ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਸਾਹਿਤ ਰਤਨ’ ਪੁਰਸਕਾਰ ਨਾਲ ਸਨਮਾਨਿਤ ਉਘੇ ਸਾਹਿਤਕਾਰ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਵੱਲੋਂ ਅੱਜ 5 ਜੂਨ 2016 ਨੂੰ ਉਹਨਾਂ ਦੇ ਆਪਣੇ ਗ੍ਰਹਿ ਸੂਈਗਰਾਂ ਮੁਹੱਲਾ ਨੇੜੇ ਰਾਮ ਆਸ਼ਰਮ, ਪਟਿਆਲਾ ਵਿਖੇ ਇਕ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪ੍ਰਸਿੱਧ ਸਾਹਿਤਕਾਰਾਂ ਨੇ ਭਾਗ ਲਿਆ।ਸਭ ਤੋਂ ਪਹਿਲਾਂ ਇਸ ਸਾਹਿਤਕ ਮਿਲਣੀ ਦੇ ਮਨੋਰਥ ਬਾਰੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ ਦਰਸ਼ਨ ਸਿੰਘ Ḕਆਸ਼ਟ’ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਵੱਲੋਂ ਮਾਂ ਬੋਲੀ ਦੇ ਨਿਸ਼ਕਾਮ ਕਾਮੇ ਵਜੋਂ ਪ੍ਰੋ ਕਸੇਲ ਨੂੰ ਡੀ ਲਿਟ ਦੀ ਡਿਗਰੀ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਸਾਹਿਤ ਰਤਨ ਪੁਰਸਕਾਰ ਨਾਲ ਸਨਮਾਨਿਤ ਕਰਨ ਨਾਲ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦਾ ਮਾਣ ਵਧਿਆ ਹੈ। ਡਾ ਆਸ਼ਟ ਨੇ ਲਾਲ ਚੰਦ ਯਮਲ੍ਹਾ ਜੱਟ ਦੇ ਪੱਗਵੱਟ ਭਰਾ ਪ੍ਰੋ ਕਸੇਲ ਦੀ ਸੰਘਰਸ਼ੀਲ ਜੀਵਨ ਯਾਤਰਾ ਬਾਰੇ ਵਿਸਤ੍ਰਿਤ ਚਰਚਾ ਕਰਦਿਆਂ ਕਿਹਾ ਕਿ ਵਿਸ਼ਵ ਵਿਚ ਵਰਤਮਾਨ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਜਿਹੜਾ ਵਿਗਿਆਨਕ ਮਿਆਰ ਕਾਇਮ ਹੋਇਆ ਹੈ, ਉਸ ਵਿਚ ਪ੍ਰੋ ਕਸੇਲ ਦੀ ਘਾਲਣਾ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ। ਲੋਕ ਸ਼ਾਇਰ ਪ੍ਰੋ ਕੁਲਵੰਤ ਸਿੰਘ ਨੇ ਪ੍ਰੋ ਕਸੇਲ ਦੀਆਂ ਕੁਝ ਨਜ਼ਮਾਂ ਸਾਂਝੀਆਂ ਕਰਦਿਆਂ ਕਿਹਾ ਕਿ ਅਦਬ ਦੇ ਪਿੜ ਵਿਚ ਪ੍ਰੋ ਪੂਰਨ ਸਿੰਘ ਵਰਗੀਆਂ ਸ਼ਖਸੀਅਤਾਂ ਕਦੇ ਕਦੇ ਹੀ ਪੈਦਾ ਹੁੰਦੀਆਂ ਹਨ। ਡਾ ਕੁਲਦੀਪ ਸਿੰਘ ਧੀਰ ਨੇ ਕਿਹਾ ਕਿ ਪ੍ਰੋ ਕਸੇਲ ਨੇ ਜਿਹੜੇ ਹਾਲਾਤਾਂ ਵਿਚ ਮਾਂ ਬੋਲੀ ਦਾ ਝੰਡਾ ਬੁਲੰਦ ਰੱਖਿਆ ਹੈ, ਉਸ ਦਾ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰੋ ਪ੍ਰਿਤਪਾਲ ਸਿੰਘ ਦੀ ਧਾਰਣਾ ਸੀ ਕਿ ਪ੍ਰੋ ਪੂਰਨ ਸਿੰਘ ਦੇ ਹਵਾਲੇ ਨਾਲ ਪ੍ਰੋ ਕਸੇਲ ਵੱਲੋਂ ਕੀਤਾ ਗਿਆ ਕਾਰਜ ਹਮੇਸ਼ਾ ਯਾਦ ਰੱਖਿਆ ਜਾਵੇਗਾ ਜਦੋਂ ਕਿ ਮਹਿੰਦਰਾ ਕਾਲਜ ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਪ੍ਰਕਾਸ਼ ਸਿੰਘ ਨੇ ਪ੍ਰੋ ਕਸੇਲ ਦੇ ਇਕ ਵਿਦਿਆਰਥੀ ਵਜੋਂ ਸ਼ਿਸ਼-ਉਸਤਾਦ ਪਰੰਪਰਾ ਬਾਰੇ ਭਾਵਨਾਵਾਂ ਜ਼ਾਹਿਰ ਕੀਤੀਆਂ।