Bollywood Articles Women's World

ਇੱਕ ਗਲਤ ਫੈਸਲੇ ਨਾਲ ਬਾਲੀਵੁੱਡ ਦੀ ਮਸ਼ਹੂਰ ਹੀਰੋਇਨ ਅਰਸ਼ ਤੋਂ ਫਰਸ਼ ‘ਤੇ ਆ ਗਈ !

ਮੋਨਿਕਾ ਬੇਦੀ ਦੀ ਜ਼ਿੰਦਗੀ ਠੀਕ ਚੱਲ ਰਹੀ ਸੀ, ਪਰ ਇੱਕ ਵਾਰ ਅਦਾਕਾਰਾ ਇੱਕ ਸ਼ੋਅ ਲਈ ਦੁਬਈ ਗਈ ਅਤੇ ਅਬੂ ਸਲੇਮ ਨੂੰ ਮਿਲੀ।

ਬਹੁਤ ਸਾਰੇ ਲੋਕਾਂ ਦਾ ਸੁਫ਼ਨਾ ਹੁੰਦਾ ਹੈ ਕਿ ਉਹ ਬੰਬਈ ਮਹਾਂਨਗਰ ਵਿੱਚ ਜਾ ਕੇ ਇੱਕ ਵੱਡੇ ਸਟਾਰ ਬਣਨ। ਬਹੁਤ ਮਿਹਨਤ ਤੋਂ ਬਾਅਦ, ਕੋਈ ਫਿਲਮੀ ਦੁਨੀਆ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਫਿਰ ਸਫਲ ਹੋ ਜਾਂਦੇ ਹਨ। ਪਰ ਕੁਝ ਲੋਕ ਸਖਤ ਮਿਨਤ ਤੋਂ ਘਬਰਾ ਕੇ, ਆਪਣੇ ਪੈਰਾਂ ‘ਤੇ ਕੁਹਾੜੀ ਮਾਰ ਲੈਂਦੇ ਹਨ। ਇੱਕ ਅਜਿਹੀ ਅਦਾਕਾਰਾ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸਦਾ ਬਾਲੀਵੁੱਡ ਕਰੀਅਰ ਇੱਕ ਗਲਤ ਫੈਸਲੇ ਕਾਰਣ ਬਰਬਾਦ ਹੀ ਨਹੀਂ ਹੋ ਗਿਆ ਸਗੋਂ, ਉਸਨੂੰ ਲੰਮਾ ਸਮਾਂ ਜੇਲ੍ਹ ਦੀ ਕਾਲ ਕੋਠੜੀ ਦੇ ਵਿੱਚ ਵੀ ਗੁਜ਼ਾਰਨਾ ਪਿਆ।

