ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਦੇ ਨੇੜੇ ਐਤਵਾਰ ਨੂੰ ਸਮੁੰਦਰ ਵਿੱਚ ਸੈਂਕੜੇ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਕਿਸ਼ਤੀ ਵਿੱਚ ਅੱਗ ਲੱਗ ਗਈ ਜਿਸ ਕਾਰਣ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। 284 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਅਤੇ ਨਿਕਾਸੀ ਦੇ ਯਤਨ ਜਾਰੀ ਹਨ।
ਕੇਐਮ ਬਾਰਸੀਲੋਨਾ (KM III Barcelona) ਨਾਮਕ ਇਹ ਕਿਸ਼ਤੀ ਤਲੌਦ ਟਾਪੂ ਤੋਂ ਸੂਬਾਈ ਰਾਜਧਾਨੀ ਮਨਾਡੋ ਜਾ ਰਹੀ ਸੀ ਜਦੋਂ ਦੁਪਹਿਰ ਦੇ ਕਰੀਬ ਇਸ ਵਿੱਚ ਅੱਗ ਲੱਗ ਗਈ। ਇਸ ਘਟਨਾ ਦੇ ਦੌਰਾਨ ਬਹੁਤ ਸਾਰੇ ਯਾਤਰੀ ਘਬਰਾਹਟ ਵਿੱਚ ਸਮੁੰਦਰ ਵਿੱਚ ਛਾਲਾਂ ਮਾਰ ਗਏ। ਇਸ ਤੋਂ ਪਹਿਲਾਂ ਸੰਘਣਾ ਧੂੰਆਂ ਅਤੇ ਅੱਗ ਦੀਆਂ ਲਪਟਾਂ ਨੇ ਜਹਾਜ਼ ਨੂੰ ਘੇਰ ਲਿਆ ਜਿਸ ਕਰਕੇ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ।
ਇੰਡੋਨੇਸ਼ੀਆ ਦੇ ਫਲੀਟ ਕਮਾਂਡ ਦੇ ਕਮਾਂਡਰ ਵਾਈਸ ਐਡਮਿਰਲ ਡੇਨਿਹ ਹੈਂਡਰਾਟਾ ਨੇ ਦੱਸਿਆ ਹੈ ਕਿ, ‘ਕੇਐਮ ਬਾਰਸੀਲੋਨਾ 5 ਉੱਤਰੀ ਸੁਲਾਵੇਸੀ ਸੂਬੇ ਦੀ ਰਾਜਧਾਨੀ ਮਨਾਡੋ ਵੱਲ ਜਾ ਰਿਹਾ ਸੀ, ਜਦੋਂ ਸੂਬੇ ਦੇ ਇੱਕ ਟਾਪੂ ਜ਼ਿਲ੍ਹੇ ਤਾਲੌਦ ਤੋਂ ਇਸ ਨੂੰ ਤਾਲਿਸ ਦੇ ਨੇੜੇ ਪਾਣੀ ਵਿੱਚ ਅੱਗ ਲੱਗ ਗਈ। ਤਿੰਨ ਨੇਵੀ ਜਹਾਜ਼ ਤਾਇਨਾਤ ਕੀਤੇ ਗਏ ਹਨ ਅਤੇ ਹੁਣ ਤੱਕ 284 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਹੈ। ਬਚਾਅ ਕਾਰਜ ਵਿੱਚ ਸਥਾਨਕ ਮਛੇਰਿਆਂ ਦੀ ਸਹਾਇਤਾ ਸ਼ਾਮਲ ਸੀ, ਜਿਨ੍ਹਾਂ ਨੇ ਲਾਈਫ ਜੈਕਟਾਂ ਪਹਿਨ ਕੇ ਲੋਕਾਂ ਨੂੰ ਬਚਾਇਆ ਕਿਉਂਕਿ ਉਹ ਤੂਫਾਨੀ ਪਾਣੀ ਵਿੱਚ ਨੇੜਲੇ ਟਾਪੂਆਂ ਵੱਲ ਵਹਿ ਰਹੇ ਸਨ। ਕਈ ਯਾਤਰੀਆਂ ਨੂੰ ਬਚਾਇਆ ਗਿਆ ਅਤੇ ਨੇੜਲੇ ਗੰਗਾ ਟਾਪੂ ‘ਤੇ ਲਿਜਾਇਆ ਗਿਆ ਹੈ। ਇੰਡੋਨੇਸ਼ੀਆ ਦੀ ਜਲ ਸੈਨਾ ਨੇ ਬਚਾਅ ਕਾਰਜ ਦੀ ਅਗਵਾਈ ਕਰਨ ਲਈ ਦੋ ਜਹਾਜ਼ – ਕੇਆਰਆਈ ਪਰੀ ਅਤੇ ਕੇਏਐਲ ਤੇਡੁੰਗ ਸੇਲਰ – ਤਾਇਨਾਤ ਕੀਤੇ ਗਏ। ਸਮੁੰਦਰੀ ਸੁਰੱਖਿਆ ਏਜੰਸੀ (ਬਕਾਮਲਾ) ਨੇ ਕੇਐਨ ਗਜਾਹ ਲੌਟ ਗਸ਼ਤ ਕਿਸ਼ਤੀ ਨੂੰ ਵੀ ਭੇਜਿਆ ਜਦੋਂ ਕਿ ਸਥਾਨਕ ਮਛੇਰਿਆਂ ਨੇ ਬਚੇ ਲੋਕਾਂ ਨੂੰ ਪਾਣੀ ਵਿੱਚੋਂ ਕੱਢਣ ਅਤੇ ਉਨ੍ਹਾਂ ਨੂੰ ਬਚਾਅ ਜਹਾਜ਼ਾਂ ਵਿੱਚ ਤਬਦੀਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਅਜੇ ਵੀ ਜਾਰੀ ਹੈ।”
ਇਸ ਮਹੀਨੇ ਇਹ ਤੀਜਾ ਅਜਿਹਾ ਹਾਦਸਾ ਹੈ ਜੋ ਕਿ ਬਾਲੀ ਸਟ੍ਰੇਟ ਵਿੱਚ ਇੱਕ ਹੋਰ ਯਾਤਰੀ ਕਿਸ਼ਤੀ ਡੁੱਬਣ ਤੋਂ ਕੁੱਝ ਹਫ਼ਤਿਆਂ ਬਾਅਦ ਵਾਪਰਿਆ ਹੈ ਜਿਸ ਵਿੱਚ ਲਗਭਗ 35 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ ਸਨ। ਇਸ ਮਹੀਨੇ ਦੇ ਸ਼ੁਰੂ ਵਿੱਚ ‘ਦਿ ਮਾਰਨਿੰਗ ਮਿਡਾਸ’ ਨਾਮ ਦਾ ਇੱਕ ਕਾਰਗੋ ਜਹਾਜ਼ ਪ੍ਰਸ਼ਾਂਤ ਮਹਾਸਾਗਰ ਵਿੱਚ ਅੱਗ ਲੱਗਣ ਤੋਂ ਬਾਅਦ ਡੁੱਬ ਗਿਆ ਸੀ। ਇਸ ਜਹਾਜ਼ ‘ਤੇ ਲਗਭਗ 3000 ਵਾਹਨ ਸਨ, ਜਿਨ੍ਹਾਂ ਵਿੱਚੋਂ ਲਗਭਗ 800 ਇਲੈਕਟ੍ਰਿਕ ਵਾਹਨ ਸਨ। ਅਮਰੀਕੀ ਤੱਟ ਰੱਖਿਅਕ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਜਹਾਜ਼ ਦੇ ਪਿਛਲੇ ਪਾਸੇ ਇਲੈਕਟ੍ਰਿਕ ਵਾਹਨਾਂ ਨਾਲ ਭਰੇ ਡੈੱਕ ਤੋਂ ਧੂੰਏਂ ਦਾ ਇੱਕ ਵੱਡਾ ਬੱਦਲ ਉੱਠਦਾ ਦੇਖਿਆ ਗਿਆ, ਜਿਸ ਤੋਂ ਬਾਅਦ ਸ਼ਿਪਿੰਗ ਕੰਪਨੀ ਜ਼ੋਡੀਅਕ ਮੈਰੀਟਾਈਮ ਨੇ ਇੱਕ ਬਿਆਨ ਵਿੱਚ ਇਸਦੀ ਪੁਸ਼ਟੀ ਕੀਤੀ। ਇਸ ਜਹਾਜ਼ ਨੂੰ ਬਚਾਉਣ ਲਈ ਕੁੱਝ ਨਹੀਂ ਕੀਤਾ ਜਾ ਸਕਿਆ ਅਤੇ ਇਹ 3000 ਵਾਹਨਾਂ ਸਮੇਤ ਸਮੁੰਦਰ ਵਿੱਚ ਡੁੱਬ ਗਿਆ।