ਇੰਡੀਆ ਵਿੱਚ ਦੇਸ਼ ’ਚ ਛੇਤੀ ਹੀ ਹਾਈਡ੍ਰੋਜਨ ਨਾਲ ਬੱਸਾਂ ਤੇ ਟਰੱਕਾਂ ਨੂੰ ਚਲਾਉਣ ਦੀ ਤਿਆਰੀ ਹੈ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਤੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਹੁਲਾਰਾ ਦਿੰਦਿਆਂ ਸਰਕਾਰ ਨੇ ਹਾਈਡ੍ਰੋਜਨ ਗੈਸ ਨਾਲ ਬੱਸਾਂ ਤੇ ਟਰੱਕਾਂ ਨੂੰ ਚਲਾਉਣ ਲਈ ਪੰਜ ਪਾਇਲਟ ਪ੍ਰਾਜੈਕਟ ਸ਼ੁਰੂ ਕੀਤੇ ਹਨ। ਇਹ ਵਾਹਨ ਗ੍ਰੇਟਰ ਨੋਇਡਾ-ਦਿੱਲੀ-ਆਗਰਾ, ਸਾਹਿਬਾਬਾਦ, ਫਰੀਦਾਬਾਦ-ਦਿੱਲੀ ਸਮੇਤ 10 ਵੱਖ-ਵੱਖ ਮਾਰਗਾਂ ’ਤੇ ਚੱਲਣਗੇ।
ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਚਾਰ ਜਨਵਰੀ, 2023 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਤਹਿਤ ਗ੍ਰੀਨ ਹਾਈਡ੍ਰੋਜਨ ਸਬੰਧਤ ਪ੍ਰਾਜੈਕਟਾਂ ’ਤੇ ਵਿੱਤੀ ਵਰ੍ਹੇ 2029-30 ਤੱਕ 19,744 ਕਰੋੜ ਰੁਪਏ ਖਰਚੇ ਜਾਣਗੇ। ਨਵੀਨ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਟਰਾਂਸਪੋਰਟ ਸੈਕਟਰ ’ਚ ਹਾਈਡ੍ਰੋਜਨ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਵਿਸਥਾਰ ਨਾਲ ਜਾਂਚ ਤੋਂ ਬਾਅਦ ਮੰਤਰਾਲੇ ਨੇ 37 ਵਾਹਨਾਂ (ਬੱਸਾਂ-ਟਰੱਕਾਂ) ਤੇ ਨੌਂ ਹਾਈਡ੍ਰੋਜਨ ਈਂਧਨ ਭਰਨ ਵਾਲੇ ਸਟੇਸ਼ਨਾਂ ਵਾਲੇ ਪੰਜ ਪਾਇਲਟ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਪ੍ਰਾਜੈਕਟਾਂ ਲਈ ਸਰਕਾਰ ਵੱਲੋਂ ਲਗਪਗ 208 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਨ੍ਹਾਂ ਪ੍ਰਾਇਲਟ ਪ੍ਰਾਜੈਕਟਾਂ ਦੇ ਅਗਲੇ 18-24 ਮਹੀਨਿਆਂ ’ਚ ਚਾਲੂ ਹੋਣ ਦੀ ਸੰਭਾਵਨਾ ਹੈ।
ਜਿਨ੍ਹਾਂ ਮਾਰਗਾਂ ਉਪਰ ਮਾਰਗਾਂ ’ਤੇ ਹਾਈਡ੍ਰੋਜਨ ਵਾਹਨ ਬੱਸਾਂ ਤੇ ਟਰੱਕ ਚੱਲਣਗੇ ਉਹਨਾਂ ਵਿੱਚ ਗ੍ਰੇਟਰ ਨੋਇਡਾ-ਦਿੱਲੀ-ਆਗਰਾ, ਸਾਹਿਬਾਬਾਦ-ਫਰੀਦਾਬਾਦ-ਦਿੱਲੀ, ਜਮਸ਼ੇਦਪੁਰ-ਕਲਿੰਗ ਨਗਰ, ਭੁਵਨੇਸ਼ਵਰ-ਕੋਣਾਰਕ-ਪੁਰੀ, ਅਹਿਮਦਾਬਾਦ-ਵਡੋਦਰਾ-ਸੂਰਤ, ਪੁਣੇ-ਮੁੰਬਈ, ਤਿਰੁਵਨੰਤਪੁਰਮ-ਕੋਚੀ, ਕੋਚੀ-ਐਡਾਪੱਲੀ, ਜਾਮਨਗਰ-ਅਹਿਮਦਾਬਾਦ ਤੇ ਐੱਨਐੱਚ-16 ਵਿਸ਼ਾਖਾਪਟਨਮ-ਬਿਆਵਰਮ ਸ਼ਾਮਲ ਹਨ।
ਟ੍ਰਾਇਲ ਲਈ ਜਿਨ੍ਹਾਂ ਹਾਈਡ੍ਰੋਜਨ ਨਾਲ ਬੱਸਾਂ ਤੇ ਟਰੱਕਾਂ ਨੂੰ ਚੁਣਿਆ ਜਾਵੇਗਾ, ਉਨ੍ਹਾਂ ਵਿਚੋਂ 15 ਹਾਈਡ੍ਰੋਨ ਈਂਧਨ ਸੇਲ ਆਧਾਰਤ ਵਾਹਨ ਤੇ 22 ਹਾਈਡ੍ਰੋਜਨ ਇੰਟਰਨਲ ਕਮਬਸ਼ਨ ਇੰਜਣ ਆਧਾਰਤ ਵਾਹਨ ਸ਼ਾਮਲ ਹਨ। ਇਨ੍ਹਾਂ ਪ੍ਰਾਜੈਕਟਾਂ ਦਾ ਕੰਮ ਟਾਟਾ ਮੋਟਰਜ਼ ਲਿਮਟਿਡ, ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ, ਐੱਨਟੀਪੀਸੀ, ਏਐੱਨਈਆਰਟੀ, ਅਸ਼ੋਕ ਲੀਲੈਂਡ, ਐੱਚਪੀਸੀਐੱਲ, ਬੀਪੀਸੀਐੱਲ ਤੇ ਆਈਓਸੀਐੱਲ ਵਰਗੀਆਂ ਮੁੱਖ ਕੰਪਨੀਆਂ ਨੂੰ ਦਿੱਤਾ ਗਿਆ ਹੈ। ਮੰਤਰਾਲੇ ਅਨੁਸਾਰ, ਯੋਜਨਾ ਦਾ ਟੀਚਾ ਬੱਸ ਤੇ ਟਰੱਕ ’ਚ ਈਂਧਨ ਦੇ ਰੂਪ ’ਚ ਹਾਈਡ੍ਰੋਜਨ ਦੀ ਵਰਤੋਂ ਲਈ ਕਿਫਾਇਤੀ ਤਕਨੀਕ ਦਾ ਵਿਕਾਸ ਕਰਨਾ ਹੈ। ਨਾਲ ਹੀ ਹਾਈਡ੍ਰੋਜਨ ਰਿਫਿਊਲਿੰਗ ਸਟੇਸ਼ਨ ਵਰਗੇ ਇਨਫਰਾਸਟ੍ਰਕਚਰ ਨੂੰ ਹੁਲਾਰਾ ਦੇਣਾ ਹੈ।