ਪੰਜਾਬ ਦੇ ਹੁਸਿ਼ਆਰਪੁਰ ਜਿਲ੍ਹੇ ਦੇ ਛੋਟੇ ਜਿਹੇ ਕਸਬੇ ਚੱਬੇਵਾਲ ਦੀ ਜੰਮਪਲ ਮੋਨਿਕਾ ਬੇਦੀ ਆਪਣੇ ਸਮੇਂ ਦੀ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਸੀ। ਮੋਨਿਕਾ ਬੇਦੀ ਨੂੰ ਸ਼ੁਰੂ ਵਿੱਚ ਅਦਾਕਾਰੀ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ, ਉਸਨੂੰ ਨੱਚਣਾ ਜ਼ਿਆਦਾ ਪਸੰਦ ਸੀ। ਉਹ ਕਲਾਸੀਕਲ ਡਾਂਸ ਸਿੱਖਣ ਲਈ ਮੁੰਬਈ ਆਈ ਅਤੇ ਗੋਪੀ ਗੁਰੂ ਤੋਂ ਡਾਂਸ ਸਿੱਖਣਾ ਸ਼ੁਰੂ ਕੀਤਾ। ਇੱਕ ਡਾਂਸ ਸੈਸ਼ਨ ਦੌਰਾਨ, ਅਨੁਭਵੀ ਅਦਾਕਾਰ ਅਤੇ ਫਿਲਮ ਨਿਰਮਾਤਾ ਮਨੋਜ ਕੁਮਾਰ ਨੇ ਉਸਨੂੰ ਦੇਖਿਆ ਅਤੇ ਉਸਦੇ ਡਾਂਸ ਤੋਂ ਪ੍ਰਭਾਵਿਤ ਹੋ ਕੇ, ਉਸਨੇ ਉਸਨੂੰ ਆਪਣੇ ਪੁੱਤਰ ਕੁਨਾਲ ਗੋਸਵਾਮੀ ਨਾਲ ਫਿਲਮ ‘ਕਿਰੀਤਾਮਨ’ ਵਿੱਚ ਲਾਂਚ ਕੀਤਾ। ਮਨੋਜ ਕੁਮਾਰ ਨੇ ਮੋਨਿਕਾ ਬੇਦੀ ਨੂੰ 3 ਸਾਲਾਂ ਲਈ ਸਾਈਨ ਕੀਤਾ। ਇਸ ਇਕਰਾਰਨਾਮੇ ਦੇ ਤਹਿਤ, ਉਸਨੂੰ ਕਿਸੇ ਹੋਰ ਪ੍ਰੋਡਕਸ਼ਨ ਦੀ ਫਿਲਮ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਬਾਅਦ ਵਿੱਚ ਪ੍ਰੋਡਕਸ਼ਨ ਸਫਲ ਨਹੀਂ ਹੋਇਆ ਅਤੇ ਮੋਨਿਕਾ ਨੇ ਆਪਣੇ ਇਕਰਾਰਨਾਮੇ ਤੋਂ ਰਿਹਾਅ ਹੋਣ ਦੀ ਬੇਨਤੀ ਕੀਤੀ। ਮਨੋਜ ਉਸਦੀ ਗੱਲ ਮੰਨ ਗਏ ਅਤੇ ਫਿਰ ਉਸਨੇ ਇੱਕ ਨਵੇਂ ਪ੍ਰੋਜੈਕਟ ਦੀ ਭਾਲ ਸ਼ੁਰੂ ਕਰ ਦਿੱਤੀ। ਉਸਨੇ ਫਿਲਮ ‘ਤਾਜ ਮਹਿਲ’ ਵਿੱਚ ਕੰਮ ਕੀਤਾ ਅਤੇ ਇਹ ਫਿਲਮ ਹਿੱਟ ਹੋ ਗਈ, ਇਸ ਨਾਲ ਮੋਨਿਕਾ ਦੀ ਪ੍ਰਸਿੱਧੀ ਵੀ ਵਧੀ ਜੋ ਉਸ ਲਈ ਮੁਸੀਬਤ ਦਾ ਕਾਰਣ ਬਣ ਗਈ। ਉਸਨੇ ਸੈਫ ਅਲੀ ਖਾਨ ਨਾਲ ਹਿੰਦੀ ਫਿਲਮ ‘ਸੁਰੱਖਿਆ’ ਵਿੱਚ ਕੰਮ ਕੀਤਾ ਸੀ ਅਤੇ ਉਸ ਸਮੇਂ ਮੋਨਿਕਾ ਨੇ ਇੱਕੋ ਸਮੇਂ ਕਈ ਫਿਲਮਾਂ ਸਾਈਨ ਕੀਤੀਆਂ ਕਰ ਲਈਆਂ। ਹਾਲਾਂਕਿ, ਉਸ ਦੀਆਂ ਕਈ ਫਿਲਮਾਂ ਬਾਕਸ ਆਫਿਸ ‘ਤੇ ਸਫਲ ਅਤੇ ਅਸਫਲ ਵੀ ਹੋਈਆਂ। ਪਰ ਫਿਲਮਾਂ ਦੇ ਨਾਲ-ਨਾਲ ਉਹ ਸਟੇਜ ਸ਼ੋਅ ਵੀ ਕਰ ਰਹੀ ਸੀ, ਜੋ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੁੰਦੇ ਸਨ।

ਮੋਨਿਕਾ ਬੇਦੀ ਦੀ ਜ਼ਿੰਦਗੀ ਠੀਕ ਚੱਲ ਰਹੀ ਸੀ, ਪਰ ਇੱਕ ਵਾਰ ਅਦਾਕਾਰਾ ਇੱਕ ਸ਼ੋਅ ਲਈ ਦੁਬਈ ਗਈ ਅਤੇ ਅਬੂ ਸਲੇਮ ਨੂੰ ਮਿਲੀ। ਉਹ ਦੋਵੇਂ ਦੋਸਤ ਬਣੇ ਅਤੇ ਫਿਰ ਇੱਕ ਪ੍ਰੇਮ ਸੰਬੰਧ ਵਿੱਚ ਪੈ ਗਏ। ਅਬੂ ਨੇ ਕਈ ਮਸ਼ਹੂਰ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਨੂੰ ਮੋਨਿਕਾ ਨੂੰ ਕੰਮ ਦੇਣ ਲਈ ਕਿਹਾ। ਮੋਨਿਕਾ ਨੂੰ ‘ਪਿਆਰ ਇਸ਼ਕ ਔਰ ਮੁਹੱਬਤ’, ‘ਜੋੜੀ ਨੰਬਰ 1’ ਵਰਗੀਆਂ ਵੱਡੀਆਂ ਫਿਲਮਾਂ ‘ਚ ਵੀ ਕੰਮ ਮਿਲਿਆ। ਅਬੂ ਸਲੇਮ ਦੇ ਪਿਆਰ ਵਿੱਚ, ਮੋਨਿਕਾ ਨੇ ਇੰਡਸਟਰੀ ਛੱਡਣ ਅਤੇ ਸੈਟਲ ਹੋਣ ਦਾ ਫੈਸਲਾ ਕੀਤਾ। 2002 ਵਿੱਚ ਮੋਨਿਕਾ ਅਬੂ ਸਲੇਮ ਨਾਲ ਪੁਰਤਗਾਲ ਗਈ ਸੀ, ਪਰ ਦੇਸ਼ ਵਿੱਚ ਦਾਖਲ ਹੋਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿੱਥੇ ਉਸਨੇ 2.5 ਸਾਲ ਜੇਲ੍ਹ ਵਿੱਚ ਬਿਤਾਏ ਅਤੇ ਉਸ ਤੋਂ ਬਾਅਦ ਉਸਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ। ਮੋਨਿਕਾ ਨੂੰ ਸੀਬੀਆਈ ਅਦਾਲਤ ਨੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਬਾਅਦ ਵਿੱਚ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਘਟਾ ਕੇ ਤਿੰਨ ਸਾਲ ਕਰ ਦਿੱਤਾ।

ਅਬੂ ਸਲੇਮ ‘ਤੇ ਟੀ ਸੀਰੀਜ਼ ਦੇ ਮਾਲਕ ਅਤੇ ਗਾਇਕ ਗੁਲਸ਼ਨ ਕੁਮਾਰ ਦੇ ਕਤਲ ਦਾ ਵੀ ਦੋਸ਼ ਹੈ। ਪੁਲਿਸ ਸੂਤਰਾਂ ਅਨੁਸਾਰ, ਅਬ ਸਲੇਮ ਨੇ ਗੁਲਸ਼ਨ ਕੁਮਾਰ ਤੋਂ ਪ੍ਰਤੀ ਮਹੀਨਾ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਜਦੋਂ ਗੁਲਸ਼ਨ ਕੁਮਾਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਅਬ ਸਲੇਮ ਨੇ 12 ਅਗਸਤ 1997 ਨੂੰ ਦੱਖਣੀ ਮੁੰਬਈ ਦੇ ਅੰਧੇਰੀ ਇਲਾਕੇ ਵਿੱਚ ਜਿਤੇਸ਼ਵਰ ਮਹਾਦੇਵ ਮੰਦਰ ਦੇ ਬਾਹਰ ਦਿਨ-ਦਿਹਾੜੇ ਆਪਣੇ ਸ਼ਾਰਪ ਸ਼ੂਟਰ ਰਾਜਾ ਦੁਆਰਾ ਉਸਦੀ ਹੱਤਿਆ ਕਰਵਾ ਦਿੱਤੀ।

