ਯੋਗ ਗੁਰੂ ਅਤੇ ਆਯੁਰਵੈਦਿਕ ਦਵਾਈ ਨਿਰਮਾਤਾ ਆਪਣੇ ਬੇਤੁਕੇ ਬਿਆਨਾਂ ਕਾਰਨ ਹਮੇਸ਼ਾਂ ਚਰਚਾ ਵਿੱਚ ਰਹਿੰਦਾ ਹੈ। ਕਦੇ ਸੰਜੀਵਨੀ ਬੂਟੀ ਦੀ ਖੋਜ ਕਰਨ ਦਾ ਦਾਅਵਾ, ਕਦੇ ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਏਡਜ਼ ਸਮੇਤ ਹਰੇਕ ਬਿਮਾਰੀ ਦਾ ਇਲਾਜ਼ ਕਰਨ ਦੀਆਂ ਗੱਪਾਂ ਅਤੇ ਹੁਣ ਕਰੋਨਾ ਠੀਕ ਕਰਨ ਦੀ ਦਵਾਈ ਲੱਭਣ ਸਬੰਧੀ ਝੂਠ ਮਾਰ ਰਿਹਾ ਹੈ। ਅੰਧ ਭਗਤ ਉਸ ਦੀ ਹਰੇਕ ਗੱਪ ਨੂੰ ਇਲਾਹੀ ਹੁਕਮ ਸਮਝ ਕੇ ਉਸ ਵੱਲੋਂ ਤਿਆਰ ਕੀਤੀ ਜਾਣ ਵਾਲੀ ਖੇਹ ਸਵਾਹ ਅਤੇ ਗਊ ਮੂਤਰ ਆਦਿ ਨੂੰ ਅੰਮ੍ਰਿਤ ਸਮਝ ਕੇ ਪੀ ਜਾਂਦੇ ਹਨ। ਬਿਨਾਂ ਕਿਸੇ ਮੈਡੀਕਲ ਡਿਗਰੀ ਤੋਂ ਇੱਕ ਅਨਪੜ੍ਹ ਵਿਅਕਤੀ ਦੁਆਰਾ ਐਨਾ ਵੱਡਾ ਮੈਡੀਕਲ ਸਾਮਰਾਜ ਕਾਇਮ ਕਰ ਲੈਣਾ ਸਿਰਫ ਭਾਰਤ ਵਿੱਚ ਹੀ ਸੰਭਵ ਹੈ। ਜੇ ਕਿਸੇ ਪੱਛਮੀ ਦੇਸ਼ ਵਿੱਚ ਇਸ ਨੇ ਅਜਿਹੀ ਫੈਕਟਰੀ ਲਗਾਈ ਹੁੰਦੀ ਜਾਂ ਅਜਿਹੇ ਦਾਅਵੇ ਕੀਤਾ ਹੁੰਦੇ ਤਾਂ ਕਦੇ ਦਾ ਜੇਲ੍ਹ ਯਾਤਰਾ ਕਰ ਚੁੱਕਾ ਹੁੰਦਾ। ਇਹ ਅਜਿਹੇ ਦਾਅਵੇ ਕਰਨ ਲੱਗਿਆਂ ਬਿਲਕੁਲ ਵੀ ਸ਼ਰਮ ਨਹੀਂ ਮੰਨਦਾ ਕਿ ਕੁਝ ਮਹੀਨੇ ਪਹਿਲਾਂ ਹੀ ਇਸ ਦਾ ਸਭ ਤੋਂ ਚਹੇਤਾ ਚੇਲਾ ਤੇ ਅਰਬਾਂ ਖਰਬਾਂ ਦੀਆਂ ਦਵਾਈ ਕੰਪਨੀਆਂ ਦਾ ਐਮ.