![](https://www.indotimes.com.au/wp-content/uploads/2020/04/Chanan-Deep-Singh-Aulakh-150x150.jpg)
ਈ-ਸਿਮ ਇਕ ਨਵੀਂ ਤਕਨਾਲੌਜੀ ਹੈ ਜਿਸ ਨੇ ਵੱਖ ਵੱਖ ਦੂਰਸੰਚਾਰ ਆਪ੍ਰੇਟਰਾਂ ਜਿਵੇਂ ਕਿ ਏਅਰਟੈਲ, ਜੀ ਓ ਅਤੇ ਵੋਡਾਫੋਨ ਆਦਿ ਦਾ ਧਿਆਨ ਖਿਚਿਆ ਹੈ। ਲੋਕਾਂ ਨੇ ਵੀ ਇਸ ਨਵੀਂ ਤਕਨੀਕ ਨੂੰ ਅਪਣਾਉਣ ਵਿੱਚ ਵਧੇਰੇ ਰੂਚੀ ਦਿਖਾਈ ਹੈ। ਹਾਲਾਂਕਿ ਇਹ ਨਵਾਂ ਰੁਝਾਨ ਧੋਖਾਧੜੀ ਵਾਲੀਆਂ ਗਤੀਵਿਧੀਆਂ ਕਰਨ ਵਾਲਿਆਂ ਲਈ ਵੀ ਨਵਾਂ ਮੌਕਾ ਬਣ ਕੇ ਆਇਆ ਹੈ, ਜੋ ਤੁਹਾਡੇ ਪੈਸੇ ਨੂੰ ਚੋਰੀ ਕਰ ਸਕਦੇ ਹਨ। ਅੱਜ ਅਸੀਂ ਈ-ਸਿਮ ਅਤੇ ਈ-ਸਿਮ ਧੋਖਾਧੜੀ ਬਾਰੇ ਗੱਲ ਕਰਾਂਗੇ। ਇਸ ਤੋਂ ਇਲਾਵਾ ਇਸ ਧੋਖਾਧੜੀ ਤੋਂ ਕਿਵੇਂ ਸੁਰੱਖਿਅਤ ਰਿਹਾ ਜਾ ਸਕਦਾ ਹੈ? ਇਸ ਬਾਰੇ ਵੀ ਜਾਨਣ ਦੀ ਕੋਸ਼ਿਸ਼ ਕਰਾਂਗੇ।
ਈ-ਸਿਮ : ਮੋਬਾਈਲ ਫੋਨ ਨੂੰ ਕਿਸੇ ਦੂਰਸੰਚਾਰ ਅਪਰੇਟਰ ਦਾ ਨੈਟਵਰਕ ਪ੍ਰਾਪਤ ਕਰਨ ਲਈ ਇੱਕ ਸਿਮ ਕਾਰਡ ਦੀ ਜ਼ਰੂਰਤ ਹੁੰਦੀ ਹੈ। ਜੋ ਕਿ ਅਸੀਂ ਸਾਰੇ ਆਪਣੇ ਮੋਬਾਈਲ ਫੋਨਾਂ ਵਿੱਚ ਸਿਮ ਕਾਰਡ ਵਰਤਦੇ ਆ ਰਹੇ ਹਾਂ। ਸ਼ੁਰੂ ਵਿੱਚ ਇਸ ਸਿਮ ਦਾ ਆਕਾਰ ਥੋੜਾ ਵੱਡਾ ਹੁੰਦਾ ਸੀ ਪਰ ਬਾਅਦ ਵਿੱਚ ਮਾਈਕਰੋ ਸਿਮ ਅਤੇ ੳੁਸ ਤੋਂ ਬਾਅਦ ਨੈਨੋ ਸਿਮ ਦੀ ਵਰਤੋਂ ਹੋਣ ਲੱਗੀ। ਪਰ ਹੁਣ ਨਵੀਂ ਤਕਨਾਲੌਜੀ ਤਹਿਤ ਮੋਬਾਈਲ ਫੋਨ ਵਿੱਚ ਫਿਜ਼ੀਕਲ ਸਿਮ ਦੀ ਥਾਂ ਤੇ ਵਰਚੁਅਲ ਜਾਂ ਇਲੈਕਟ੍ਰਾਨਿਕ ਸਿਮ ਨਾਲ ਨੈਟਵਰਕ ਪ੍ਰਾਪਤ ਕੀਤਾ ਜਾ ਸਕਦਾ ਹੈ। ਸਧਾਰਨ ਸ਼ਬਦਾਂ ਵਿੱਚ ਮੋਬਾਈਲ ਵਿੱਚ ਸਿਮ ਕਾਰਡ ਪਾਏ ਬਿਨਾਂ ਹੀ ਈ-ਸਿਮ ਤਕਨੀਕ ਨਾਲ ਸਿਮ ਕਾਰਡ ਵਾਲੀਆਂ ਸਾਰੀਆਂ ਸੇਵਾਵਾਂ ਨੂੰ ਵਰਤਿਆ ਜਾ ਸਕਦਾ ਹੈ। ਹਾਲਾਂਕਿ ਇਹ ਤਕਨੀਕ ਹਾਲੇ ਸਾਰੇ ਮੋਬਾਇਲ ਫੋਨਾਂ ਵਿੱਚ ਨਹੀਂ ਬਲਕਿ ਕੁਝ ਚੋਣਵੇਂ ਸਮਾਰਟਫੋਨਾਂ ਵਿੱਚ ਹੀ ਵਰਤੀ ਜਾ ਸਕਦੀ ਹੈ। ਕੁਝ ਪ੍ਰਮੁੱਖ ਦੂਰਸੰਚਾਰ ਅਪਰੇਟਰਾਂ ਨੇ ਇਸ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ।
ਈ-ਸਿਮ ਧੋਖਾਧੜੀ : ਈ-ਸਿਮ ਧੋਖਾਧੜੀ ਈ-ਸਿਮ ਸੇਵਾ ਦੇ ਨਾਲ ਹੀ ਮਸ਼ਹੂਰ ਹੋਣੀ ਸ਼ੁਰੂ ਹੋ ਗਈ ਹੈ। ਪਿਛਲੇ ਦਿਨੀਂ ਹੈਦਰਾਬਾਦ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਹਾਲ ਹੀ ਵਿੱਚ ਵਧ ਰਹੀ ਈ-ਸਿਮ ਧੋਖਾਧੜੀ ਬਾਰੇ ਚੇਤਾਵਨੀ ਵੀ ਦਿੱਤੀ ਹੈ। ਇਸ ਧੋਖਾਧੜੀ ਤਹਿਤ ਧੋਖਾ ਕਰਨ ਵਾਲਿਆਂ ਵੱਲੋਂ ਉਪਭੋਗਤਾ ਨੂੰ ਸੁਨੇਹਾ ਦਿੱਤਾ ਜਾਂਦਾ ਹੈ ਕਿ ਜੇਕਰ ਕੇਵਾਈਸੀ ਵੇਰਵਿਆਂ ਨੂੰ ਅਪਡੇਟ ਨਹੀਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਸਿਮ ਕਾਰਡ 24 ਘੰਟਿਆਂ ਵਿੱਚ ਬਲਾਕ ਕਰ ਦਿੱਤਾ ਜਾਵੇਗਾ। ਇਸਦੇ ਬਾਅਦ, ਧੋਖੇਬਾਜ਼ ਈ-ਸਿਮ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਿਸੇ ਵੀ ਦੂਰਸੰਚਾਰ ਆਪਰੇਟਰ ਦੇ ਗਾਹਕ ਦੇਖਭਾਲ ਦੇ ਪ੍ਰਬੰਧਕ ਬਣ ਕੇ ਲੋਕਾਂ ਨਾਲ ਸੰਪਰਕ ਕਰਦੇ ਹਨ ਅਤੇ ਉਪਭੋਗਤਾ ਨੂੰ ਕੇਵਾਈਸੀ ਅਪਡੇਟ ਕਰਨ ਦਾ ਕਹਿ ਕੇ ਸਾਰਾ ਪਰਸਨਲ ਡਾਟਾ ਹਾਸਲ ਕਰ ਲੈਂਦੇ ਹਨ ਅਤੇ ਉਸਦੇ ਫੋਨ ਨੰਬਰ ਦਾ ਈ-ਸਿਮ ਆਪਣੇ ਕੋਲ ਐਕਟੀਵੇਟ ਕਰ ਲੈਂਦੇ ਹਨ। ਜਿਸ ਨਾਲ ਉਪਭੋਗਤਾ ਦਾ ਫਿਜ਼ੀਕਲ ਸਿਮ ਬਲਾਕ ਹੋ ਜਾਂਦਾ ਹੈ। ਉਪਭੋਗਤਾ ਦਾ ਨੰਬਰ ਜਿਨੀਆਂ ਬੈਂਕਾਂ ਨਾਲ ਲਿੰਕ ਹੁੰਦਾ ਹੈ ਉਨ੍ਹਾਂ ਵਿਚੋਂ ਉਹ ਅਸਾਨੀ ਨਾਲ ਪੈਸੇ ਚੋਰੀ ਕਰ ਸਕਦੇ ਹਨ ਅਤੇ ਉਪਭੋਗਤਾ ਨੂੰ ਪਤਾ ਵੀ ਨਹੀਂ ਲੱਗਦਾ।
ਈ-ਸਿਮ ਧੋਖਾਧੜੀ ਤੋਂ ਕਿਵੇਂ ਸੁਰੱਖਿਅਤ ਰਹੀਏ?