ਮੋਨਿਕਾ ਬੇਦੀ ਨੇ ਖੁਦ 2008 ਵਿੱਚ ਇੱਕ ਇੰਟਰਵਿਊ ਵਿੱਚ ਗੱਲ ਕਰਦਿਆਂ ਦੱਸਿਆ ਸੀ ਕਿ, “ਇੱਕ ਦਿਨ ਕਿਸੇ ਨੇ ਮੈਨੂੰ ਦੁਬਈ ਤੋਂ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਇੱਕ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਮੈਂ ਸਟੇਜ ‘ਤੇ ਪ੍ਰਦਰਸ਼ਨ ਕਰਾਂ। ਉਸ ਆਦਮੀ ਨੇ ਕਿਹਾ ਕਿ ਉਹ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਮੈਨੂੰ ਦੁਬਾਰਾ ਫ਼ੋਨ ਕਰੇਗਾ। ਕੁਝ ਦਿਨਾਂ ਬਾਅਦ ਉਸਨੇ ਦੁਬਾਰਾ ਫ਼ੋਨ ਕੀਤਾ ਅਤੇ ਅਸੀਂ ਕੁਝ ਦੇਰ ਗੱਲ ਕੀਤੀ। ਕੁਝ ਦਿਨਾਂ ਬਾਅਦ ਉਸਦਾ ਫ਼ੋਨ ਫਿਰ ਆਇਆ। ਅਸੀਂ ਦੋਸਤਾਨਾ ਢੰਗ ਨਾਲ ਫ਼ੋਨ ‘ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਉਸਨੇ ਮੈਨੂੰ ਕੋਈ ਹੋਰ ਨਾਮ ਦੱਸਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਅਬੂ ਸਲੇਮ ਹੈ। ਜੇਕਰ ਉਸਨੇ ਮੈਨੂੰ ਦੱਸਿਆ ਹੁੰਦਾ, ਤਾਂ ਵੀ ਮੈਨੂੰ ਪਤਾ ਨਹੀਂ ਹੁੰਦਾ ਕਿ ਉਹ ਕੌਣ ਹੈ ਕਿਉਂਕਿ ਉਦੋਂ ਤੱਕ ਮੈਂ ਸਿਰਫ਼ ਦਾਊਦ ਇਬਰਾਹਿਮ ਅਤੇ ਛੋਟਾ ਸ਼ਕੀਲ ਦੇ ਨਾਮ ਹੀ ਸੁਣੇ ਸਨ।” ਮੋਨਿਕਾ ਦੇ ਅਨੁਸਾਰ, ਉਹ ਉਸ ਵਿਅਕਤੀ ਨੂੰ ਪਸੰਦ ਕਰਨ ਲੱਗ ਪਈ ਸੀ ਜਿਸਨੇ ਉਸਨੂੰ ਮਿਲਣ ਤੋਂ ਪਹਿਲਾਂ ਹੀ ਦੁਬਈ ਤੋਂ ਫ਼ੋਨ ਕੀਤਾ ਸੀ। ਉਹ ਉਸਦੇ ਫੋਨ ਦੀ ਉਡੀਕ ਕਰਦੀ ਰਹਿੰਦੀ ਸੀ।