ਡੀ. ਆਪਣੇ ਦਿਲ ਦਾ ਅਪਰੇਸ਼ਨ ਏਮਜ਼ ਵਿੱਚੋਂ ਕਰਵਾ ਕੇ ਆਇਆ ਹੈ। ਜੇ ਇਸ ਦੀਆਂ ਦਵਾਈਆਂ ਅਤੇ ਯੋਗ ਆਸਨਾਂ ਵਿੱਚ ਐਨੀ ਸ਼ਕਤੀ ਹੁੰਦੀ ਤਾਂ ਇਹ ਆਪਣੇ ਚੇਲੇ ਨੂੰ ਕਦੇ ਵੀ ਐਲੋਪੈਥੀ ਇਲਾਜ਼ ਨਾ ਕਰਵਾਉਣ ਦੇਂਦਾ। ਇਸ ਤੋਂ ਇਲਾਵਾ ਜਦੋਂ ਇਹ ਖੁਦ ਜਨਾਨੀਆਂ ਵਾਲੇ ਕੱਪੜੇ ਪਹਿਨ ਕੇ ਦਿੱਲੀ ਤੋਂ ਭੱਜਾ ਸੀ ਤੇ ਡਰ ਕਾਰਨ ਬਿਮਾਰ ਹੋ ਗਿਆ ਸੀ ਤਾਂ ਸਰਕਾਰੀ ਹਸਪਤਾਲ ਵਿੱਚ ਦਾਖਲ ਹੋ ਕੇ ਹੀ ਠੀਕ ਹੋਇਆ ਸੀ। ਇਸ ਦੀਆਂ ਗੁਲੂਕੋਜ਼ ਲੱਗੇ ਦੀਆਂ ਫੋਟੋਆਂ ਪ੍ਰਮੁੱਖਤਾ ਨਾਲ ਅਨੇਕਾਂ ਅਖਬਾਰਾਂ ਵਿੱਚ ਛਪੀਆਂ ਸਨ।
ਹੁਣ ਕੁਝ ਦਿਨ ਪਹਿਲਾਂ ਹੀ ਇਸ ਦੀ ਇੱਕ ਵੀਡੀਉ ਵਾਇਰਲ ਹੋਈ ਸੀ ਜਿਸ ਵਿੱਚ ਇਹ ਆਪਣੇ ਕੁਝ ਚਾਟੜਿਆਂ ਨਾਲ ਬੈਠਾ ਐਲੋਪੈਥੀ (ਮੈਡੀਕਲ ਸਾਇੰਸ) ਦੀਆਂ ਬੁਰਾਈਆਂ ਕਰ ਰਿਹਾ ਸੀ ਤੇ ਉਸ ਨੂੰ ਮੂਰਖਾਂ ਦੀ ਸਾਇੰਸ ਦੱਸ ਰਿਹਾ ਸੀ। ਉਸ ਮੁਤਾਬਕ ਐਲੋਪੈਥੀ ਨਾਲ ਕਰੋਨਾ ਠੀਕ ਨਹੀਂ ਹੋ ਸਕਦਾ ਤੇ ਮਰੀਜ਼ਾਂ ਦੀ ਮੌਤ ਨਿਸ਼ਚਿਤ ਹੈ। ਕਰੋਨਾ ਸਿਰਫ ਉਸ ਦੀ ਬਣਾਈ ਕੋਰੋਨਿਲ ਨਾਮਕ ਦਵਾਈ ਖਾਣ ਨਾਲ ਤੇ ਯੋਗ ਕਰਨ ਨਾਲ ਹੀ ਠੀਕ ਹੋਵੇਗਾ। ਉਸ ਮੁਤਾਬਕ ਰੋਜ਼ਾਨਾ ਯੋਗ ਕਰਨ ਵਾਲੇ ਵਿਅਕਤੀ ਨੂੰ ਕਦੇ ਵੀ ਕਰੋਨਾ ਨਹੀਂ ਹੋ ਸਕਦਾ ਤੇ ਨਾ ਹੀ ਆਕਸੀਜਨ ਸਿਲੰਡਰ ਦੀ ਜਰੂਰਤ ਪੈ ਸਕਦੀ ਹੈ। ਉਹ ਐਨਾ ਢੀਠ ਹੈ ਕਿ ਜਦੋਂ ਇਸ ਸਬੰਧੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਉਸ ਨੂੰ ਨੋਟਿਸ ਭੇਜਿਆ ਅਤੇ ਮੀਡੀਆ ਵਿੱਚ ਭਾਰੀ ਬਦਨਾਮੀ ਹੋਈ ਤਾਂ ਵੀ ਉਸ ਨੇ ਕੋਈ ਪ੍ਰਵਾਹ ਨਹੀਂ ਕੀਤੀ। ਉਸ ਨੇ ਸਿਰਫ ਉਦੋਂ ਹੀ ਢਿੱਲੀ ਜਿਹੀ ਮਾਫੀ ਮੰਗੀ ਤੇ ਆਪਣਾ ਬਿਆਨ ਵਾਪਸ ਲਿਆ ਜਦੋਂ ਦੇਸ਼ ਦੇ ਸਿਹਤ ਮੰਤਰੀ ਨੇ ਉਸ ਨੂੰ ਸਖਤ ਚੇਤਾਵਨੀ ਦਿੱਤੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਤਰਕਸ਼ੀਲਾਂ ਵਾਂਗ ਇਸ ਨੂੰ ਚੈਲੇਂਜ਼ ਕਰਨਾ ਚਾਹੀਦਾ ਹੈ ਕਿ ਉਹ ਉਸ ਨੂੰ ਕਰੋਨਾ ਨਾਲ ਇਨਫੈਕਟਿਡ ਕਰਨਗੇ ਤੇ ਉਹ ਹਸਪਤਾਲ ਵਿੱਚ ਦਾਖਲ ਹੋਣ ਦੀ ਬਜਾਏ ਆਪਣੀਆਂ ਖੁਦ ਦੀਆਂ ਦਵਾਈਆਂ ਖਾ ਕੇ ਠੀਕ ਹੋ ਕੇ ਵਿਖਾਵੇ। 100% ਉਮੀਦ ਹੈ ਕਿ ਉਹ ਇਹ ਚੈਲੇਂਜ਼ ਸਵੀਕਾਰ ਨਹੀਂ ਕਰ ਸਕੇਗਾ ਜਿਵੇਂ ਹੁਣ ਤੱਕ ਕੋਈ ਸਾਧ, ਬਾਬਾ, ਤਾਂਤਰਿਕ, ਮਾਂਤਰਿਕ ਜਾਂ ਜੋਤਸ਼ੀ ਤਰਕਸ਼ੀਲਾਂ ਵੱਲੋਂ ਘੋਸ਼ਿਤ ਕੀਤੇ ਗਏ ਕਰੋੜਾਂ ਦੇ ਇਨਾਮ ਨੂੰ ਨਹੀਂ ਜਿੱਤ ਸਕਿਆ।
ਅਜਿਹੇ ਮੂਰਖਾਂ ਵੱਲੋਂ ਦਿੱਤੇ ਜਾਂਦੇ ਅਜਿਹੇ ਬੇਤੁਕੇ ਤੇ ਵਾਹਯਾਤ ਬਿਆਨਾਂ ਦਾ ਸਭ ਤੋਂ ਵੱਡਾ ਕਾਰਨ ਇਹ ਕਿ ਪ੍ਰਚੀਨ ਕਾਲ ਤੋਂ ਹੀ ਬਾਦਸ਼ਾਹਾਂ ਅਤੇ ਧਰਮ ਦੇ ਠੇਕੇਦਾਰਾਂ ਦਾ ਖੋਜੀਆਂ, ਵਿਗਿਆਨੀਆਂ, ਫਿਲਾਸਫਰਾਂ, ਵਿਚਾਰਕਾਂ ਅਤੇ ਸੱਚ ਬੋਲਣ ਵਾਲਿਆਂ ਨਾਲ ਵੈਰ ਰਿਹਾ ਹੈ। ਉਨ੍ਹਾਂ ਨੂੰ ਹਮੇਸ਼ਾਂ ਇਸ ਗੱਲ ਦਾ ਖਤਰਾ ਰਹਿੰਦਾ ਹੈ ਕਿ ਜੇ ਆਮ ਲੋਕਾਂ ਨੂੰ ਸੱਚ ਦਾ ਪਤਾ ਲੱਗ ਗਿਆ ਤਾਂ ਉਨ੍ਹਾਂ ਦੀਆਂ ਝੂਠ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਅਜਿਹੇ ਲੋਕਾਂ ਦਾ ਸਭ ਤੋਂ ਪਹਿਲਾ ਸ਼ਿਕਾਰ ਸੁਕਰਾਤ ਹੋਇਆ ਸੀ ਜਿਸ ਨੂੰ ਜ਼ਹਿਰ ਦਾ ਪਿਆਲਾ ਪੀਣ ਲਈ ਮਜ਼ਬੂਰ ਕੀਤਾ ਗਿਆ ਸੀ। ਇਸ ਤੋਂ ਬਾਅਦ ਈਸਾ ਮਸੀਹ, ਮੰਨਸੂਰ, ਭਗਤ ਕਬੀਰ, ਸਰਮਦ ਅਤੇ ਗੁਰੂ ਸਾਹਿਬਾਨ ਸਮੇਤ ਅਨੇਕਾਂ ਪੀਰਾਂ, ਪੈਗੰਬਰਾਂ, ਭਗਤਾਂ ਅਤੇ ਵਿਚਾਰਕਾਂ ਨੂੰ ਅਜਿਹੇ ਕੱਟਵਵਾਦੀਆਂ ਦੇ ਜ਼ੁਲਮ ਸਹਿਣੇ ਪਏ ਹਨ। ਗੈਲੀਲਿਊ ਜਿਹੇ ਮਹਾਨ ਖਗੋਲ ਸ਼ਾਸ਼ਤਰੀ ਨੂੰ ਇਹ ਕਹਿਣ ਲਈ ਮਜ਼ਬੂਰ ਕੀਤਾ ਗਿਆ ਸੀ ਕਿ ਧਰਤੀ ਸੂਰਜ ਦੁਆਲੇ ਨਹੀਂ, ਬਲਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ। ਧਰਮ ਦੇ ਠੇਕੇਦਾਰ ਹਮੇਸ਼ਾਂ ਵਿਗਿਆਨੀਆਂ ਦੁਆਰਾ ਕੀਤੀਆਂ ਜਾਂਦੀਆਂ ਨਵੀਆਂ ਖੋਜਾਂ ਦਾ ਧਿਆਨ ਰੱਖਦੇ ਹਨ ਤਾਂ ਜੋ ਇਹ ਕਹਿ ਸਕਣ ਕਿ ਇਹ ਤਾਂ ਪਹਿਲਾਂ ਹੀ ਉਨ੍ਹਾਂ ਦੇ ਧਰਮ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਹਨ। ਰੂੜੀਵਾਦੀ ਲੋਕ ਕਦੇ ਵੀ ਆਪਣੇ ਸੜੇ ਗਲੇ ਵਿਚਾਰ ਤਿਆਗਣ ਲਈ ਤਿਆਰ ਨਹੀਂ ਹੁੰਦੇ। ਬਹੁਤੇ ਲੋਕ ਵੀ ਵਿਗਿਆਨੀਆਂ ਦੀਆਂ ਦਲੀਲਾਂ ਸੁਣਨ ਦੀ ਬਜਾਏ ਇਨ੍ਹਾਂ ਪਾਖੰਡੀਆਂ ਮਗਰ ਲੱਗਣ ਨੂੰ ਹੀ ਠੀਕ ਸਮਝਦੇ ਹਨ।