ਅਜਿਹੇ ਆਨਲਾਈਨ ਘੁਟਾਲਿਆਂ ਤੋਂ ਸੁਰੱਖਿਅਤ ਰਹਿਣ ਲਈ, ਤੁਹਾਨੂੰ ਕਿਸੇ ਦੁਆਰਾ ਪ੍ਰਾਪਤ ਹੋਏ ਧੋਖਾਧੜੀ ਸੰਦੇਸ਼ਾਂ ਤੇ ਵਿਸ਼ਵਾਸ ਕਰਨਾ ਬੰਦ ਕਰਨਾ ਚਾਹੀਦਾ ਹੈ। ਜੇ ਕੋਈ ਵਿਅਕਤੀ ਤੁਹਾਨੂੰ ਤੁਹਾਡੇ ਕੇਵਾਈਸੀ ਨੂੰ ਅਪਡੇਟ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਲਈ ਪੁੱਛਦਾ ਹੈ ਤਾਂ ਉਸ ਵਿਅਕਤੀ ਨੂੰ ਕੋਈ ਜਾਣਕਾਰੀ ਨਾ ਦਿਓ, ਇਸ ਦੀ ਬਜਾਏ, ਆਪਣੇ ਟੈਲੀਕਾਮ ਅਪਰੇਟਰ ਦੇ ਅਸਲ ਗਾਹਕ ਦੇਖਭਾਲ ਨੰਬਰ ਤੇ ਕਾਲ ਕਰੋ ਅਤੇ ਇਹ ਸੁਨਿਸ਼ਚਿਤ ਕਰੋ ਕਿ ਤੁਹਾਡਾ ਫੋਨ ਨੰਬਰ ਸੁਰੱਖਿਅਤ ਹੈ। ਇਸਦੇ ਨਾਲ ਹੀ, ਆਪਣੇ ਬੈਂਕਿੰਗ ਵੇਰਵੇ ਕਿਸੇ ਨਾਲ ਵੀ ਸਾਂਝਾ ਕਰਨ ਤੋਂ ਗੁਰੇਜ਼ ਕਰੋ, ਭਾਵੇਂ ਇਹ ਕਿਸੇ ਗੂਗਲ ਫਾਰਮ ਦੁਆਰਾ ਹੋਵੇ ਜਾਂ ਕਿਸੇ ਨੂੰ ਕਾਲ ਦੁਆਰਾ। ਹਮੇਸਾ ਚੁਕੰਨੇ ਰਹੋ ਅਤੇ ਸੁਰੱਖਿਅਤ ਰਹੋ।
ਜੇ ਤੁਸੀਂ ਈ-ਸਿਮ ਧੋਖਾਧੜੀ ਦਾ ਸ਼ਿਕਾਰ ਹੋ ਗਏ ਹੋ, ਤਾਂ ਤੁਰੰਤ ਈ-ਸਿਮ ਐਕਟੀਵੇਸ਼ਨ ਪ੍ਰਕਿਰਿਆ ਨੂੰ ਰੋਕਣ ਲਈ ਆਪਣੇ ਦੂਰਸੰਚਾਰ ਅਪਰੇਟਰ ਦੇ ਗਾਹਕ ਦੇਖਭਾਲ (ਕਸਟਮਰ ਕੇਅਰ) ਨੰਬਰ ਨਾਲ ਸੰਪਰਕ ਕਰੋ।