ਪੱਤਰਕਾਰ ਏ ਹੁਸੈਨ ਜ਼ੈਦੀ, ਜਿਨ੍ਹਾਂ ਨੇ ਅਬੂ ਸਲੇਮ ਦੀ ਜੀਵਨੀ ਲਿਖੀ ਸੀ, ਦੇ ਅਨੁਸਾਰ, ਮੋਨਿਕਾ ਨੂੰ ਸੰਜੇ ਦੱਤ ਅਤੇ ਗੋਵਿੰਦਾ ਦੀ ਫਿਲਮ “ਜੋੜੀ ਨੰਬਰ 1” ਵਿੱਚ ਭੂਮਿਕਾ 2001 ਵਿੱਚ ਸਲੇਮ ਦੇ ਕਹਿਣ ‘ਤੇ ਹੀ ਮਿਲੀ ਸੀ। ਜ਼ੈਦੀ ਦੇ ਅਨੁਸਾਰ, ਫਿਲਮ ਵਿੱਚ ਗੋਵਿੰਦਾ ਦੇ ਉਲਟ ਟਵਿੰਕਲ ਖੰਨਾ ਸੀ, ਇਸ ਲਈ ਸੰਜੇ ਦੱਤ ਮੋਨਿਕਾ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਸਨ, ਜਿਸਨੂੰ “ਬੀ-ਗ੍ਰੇਡ” ਹੀਰੋਇਨ ਮੰਨਿਆ ਜਾਂਦਾ ਸੀ। ਜ਼ੈਦੀ ਦੇ ਅਨੁਸਾਰ, ਸੰਜੇ ਦੱਤ ਇਸ ਤੋਂ ਇੰਨੇ ਪਰੇਸ਼ਾਨ ਸਨ ਕਿ ਉਨ੍ਹਾਂ ਨੇ ਫਿਲਮ ਛੱਡਣ ਦਾ ਫੈਸਲਾ ਵੀ ਕਰ ਲਿਆ ਸੀ, ਪਰ “ਇੱਕ ਫੋਨ ਕਾਲ” ਨੇ ੳਸਦਾ ਆਪਣਾ ਮਨ ਬਦਲ ਦਿੱਤਾ। ਡੇਵਿਡ ਧਵਨ ਦੁਆਰਾ ਨਿਰਦੇਸ਼ਤ ਇਹ ਫਿਲਮ ਬਾਕਸ ਆਫਿਸ ‘ਤੇ ਹਿੱਟ ਰਹੀ।

ਸਾਲ 2020 ਵਿੱਚ, ਖ਼ਬਰ ਆਈ ਕਿ ਮੋਨਿਕਾ ਬੇਦੀ ਦਾ ਸਾਬਕਾ ਕ੍ਰਿਕਟਰ ਅਜ਼ਹਰੂਦੀਨ ਨਾਲ ਅਫੇਅਰ ਹੈ, ਦੋਵਾਂ ਵਿਚਕਾਰ ਵਧਦੀ ਨੇੜਤਾ ਬਾਰੇ ਬਹੁਤ ਚਰਚਾ ਹੋਈ, ਹਾਲਾਂਕਿ ਦੋਵਾਂ ਵਿੱਚੋਂ ਕਿਸੇ ਨੇ ਵੀ ਇਨ੍ਹਾਂ ਰਿਪੋਰਟਾਂ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਨਾਲ ਹੀ, ਇਸ ਤੋਂ ਬਾਅਦ, ਦੋਵਾਂ ਬਾਰੇ ਅਜਿਹੀ ਕੋਈ ਖ਼ਬਰ ਨਹੀਂ ਆਈ।

Related posts

ਸ਼ਕਤੀ, ਸ਼ਹਾਦਤ ਅਤੇ ਸਵਾਲ: ਜਲ੍ਹਿਆਂਵਾਲਾ ਬਾਗ ਦੀ ਅੱਜ ਦੀ ਸਾਰਥਕਤਾ !

admin

ਤੇਰੇ ਵਾਂਗੂੰ ਵਿਸਾਖੀ ਨੂੰ ਕਿਸਨੇ ਮਨਾਉਣਾ !

admin

ਵਾਓ, ਝੱਖੜ, ਝੋਲਿਉ, ਘਰ ਆਵੇ ਤਾਂ ਜਾਣ !

admin