ਭਾਰਤ ਵਿੱਚ ਤਾਂ ਕਰੋੜਾਂ ਲੋਕ ਪਹਿਲਾਂ ਹੀ ਇੰਟਰਨੈੱਟ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਾਰਨ ਕਰੋਨਾ ਦਾ ਟੀਕਾ ਲਗਵਾਉਣ ਨੂੰ ਤਿਆਰ ਨਹੀਂ। ਹੁਣ ਉਹ ਇਸ ਕਥਿੱਤ ਯੋਗ ਗੁਰੂ ਦੁਆਰਾ ਫੈਲਾਏ ਜਾ ਰਹੇ ਝੂਠ ਕਾਰਨ ਹੋਰ ਵੀ ਸ਼ੰਕਾਲੂ ਹੋ ਜਾਣਗੇ। ਲੋਕਾਂ ਦੀ ਤਾਂ ਗੱਲ ਹੀ ਛੱਡੀਏ, ਪੰਜਾਬ ਦੇ ਇੱਕ ਗੁਆਂਢੀ ਸੂਬੇ ਦੀ ਸਰਕਾਰ ਵੀ ਇਸ ਦੁਆਰਾ ਬਣਾਈ ਗਈ ਗੈਰ ਪ੍ਰਵਾਣਿਤ ਕੋਰੋਨਿਲ ਦਵਾਈ ਨੂੰ ਲੱਖਾਂ ਦੀ ਗਿਣਤੀ ਵਿੱਚ ਖਰੀਦ ਕੇ ਜਨਤਾ ਵਿੱਚ ਵੰਡ ਰਹੀ ਹੈ। ਇਹ ਵੀ ਵਰਨਣਯੋਗ ਹੈ ਕਿ ਇਸ ਦਵਾਈ ਨੂੰ ਜਾਰੀ ਕਰਨ ਦੇ ਸਮਾਗਮ ਵਿੱਚ ਦੋ ਕੇਂਦਰੀ ਮੰਤਰੀ (ਸਿਹਤ ਮੰਤਰੀ ਸਮੇਤ) ਵੀ ਸ਼ਾਮਲ ਹੋਏ ਸਨ। ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਜਾਂ ਤਾਂ ਇਹ 15 ਦਿਨਾਂ ਵਿੱਚ ਆਪਣੇ ਬਿਆਨ ਬਾਰੇ ਮਾਫੀ ਮੰਗੇ, ਜਾਂ ਫਿਰ 1000 ਕਰੋੜ ਦੇ ਹਰਜ਼ਾਨੇ ਦੇ ਕੇਸ ਲਈ ਤਿਆਰ ਰਹੇ। ਉਸ ਦੇ ਜਵਾਬ ਵਿੱਚ ਇਸ ਦੀ ਇੱਕ ਹੋਰ ਵੀਡੀਉ ਸਾਹਮਣੇ ਆਈ ਹੈ, ਜਿਸ ਵਿੱਚ ਇਹ ਮਾਫੀ ਮੰਗਣ ਦੀ ਬਜਾਏ ਕਹਿ ਰਿਹਾ ਹੈ ਕਿ ਮੇਰੇ ‘ਤੇ ਮੁਕੱਦਮਾ ਤਾਂ ਇਨ੍ਹਾਂ ਦਾ ਬਾਪ ਵੀ ਦਰਜ਼ ਨਹੀਂ ਕਰਵਾ ਸਕਦਾ। ਇਸ ‘ਤੇ ਪੰਜਾਬੀ ਦਾ ਇਹ ਅਖਾਣ ਪੂਰੀ ਤਰਾਂ ਨਾਲ ਢੁੱਕਦਾ ਹੈ ਕਿ ਚੱਕੀ ਹੋਈ ਲੰਬੜਾਂ ਦੀ, ਠਾਣੇਦਾਰ ਦੇ ਬਰਾਬਰ ਬੋਲੇ।