ਨਾਟਕਕਾਰ ਸਤਿੰਦਰ ਸਿੰਘ ਨੰਦਾ ਨੇ ਕਿਹਾ ਕਿ ਉਹਨਾਂ ਨੇ ਬਹੁਤ ਲੰਮਾ ਅਰਸਾ ਪ੍ਰੋ ਕਸੇਲ ਦੀ ਸੰਗਤ ਮਾਣੀ ਹੈ ਜਿਸ ਕਰਕੇ ਉਹਨਾਂ ਵੱਲੋਂ ਰਚੇ ਗਏ ਸਾਹਿਤ ਵਿਚਲੇ ਪਾਤਰਾਂ ਨੂੰ ਬਹੁਤ ਨੇੜਿਉਂ ਜਾਣਦੇ ਹਨ। ਅਬੋਹਰ ਤੋਂ ਪੁੱਜੇ ਤ੍ਰਿਲੋਕ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰੋ ਕਸੇਲ ਨੇ ਜਿਹੜਾ ਆਪਣਾ ਸਾਹਿਤਕ ਸਰਮਾਇਆ ਉਹਨਾਂ ਨੂੰ ਪ੍ਰਦਾਨ ਕੀਤਾ ਹੈ, ਉਸ ਤੋਂ ਅਬੋਹਰ ਇਲਾਕੇ ਦੇ ਵਿਦਿਆਰਥੀ ਅਤੇ ਪਾਠਕ ਵੱਡਾ ਲਾਭ ਉਠਾਉਣਗੇ। ਡਾ ਹਰਜੀਤ ਸਿੰਘ ਸੱਧਰ (ਰਾਜਪੁਰਾ) ਦਾ ਮਤ ਸੀ ਕਿ ਪ੍ਰੋ ਕਸੇਲ ਪੰਜਾਬੀ ਸਾਹਿਤ ਦੀ ਅਨਮੋਲ ਪੂੰਜੀ ਹਨ। ਡਾ ਨਵਜੋਤ ਕੌਰ ਕਸੇਲ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ (ਰਜ਼ਿ) ਪਟਿਆਲਾ ਵੱਲੋਂ ਉਹਨਾਂ ਦੇ ਪਿਤਾ ਪ੍ਰੋ ਕਸੇਲ ਨਾਲ ਜਿਹੜਾ ਮੁੱਲਵਾਨ ਸੰਵਾਦ ਰਚਾਇਆ ਗਿਆ ਹੈ, ਉਹ ਆਪਣੀ ਮਿਸਾਲ ਆਪ ਹੈ।ਡਾ ਗੁਰਵਿੰਦਰ ਅਮਨ ਨੇ ਪ੍ਰੋ ਕਸੇਲ ਨੂੰ ਬਾਬਾ ਬੋਹੜ ਨਾਲ ਤੁਲਨਾ ਦਿੰਦੇ ਹੋਏ ਉਹਨਾਂ ਦੀ ਸੰਘਣੀ ਸਾਹਿਤਕ ਛਾਂ ਦੀ ਗੱਲ ਕੀਤੀ। ਇਸ ਤੋਂ ਇਲਾਵਾ ਸੁਖਦੇਵ ਸਿੰਘ ਚਹਿਲ, ਪ੍ਰਿੰਸੀਪਲ ਰਿਪੁਦਮਨ ਸਿੰਘ, ਨਵਦੀਪ ਸਿੰਘ ਮੁੰਡੀ, ਪ੍ਰੋ ਮਹਿੰਦਰ ਸਿੰਘ ਸੱਲ੍ਹ,ਬਲਜੀਤ ਸਿੰਘ ਮੂਰਤੀਕਾਰ ਆਦਿ ਨੇ ਵੀ ਪ੍ਰੋ ਕਸੇਲ ਦੇ ਵੱਖ ਵੱਖ ਖੇਤਰਾਂ ਅਤੇ ਸੰਸਥਾਵਾਂ ਵਿਚ ਪਾਏ ਯੋਗਦਾਨ ਦੀ ਚਰਚਾ ਕੀਤੀ।
ਇਸ ਸਮਾਗਮ ਵਿਚ ਸੁਖਦੇਵ ਸਿੰਘ ਸੇਖੋਂ, ਹਰਜਿੰਦਰ ਕੌਰ ਰਾਜਪੁਰਾ, ਯੂ ਐਸ਼ ਆਤਿਸ਼, ਅਮਰਜੀਤ ਸਿੰਘ (ਜ਼ੋਹਰਾ ਪਬਲੀਕੇਸ਼ਨਜ਼),ਬਲਬੀਰ ਸਿੰਘ ਦਿਲਦਾਰ, ਅਮਰਜੀਤ ਵਿਨਾਇਕ, ਦਰਸ਼ਨ ਸਿੰਘ ਲਾਇਬ੍ਰੇਰੀਅਨ,ਦੀਦਾਰ ਖ਼ਾਨ ਧਬਲਾਨ, ਕਰਨ ਪਰਵਾਜ਼, ਪਰਵੇਸ਼ ਕੁਮਾਰ ਸਮਾਣਾ, ਗੁਰਿੰਦਰਜੀਤ ਸਿੰਘ ਘੁੰਮਣ ਅਤੇ ਹਜ਼ੂਰਾ ਸਿੰਘ ਅਤੇ ਹੋਰ ਸੰਬੰਧੀ ਹਾਜ਼ਰ ਸਨ। ਅੰਤ ਵਿਚ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪ੍ਰੋ ਕਸੇਲ ਦਾ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਨ ਦਾ ਕਾਰਜ ਨਾਟਕਕਾਰ ਸਤਿੰਦਰ ਸਿੰਘ ਨੰਦਾ ਨੇ ਖ਼ੂਬਸੂਰਤ ਟਿੱਪਣੀਆਂ ਸਹਿਤ ਬਾਖੂਬੀ ਨਿਭਾਇਆ।
ਰਿਪੋਰਟ : ਦਵਿੰਦਰ ਪਟਿਆਲਵੀ, ਪ੍ਰਚਾਰ ਸਕੱਤਰ